36 views 0 secs 0 comments

ਭਾਰਤ ’ਚ ਵੱਡੀ ਸਨਅਤ ਬਣੇ ਵਿਆਹ ਸਮਾਗਮ

ਭਾਰਤੀ ਵਿਆਹ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਧਾਰਮਿਕ ਪਰੰਪਰਾਵਾਂ ਨਾਲ ਜੁੜੇ ਹੋਏ ਹਨ। ਇਤਿਹਾਸਕ ਤੌਰ ’ਤੇ, ਭਾਰਤ ਵਿੱਚ ਵਿਆਹਾਂ ਦਾ ਡੂੰਘਾ ਅਧਿਆਤਮਿਕ ਅਤੇ ਪਰਿਵਾਰਕ ਮਹੱਤਵ ਰਿਹਾ ਹੈ। ਮੁੱਖ ਰਸਮਾਂ - ਭਾਵੇਂ ਇਹ ਹਿੰਦੂ ਵਿਆਹਾਂ ਵਿੱਚ ਸੱਤ ਫੇਰੇ ਹੋਣ, ਮੁਸਲਿਮ ਵਿਆਹਾਂ ਵਿੱਚ ਨਿਕਾਹ ਹੋਵੇ ਜਾਂ ਸਿੱਖ ਵਿਆਹਾਂ ਵਿੱਚ ਆਨੰਦ ਕਾਰਜ - ਪੀੜ੍ਹੀਆਂ ਤੋਂ ਚਲੀਆਂ ਆ ਰਹੀਆਂ ਹਨ। ਇਹ ਪਰੰਪਰਾਵਾਂ ਅੱਜ ਵੀ ਆਧੁਨਿਕ ਸਮੇਂ ਦੇ ਵਿਆਹਾਂ ਵਿੱਚ ਇੱਕ ਮਜ਼ਬੂਤ ਸਥਾਨ ਰੱਖਦੀਆਂ ਹਨ। ਭਾਰਤ ਵਿੱਚ ਵਿਆਹ ਇੱਕ ਵੱਡੀ ਸਨਅਤ ਬਣ ਚੁੱਕੇ ਹਨ। ਜਿਵੇਂ-ਜਿਵੇਂ ਭਾਰਤੀ ਪ੍ਰਵਾਸੀ ਭਾਈਚਾਰਾ ਦੁਨੀਆਂ ਭਰ ਵਿੱਚ ਵਧਿਆ ਹੈ, ਭਾਰਤੀ ਵਿਆਹ ਉਦਯੋਗ ਦੇਸ਼ ਦੀਆਂ ਸਰਹੱਦਾਂ ਤੋਂ ਬਹੁਤ ਦੂਰ ਫੈਲ ਗਿਆ ਹੈ। ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਿਆਹ ਸਥਾਨ ਮੰਨਿਆ ਜਾਂਦਾ ਹੈ ਜਿੱਥੇ ਹਰ ਸਾਲ 80 ਲੱਖ ਤੋਂ 1 ਕਰੋੜ ਵਿਆਹ ਹੁੰਦੇ ਹਨ। ਇਸ ਦੇ ਮੁਕਾਬਲੇ, ਚੀਨ ਵਿੱਚ 7-8 ਮਿਲੀਅਨ ਵਿਆਹ ਅਤੇ ਅਮਰੀਕਾ ਵਿੱਚ 2-2.5 ਮਿਲੀਅਨ ਵਿਆਹ ਹੁੰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਇੱਕ ਔਸਤ ਭਾਰਤੀ ਸਿੱਖਿਆ (ਗ੍ਰੈਜੂਏਸ਼ਨ ਤੱਕ) ਨਾਲੋਂ ਵਿਆਹ ਸਮਾਰੋਹਾਂ ’ਤੇ ਦੁੱਗਣਾ ਖਰਚ ਕਰਦਾ ਹੈ। ਜਦੋਂ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਇਹ ਖਰਚ ਸਿੱਖਿਆ ’ਤੇ ਹੋਣ ਵਾਲੇ ਖਰਚ ਦੇ ਅੱਧੇ ਤੋਂ ਵੀ ਘੱਟ ਹੈ। ਬ੍ਰੋਕਰੇਜ ਫਰਮ ਜੈਫਰੀਜ਼ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤੀ ਵਿਆਹ ਉਦਯੋਗ ਦਾ ਆਕਾਰ ਲਗਭਗ 10 ਲੱਖ ਕਰੋੜ ਰੁਪਏ ਹੈ, ਜੋ ਕਿ ਅਮਰੀਕੀ ਵਿਆਹ ਉਦਯੋਗ ਨਾਲੋਂ ਲਗਭਗ ਦੁੱਗਣਾ ਹੈ। ਅਮਰੀਕਾ ਵਿੱਚ ਵਿਆਹ ਉਦਯੋਗ ਦਾ ਆਕਾਰ 5.84 ਲੱਖ ਕਰੋੜ ਰੁਪਏ (70 ਬਿਲੀਅਨ ਡਾਲਰ) ਹੈ, ਜਦੋਂ ਕਿ ਚੀਨ ਵਿੱਚ ਇਹ 14.2 ਲੱਖ ਕਰੋੜ ਰੁਪਏ (170 ਬਿਲੀਅਨ ਡਾਲਰ) ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਵਿਆਹ ਕਈ ਦਿਨਾਂ ਤੱਕ ਚੱਲਦੇ ਹਨ ਅਤੇ ਖੇਤਰ, ਧਰਮ ਅਤੇ ਆਰਥਿਕ ਪਿਛੋਕੜ ਇਨ੍ਹਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਭਾਰਤ ਵਿੱਚ ਇੱਕ ਵਿਆਹ ਦੀ ਔਸਤ ਲਾਗਤ 12.50 ਲੱਖ ਰੁਪਏ (15,000 ਡਾਲਰ) ਹੈ, ਜੋ ਕਿ ਪ੍ਰਤੀ ਵਿਅਕਤੀ ਜਾਂ ਘਰੇਲੂ ਆਮਦਨ ਤੋਂ ਕਈ ਗੁਣਾ ਜ਼ਿਆਦਾ ਹੈ। ਵਿਆਹ ਦੇ ਕੁੱਲ ਖਰਚੇ ਵਿੱਚੋਂ ਅੱਧੇ ਤੋਂ ਵੱਧ ਖਰਚ ਦੁਲਹਨ ਦੇ ਗਹਿਣਿਆਂ ’ਤੇ ਹੁੰਦਾ ਹੈ। ਲਗਜ਼ਰੀ ਸੈਗਮੈਂਟ ਵਿੱਚ ਦੁਲਹਨ ਦੇ ਲਹਿੰਗਿਆਂ ਵਿੱਚ ਭਾਰੀ ਗੁੰਝਲਦਾਰ ਕੰਮ ਸ਼ਾਮਲ ਹੁੰਦਾ ਹੈ ਅਤੇ ਕੁਝ ਮਾਮਲਿਆਂ ਵਿੱਚ ਇਹ ਲਹਿੰਗੇ 10 ਕਿਲੋਗ੍ਰਾਮ ਤੱਕ ਵੀ ਭਾਰ ਦੇ ਸਕਦੇ ਹਨ। ਸ਼ਾਨਦਾਰ ਵਿਆਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਵਿਦੇਸ਼ੀ ਥਾਂਵਾਂ ’ਤੇ ਹੋਣ ਵਾਲੇ ਸ਼ਾਨਦਾਰ ਵਿਆਹ ਭਾਰਤੀ ਅਮੀਰੀ ਨੂੰ ਦਰਸਾਉਂਦੇ ਰਹਿੰਦੇ ਹਨ। ਭਾਰਤੀ ਵਿਆਹਾਂ ਦੀ ਇਸ ਵਿਲੱਖਣਤਾ ਅਤੇ ਸ਼ਾਨ ਨੇ ਇਸ ਨੂੰ ਵਿਸ਼ਵ ਪੱਧਰ ’ਤੇ ਇੱਕ ਵਿਲੱਖਣ ਪਛਾਣ ਦਿੱਤੀ ਹੈ। ਵਿਆਹ ਸਮਾਗਮਾਂ ’ਤੇ ਮਹਿੰਗਾਈ ਦਾ ਅਸਰ ਵਧਦੀ ਮਹਿੰਗਾਈ ਕਾਰਨ ਵਿਆਹਾਂ ਦੇ ਖ਼ਰਚੇ ਕਰੀਬ 25 ਫ਼ੀਸਦੀ ਵਧ ਗਏ ਹਨ। ਇਸ ਦੇ ਬਾਵਜੂਦ ਵਿਆਹਾਂ ਸਮਾਗਮਾਂ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ। ਮਹਿੰਗੇ ਵਿਆਹ ਸਥਾਨ, ਭੋਜਨ, ਸਜਾਵਟ ਅਤੇ ਹੋਰ ਪ੍ਰਬੰਧਾਂ ਦੇ ਬਾਵਜੂਦ ਲੋਕ ਵਿਆਹਾਂ ਨੂੰ ਸ਼ਾਨਦਾਰ ਬਣਾਉਣ ਲਈ ਉਤਸੁਕ ਹੁੰਦੇ ਹਨ। ਪਿਛਲੇ ਸਾਲ ਦੇ ਆਖਰੀ ਦੋ ਮਹੀਨਿਆਂ ’ਚ ਦੇਸ਼ ਭਰ ’ਚ ਕਰੀਬ 48 ਲੱਖ ਤੋਂ ਜ਼ਿਆਦਾ ਵਿਆਹ ਹੋਏ, ਜਿਸ ਨਾਲ ਲਗਭਗ 6 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਇਆ। ਇਸ ਸਮੇਂ ਉੱਚ ਮੱਧ ਵਰਗ ਤੋਂ ਲੈ ਕੇ ਕੁਲੀਨ ਵਰਗ ਤੱਕ ਦੇ ਲੋਕ ਇਵੈਂਟ ਮੈਨੇਜਮੈਂਟ ਦੀ ਮਦਦ ਲੈ ਰਹੇ ਹਨ ਅਤੇ ਵਿਆਹਾਂ ਵਿੱਚ ਭੋਜਨ, ਸੋਸ਼ਲ ਮੀਡੀਆ ਅਤੇ ਸੰਗੀਤ ’ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ। ਵਿਆਹ ਵਾਲੀ ਥਾਲ਼ੀ ਦੀ ਕੀਮਤ ਵਿਆਹ ਸਮਾਗਮਾਂ ਵਿੱਚ ਖਾਣ-ਪੀਣ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਜਿੱਥੇ ਪਹਿਲਾਂ ਖਾਣਾ 500-900 ਰੁਪਏ ਪ੍ਰਤੀ ਥਾਲ਼ੀ ਵਿੱਚ ਮਿਲਦਾ ਸੀ, ਹੁਣ ਉਹੀ ਪਲੇਟ 1200-1700 ਰੁਪਏ ਤੱਕ ਪਹੁੰਚ ਗਈ ਹੈ। ਖ਼ਰਚਿਆਂ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੇ ਲੋਕ ਮਹਿਮਾਨਾਂ ਦੀ ਗਿਣਤੀ ਸੀਮਤ ਕਰ ਰਹੇ ਹਨ। ਵਧ ਰਹੇ ਬਜਟ ਦਾ ਸਫ਼ਰ 1990 ਤੱਕ 2 ਤੋਂ 2.5 ਲੱਖ ਰੁਪਏ 2000 ਤੱਕ 3 ਤੋਂ 5 ਲੱਖ ਰੁਪਏ 2010 ਤੋਂ ਬਾਅਦ 10 ਤੋਂ 15 ਲੱਖ ਰੁਪਏ 2015 ਤੱਕ 25 ਤੋਂ 30 ਲੱਖ ਰੁਪਏ 2022 ਤੋਂ ਬਾਅਦ 50 ਲੱਖ ਤੋਂ 1 ਕਰੋੜ ਰੁਪਏ ਉਂਝ ਜੇ ਕਿਸੇ ਨੇ ਸਿਰਫ਼ ਆਮ ਜਿਹਾ ਹੀ ਵਿਆਹ ਸਮਾਗਮ ਜਾਂ ਪਾਰਟੀ ਕਰਨੀ ਹੋਵੇ ਤਾਂ ਉਸ ਦਾ ਵੀ ਢਾਈ ਤਿੰਨ ਲੱਖ ਰੁਪਏ ਖਰਚਾ ਆ ਜਾਂਦਾ ਹੈ। ਚਕਾਚੌਂਧ ਪਿੱਛੇ ਛੁਪਿਆ ਕਾਲਾ ਸੱਚ ਵਿਆਹ ਅਤੇ ਹੋਰ ਪ੍ਰੋਗਰਾਮਾਂ ਮੌਕੇ ਅੱਜ ਕੱਲ੍ਹ ਲੋਕ ਮੈਰਿਜ ਪੈਲਿਸਾਂ ਅਤੇ ਹੋਟਲਾਂ ਵਿੱਚ ਸਮਾਗਮ ਕਰਦੇ ਹਨ। ਇਸ ਮੌਕੇ ਮੈਰਿਜ ਪੈਲਿਸਾਂ ਅਤੇ ਹੋਟਲਾਂ ਵਿੱਚ ਬਹੁਤ ਰੌਸ਼ਨੀ ਕੀਤੀ ਜਾਂਦੀ ਹੈ ਅਤੇ ਹਰ ਪਾਸੇ ਬਿਜਲਈ ਲੜੀਆਂ ਦੀ ਚਮਕ ਅੱਖਾਂ ਵਿੱਚ ਪੈਂਦੀ ਹੈ। ਵਿਆਹਾਂ ਅਤੇ ਹੋਰ ਪਾਰਟੀਆਂ ਮੌਕੇ ਵੱਖ ਵੱਖ ਤਰ੍ਹਾਂ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਲੋਕ ਬਹੁਤ ਸ਼ੌਕ ਨਾਲ ਇਹ ਖਾਣਾ ਖਾਂਦੇ ਹਨ ਪਰ ਵੇਖਣ ਵਿੱਚ ਆਇਆ ਹੈ ਕਿ ਅਨੇਕਾਂ ਵਿਆਹ ਜਾਂ ਪਾਰਟੀਆਂ ਵਿੱਚ ਪਰੋਸੇ ਜਾਂਦੇ ਖਾਣੇ ਨੂੰ ਬਣਾਉਣ ਸਮੇਂ ਸਫ਼ਾਈ ਅਤੇ ਗੁਣਵੰਤਾ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਕਈ ਵਿਆਹ ਸਮਾਗਮਾਂ ਅਤੇ ਪਾਰਟੀਆਂ ਦੌਰਾਨ ਵੇਟਰਾਂ ਅਤੇ ਹੋਰ ਕਰਮਚਾਰੀਆਂ ਵਿਚਾਲੇ ਆਪਸੀ ਤਾਲਮੇਲ ਦੀ ਘਾਟ ਹੁੰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਵੇਟਰ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ। ਮੈਰਿਜ ਪੈਲੇਸਾਂ ਵਿੱਚ ਹੁੰਦੇ ਵਿਆਹਾਂ ਅਤੇ ਪਾਰਟੀਆਂ ਮੌਕੇ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਵਾਰ ਕੋਲਡ ਡਰਿੰਕਸ ਵਿੱਚ ਵੀ ਪਾਣੀ ਮਿਕਸ ਕਰਕੇ ਬਰਾਤੀਆਂ ਜਾਂ ਪਾਰਟੀਆਂ ਵਿੱਚ ਸ਼ਾਮਲ ਲੋਕਾਂ ਨੂੰ ਪਰੋਸ ਦਿੱਤਾ ਜਾਂਦਾ ਹੈ। ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਵਿਆਹਾਂ ਜਾਂ ਪਾਰਟੀਆਂ ਮੌਕੇ ਵਰਤੇ ਗਏ ਡਿਸਪੋਜਲ ਗਲਾਸਾਂ ਤੇ ਪਲੇਟਾਂ ਨੂੰ ਵੀ ਕੈਟਰਿੰਗ ਵਾਲਿਆਂ ਵੱਲੋਂ ਧੋ ਕੇ ਮੁੜ ਉਹਨਾਂ ਵਿੱਚ ਹੀ ਖਾਣ ਪੀਣ ਦਾ ਸਮਾਨ ਪਰੋਸ ਦਿੱਤਾ ਜਾਂਦਾ ਹੈ। ਭਾਵੇਂ ਉਹਨਾਂ ਵੱਲੋਂ ਇਹ ਕੰਮ ਬਹੁਤ ਓਹਲੇ ਨਾਲ ਕੀਤਾ ਜਾਂਦਾ ਹੈ ਤਾਂ ਕਿ ਕਿਸੇ ਦੀ ਨਜ਼ਰ ਨਾ ਪਵੇ ਪਰ ਵੇਖਣ ਵਾਲੇ ਸਭ ਕੁਝ ਵੇਖ ਹੀ ਲੈਂਦੇ ਹਨ। ਵਿਆਹਾਂ ਦੀ ਚੱਲ ਰਹੀ ਗੱਲ ਦੌਰਾਨ ਜੇ ਹੁਣ ਵੇਟਰਾਂ ਵੱਲੋਂ ਮਹਿਮਾਨਾਂ ਤੋਂ ਮੰਗੀ ਜਾਂਦੀ ਟਿੱਪ ਬਾਰੇ ਗੱਲ ਨਾ ਕੀਤੀ ਤਾਂ ਇਹ ਗੱਲ ਅਧੂਰੀ ਰਹੇਗੀ। ਅਕਸਰ ਵੇਖਣ ਵਿੱਚ ਆਇਆ ਹੈ ਕਿ ਵਿਆਹ ਸਮਾਗਮ ਜਾਂ ਪਾਰਟੀ ਦੌਰਾਨ ਕੁਝ ਵੇਟਰ ਅਕਸਰ ਲਾੜੇ-ਲਾੜੀ ਦੇ ਮਾਂ ਬਾਪ, ਮਾਮੇ, ਫੁੱਫੜ ਜਾਂ ਹੋਰ ਰਿਸ਼ਤੇਦਾਰਾਂ ਦੇ ਆਲੇ ਦੁਆਲੇ ਚੱਕਰ ਕੱਢਦੇ ਰਹਿੰਦੇ ਹਨ ਅਤੇ ਉਹਨਾਂ ਨੂੰ ਟਿੱਪ ਮੰਗਦੇ ਹਨ। ਇਸ ਤੋਂ ਇਲਾਵਾ ਕਈ ਵੇਟਰ ਜਾਣ ਬੁੱਝ ਕੇ ਵਿਆਹ ਸ਼ਾਦੀਆਂ ਦੇ ਸਮਾਗਮਾਂ ਵਿੱਚ ਸੱਜਧੱਜ ਦੇ ਪਹੁੰਚੀਆਂ ਲੜਕੀਆਂ ਤੋਂ ਵੀ ਟਿੱਪ ਮੰਗ ਕੇ ਉਹਨਾਂ ਨੂੰ ਪ੍ਰੇਸ਼ਾਨ ਕਰਦੇ ਹਨ। ਵੇਟਰਾਂ ਦੀ ਇਹ ਪ੍ਰੇਸ਼ਾਨੀ ਭਾਰਤ ਦੇ ਹਰ ਇਲਾਕੇ ਵਿੱਚ ਹੁੰਦੇ ਵਿਆਹ ਸਮਾਗਮਾਂ ਦੌਰਾਨ ਵੇਖਣ ਵਿੱਚ ਆਉਂਦੀ ਹੈ। ਅੱਜਕੱਲ੍ਹ ਭਾਵੇਂ ਵਿਆਹ ਸਮਾਗਮ ਕਾਫ਼ੀ ਖਰਚੀਲੇ ਹੋ ਗਏ ਹਨ, ਪਰ ਫੇਰ ਵੀ ਇਸ ਸਮੇਂ ਕੁਝ ਵਿਆਹ ਬਿਲਕੁਲ ਸਾਦੇ ਵੀ ਹੋ ਰਹੇ ਹਨ। ਲੋੜ ਤਾਂ ਇਸ ਗੱਲ ਦੀ ਹੈ ਕਿ ‘ਸਾਦੇ ਵਿਆਹਾਂ ਦੀ ਰੀਤ’ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਵਿਆਹ ਸਮਾਗਮਾਂ ਮੌਕੇ ਵਧੇਰੇ ਖਰਚਾ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਵਿਆਹਾਂ ਸਮਾਗਮਾਂ ਮੌਕੇ ਜਿਹੜਾ ਪੈਸਾ ਖਰਚਿਆ ਜਾਣਾ ਹੁੰਦਾ ਹੈ, ਉਹ ਪੈਸਾ ਲਾੜੇ ਲਾੜੀ ਦੇ ਸਾਂਝੇ ਖਾਤੇ ਵਿੱਚ ਐਫ਼ ਡੀ. ਕਰਵਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਦਾ ਭਵਿੱਖ ਸੁਰਖਿਅਤ ਬਣ ਸਕੇ।

Loading