ਭਾਰਤ ਤੇ ਸਿੰਗਾਪੁਰ ਤਕਨਾਲੋਜੀ, ਵਪਾਰ, ਸੰਪਰਕ ਅਤੇ ਡਿਜੀਟਲੀਕਰਨ ਦੇ ਖੇਤਰਾਂ ਵਿੱਚ ਵਧਾਉਣਗੇ ਦੁਵੱਲਾ ਸਹਿਯੋਗ

In ਮੁੱਖ ਖ਼ਬਰਾਂ
August 16, 2025

ਨਵੀਂ ਦਿੱਲੀ/ਏ.ਟੀ.ਨਿਊਜ਼: ਭਾਰਤ ਤੇ ਸਿੰਗਾਪੁਰ ਨੇ ਆਪਣੇ ਚੋਟੀ ਦੇ ਮੰਤਰੀਆਂ ਦੀ ਮੀਟਿੰਗ ਦੌਰਾਨ ਉੱਨਤ ਤਕਨਾਲੋਜੀ, ਵਪਾਰ, ਸੰਪਰਕ ਅਤੇ ਡਿਜੀਟਲੀਕਰਨ ਦੇ ਖੇਤਰਾਂ ਵਿੱਚ ਆਪਣੇ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਇਹ ਚਰਚਾ ਨਵੀਂ ਦਿੱਲੀ ਵਿੱਚ ਹੋਏ ਤੀਜੇ ਭਾਰਤ-ਸਿੰਗਾਪੁਰ ਮੰਤਰੀ ਪੱਧਰ ਦੇ ਗੋਲਮੇਜ਼ ਸੰਮੇਲਨ (ਆਈ.ਐੱਸ.ਐੱਮ.ਆਰ.) ਦੌਰਾਨ ਹੋਈ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਵਣਜ ਮੰਤਰੀ ਪਿਯੂਸ਼ ਗੋਇਲ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਿੰਗਾਪੁਰ ਦੇ ਛੇ ਮੰਤਰੀਆਂ ਦੇ ਨਾਲ ਆਈ.ਐੱਸ.ਐੱਮ.ਆਰ. ਵਿੱਚ ਹਿੱਸਾ ਲਿਆ। ਸਿੰਗਾਪੁਰ ਦੇ ਵਫ਼ਦ ਦੀ ਅਗਵਾਈ ਉਪ ਪ੍ਰਧਾਨ ਮੰਤਰੀ ਅਤੇ ਵਪਾਰ ਤੇ ਉਦਯੋਗ ਮੰਤਰੀ ਗਾਨ ਕਿਮ ਯੌਂਗ ਨੇ ਕੀਤੀ। ਵਫ਼ਦ ਵਿੱਚ ਕੌਮੀ ਸੁਰੱਖਿਆ ਤੇ ਗ੍ਰਹਿ ਮੰਤਰੀ ਕੇ ਸ਼ਨਮੁਗਮ, ਵਿਦੇਸ਼ ਮੰਤਰੀ ਵਿਵੀਅਨ ਬਾਲਾਕ੍ਰਿਸ਼ਨ, ਡਿਜੀਟਲ ਵਿਕਾਸ ਤੇ ਸੂਚਨਾ ਮੰਤਰੀ ਜੌਸੇਫਿਨ ਤੇਓ, ਜਨਸ਼ਕਤੀ ਮੰਤਰੀ ਤਾਨ ਸੀ ਲੇਂਗ ਅਤੇ ਕਾਰਜਕਾਰੀ ਟਰਾਂਸਪੋਰਟ ਮੰਤਰੀ ਜੈਫਰੀ ਸਿਓ ਸ਼ਾਮਲ ਸਨ।
ਜੈਸ਼ੰਕਰ ਨੇ ‘ਐਕਸ’ ਉੱਤੇ ਕਿਹਾ, ‘‘ਆਈ.ਐੱਸ.ਐੱਮ.ਆਰ. ਦੌਰਾਨ ਸਿੰਗਾਪੁਰ ਦੇ ਵਫ਼ਦ ਨਾਲ ਸਾਰਥਕ ਗੱਲਬਾਤ ਹੋਈ। ਸਰਕਾਰ ਤੇ ਉਦਯੋਗ ਦਰਮਿਆਨ ਤਾਲਮੇਲ ਭਾਰਤ-ਸਿੰਗਾਪੁਰ ਸਬੰਧਾਂ ਦੇ ਅਗਲੇ ਗੇੜ ਨੂੰ ਰਫ਼ਤਾਰ ਦੇਣ ਲਈ ਅਹਿਮ ਹੈ।’’

Loading