ਭਾਰਤ ਅਤੇ ਚੀਨ ਵਿਚਕਾਰ ਸੀਮਾ ਵਿਵਾਦ ਇੱਕ ਅਜਿਹਾ ਸੰਕਟ ਹੈ ਜੋ ਦਹਾਕਿਆਂ ਤੋਂ ਜਾਰੀ ਹੈ। 1962 ਦੀ ਜੰਗ ਤੋਂ ਲੈ ਕੇ 2020 ਦੇ ਗਲਵਾਨ ਟੱਕਰ ਤੱਕ, ਇਹ ਵਿਵਾਦ ਨਾ ਸਿਰਫ਼ ਦੋ ਪ੍ਰਮੁੱਖ ਦੇਸ਼ਾਂ ਵਿਚਾਲੇ ਅਸ਼ਾਂਤੀ ਦਾ ਜ਼ਿੰਮੇਵਾਰ ਰਿਹਾ ਹੈ, ਸਗੋਂ ਖੇਤਰੀ ਸੁਰੱਖਿਆ ਨੂੰ ਵੀ ਖ਼ਤਰੇ ਵਿੱਚ ਪਾ ਰਿਹਾ ਹੈ। ਪਰ ਅੱਜਕੱਲ੍ਹ, ਇੱਕ ਪਾਸੇ ਗੱਲਬਾਤਾਂ ਦਾ ਦੌਰ ਚੱਲ ਰਿਹਾ ਹੈ ਅਤੇ ਆਪਸੀ ਸਬੰਧ ਸੁਧਰਨ ਦੇ ਸੰਕੇਤ ਮਿਲ ਰਹੇ ਹਨ, ਉੱਧਰ ਚੀਨ ਦੀਆਂ ਇਤਰਾਜ਼ਯੋਗ ਗਤੀਵਿਧੀਆਂ ਵੀ ਜਾਰੀ ਹਨ। ਪੈਂਗੋਂਗ ਝੀਲ ਦੇ ਕੰਢੇ ’ਤੇ ਚੀਨ ਵੱਲੋਂ ਬਣਾਇਆ ਜਾ ਰਿਹਾ ਵਿਸ਼ਾਲ ਏਅਰ ਡਿਫੈਂਸ ਕੰਪਲੈਕਸ ਇੱਕ ਨਵੀਂ ਮਿਸਾਲ ਹੈ ਜੋ ਭਾਰਤੀ ਫ਼ੌਜ ਲਈ ਚੈਲਿੰਜ ਹੈ।
ਸੀਮਾ ਵਿਵਾਦ ਦਾ ਇਤਿਹਾਸ: ਇੱਕ ਲੰਮੀ ਚੱਲ ਰਹੀ ਲੜਾਈ
ਭਾਰਤ ਅਤੇ ਚੀਨ ਵਿਚਕਾਰ 3,488 ਕਿਲੋਮੀਟਰ ਲੰਮੀ ਵਾਸਤਵਿਕ ਨਿਯੰਤਰਣ ਰੇਖਾ (:13) ਹੈ, ਜੋ ਪੂਰਬੀ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੱਕ ਫੈਲੀ ਹੋਈ ਹੈ। ਇਹ ਵਿਵਾਦ 1950ਵਿਆਂ ਵਿੱਚ ਸ਼ੁਰੂ ਹੋਇਆ, ਜਦੋਂ ਚੀਨ ਨੇ ਤਿੱਬਤ ਨੂੰ ਆਪਣੇ ਵਿੱਚ ਮਿਲਾ ਲਿਆ ਅਤੇ ਅਕਸਾਈ ਚਿਨ ਨੂੰ ਆਪਣਾ ਹਿੱਸਾ ਬਣਾ ਲਿਆ। 1962 ਵਿੱਚ ਚੀਨ ਨੇ ਹਮਲਾ ਕੀਤਾ, ਜਿਸ ਵਿੱਚ ਹਜ਼ਾਰਾਂ ਭਾਰਤੀ ਸਿਪਾਹੀ ਸ਼ਹੀਦ ਹੋਏ। ਉਸ ਤੋਂ ਬਾਅਦ, ਡੋਕਲਾਮ (2017) ਅਤੇ ਗਲਵਾਨ (2020) ਵਰਗੀਆਂ ਘਟਨਾਵਾਂ ਨੇ ਤਣਾਅ ਨੂੰ ਵਧਾ ਦਿੱਤਾ। ਗਲਵਾਨ ਵਿੱਚ 20 ਭਾਰਤੀ ਅਤੇ 4 ਚੀਨੀ ਸਿਪਾਹੀਆਂ ਦੀ ਮੌਤ ਹੋਈ, ਜਿਸ ਕਾਰਣ ਦੋਹਾਂ ਦੇਸ਼ਾਂ ਦੇ ਸਬੰਧ ਵਿਗੜੇ।
2020 ਤੋਂ ਬਾਅਦ, ਭਾਰਤ ਨੇ ਚੀਨੀ ਐਪਸ ਬੈਨ ਕੀਤੀਆਂ, ਵਪਾਰਕ ਪਾਬੰਦੀਆਂ ਲਗਾਈਆਂ ਅਤੇ ਲੱਦਾਖ ਵਿੱਚ 50,000 ਤੋਂ ਵੱਧ ਸਿਪਾਹੀ ਤਾਇਨਾਤ ਕੀਤੇ। ਚੀਨ ਵੀ ਆਪਣੀ ਫ਼ੌਜ ਵਧਾ ਰਿਹਾ ਹੈ। ਪਰ 2024 ਵਿੱਚ ਫੌਜ ਪਿੱਛੇ ਹਟਣ ਕਾਰਨ ਕੁਝ ਰਾਹਤ ਮਿਲੀ ਸੀ। ਹੁਣ, 2025 ਵਿੱਚ, ਗੱਲਬਾਤਾਂ ਨੇ ਨਵੀਂ ਰੌਸ਼ਨੀ ਪਾਈ ਹੈ। ਚੀਨੀ ਰੱਖਿਆ ਮੰਤਰਾਲੇ ਨੇ 29 ਅਕਤੂਬਰ ਨੂੰ ਦੱਸਿਆ ਕਿ 25 ਅਕਤੂਬਰ ਨੂੰ ਮੋਲਡੋ-ਚੁਸ਼ੁਲ ਸਰਹੱਦੀ ਮੁਲਾਕਾਤ ਸਥਾਨ ਤੇ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਬੈਠਕ ਹੋਈ। ਇਸ ਬੈਠਕ ਵਿੱਚ ਦੋਹਾਂ ਚੀਨ ਤੇ ਭਾਰਤ ਨੇ ਸੀਮਾ ਦੇ ਪੱਛਮੀ ਹਿੱਸੇ (ਜਿਵੇਂ ਲੱਦਾਖ ਵਾਲਾ ਖੇਤਰ) ਨੂੰ ਸਹੀ ਤਰੀਕੇ ਨਾਲ ਨਿਭਾਉਣ ਬਾਰੇ ਪੂਰੀ ਦਿਲਚਸਪੀ ਅਤੇ ਬੜੀ ਡੂੰਘਾਈ ਨਾਲ ਗੱਲਬਾਤ ਕੀਤੀ ਤਾਂ ਜੋ ਸਰਹੱਦ ਤੇ ਤਣਾਅ ਘੱਟ ਹੋਵੇ ਅਤੇ ਸ਼ਾਂਤੀ ਬਣੀ ਰਹੇ।
ਇਹ ਕੋਰ ਕਮਾਂਡਰ ਲੈਵਲ ਦੀ 23ਵੀਂ ਗੱਲਬਾਤ ਦਾ ਦੌਰ ਸੀ ਜੋ 2020 ਤੋਂ ਚੱਲ ਰਹੀ ਹੈ। ਪਿਛਲੀ ਗੱਲਬਾਤ ਅਕਤੂਬਰ 2024 ਵਿੱਚ ਹੋਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਗੱਲਬਾਤ ‘ਦੋਸਤਾਨਾ ਅਤੇ ਆਪਸੀ ਭਰੋਸੇ ਵਾਲੇ ਮਾਹੌਲ’ ਵਿੱਚ ਹੋਈ ਸੀ। ਦੋਹਾਂ ਨੇ ਬੀਤੇ ਸਮੇਂ ਦੌਰਾਨ ਗੱਲਬਾਤਾਂ ਦੌਰਾਨ ਹੋਈ ਤਰੱਕੀ ਨੂੰ ਨੋਟ ਕੀਤਾ ਅਤੇ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਬਣੀ ਹੋਈ ਹੈ। ਇਹ ਗੱਲਬਾਤ ਚੁਸ਼ੁਲ-ਮੋਲਡੋ ਪੁਆਇੰਟ ਤੇ ਭਾਰਤ ਵਾਲੇ ਪਾਸੇ ਹੋਈ, ਜੋ ਲੱਦਾਖ ਦੇ ਪੱਛਮੀ ਹਿੱਸੇ ਨੂੰ ਛੂੰਹਦੀ ਹੈ।
ਪੀ.ਐੱਮ. ਮੋਦੀ ਅਤੇ ਸ਼ੀ ਜਿਨਪਿੰਗ ਦੀ ਮੁਲਾਕਾਤ: ਇੱਕ ਸਕਾਰਾਤਮਕ ਵਿਕਾਸ
ਸੀਮਾ ਤੇ ਮਾਹੌਲ ਸੁਧਾਰਨ ਲਈ ਉੱਚ ਪੱਧਰੀ ਗੱਲਬਾਤ ਜ਼ਰੂਰੀ ਹੈ। ਇਸੇ ਦਿਸ਼ਾ ਵਿੱਚ, ਅਗਸਤ 2025 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਤਿਆਨਜਿਨ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ। ਇਹ ਪ੍ਰਧਾਨ ਮੰਤਰੀ ਮੋਦੀ ਦੀ 7 ਸਾਲਾਂ ਵਿੱਚ ਚੀਨ ਦੀ ਪਹਿਲੀ ਯਾਤਰਾ ਸੀ। ਮੋਦੀ ਨੇ ਇਸ ਗੱਲਬਾਤ ਨੂੰ ‘ਉਸਾਰੂ’ ਕਿਹਾ ਅਤੇ ਦੋਹਾਂ ਨੇ ਸ਼ਾਂਤੀ ਬਣਾਈ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਸ਼ੀ ਨੇ ਕਿਹਾ ਕਿ ਭਾਰਤ ਅਤੇ ਚੀਨ ‘ਸਹਿਯੋਗੀ ਹਨ, ਨਾ ਕਿ ਦੁਸ਼ਮਣ’। ਉਹਨਾਂ ਨੇ ਵਪਾਰਕ ਸਬੰਧ ਮਜ਼ਬੂਤ ਕਰਨ ਅਤੇ ਟਰੰਪ ਦੇ ਟੈਰਿਫ਼ਾਂ ਵਿੱਚ ਵਧ ਰਹੇ ਗਲੋਬਲ ਅਸਥਿਰਤਾ ਵਿੱਚ ਆਪਸੀ ਸਨਮਾਨ ਤੇ ਭਰੋਸੇ ਦੇ ਆਧਾਰ ’ਤੇ ਅੱਗੇ ਵਧਣ ਬਾਰੇ ਗੱਲ ਕੀਤੀ। ਇਹ ਮੁਲਾਕਾਤ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ ਸੰਮੇਲਨ ਦੇ ਸਮੇਂ ਹੋਈ, ਜਿਸ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਟਿਨ ਵੀ ਸ਼ਾਮਲ ਸਨ। ਭਾਰਤ ਨੇ ਇਸ ਨੂੰ ‘ਮਲਟੀਪੋਲਰ ਵਿਸ਼ਵ ਅਤੇ ਏਸ਼ੀਆ’ ਲਈ ਜ਼ਰੂਰੀ ਕਿਹਾ, ਜਦਕਿ ਚੀਨ ਨੇ ‘ਅੰਤਰਰਾਸ਼ਟਰੀ ਲੋਕਸ਼ਾਹੀ’ ’ਤੇ ਜ਼ੋਰ ਦਿੱਤਾ। ਇਸ ਨਾਲ ਡਾਇਰੈਕਟ ਫਲਾਈਟਾਂ ਫਿਰ ਤੋਂ ਸ਼ੁਰੂ ਹੋ ਗਈਆਂ ਅਤੇ ਵੀਜ਼ੇ ਜਾਰੀ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਪਰ ਇਹ ਸਭ ਹੋਣ ਦੇ ਬਾਵਜੂਦ ਵੀ, ਗੱਲਬਾਤਾਂ ਵਿੱਚ ਪ੍ਰਗਤੀ ਸੀਮਤ ਹੈ। ਜੁਲਾਈ 2025 ਵਿੱਚ ਵੀ ਐਲ.ਏ.ਸੀ. ’ਤੇ ਗੱਲਬਾਤ ਹੋਈ, ਜਿਸ ਨੂੰ ਭਾਰਤ ਨੇ ‘ਸੰਤੋਸ਼ਜਨਕ’ ਅਤੇ ਚੀਨ ਨੇ ‘ਤਸਲੀਪੂਰਨ’ ਕਿਹਾ। ਚੀਨ ਨੇ ਕਿਹਾ ਕਿ ਗੱਲਬਾਤ ਦਾ ਅਗਲਾ ਦੌਰ ਇਸੇ ਸਾਲ ਹੋਵੇਗਾ। ਪਰ ਗ੍ਰਾਊਂਡ ਰਿਐਲਟੀ ਵੱਖਰੀ ਹੈ। ਅਕਤੂਬਰ 2024 ਵਿੱਚ ਲੱਦਾਖ ਵਿੱਚ ਤਕਰਾਰ ਖਤਮ ਹੋਇਆ, ਪਰ ਫਰੰਟਲਾਈਨ ਸਿਪਾਹੀ ਪੂਰੀ ਤਰ੍ਹਾਂ ਪਿੱਛੇ ਨਹੀਂ ਹਟੇ। ਅੱਜ ਵੀ ਲੱਦਾਖ ਵਿੱਚ 50,000 ਤੋਂ 60,000 ਸਿਪਾਹੀ ਤਾਇਨਾਤ ਹਨ।
ਚੀਨ ਦੀਆਂ ਭਾਰਤ ਵਿਰੁੱਧ ਗਤੀਵਿਧੀਆਂ: ਪੈਂਗੋਂਗ ਝੀਲ ਤੇ ਵਿਸ਼ਾਲ ਏਅਰ ਡਿਫੈਂਸ ਕੰਪਲੈਕਸ
ਇੱਕ ਪਾਸੇ ਗੱਲਬਾਤਾਂ ਹਨ, ਉੱਧਰ ਚੀਨ ਦੀਆਂ ਗਤੀਵਿਧੀਆਂ ਭਾਰਤ ਨੂੰ ਚੁਣੌਤੀ ਦੇ ਰਹੀਆਂ ਹਨ। ਅਕਤੂਬਰ 2025 ਵਿੱਚ ਸੈਟੇਲਾਈਟ ਤਸਵੀਰਾਂ ਨੇ ਖ਼ੁਲਾਸਾ ਕੀਤਾ ਕਿ ਚੀਨ ਨੇ ਪੈਂਗੋਂਗ ਝੀਲ ਦੇ ਪੂਰਬੀ ਕੰਢੇ ਤੇ ਤਿੱਬਤ ਵਿੱਚ ਇੱਕ ਨਵਾਂ ਏਅਰ ਡਿਫੈਂਸ ਕੰਪਲੈਕਸ ਲਗਭਗ ਤਿਆਰ ਕਰ ਲਿਆ ਹੈ। ਇਹ ਥਾਂ ਗਲਵਾਨ ਘਾਟੀ ਤੋਂ 110 ਕਿਲੋਮੀਟਰ ਦੂਰ ਹੈ, ਜਿੱਥੇ 2020 ਵਿੱਚ ਹਿੰਸਕ ਝੜਪ ਹੋਈ ਸੀ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ, ਇਸ ਕੰਪਲੈਕਸ ਵਿੱਚ ਕਮਾਂਡ ਐਂਡ ਕੰਟਰੋਲ ਬਿਲਡਿੰਗ, ਬੈਰੈਕ, ਵਾਹਨ ਸ਼ੈੱਡ, ਹਥਿਆਰਾਂ ਦਾ ਭੰਡਾਰ ਅਤੇ ਰਾਡਾਰ ਲਈ ਜਗ੍ਹਾ ਬਣੀ ਹੈ।
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇੱਥੇ ਕਵਰਡ ਮਿਸਾਈਲ ਲੌਂਚ ਪੋਜ਼ੀਸ਼ਨ ਬਣੀਆਂ ਹਨ, ਜਿਨ੍ਹਾਂ ਵਿੱਚ ਸਲਾਈਡਿੰਗ ਛੱਤ ਲੱਗੀ ਹੋ ਸਕਦੀ ਹੈ। ਇਹ ਟ੍ਰਾਂਸਪੋਰਟਰ ਇਰੈਕਟਰ ਲੌਂਚਰ ਵਾਹਨਾਂ ਲਈ ਹਨ, ਜੋ ਐਚਕਿਊ-9 ਸਰਫੇਸ-ਟੂ-ਏਅਰ ਮਿਸਾਈਲਾਂ ਨੂੰ ਲੁਕਾ ਕੇ ਰੱਖਣ ਅਤੇ ਫਾਇਰ ਕਰਨ ਵਿੱਚ ਮਦਦ ਕਰਦੀਆਂ ਹਨ। ਅਮਰੀਕੀ ਜੀਓ-ਇੰਟੈਲੀਜੈਂਸ ਕੰਪਨੀ ਆਲਸੋਰਸ ਐਨਾਲਸਿਸ ਨੇ ਇਸ ਨੂੰ ਪਹਿਲਾਂ ਪਛਾਣਿਆ ਸੀ। ਇਹ ਕੰਪਲੈਕਸ ਭਾਰਤ ਦੇ ਨਿਆਮਾ ਹਵਾਈ ਅੱਡੇ ਦੇ ਬਿਲਕੁਲ ਸਾਹਮਣੇ ਹੈ, ਜਿਸ ਨੂੰ ਹਾਲ ਹੀ ਵਿੱਚ ਨਵਾਂ ਬਣਾਇਆ ਗਿਆ ਹੈ। ਇਹ ਵਾਸਤਵਿਕ ਨਿਯੰਤਰਣ ਰੇਖਾ ਤੋਂ 65 ਕਿਲੋਮੀਟਰ ਦੂਰ ਹੈ। ਗਾਰ ਕਾਉਾਂਟੀਵਿੱਚ ਵੀ ਇਸੇ ਤਰ੍ਹਾਂ ਦਾ ਕੰਪਲੈਕਸ ਹੈ।
ਚੀਨ ਦੀਆਂ ਹੋਰ ਗਤੀਵਿਧੀਆਂ ਵੀ ਚਿੰਤਾ ਵਧਾਉਣ ਵਾਲੀਆਂ ਹਨ। ਉਹ ਹੌਤਾਨ-ਸ਼ੀਗਾਤਸੇ ਰੇਲ ਰਸਤੇ ਨੂੰ ਵਧਾ ਰਿਹਾ ਹੈ, ਜੋ ਲੱਦਾਖ ਦੇ ਤਣਾਅ ਵਾਲੇ ਖੇਤਰਾਂ ਨੂੰ ਛੂੰਹਦਾ ਹੈ। ਯਾਰਲੰਗ ਜ਼ੰਗਬੋ ਡੈਮ ਬਣਾ ਰਿਹਾ ਹੈ, ਜੋ ਭਾਰਤ ਲਈ ਪਾਣੀ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਚੀਨ ਪਾਕਿਸਤਾਨ ਨੂੰ ਹਥਿਆਰ ਦੇ ਰਿਹਾ ਹੈ ਅਤੇ ਸੀ.ਪੀ.ਈ.ਸੀ. ਨੂੰ ਅੱਗੇ ਵਧਾ ਰਿਹਾ ਹੈ, ਜੋ ਭਾਰਤੀ ਖੇਤਰ ਤੋਂ ਲੰਘਦਾ ਹੈ। ਇਹ ਸਭ ਗੱਲਬਾਤ ਦੇ ਬਾਵਜੂਦ ਚੀਨ ਭਾਰਤ ਵਿਰੋਧੀ ਕਾਰਵਾਈਆਂ ਕਰ ਰਿਹਾ ਹੈ।
ਚੀਨ ਅਜਿਹਾ ਕਿਉਂ ਕਰ ਰਿਹਾ ਹੈ?
ਚੀਨ ਦੀਆਂ ਇਹ ਹਰਕਤਾਂ ਰਣਨੀਤਕ ਹਨ। ਉਹ ਭਾਰਤ ਨੂੰ ਆਪਣੇ ਪ੍ਰਭਾਵ ਵਿੱਚ ਰੱਖਣਾ ਚਾਹੁੰਦਾ ਹੈ। ਗਲੋਬਲ ਟੈਰਿਫ਼ਾਂ ਵਿੱਚ ਵਾਧੇ (ਖਾਸ ਕਰ ਟਰੰਪ ਦੇ ਕਾਰਨ) ਨੇ ਚੀਨ ਨੂੰ ਭਾਰਤ ਨਾਲ ਵਪਾਰ ਵਧਾਉਣ ਲਈ ਮਜਬੂਰ ਕੀਤਾ ਹੈ। ਪਰ ਸਰਹੱਦ ੳੁੱਪਰ ਉਹ ਆਪਣੀ ਫ਼ੌਜੀ ਤਾਕਤ ਵਧਾ ਰਿਹਾ ਹੈ ਤਾਂ ਜੋ ਭਾਰਤ ਨੂੰ ਧਮਕੀ ਦੇ ਸਕੇ। ਐਕਸਪਰਟਸ ਕਹਿੰਦੇ ਹਨ ਕਿ ਚੀਨ ਨੂੰ ਲੱਗਦਾ ਹੈ ਕਿ ਭਾਰਤ ਅਮਰੀਕਾ ਨਾਲ ਜੁੜਿਆ ਹੋਇਆ ਹੈ, ਇਸ ਲਈ ਉਹ ਆਪਣੇ ਹਿੱਸੇ ਨੂੰ ਮਜ਼ਬੂਤ ਕਰ ਰਿਹਾ ਹੈ।
ਭਾਰਤ ਦਾ ਪ੍ਰਤੀਕਰਮ: ਡੂੰਘੀ ਰਣਨੀਤੀ ਅਤੇ ਤਿਆਰੀ
ਭਾਰਤ ਚੀਨ ਦੀਆਂ ਹਰਕਤਾਂ ਨੂੰ ਹਲਕੇ ਵਿੱਚ ਨਹੀਂ ਲੈ ਰਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਜੂਨ 2025 ਵਿੱਚ ਚੀਨੀ ਕਾਉਂਟਰ ਪਾਰਟ ਨੂੰ ਕਿਹਾ ਕਿ ਵਿਵਾਦ ਦਾ ‘ਸਥਾਈ ਹੱਲ ਹੋਣਾ’ ਚਾਹੀਦਾ ਹੈ। ਭਾਰਤ ਨੇ ਲੱਦਾਖ ਵਿੱਚ ਸੜਕਾਂ, ਪੁਲ ਅਤੇ ਏਅਰਫੀਲਡ ਬਣਾਏ ਹਨ। ਨਿਆਮਾ ਏਅਰਫੀਲਡ ਅਪਗ੍ਰੇਡ ਹੋਇਆ ਹੈ ਅਤੇ ਰਾਫੇਲ ਜਹਾਜ਼ ਤਾਇਨਾਤ ਕੀਤੇ ਗਏ ਹਨ। ਭਾਰਤ ਨੇ ਕਵਾਡ (ਕੁਆਡ) ਨਾਲ ਗਠਜੋੜ ਮਜ਼ਬੂਤ ਕੀਤਾ ਅਤੇ ਅਮਰੀਕਾ ਨਾਲ ਖੁੱਲ੍ਹੇ ਵਪਾਰ ਨੂੰ ਅੱਗੇ ਵਧਾਇਆ ਹੈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ‘ਡੂਅਲ ਟਰੈਕ’ ਅਪਣਾ ਰਿਹਾ ਹੈ: ਇੱਕ ਪਾਸੇ ਆਰਥਿਕ ਸਹਿਯੋਗ, ਉੱਧਰ ਸੀਮਾ ਤੇ ਸੁਰੱਖਿਆ। ਭਾਰਤ ਨੇ ਚੀਨ ਨਾਲ ਵਪਾਰ ਵਧਾਇਆ (2025 ਵਿੱਚ 100 ਅਰਬ ਡਾਲਰ ਤੋਂ ਵੱਧ), ਪਰ ਫੌਜੀ ਤਿਆਰੀ ਵੀ ਨਹੀਂ ਛੱਡੀ।
ਚੀਨ ਦੀਆਂ ਗਤੀਵਿਧੀਆਂ ਭਾਰਤ ਦਾ ਭਰੋਸਾ ਤੋੜਦੀਆਂ ਹਨ। ਟਰੰਪ ਦੇ ਟੈਰਿਫ਼ ਭਾਰਤ ਨੂੰ ਚੀਨ ਵੱਲ ਧੱਕ ਰਹੇ ਹਨ, ਪਰ ਭਾਰਤ ਨੂੰ ਆਪਣੀ ਰਣਨੀਤਕ ਆਜ਼ਾਦੀ ਬਚਾਉਣਾ ਚਾਹੁੰਦਾ ਹੈ। ਜੇ ਚੀਨ ਨੇ ਸੀਮਾ ਨੂੰ ਨਿਰਧਾਰਿਤ ਕਰਨ ਵਿੱਚ ਵਾਅਦਾ ਨਿਭਾਇਆ, ਤਾਂ ਰਿਸ਼ਤੇ ਨਵੀਂ ਉਚਾਈਆਂ ਛੂਹ ਸਕਦੇ ਹਨ। ਨਹੀਂ ਤਾਂ, ਇਹ ਵਿਵਾਦ ਜਾਰੀ ਰਹੇਗਾ।
![]()
