ਰਜਿੰਦਰ ਸਿੰਘ ਪੁਰੇਵਾਲ
ਵਿਸ਼ਵ ਰਾਜਨੀਤੀ ਦੇ ਮੰਚ ’ਤੇ ਅੱਜ ਜਦੋਂ ਵੀ ਭਾਰਤ ਦਾ ਨਾਂ ਆਉਂਦਾ ਹੈ ਤਾਂ ਤਿੰਨ ਵੱਡੇ ਨਾਂ ਆਪਣੇ-ਆਪ ਉੱਭਰ ਕੇ ਸਾਹਮਣੇ ਆ ਜਾਂਦੇ ਹਨ – ਰੂਸ, ਅਮਰੀਕਾ ਤੇ ਚੀਨ। ਦਸੰਬਰ 2025 ਵਿੱਚ ਪੁਤਿਨ ਭਾਰਤ ਆਏ ਸਨ, ਜਨਵਰੀ-ਫਰਵਰੀ ਵਿੱਚ ਸ਼ਾਇਦ ਟਰੰਪ ਆਉਣਗੇ ਤੇ ਉਸ ਤੋਂ ਬਾਅਦ ਸ਼ੀ ਜਿਨਪਿੰਗ ਵੀ ਗਲਵੱਕੜੀਆਂ ਪਾਉਣ ਆਵੇਗਾ। ਇਹ ਕਥਾ ਬੜੀ ਖੂਬਸੂਰਤ ਲੱਗਦੀ ਹੈ – ਇੱਕ ਭਾਰਤ ਜੋ ਤਿੰਨ ਮਹਾਂਸ਼ਕਤੀਆਂ ਨਾਲ ਇੱਕੋ ਜਿਹੀ ਨੇੜਤਾ ਰੱਖਦਾ ਹੈ। ਪਰ ਸੱਚਾਈ ਇਸ ਤੋਂ ਕਿਤੇ ਵੱਖਰੀ ਤੇ ਕਰੜੀ ਹੈ। ਇਹ ਤਿੰਨੇ ਮੁਲਕ ਭਾਰਤ ਨੂੰ ਆਪਣੀ ਸਭ ਤੋਂ ਵੱਡੀ, ਸਭ ਤੇ ਸਭ ਤੋਂ ਵੱਡੀ ਵਪਾਰਕ ਮੰਡੀ ਮੰਨਦੇ ਹਨ। ਭਾਰਤ ਉਨ੍ਹਾਂ ਲਈ ਉਹ ਗਾਹਕ ਹੈ ਜੋ ਮਹਿੰਗੇ ਤੇ ਘਟੀਆ ਦੋਵੇਂ ਮਾਲ ਖਰੀਦ ਲੈਂਦਾ ਹੈ, ਬਿਨਾਂ ਸੌਦੇਬਾਜ਼ੀ ਕੀਤਿਆਂ।
ਰੂਸ ਦੀ ਗੱਲ ਕਰੀਏ। ਯੂਕ੍ਰੇਨ ਜੰਗ ਤੋਂ ਬਾਅਦ ਰੂਸ ਪੱਛਮ ਵਿੱਚ ਇਕੱਲਾ ਪੈ ਗਿਆ ਸੀ। ਉਸ ਦੀ ਤੇਲ ਦੀ ਵਿਕਰੀ ਰੋਕੀ ਗਈ, ਹਥਿਆਰਾਂ ਦੀ ਮਾਰਕੀਟ ਸੁੰਗੜ ਗਈ। ਉਸ ਸਮੇਂ ਭਾਰਤ ਉਸ ਲਈ ਤਾਰਣਹਾਰ ਬਣ ਕੇ ਉਭਰਿਆ। ਅੱਜ ਰੂਸ ਦਾ 40 ਫੀਸਦੀ ਤੋਂ ਵੱਧ ਕੱਚਾ ਤੇਲ ਭਾਰਤ ਹੀ ਖਰੀਦ ਰਿਹਾ ਹੈ – ਉਹ ਵੀ ਡਿਸਕਾਊਂਟ ’ਤੇ। ਭਾਰਤ ਰੂਸ ਤੋਂ ਐਸ-400, ਸੁਖੋਈ ਜਹਾਜ਼, ਟੈਂਕ ਤੇ ਹੋਰ ਹਥਿਆਰ ਖਰੀਦਦਾ ਹੈ, ਭਾਵੇਂ ਉਹ ਪੱਛਮੀ ਹਥਿਆਰਾਂ ਨਾਲੋਂ ਮਹਿੰਗੇ ਤੇ ਪੁਰਾਣੇ ਹੋਣ। ਬਦਲੇ ਵਿੱਚ ਰੂਸ ਨੂੰ ਕੀ ਮਿਲਦਾ ਹੈ? ਮੁਨਾਫ਼ਾ, ਬਹੁਤ ਜ਼ਿਆਦਾ ਮੁਨਾਫ਼ਾ ਤੇ ਇੱਕ ਵੋਟ ਜੋ ਸੰਯੁਕਤ ਰਾਸ਼ਟਰ ਵਿੱਚ ਉਸ ਦੇ ਹੱਕ ਵਿੱਚ ਖੜ੍ਹੀ ਰਹਿੰਦੀ ਹੈ। ਭਾਰਤ-ਰੂਸ ਦੋਸਤੀ ਦੀ ਇਹੀ ਅਸਲ ਬੁਨਿਆਦ ਹੈ – ਇੱਕ ਪਾਸੇ ਭਾਰਤ ਜਿਸ ਨੂੰ ਹਥਿਆਰ ਤੇ ਈਂਧਨ ਚਾਹੀਦਾ ਹੈ, ਦੂਜੇ ਪਾਸੇ ਰੂਸ ਜਿਸ ਨੂੰ ਪੈਸੇ ਤੇ ਰਾਜਨੀਤਿਕ ਢਾਲ ਚਾਹੀਦੀ ਹੈ।
ਅਮਰੀਕਾ ਦੀ ਵਾਰੀ ਆਵੇ ਤਾਂ ਗੱਲ ਥੋੜ੍ਹੀ ਉਲਟ ਹੈ। ਅਮਰੀਕਾ ਭਾਰਤ ਤੋਂ ਵਧੇਰੇ ਖਰੀਦਦਾ ਹੈ ਜਿੰਨਾ ਵੇਚਦਾ ਹੈ, ਇਸ ਲਈ ਉਸ ਨੂੰ ਵਪਾਰਕ ਘਾਟਾ ਸਹਿਣਾ ਪੈਂਦਾ ਹੈ। ਟਰੰਪ ਇਸੇ ਗੱਲ ਤੋਂ ਖਾਰ ਖਾਂਦੇ ਹਨ। ਉਹ ਭਾਰਤ ’ਤੇ ਟੈਰਿਫ ਦਾ ਸ਼ਿਕੰਜਾ ਕੱਸ ਰਹੇ ਹਨ – ਹਾਰਲੇ ਡੇਵਿਡਸਨ ਮੋਟਰਸਾਈਕਲਾਂ ਤੋਂ ਲੈ ਕੇ ਬਾਦਾਮਾਂ ਤੱਕ ’ਤੇ ਟੈਕਸ ਵਧਾ ਰਹੇ ਹਨ। ਉਨ੍ਹਾਂ ਦੀ ਸੋਚ ਸਾਫ਼ ਹੈ – ਭਾਰਤ ਨੂੰ ਝੁਕਾ ਕੇ ਆਪਣੀਆਂ ਸ਼ਰਤਾਂ ’ਤੇ ਮਾਰਕੀਟ ਖੋਲ੍ਹਣੀ ਹੈ। ਭਾਰਤ ਜਿੰਨੀ ਦੇਰ ਟਾਲੇਗਾ, ਟੈਰਿਫ ਓਨਾ ਵਧੇਗਾ। ਅੰਤ ਵਿੱਚ ਮੋਦੀ ਸਰਕਾਰ ਨੂੰ ਝੁੱਕਣਾ ਪਵੇਗਾ, ਫਿਰ ਇਹ ਪ੍ਰਚਾਰ ਕੀਤਾ ਜਾਵੇਗਾ ਕਿ “ਪੁਤਿਨ ਕਾਰਡ” ਨਾਲ ਟਰੰਪ ਨੂੰ ਮਜਬੂਰ ਕਰ ਦਿੱਤਾ”। ਅਸਲ ਵਿੱਚ ਟਰੰਪ ਤੇ ਪੁਤਿਨ ਦੀ ਪੁਰਾਣੀ ਯਾਰੀ ਹੈ – ਉਹ ਆਪਸ ਵਿੱਚ ਤਾਲਮੇਲ ਕਰਕੇ ਭਾਰਤ ਨੂੰ ਦਬਾਅ ਵਿੱਚ ਰੱਖਦੇ ਹਨ। ਯੂਕ੍ਰੇਨ ਨਾਲ ਵੀ ਅਜਿਹਾ ਵਾਪਰ ਰਿਹਾ ਹੈ।
ਤੇ ਚੀਨ ਤਾਂ ਸਭ ਤੋਂ ਵੱਡਾ ਖਿਡਾਰੀ ਹੈ। ਉਹ ਸਸਤਾ ਤੇ ਘਟੀਆ ਮਾਲ ਵੇਚ ਕੇ ਸਾਲਾਨਾ 100 ਅਰਬ ਡਾਲਰ ਤੋਂ ਵੱਧ ਦਾ ਵਪਾਰਕ ਸਰਪਲਸ ਕਮਾ ਰਿਹਾ ਹੈ। ਭਾਰਤ ਦੀਆਂ ਸੜਕਾਂ ’ਤੇ ਚੀਨੀ ਮੋਬਾਈਲ, ਖਿਡੌਣੇ, ਕੱਪੜੇ ਤੇ ਇਲੈਕਟ੍ਰਾਨਿਕਸ ਛਾਏ ਹੋਏ ਹਨ। ਭਾਰਤ ਨੇ ਚੀਨੀ ਐਪਸ ’ਤੇ ਪਾਬੰਦੀ ਲਗਾਈ, ਪਰ ਮਾਲ ਆਉਣਾ ਬੰਦ ਨਹੀਂ ਹੋਇਆ – ਬੱਸ ਰਾਹ ਬਦਲ ਗਿਆ। ਚੁਣੌਤੀ ਇਹ ਹੈ ਕਿ ਭਾਰਤ ਦੀ ਜਨਤਾ ਸਸਤੇ ਮਾਲ ਦੀ ਆਦੀ ਹੋ ਚੁੱਕੀ ਹੈ। ਚੀਨ ਜਾਣਦਾ ਹੈ ਕਿ ਭਾਰਤ ਦੀ ਇਹ ਕਮਜ਼ੋਰੀ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ।
ਇਸ ਸਾਰੇ ਖੇਡ ਵਿੱਚ ਸਭ ਤੋਂ ਦੁਖਦਾਈ ਸਵਾਲ ਇਹ ਹੈ – ਕੀ ਭਾਰਤ ਦਾ ਸੱਚਮੁੱਚ ਕੋਈ ਮਿੱਤਰ ਹੈ? 1962 ਵਿੱਚ ਜਦੋਂ ਚੀਨ ਨੇ ਹਮਲਾ ਕੀਤਾ ਤਾਂ ਸੋਵੀਅਤ ਯੂਨੀਅਨ (ਅੱਜ ਦਾ ਰੂਸ) ਚੁੱਪ ਰਿਹਾ। ਮਦਦ ਬਿ੍ਰਟੇਨ ਤੇ ਅਮਰੀਕਾ ਤੋਂ ਆਈ। ਅੱਜ ਰੂਸ ਚੀਨ ਦਾ ਜੂਨੀਅਰ ਪਾਰਟਨਰ ਬਣ ਚੁੱਕਾ ਹੈ। ਜੇ ਕੱਲ੍ਹ ਚੀਨ ਨੇ ਅਰੁਣਾਚਲ ਜਾਂ ਲੱਦਾਖ ’ਤੇ ਵੱਡਾ ਹਮਲਾ ਕੀਤਾ ਤਾਂ ਕੀ ਪੁਤਿਨ ਭਾਰਤ ਦੀ ਮਦਦ ਲਈ ਦੌੜੇਗਾ? ਜਵਾਬ ਸਾਫ਼ ਹੈ – ਨਹੀਂ। ਉਹ ਚੀਨ ਨਾਲ ਆਪਣੇ ਸਬੰਧ ਨਹੀਂ ਖਰਾਬ ਕਰੇਗਾ। ਅਮਰੀਕਾ ਵੀ ਆਪਣੇ ਹਿੱਤਾਂ ਨੂੰ ਪਹਿਲ ਦੇਵੇਗਾ – ਜਿੰਨੀ ਕੁ ਮਦਦ ਕਰੇਗਾ, ਉਸ ਦੀ ਵੀ ਕੀਮਤ ਵਸੂਲੇਗਾ।
ਭਾਰਤ ਅੱਜ 1.4 ਅਰਬ ਦੀ ਆਬਾਦੀ ਵਾਲਾ ਸਭ ਤੋਂ ਵੱਡਾ ਖਪਤਕਾਰ ਬਾਜ਼ਾਰ ਹੈ। ਇਸ ਦੀ ਭੁੱਖ ਅਤੇ ਇਸ ਦੀ ਬੇਸਬਰੀ ਹੀ ਉਸ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ। ਰੂਸ, ਅਮਰੀਕਾ ਤੇ ਚੀਨ – ਤਿੰਨੇ ਇਸ ਭੁੱਖ ਨੂੰ ਆਪੋ-ਆਪਣੇ ਢੰਗ ਨਾਲ ਵਰਤ ਰਹੇ ਹਨ। ਜਦੋਂ ਤੱਕ ਭਾਰਤ ਆਪਣੀ ਉਤਪਾਦਨ ਸਮਰੱਥਾ ਨੂੰ ਨਹੀਂ ਵਧਾਏਗਾ, ਆਪਣੀਆਂ ਜ਼ਰੂਰਤਾਂ ਆਪ ਨਹੀਂ ਪੂਰੀਆਂ ਕਰੇਗਾ, ਤਦ ਤੱਕ ਉਹ ਇਨ੍ਹਾਂ ਤਿੰਨਾਂ ਮਹਾਂਸ਼ਕਤੀਆਂ ਦੀ ਸਾਂਝੀ ਮੰਡੀ ਬਣਿਆ ਰਹੇਗਾ। ਸੱਚੀ ਸੁਤੰਤਰ ਵਿਦੇਸ਼ ਨੀਤੀ ਤੇ ਸੱਚੀ ਮਹਾਂਸ਼ਕਤੀ ਦਾ ਰੁਤਬਾ ਉਦੋਂ ਹੀ ਮਿਲੇਗਾ ਜਦੋਂ ਭਾਰਤ ਖਰੀਦਦਾਰ ਨਹੀਂ, ਵੇਚਣ ਵਾਲਾ ਬਣੇਗਾ।ਮਤਲਬ ਭਾਰਤ ਖਤਰੇ ਵਿੱਚ ਤਿੰਨ ਮਹਾਸ਼ਕਤੀਆਂ ਵਿੱਚ ਘਿਰਿਆ ਹੈ।
![]()
