ਭਾਰਤ ’ਚ ਤੇਜ਼ੀ ਨਾਲ ਵੱਧ ਰਹੀ ਹੈ ਬਜ਼ੁਰਗਾਂ ਗਿਣਤੀ

In ਪੰਜਾਬ, ਭਾਰਤ
December 10, 2025

ਨਵੀਂ ਦਿੱਲੀ/ਏ.ਟੀ.ਨਿਊਜ਼ : ਦੇਸ਼ ਦੀ ਅਬਾਦੀ ਤੇਜ਼ੀ ਨਾਲ ਬੁੱਢੀ ਹੋ ਰਹੀ ਹੈ ਤੇ 2036 ਤੱਕ ਬਜ਼ੁਰਗਾਂ ਦੀ ਗਿਣਤੀ 22.74 ਕਰੋੜ ਤੱਕ ਪੁੱਜਣ ਦਾ ਅਨੁਮਾਨ ਹੈ। ਇਸ ਕਾਰਨ ਸਿਹਤ ਸੇਵਾ, ਸਮਾਜਿਕ ਸੁਰੱਖਿਆ, ਆਰਥਿਕ ਨਿਰਭਰਤਾ ਤੇ ਡਿਜੀਟਲ ਸਹੂਲਤਾਂ ਦਾ ਇਸਤੇਮਾਲ ਵਰਗੀਆਂ ਚੁਣੌਤੀਆਂ ਵੀ ਵਧਦੀਆਂ ਜਾ ਰਹੀਆਂ ਹਨ।
ਕਾਂਗਰਸ ਦੇ ਸੰਸਦ ਮੈਂਬਰ ਸੀਕੇ ਕੁਮਾਰ ਰੈੱਡੀ ਦੇ ਸਵਾਲ ’ਤੇ ਲੋਕ ਸਭਾ ’ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਰਾਸ਼ਟਰੀ ਅਬਾਦੀ ਕਮਿਸ਼ਨ ਵੱਲੋਂ ਗਠਿਤ ਅਬਾਦੀ ਅਨੁਮਾਨਾਂ ’ਤੇ ਤਕਨੀਕੀ ਸਮੂਹ ਦੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 60 ਸਾਲ ਤੇ ਉਸ ਤੋਂ ਵੱਧ ਉਰ ਦੇ ਲੋਕਾਂ ਦੀ ਗਿਣਤੀ 2011 ’ਚ 10.16 ਕਰੋੜ ਤੋਂ ਵਧ ਕੇ 2036 ’ਚ 22.74 ਕਰੋੜ ਹੋਣ ਦੀ ਉਮੀਦ ਹੈ। ਇਸੇ ਮਿਆਦ ਦੌਰਾਨ ਕੁਲ ਅਬਾਦੀ ’ਚ ਉਨ੍ਹਾਂ ਦੀ ਭਾਈਵਾਲੀ 8.4 ਫ਼ੀਸਦ ਤੋਂ ਵਧ ਕੇ 14.9 ਫ਼ੀਸਦ ਹੋਣ ਦਾ ਅਨੁਮਾਨ ਹੈ ਯਾਨੀ ਹਰ 7 ’ਚੋਂ ਇਕ ਭਾਰਤੀ ਸੀਨੀਅਰ ਨਾਗਰਿਕ ਹੋਵੇਗਾ। ਉੱਥੇ ਹੀ 2036 ਤੱਕ ਅਨੁਮਾਨਤ ਅਬਾਦੀ 153 ਕਰੋੜ ਹੋਵੇਗੀ।
ਸੀਨੀਅਰ ਨਾਗਰਿਕਾਂ ਲਈ ‘ਅਵਯਯ’ ਯੋਜਨਾ
ਗ੍ਰਹਿ ਰਾਜ ਮੰਤਰੀ ਨੇ ਦੱਸਿਆ ਕਿ ਬਜ਼ੁਰਗਾਂ ਦੀ ਅਬਾਦੀ ’ਚ ਤੇਜ਼ ਵਾਧਾ ਸਿਹਤ, ਸਮਾਜਿਕ, ਆਰਥਿਕ ਤੇ ਡਿਜੀਟਲ ਖੇਤਰਾਂ ’ਚ ਚੁਣੌਤੀਆਂ ਖੜ੍ਹੀ ਕਰੇਗੀ। ਇਨ੍ਹਾਂ ਉੱਭਰਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸਮਾਜਿਕ ਨਿਆ ਤੇ ਅਧਿਕਾਰਤਾ ਮੰਤਰਾਲੇ ਨੇ ਇਕ ਅਪ੍ਰੈਲ, 2021 ਤੋਂ ਅਟਨ ਵਯੋ ਅਭੁਦਯ ਯੋਜਨਾ (ਅਵਯਯ) ਲਾਗੂ ਕੀਤੀ ਹੈ।
ਇਸ ਯੋਜਨਾ ਦਾ ਮੁੱਖ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਬੁਨਿਆਦੀ ਸਹੂਲਤਾਂ ਜਿਵੇਂ ਆਸਰਾ, ਭੋਜਨ, ਮੈਡੀਕਲ ਦੇਖਭਾਲ ਤੇ ਮਨੋਰੰਜਨ ਦੇ ਮੌਕੇ ਮੁਹਈਆ ਕਰਵਾਉਣਾ ਹੈ ਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ’ਚ ਸੁਧਾਰ ਕਰਨਾ ਹੈ। ਨਾਲ ਹੀ ਉਨ੍ਹਾਂ ਦੀ ਉਤਪਾਦਕ ਤੇ ਸਰਗਰਮ ਬਿਰਧ ਅਵਸਥਾ ਨੂੰ ਉਤਸ਼ਾਹਤ ਕਰਨਾ ਹੈ।
ਇਸ ਯੋਜਨਾ ਤਹਿਤ ਪੂਰੇ ਦੇਸ਼ ’ਚ ਸੀਨੀਅਰ ਨਾਗਰਿਕਾਂ ਲਈ ਸਹਾਇਤਾ ਤੇ ਸੇਵਾਵਾਂ ਮੁਹਈਆ ਕਰਵਾਈਆਂ ਜਾ ਰਹੀ ਹਾਂ। ਸਰਕਾਰ ਨੇ ਰਾਸ਼ਟਰੀ ਸੀਨੀਅਰ ਨਾਗਰਿਕ ਪ੍ਰੀਸ਼ਦ ਵੀ ਬਣਾਈ ਹੈ, ਜਿਸ ਦੀ ਪ੍ਰਧਾਨਗੀ ਸਮਾਜਿਕ ਨਿਆ ਅਧਿਕਾਰਤਾ ਮੰਤਰੀ ਕਰਦੇ ਹਨ। ਇਸ ਪ੍ਰੀਸ਼ਦ ’ਚ ਵੱਖ-ਵੱਖ ਖੇਤਰਾਂ ਦੇ ਮਾਹਰ ਤੇ ਨੁਮਾਇੰਦੇ ਸ਼ਾਮਲ ਹਨ, ਜਿਹੜੇ ਬਜ਼ੁਰਗਾਂ ਨਾਲ ਜੁੜੇ ਮੁੱਦਿਆਂ ’ਤੇ ਸਲਾਹ ਦਿੰਦੇ ਹਨ।
2050 ਤੱਕ ਹਰ ਪੰਜਵਾਂ ਭਾਰਤੀ ਬਜ਼ੁਰਗ : ਨੀਤੀ ਆਯੋਗ
ਜ਼ਿਕਰਯੋਗ ਹੈ ਕਿ ਸਾਲ 2023 ’ਚ ਨੀਤੀ ਆਯੋਗ ਨੇ ਦੱਸਿਆ ਹੈ ਕਿ ਦੁਨੀਆ ਭਰ ’ਚ ਸੀਨੀਅਰ ਨਾਗਰਿਕਾਂ ਦੀ ਅਬਾਦੀ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ’ਚ ਵੀ ਜਨਮਦਰ ਡਿੱਗਣ ਤੇ ਸਿਹਤ ਪ੍ਰਤੀ ਜਾਗਰੂਕਤਾ ਕਾਰਨ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ। ਕਮਿਸ਼ਨ ਨੇ ਅਨੁਮਾਨ ਪ੍ਰਗਟਾਇਆ ਸੀ ਕਿ 2050 ਤੱਕ ਕੁਲ ਅਬਾਦੀ ਦੇ 19.5 ਫ਼ੀਸਦੀ ਬਜ਼ੁਰਗ ਹੋਣਗੇ, ਜਿਹੜੇ ਫਿਲਹਾਲ 10 ਫ਼ੀਸਦੀ ਹਨ। ਅਨੁਮਾਨ ਹੈ ਕਿ 2050 ਤੱਕ ਹਰ ਪੰਜਵਾਂ ਭਾਰਤੀ ਬਜ਼ੁਰਗ ਹੋਵੇਗਾ।

Loading