ਭਾਰਤ-ਚੀਨ ਨੇੜਤਾ: ਅਮਰੀਕਾ ਲਈ ਚਿੰਤਾ ਦਾ ਵਿਸ਼ਾ

In ਮੁੱਖ ਖ਼ਬਰਾਂ
August 20, 2025

ਅੱਜ ਦੀ ਵਿਸ਼ਵ ਰਾਜਨੀਤੀ ਵਿੱਚ ਭਾਰਤ ਅਤੇ ਚੀਨ ਵਿਚਕਾਰ ਵਧਦੀ ਨੇੜਤਾ ਨੇ ਨਵੀਂ ਚਰਚਾ ਛੇੜ ਦਿੱਤੀ ਹੈ। 2020 ਵਿੱਚ ਗਲਵਾਨ ਘਾਟੀ ਵਿੱਚ ਹੋਏ ਸੰਘਰਸ਼ ਨੇ ਦੋਹਾਂ ਦੇਸਾਂ ਦੇ ਰਿਸ਼ਤੇ ਨੂੰ ਗਹਿਰੇ ਝਟਕੇ ਦਿੱਤੇ ਸਨ, ਪਰ ਹੁਣ ਤੱਕ ਦੇ ਘਟਨਾਕ੍ਰਮ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਮਾਂ ਬਦਲ ਰਿਹਾ ਹੈ। ਡੋਨਾਲਡ ਟਰੰਪ ਦੀ ਅਮਰੀਕੀ ਵਪਾਰ ਨੀਤੀਆਂ ਨੇ ਵਿਸ਼ਵ ਵਪਾਰ ਵਿੱਚ ਉਥਲ-ਪੁਥਲ ਮਚਾ ਕੇ ਭਾਰਤ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਇਸ ਨੇੜਤਾ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਸੀਮਾ ਵਪਾਰ ਮੁੜ ਸ਼ੁਰੂ ਕਰਨਾ, ਸਿੱਧੀਆਂ ਉਡਾਣਾਂ ਬਹਾਲ ਕਰਨਾ ਅਤੇ ਵੀਜ਼ਾ ਨਿਯਮਾਂ ਵਿੱਚ ਢਿੱਲ ਸਮੇਤ ਕਈ ਅਹਿਮ ਕਦਮ ਸ਼ਾਮਲ ਹਨ। 

 ਹਾਲ ਹੀ ਵਿੱਚ ਚੀਨੀ ਵਿਦੇਸ਼ ਮੰਤਰੀ ਵਾਂਗ ਈ ਨੇ ਭਾਰਤ ਦਾ ਦੌਰਾ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਐੱਨਐੱਸਏ ਅਜੀਤ ਡੋਵਾਲ ਨਾਲ ਮੀਟਿੰਗਾਂ ਕੀਤੀਆਂ। ਇਨ੍ਹਾਂ ਵਿੱਚ ਸੀਮਾ ਵਪਾਰ ਮੁੜ ਸ਼ੁਰੂ ਕਰਨ ਤੇ ਸਹਿਮਤੀ ਹੋਈ ਹੈ, ਜੋ 2020 ਤੋਂ ਬੰਦ ਸੀ। ਇਹ ਵਪਾਰ ਨਾ ਸਿਰਫ਼ ਸੀਮਾਵਰਤੀ ਇਲਾਕਿਆਂ ਦੇ ਲੋਕਾਂ ਦੀ ਜਿੰਦਗੀ ਸੁਧਾਰੇਗਾ ਬਲਕਿ ਆਪਸੀ ਸਹਿਯੋਗ ਵਧਾਏਗਾ। ਇਸ ਤੋਂ ਇਲਾਵਾ, ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਹੋਈ ਹੈ, ਜੋ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਵਾਲੀ ਹੈ। ਵੀਜ਼ਾ ਨਿਯਮਾਂ ਵਿੱਚ ਢਿੱਲ ਨਾਲ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਸ਼ੁਰੂ ਹੋਏ ਹਨ, ਜੋ ਪੰਜ ਸਾਲਾਂ ਬਾਅਦ ਹੈ। ਸਿੱਧੀਆਂ ਉਡਾਣਾਂ ਬਹਾਲ ਕਰਨ ਲਈ ਵੀ ਗੱਲਬਾਤ ਤੇਜ਼ ਹੋ ਗਈ ਹੈ, ਜਿਸ ਨਾਲ ਵਪਾਰ ਅਤੇ ਟੂਰਿਜ਼ਮ ਵਧੇਗਾ।

ਇਹ ਨੇੜਤਾ ਵਧਣ ਪਿੱਛੇ ਵੱਡਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਖਤ ਵਪਾਰ ਨੀਤੀਆਂ ਹਨ। ਟਰੰਪ ਨੇ ਭਾਰਤ ਤੇ ਚੀਨ ਦੋਹਾਂ ਤੇ ਟੈਰਿਫ਼ ਲਗਾ ਕੇ ਵਿਸ਼ਵ ਵਪਾਰ ਨੂੰ ਹਿਲਾ ਦਿੱਤਾ ਹੈ। ਅਮਰੀਕਾ ਦੇ ਨਾਲ ਭਾਰਤ ਦੇ ਰਿਸ਼ਤੇ ਵਿੱਚ ਤਣਾਅ ਨੇ ਭਾਰਤ ਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕੀਤਾ ਹੈ। ਭਾਰਤ ਹੁਣ ਬ੍ਰਿਕਸ ਅਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਵਰਗੇ ਪਲੈਟਫ਼ਾਰਮਾਂ ਰਾਹੀਂ ਚੀਨ ਨਾਲ ਨੇੜੇ ਆ ਰਿਹਾ ਹੈ। ਅਗਸਤ 2025 ਵਿੱਚ ਤਿਆਨਜਿਨ ਵਿੱਚ ਹੋਣ ਵਾਲੇ ਐੱਸਸੀਓ ਸੰਮੇਲਨ ਵਿੱਚ ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ ਇਸ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ, ਸੀਮਾ ਵਿਵਾਦ ਸੁਲਝਾਉਣ ਲਈ ਵਿਸ਼ੇਸ਼ ਕਮੇਟੀ ਬਣਾ ਜਾ ਰਹੀ ਹੈ, ਜੋ ਦੋਹਾਂ ਦੇਸਾਂ ਵਿਚ ਵਿਸ਼ਵਾਸ ਵਧਾਏਗੀ।  ਭਾਰਤ-ਚੀਨ ਨੇੜਤਾ ਨਾਲ ਅਮਰੀਕਾ ਦਾ ਇੰਡੋ-ਪੈਸਿਫ਼ਿਕ ਰਣਨੀਤੀ ਵਿੱਚ ਵੱਡਾ ਝਟਕਾ ਲੱਗੇਗਾ। ਅਮਰੀਕਾ ਨੇ ਭਾਰਤ ਨੂੰ ਚੀਨ ਵਿਰੋਧੀ ਗਠਜੋੜਾਂ ਵਿੱਚ ਸ਼ਾਮਲ ਕਰ ਕੇ ਚੀਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ, ਜਿਵੇਂ ਕਿ ਕਵਾਡ (ਅਮਰੀਕਾ, ਭਾਰਤ, ਜਾਪਾਨ, ਆਸਟ੍ਰੇਲੀਆ)। ਪਰ ਭਾਰਤ ਦੇ ਚੀਨ ਨਾਲ ਨੇੜੇ ਆਉਣ ਨਾਲ ਕਵਾਡ ਕਮਜ਼ੋਰ ਹੋਵੇਗਾ ਅਤੇ ਅਮਰੀਕਾ ਦਾ ਪ੍ਰਭਾਵ ਏਸ਼ੀਆ ਵਿੱਚ ਘਟੇਗਾ।  ਇਹ ਨੇੜਤਾ ਵਿਸ਼ਵ ਨੂੰ ਬਹੁਧਰੁਵੀ ਵੱਲ ਲੈ ਜਾਵੇਗੀ, ਜਿੱਥੇ ਅਮਰੀਕਾ ਇਕੱਲੀ ਵੱਡੀ ਸ਼ਕਤੀ ਨਹੀਂ ਰਹੇਗਾ। ਚੀਨ ਅਤੇ ਰੂਸ ਨਾਲ ਮਿਲ ਕੇ ਭਾਰਤ ਨਵੇਂ ਗਠਜੋੜ ਬਣਾਏਗਾ, ਜਿਵੇਂ ਕਿ ਬ੍ਰਿਕਸ ਅਤੇ ਐੱਸਸੀਓ। ਇਹ ਸੰਗਠਨ ਵਿਸ਼ਵ ਵਪਾਰ ਅਤੇ ਸੁਰੱਖਿਆ ਵਿੱਚ ਨਵੇਂ ਨਿਯਮ ਬਣਾਉਣਗੇ। 2026 ਵਿੱਚ ਭਾਰਤ ਵਿੱਚ ਅਤੇ 2027 ਵਿੱਚ ਚੀਨ ਵਿੱਚ ਹੋਣ ਵਾਲੇ ਬ੍ਰਿਕਸ ਸੰਮੇਲਨ ਇਸ ਨੂੰ ਹੋਰ ਮਜ਼ਬੂਤ ਕਰਨਗੇ।  ਭਾਰਤ-ਚੀਨ ਨੇੜਤਾ ਵਿਸ਼ਵ ਲਈ ਚੰਗੀ ਖਬਰ ਹੈ, ਪਰ ਅਮਰੀਕਾ ਲਈ ਚਿੰਤਾ ਵਾਲੀ। ਇਹ ਰਾਜਨੀਤੀ ਨੂੰ ਬਹੁਧਰੁਵੀ ਅਤੇ ਸਹਿਯੋਗ ਵੱਲ ਲੈ ਜਾਵੇਗੀ। 

ਰਜਿੰਦਰ ਸਿੰਘ ਪੁਰੇਵਾਲ

Loading