ਜੰਮੂ, 11 ਅਪਰੈਲ:
ਭਾਰਤ ਤੇ ਪਾਕਿਸਤਾਨ ਦੀ ਸੈਨਾ ਵਿਚਾਲੇ ਸਰਹੱਦੀ ਪ੍ਰਬੰਧਨ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਲਈ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲਓਸੀ) ਕੋਲ ਬ੍ਰਿਗੇਡ ਕਮਾਂਡਰ ਪੱਧਰ ਦੀ ‘ਫਲੈਗ ਮੀਟਿੰਗ’ ਹੋਈ। ਇਸ ਮਹੀਨੇ ਦੋਵੇਂ ਧਿਰਾਂ ਵਿਚਾਲੇ ਇਹ ਇਸ ਤਰ੍ਹਾਂ ਦੀ ਦੂਜੀ ਮੀਟਿੰਗ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੀਟਿੰਗ ਸਰਹੱਦੀ ਲਾਂਘੇ ਚਕਾਂ-ਦਾ-ਬਾਗ ’ਤੇ ਹੋਈ ਜਿਸ ਦੀ ਅਗਵਾਈ ਦੋਵਾਂ ਧਿਰਾਂ ਦੇ ਬ੍ਰਿਗੇਡੀਅਰ ਪੱਧਰ ਦੇ ਅਧਿਕਾਰੀਆਂ ਨੇ ਕੀਤੀ।
ਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ, ‘ਫਲੈਗ ਮੀਟਿੰਗ ਦੋਵਾਂ ਧਿਰਾਂ ਵਿਚਾਲੇ ਡੀਜੀਐੱਮਓ ਦੀ ਸਹਿਮਤੀ ਅਨੁਸਾਰ ਐੱਲਓਸੀ ’ਤੇ ਸਰਹੱਦੀ ਪ੍ਰਬੰਧਨ ਨਾਲ ਜੁੜੀ ਨਿਯਮਿਤ ਪ੍ਰਕਿਰਿਆ ਹੈ।’ ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਐੱਲਓਸੀ ’ਤੇ ਨਿਯਮਿਤ ਮੁੱਦਿਆਂ ’ਤੇ ਚਰਚਾ ਕਰਨ ਲਈ ਕੀਤੀ ਗਈ ਸੀ। ਸੂਤਰਾਂ ਨੇ ਦੱਸਿਆ ਕਿ ਭਾਰਤੀ ਸੈਨਾ ਦੇ ਅਧਿਕਾਰੀਆਂ ਨੇ ਆਪਣੇ ਹਮਰੁਤਬਾ ਅਧਿਕਾਰੀਆਂ ਕੋਲ ਘੁਸਪੈਠ ਦੀਆਂ ਕੋਸ਼ਿਸ਼ਾਂ, ਜੰਗਬੰਦੀ ਦੀ ਉਲੰਘਣਾ ਅਤੇ ਆਈਈਡੀ ਧਮਾਕਿਆਂ ਦਾ ਮੁੱਦਾ ਚੁੱਕਿਆ।
![]()
