
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਕਾਂਗਰਸ ਦੇ 19 ਮੈਂਬਰਾਂ ਨੇ ਡੇਬੋਰਾ ਰੌਸ ਅਤੇ ਰੋ ਖੰਨਾ ਦੀ ਅਗਵਾਈ ਹੇਠ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪੱਤਰ ਲਿਖ ਕੇ ਭਾਰਤ ’ਤੇ ਲਗੇ ਵਾਧੂ ਆਯਾਤ ਸ਼ੁਲਕ (ਟੈਰਿਫ਼) ਹਟਾਉਣ ਦੀ ਅਪੀਲ ਕੀਤੀ ਹੈ। ਇਹ ਸੰਸਦ ਮੈਂਬਰ ਮੰਨਦੇ ਹਨ ਕਿ ਟੈਰਿਫ਼ ਵਧਾਉਣ ਨਾਲ ਨਾ ਸਿਰਫ਼ ਭਾਰਤੀ ਨਿਰਮਾਤਾਵਾਂ ਨੂੰ ਨੁਕਸਾਨ ਹੋਇਆ ਹੈ, ਸਗੋਂ ਅਮਰੀਕੀ ਸਪਲਾਈ ਚੇਨ ਅਤੇ ਉਪਭੋਗਤਾਵਾਂ ’ਤੇ ਵੀ ਨਕਾਰਾਤਮਕ ਪ੍ਰਭਾਵ ਪਿਆ ਹੈ।
ਸੰਸਦ ਮੈਂਬਰਾਂ ਨੇ ਚਿਤਾਵਨੀ ਦਿੱਤੀ ਕਿ ਇਹ ਫ਼ੈਸਲੇ ਦੁਨੀਆ ਦੀਆਂ 2 ਸਭ ਤੋਂ ਵੱਡੀਆਂ ਲੋਕਤੰਤਰਿਕ ਤਾਕਤਾਂ ‘ਅਮਰੀਕਾ ਅਤੇ ਭਾਰਤ’ ਦੇ ਲੰਬੇ ਸਮੇਂ ਦੇ ਰਿਸ਼ਤਿਆਂ ਨੂੰ ਕਮਜ਼ੋਰ ਕਰ ਰਹੇ ਹਨ। ਆਪਣੇ ਪੱਤਰ ਵਿੱਚ, ਸੰਸਦ ਮੈਂਬਰਾਂ ਨੇ ਖਾਸ ਤੌਰ ’ਤੇ ਅਗਸਤ 2025 ਦੇ ਉਸ ਫ਼ੈਸਲੇ ਦਾ ਜ਼ਿਕਰ ਕੀਤਾ, ਜਿਸ ਵਿਚ ਭਾਰਤੀ ਵਸਤੂਆਂ ’ਤੇ ਟੈਰਿਫ਼ 50 ਫ਼ੀਸਦੀ ਵਧਾਉਣ ਦਾ ਐਲਾਨ ਕੀਤਾ ਗਿਆ ਸੀ। ਇਸ ਵਿੱਚ ਸ਼ੁਰੂਆਤੀ 25 ਫ਼ੀਸਦੀ ‘ਪਰਸਪਰ’ ਟੈਰਿਫ਼ ਅਤੇ ਰੂਸ ਤੋਂ ਭਾਰਤ ਦੇ ਕੱਚੇ ਤੇਲ ਦੀ ਖਰੀਦ ਦੇ ਜਵਾਬ ਵਿੱਚ ਵਾਧੂ 25 ਫ਼ੀਸਦੀ ਸ਼ਾਮਲ ਸੀ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਰਤ ਨਾਲ ਵਪਾਰਕ ਸਾਂਝ ਦੋਵਾਂ ਦੇਸ਼ਾਂ ਵਿੱਚ ਲੱਖਾਂ ਰੋਜ਼ਗਾਰ ਪੈਦਾ ਕਰਦੀ ਹੈ। ਅਮਰੀਕੀ ਨਿਰਮਾਤਾ ਸੈਮੀਕੰਡਕਟਰ, ਹੈਲਥਕੇਅਰ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਭਾਰਤ ’ਤੇ ਨਿਰਭਰ ਹਨ, ਜਦਂਕਿ ਭਾਰਤੀ ਕੰਪਨੀਆਂ ਨੇ ਅਮਰੀਕਾ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਦੋਵੇਂ ਦੇਸ਼ਾਂ ਵਿਚਕਾਰ ਆਰਥਿਕ ਤੌਰ ’ਤੇ ਮਜ਼ਬੂਤ ਸਾਂਝ ਬਣੀ ਹੋਈ ਹੈ।
ਕਾਂਗਰਸ ਮੈਂਬਰਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਟੈਰਿਫ਼ ਵਿੱਚ ਬੇਤੁਕਾ ਵਾਧਾ ਅਮਰੀਕੀ ਉਦਯੋਗਾਂ ਦੀ ਵਿਸ਼ਵ ਪੱਧਰੀ ਮੁਕਾਬਲਾਤਮਕਤਾ ਘਟਾਉਂਦਾ ਹੈ ਅਤੇ ਭਾਰਤ ਨੂੰ ਚੀਨ ਅਤੇ ਰੂਸ ਵਰਗੇ ਦੇਸ਼ਾਂ ਨਾਲ ਵਧੇਰੇ ਨੇੜਤਾ ਵੱਲ ਧੱਕ ਸਕਦਾ ਹੈ। ਪੱਤਰ ਦੇ ਅੰਤ ਵਿੱਚ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਲੋਕਤੰਤਰਿਕ ਮੁੱਲਾਂ ਅਤੇ ਆਪਸੀ ਸਤਿਕਾਰ ’ਤੇ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਭਾਰਤ-ਅਮਰੀਕਾ ਦੀ ਸਾਂਝ ਦੁਨੀਆ ਲਈ ਆਜ਼ਾਦੀ ਅਤੇ ਸਹਿਯੋਗ ਦਾ ਉਦਾਹਰਨ ਹੈ।