ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਦੀ ਫ਼ਿਲਮ ‘ਸਰਦਾਰ ਜੀ 3’ ਦਾ ਵਿਵਾਦ ਇਸ ਸਮੇਂ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ। ਇਹ ਫ਼ਿਲਮ ਭਾਰਤ ’ਚ ਰਿਲੀਜ਼ ਨਹੀਂ ਹੋਈ ਪਰ ਪਾਕਿਸਤਾਨ ਅਤੇ ਹੋਰ ਮੁਲਕਾਂ ਵਿੱਚ ਰਿਲੀਜ਼ ਹੋ ਚੁੱਕੀ ਇਸ ਫ਼ਿਲਮ ਨੇ ਉਥੇ ਸਫ਼ਲਤਾ ਦਾ ਨਵਾਂ ਇਤਿਹਾਸ ਰਚ ਦਿੱਤਾ ਹੈ, ਜਿਸ ਤੋਂ ਪਤਾ ਚੱਲ ਜਾਂਦਾ ਹੈ ਕਿ ਇਸ ਫ਼ਿਲਮ ਵਿੱਚ ਕੁਝ ਵੀ ਗਲਤ ਨਹੀਂ ਪੇਸ਼ ਕੀਤਾ ਗਿਆ। ਅਸਲ ਵਿੱਚ ਵਿਵਾਦ ਇਸ ਫ਼ਿਲਮ ਦੀ ਹੀਰੋਈਨ ਕਰਕੇ ਹੈ, ਜੋ ਕਿ ਪਾਕਿਸਤਾਨੀ ਹੈ। ਜਦੋਂ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਸੀ ਤਾਂ ਉਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਨਾ ਤਨਾਓ ਨਹੀਂ ਸੀ, ਜਿੰਨਾ ਹੁਣ ਹੈ। ਕਈ ਸਿੱਖ ਆਗੂ ਸਵਾਲ ਕਰਦੇ ਹਨ ਕਿ ਫ਼ਿਲਮ ‘ਸਰਦਾਰ ਜੀ 3’ ਦਾ ਵਿਰੋਧ ਤਾਂ ਇਸ ਦੀ ਨਾਇਕਾ ਦੇ ਪਾਕਿਸਤਾਨੀ ਹੋਣ ਕਰਕੇ ਕੀਤਾ ਗਿਆ ਪਰ ਦਿਲਜੀਤ ਦੀ ‘ਭਾਈ ਜਸਵੰਤ ਸਿੰਘ ਖਾਲੜਾ’ ਬਾਰੇ ਬਣੀ ਫ਼ਿਲਮ ਨੂੰ ਵੀ ਰਿਲੀਜ਼ ਨਹੀਂ ਕੀਤਾ ਗਿਆ, ਜਦੋਂ ਕਿ ਉਸ ਫ਼ਿਲਮ ਵਿੱਚ ਤਾਂ ਕੋਈ ਪਾਕਿਸਤਾਨੀ ਕਲਾਕਾਰ ਨਹੀਂ ਸੀ। ਅਸਲ ਵਿੱਚ ਦਿਲਜੀਤ ਦੀਆਂ ਫ਼ਿਲਮਾਂ ਦਾ ਵਿਰੋਧ ਕੁਝ ਲੋਕਾਂ ਵੱਲੋਂ ਸਿਰਫ਼ ਇਸ ਕਾਰਨ ਹੋ ਰਿਹਾ ਹੈ, ਕਿਉਂਕਿ ਉਹ ਦਸਤਾਰਧਾਰੀ ਸਿੱਖ ਹੈ।
ਦਿਲਜੀਤ ਦੋਸਾਂਝ ਦਾ ਵਿਰੋਧ ਪਹਿਲੀ ਵਾਰ ਨਹੀਂ ਹੋਇਆ, ਸਗੋਂ ਉਸ ਦੇ ਦਸਤਾਰਧਾਰੀ ਹੋਣ ਕਰਕੇ ਕੁੱਝ ਕੱਟੜਪੰਥੀਆਂ ਵੱਲੋਂ ਉਸ ਦਾ ਪਹਿਲਾਂ ਵੀ ਵਿਰੋਧ ਕੀਤਾ ਜਾ ਚੁੱਕਿਆ ਹੈ। ਸਿਰਫ਼ ਦਿਲਜੀਤ ਹੀ ਨਹੀਂ ਸਗੋਂ ਅਨੇਕਾਂ ਸਿੱਖ ਕਲਾਕਾਰਾਂ ਨੂੰ ਅਕਸਰ ਭਾਰਤ ਵਿੱਚ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ। ‘ਤੂਤਕ ਤੂਤਕ ਤੂਤੀਆਂ’ ਵਾਲੇ ਪ੍ਰਸਿੱਧ ਗਾਇਕ ਮਲਕੀਤ ਸਿੰਘ ਨੇ ਵੀ ਇੱਕ ਵਾਰ ਕਿਹਾ ਸੀ ਕਿ ਉਸ ਦੇ ਤੂਤੀਆਂ ਗਾਣੇ ਦੀ ਪ੍ਰਸਿੱਧੀ ਵੇਲੇ ਉਸ ਨੂੰ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਨ ਦੇ ਮੌਕੇ ਮਿਲੇ ਸਨ ਪਰ ਫ਼ਿਲਮਾਂ ਵਾਲੇ ਚਾਹੁੰਦੇ ਸਨ ਕਿ ਉਹ ਦਸਤਾਰ ਤੋਂ ਬਿਨਾਂ ਕੰਮ ਕਰੇ, ਜੋ ਉਸ ਨੂੰ ਮਨਜ਼ੂਰ ਨਹੀਂ ਸੀ। ਇਸੇ ਤਰ੍ਹਾਂ ਹੋਰ ਵੀ ਕਈ ਸਿੱਖ ਕਲਾਕਾਰ ਹਨ, ਜਿਨ੍ਹਾਂ ਨਾਲ ਭਾਰਤੀ ਸਿਨੇਮਾ ਜਗਤ ਵਿੱਚ ਉਹਨਾਂ ਦੇ ਦਸਤਾਰਧਾਰੀ ਹੋਣ ਕਾਰਨ ਉਹਨਾਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ।
ਅਸਲ ਵਿੱਚ ਭਾਰਤ ਦੇ ਫ਼ਿਲਮੀ ਅਤੇ ਰਾਸ਼ਟਰੀ ਮੀਡੀਆ ਖੇਤਰ ਵਿੱਚ ਇੱਕ ਅਜਿਹੀ ਲਾਬੀ ਸਰਗਰਮ ਹੈ, ਜੋ ਕਿ ਸਿੱਖਾਂ ਦੀ ਬਹਾਦਰੀ, ਸਖ਼ਤ ਮਿਹਨਤ ਅਤੇ ਇਮਾਨਦਾਰੀ ਦੀ ਚਰਚਾ ਕਰਨ ਦੀ ਥਾਂ ਅਕਸਰ ਸਿੱਖਾਂ ਅਤੇ ਪੰਜਾਬੀਆਂ ਦਾ ਮਜ਼ਾਕ ਉਡਾਉਂਦੀ ਰਹਿੰਦੀ ਹੈ। ਇਹੋ ਕਾਰਨ ਹੈ ਕਿ ਅਨੇਕਾਂ ਹਿੰਦੀ ਫ਼ਿਲਮਾਂ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੇ ਸੀਨ ਪਾਏ ਹੁੰਦੇ ਹਨ, ਜਿਨ੍ਹਾਂ ’ਤੇ ਸਿੱਖ ਭਾਈਚਾਰੇ ਨੂੰ ਇਤਰਾਜ਼ ਹੁੰਦਾ ਹੈ। ਕਈ ਹਿੰਦੀ ਫ਼ਿਲਮਾਂ ’ਚ ਅਜਿਹੇ ਨਕਲੀ ਸਿੱਖ ਕਲਾਕਾਰ ਦਿਖਾਏ ਜਾਂਦੇ ਹਨ ਜਿਨ੍ਹਾਂ ਦਾ ਪਹਿਰਾਵਾ ਬੇਹੂਦਾ ਹੁੰਦਾ ਹੈ ਅਤੇ ਉਹ ਹਾਸੋਹੀਣੀਆਂ ਹਰਕਤਾਂ ਕਰਦੇ ਹਨ। ਇਹ ਕਲਾਕਾਰ ਸਿੱਖ ਨਹੀਂ ਹੁੰਦੇ ਪਰ ਉਹਨਾਂ ਦੀ ਵੇਸ-ਭੂਸ਼ਾ ਤੇ ਪਹਿਰਾਵਾ ਸਿੱਖਾਂ ਵਰਗਾ ਬਣਾ ਕੇ ਉਹਨਾਂ ਨੂੰ ਫ਼ਿਲਮਾਂ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਸਿੱਖਾਂ ਦਾ ਮਜ਼ਾਕ ਉਡਾਇਆ ਜਾ ਸਕੇ। ਅਜਿਹਾ ਇਸ ਕਾਰਨ ਵੀ ਹੁੰਦਾ ਹੈ ਕਿਉਂਕਿ ਭਾਰਤੀ ਸੈਂਸਰ ਬੋਰਡ ਦੀ ਟੀਮ ਵਿੱਚ ਕੋਈ ਵੀ ਸਿੱਖ ਮੈਂਬਰ ਨਹੀਂ ਹੈ। ਇਸੇ ਕਰਕੇ ਸੈਂਸਰ ਬੋਰਡ ਵਿੱਚ ਇੱਕ ਸਿੱਖ ਮੈਂਬਰ ਜ਼ਰੂਰ ਹੋਣ ਦੀ ਮੰਗ ਵੀ ਸਿੱਖ ਹਲਕਿਆਂ ਵੱਲੋਂ ਅਨੇਕਾਂ ਵਾਰ ਉਠਾਈ ਜਾ ਚੁੱਕੀ ਹੈ, ਜਿਸ ਵੱਲ ਕੇਂਦਰ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
ਭਾਰਤ ਦੇ ਆਜ਼ਾਦੀ ਅੰਦੋਲਨ ਵਿੱਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ। ਅੱਜ ਵੀ ਭਾਰਤੀ ਫ਼ੌਜ ਵਿੱਚ ਵੱਡੀ ਗਿਣਤੀ ਸਿੱਖ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਉਹਨਾਂ ਦੀ ਦੇਸ਼ ਭਗਤੀ ਦਿਖਾਉਣ ਦੀ ਥਾਂ ਅਕਸਰ ਫ਼ਿਲਮਾਂ ਵਿੱਚ ਸਿੱਖਾਂ ਬਾਰੇ ਇਤਰਾਜ਼ਯੋਗ ਦ੍ਰਿਸ਼ ਦਿਖਾਏ ਜਾਂਦੇ ਹਨ। ਕੁਝ ਲੋਕ ਕਹਿੰਦੇ ਹਨ ਕਿ ਜਦੋਂ ਤੋਂ ਭਾਰਤ ਵਿੱਚ ਮੋਦੀ ਸਰਕਾਰ ਬਣੀ ਹੈ, ਉਦੋਂ ਤੋਂ ਅਜਿਹਾ ਹੋਣ ਲੱਗਿਆ ਹੈ ਪਰ ਇਹ ਗੱਲ ਠੀਕ ਨਹੀਂ ਸਗੋਂ ਜਦੋਂ ਭਾਰਤ ਵਿੱਚ ਲੰਬਾ ਸਮਾਂ ਕਾਂਗਰਸ ਦਾ ਰਾਜ ਰਿਹਾ, ਉਦੋਂ ਵੀ ਭਾਰਤ ਵਿੱਚ ਬਣੀਆਂ ਅਨੇਕਾਂ ਫ਼ਿਲਮਾਂ ਅਤੇ ਟੀ.ਵੀ. ਸੀਰੀਅਲਾਂ ਵਿੱਚ ਸਿੱਖਾਂ ਸਬੰਧੀ ਇਤਰਾਜ਼ਯੋਗ ਦ੍ਰਿਸ਼ ਦਿਖਾਏ ਗਏ ਸਨ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਭਾਰਤੀ ਸਿਨੇਮਾ ਜਗਤ ਵਿੱਚ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਦ੍ਰਿਸ਼ ਪੇਸ਼ ਕਰਨਾ ਅਤੇ ਸਿੱਖ ਕਲਾਕਾਰਾਂ ਨਾਲ ਵਿਤਕਰਾ ਕਰਨ ਦਾ ਰੁਝਾਨ ਕਾਫ਼ੀ ਪੁਰਾਣਾ ਹੈ, ਜੋ ਕਿ ਮੰਦਭਾਗਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬਾਲੀਵੁੱਡ ਵਿੱਚ ਕੁਝ ਅਜਿਹੀਆਂ ਫ਼ਿਲਮਾਂ ਵੀ ਬਣੀਆਂ ਹਨ, ਜਿਨ੍ਹਾਂ ਵਿੱਚ ਸਿੱਖਾਂ ਦੀ ਬਹਾਦਰੀ ਵੀ ਦਿਖਾਈ ਗਈ ਹੈ ਪਰ ਅਜਿਹੀਆਂ ਫ਼ਿਲਮਾਂ ਦੀ ਗਿਣਤੀ ਬਹੁਤ ਘੱਟ ਹੈ।
ਦਿਲਜੀਤ ਇੱਕ ਅਜਿਹਾ ਪੰਜਾਬੀ ਕਲਾਕਾਰ ਹੈ, ਜਿਸ ਨੇ ਦਸਤਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਦਿਵਾਈ ਹੈ। ਉਹ ਵਿਸ਼ਵ ਪੱਧਰੀ ਸਮਾਗਮਾਂ ਵਿੱਚ ਦਸਤਾਰ ਸਜਾ ਕੇ ਹੀ ਸ਼ਾਮਲ ਹੋਇਆ ਹੈ ਅਤੇ ਦਸਤਾਰ ਕਾਰਨ ਉਸ ਦੀ ਸ਼ਾਨ ਇਹਨਾਂ ਸਮਾਗਮਾਂ ਵਿੱਚ ਵੱਖਰੀ ਦਿਖਾਈ ਦਿੰਦੀ ਹੈ। ਦਿਲਜੀਤ ਦੇ ਸਮਰਥਕ ਕਹਿੰਦੇ ਹਨ ਕਿ ਉਸ ਦਾ ਵਿਰੋਧ ਸਿਰਫ਼ ਉਹ ਲੋਕ ਕਰ ਰਹੇ ਹਨ ਜੋ ਕਿ ਉਸ ਦੀ ਪ੍ਰਸਿੱਧੀ ਤੋਂ ਜਲਦੇ ਹਨ। ਦਿਲਜੀਤ ਨੂੰ ਪਿਆਰ ਕਰਨ ਵਾਲਿਆਂ ਦੀ ਵੀ ਵੱਡੀ ਗਿਣਤੀ ਮੌਜੂਦ ਹੈ। ਪੰਜਾਬ ’ਚ ਅਕਾਲੀ ਦਲ ਅਤੇ ਹੋਰ ਕਈ ਜਥੇਬੰਦੀਆਂ ਤੇ ਸੰਸਥਾਵਾਂ ਦੇ ਆਗੂਆਂ ਨੇ ਦਿਲਜੀਤ ਦਾ ਸਮਰਥਨ ਕੀਤਾ ਹੈ। ਲੋੜ ਤਾਂ ਇਸ ਗੱਲ ਦੀ ਹੈ ਕਿ ਦਿਲਜੀਤ ਦਾ ਵਿਰੋਧ ਕਰਨ ਦੀ ਥਾਂ ਉਸ ਦਾ ਸਮਰਥਨ ਕਰਕੇ ਸਾਰੇ ਸਿੱਖ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਹਿੰਦੀ ਸਿਨੇਮਾ ਜਗਤ ਵਿੱਚ ਸਿੱਖ ਕਲਾਕਾਰਾਂ ਨਾਲ ਹੁੰਦੇ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇ।