ਭਾਰਤ ਦਾ ਫ਼ਿਰਕੂ ਮੀਡੀਆ ਘੱਟਗਿਣਤੀਆਂ ਵਿਰੁੱਧ ਫ਼ੈਲਾ ਰਿਹਾ ਨਫ਼ਰਤ

In ਮੁੱਖ ਖ਼ਬਰਾਂ
October 06, 2025

ਨਿਊਜ਼ ਚੈਨਲਾਂ ਨੂੰ ਮਰਿਆਦਾ ਦੀ ਉਲੰਘਣਾ ਤੋਂ ਰੋਕਣ ਲਈ ਬਣੀ ਨਿਊਜ਼ ਬ੍ਰਾਡਕਾਸਟਿੰਗ ਐਂਡ ਡਿਜੀਟਲ ਸਟੈਂਡਰਡਜ਼ ਅਥਾਰਟੀ (ਐੱਨ. ਬੀ. ਡੀ. ਐੱਸ. ਏ.) ਨੇ ‘ਜ਼ੀ ਨਿਊਜ਼’ ਤੇ ‘ਟਾਈਮਜ਼ ਨਾਓ ਨਵਭਾਰਤ’ ਨੂੰ ‘ਮਹਿੰਦੀ ਜਿਹਾਦ’ ਤੇ ‘ਲਵ ਜਿਹਾਦ’ ਵਰਗੇ ਮੁੱਦਿਆਂ ’ਤੇ ਗੁੰਮਰਾਹਕੁੰਨ ਤੇ ਫ਼ਿਰਕੂ ਜਨੂੰਨ ਫ਼ੈਲਾਉਣ ਵਾਲੇ ਵੀਡੀਓ ਚਲਾਉਣ ਲਈ ਸਖ਼ਤ ਫ਼ਟਕਾਰ ਲਾਈ ਹੈ। ਅਥਾਰਟੀ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਐੱਸ ਕੇ ਸੀਕਰੀ ਦੀ ਕਮੇਟੀ ਨੇ ਦੋਵਾਂ ਚੈਨਲਾਂ ਨੂੰ ਇਖਲਾਕੀ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਹੈ।ਸਮਾਜੀ ਕਾਰਕੁਨ ਇੰਦਰਜੀਤ ਘੋਰਪੜੇ ਨੇ ਅਕਤੂਬਰ 2024 ਵਿੱਚ ਸ਼ਿਕਾਇਤ ਦਰਜ ਕਰਾਈ ਸੀ ਕਿ ਇਨ੍ਹਾਂ ਚੈਨਲਾਂ ਨੇ ਬਿਨਾਂ ਤੱਥਾਂ ਦੀ ਜਾਂਚ ਦੇ ਫ਼ਿਰਕੂ ਪ੍ਰਚਾਰ ਕੀਤਾ। ਅਥਾਰਟੀ ਨੇ ਗੈਰ-ਕਾਨੂੰਨੀ ਧਰਮ ਪਰਿਵਰਤਨ ਦੇ ਮਾਮਲੇ ਵਿੱਚ ਅਦਾਲਤ ਦੇ ਫ਼ੈਸਲੇ ਦੀ ਰਿਪੋਰਟਿੰਗ ਕਰਦੇ ਸਮੇਂ ‘ਲਵ ਜਿਹਾਦ’ ਉੱਤੇ ਕੁਝ ਅਜਿਹੇ ਜ਼ਹਿਰੀਲੇ ਫ਼ਿਰਕੂ ਸ਼ਬਦਾਂ ਦਾ ਇਸਤੇਮਾਲ ਕਰਨ ਲਈ ‘ਟਾਈਮਜ਼ ਨਾਓ’ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਨੇ ਖ਼ਬਰ ਵਿੱਚ ਕੁਝ ਅਜਿਹੇ ਤੱਤ ਸ਼ਾਮਲ ਕੀਤੇ, ਜਿਹੜੇ ਫ਼ੈਸਲੇ ਦਾ ਹਿੱਸਾ ਨਹੀਂ ਸਨ । ਸ਼ਿਕਾਇਤਕਰਤਾ ਨੇ ‘ਜ਼ੀ ਨਿਊਜ਼’ ਦੇ ਚਾਰ ਪ੍ਰੋਗਰਾਮਾਂ ਬਾਰੇ ਸ਼ਿਕਾਇਤ ਕੀਤੀ ਸੀ, ਜਿਹੜੇ ‘ਮਹਿੰਦੀ ਜਿਹਾਦ’ ਦੇ ਵਿਚਾਰ ਦਾ ਪ੍ਰਚਾਰ ਕਰਦੇ ਸਨ। ਇਨ੍ਹਾਂ ਪ੍ਰਸਾਰਨਾਂ ਵਿੱਚ ਦੋਸ਼ ਲਾਇਆ ਗਿਆ ਕਿ ਮੁਸਲਮਾਨ ਮਹਿੰਦੀ ਕਲਾਕਾਰ ਹਿੰਦੂ ਮਹਿਲਾਵਾਂ ਦੇ ਮਹਿੰਦੀ ਲਾਉਣ ਤੋਂ ਪਹਿਲਾਂ ਉਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਮੁਸਲਮ ਮਰਦ ਮਹਿੰਦੀ ਕਲਾਕਾਰ ਵਜੋਂ ਕੰਮ ਕਰਕੇ ਹਿੰਦੂ ਮਹਿਲਾਵਾਂ ਦੇ ਫ਼ੋਨ ਨੰਬਰ ਹਾਸਲ ਕਰਦੇ ਹਨ, ਜਿਨ੍ਹਾਂ ਦਾ ਗੁਪਤ ਉਦੇਸ਼ ਉਨ੍ਹਾਂ ਨਾਲ ਵਿਆਹ ਕਰਾਉਣ ਲਈ ਉਨ੍ਹਾਂ ਦਾ ਧਰਮ ਪਰਿਵਰਤਨ ਕਰਾਉਣਾ ਹੁੰਦਾ ਹੈ । ਇਨ੍ਹਾਂ ਪ੍ਰਸਾਰਨਾਂ ਵਿੱਚ ਕੁਝ ਗਰੁੱਪਾਂ ਵੱਲੋਂ ਲਾਏ ਗਏ ਹਿੰਸਕ ਨਾਅਰਿਆਂ ਤੇ ਮੁਸਲਮ ਮਹਿੰਦੀ ਕਲਾਕਾਰਾਂ ਦੇ ਬਾਈਕਾਟ ਦੇ ਸੱਦੇ ਨੂੰ ਵੀ ਉਤਸ਼ਾਹਿਤ ਕੀਤਾ ਗਿਆ ।ਇਨ੍ਹਾਂ ਪ੍ਰਸਾਰਨਾਂ ਵਿੱਚ ਇਹ ਲਾਈਨਾਂ ਚਲਾਈਆਂ ਗਈਆਂ : ‘ਮਹਿੰਦੀ ਜਿਹਾਦ ਪਰ ਦੇ ਦਨਾ-ਦਨ’, ‘ਆਵੇਦਨ ਨਿਵੇਦਨ ਨਹੀਂ ਮਾਨੇ ਤੋ ਦੇ ਦਨਾ-ਦਨ’, ‘ਮਹਿੰਦੀ ਜਿਹਾਦ ਕੇ ਖਿਲਾਫ਼ ਲੱਠ ਮਾਡਲ ਲਾਂਚ’ ਅਤੇ ‘ਪਕੜਨੇ ਪਰ ਸਬਕ ਸਿਖਾਇਆ ਜਾਏਗਾ’ ।
‘ਜ਼ੀ ਨਿਊਜ਼’ ਨੇ ਅਥਾਰਟੀ ਅੱਗੇ ਦਲੀਲ ਦਿੱਤੀ ਕਿ ਉਸ ਨੇ ਤਾਂ ਸਿਰਫ਼ ਜਥੇਬੰਦੀਆਂ ਦੇ ਬਿਆਨਾਂ ਦੀ ਰਿਪੋਰਟਿੰਗ ਕੀਤੀ ।ਅਥਾਰਟੀ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਪੇਸ਼ਕਾਰੀ ਅਜਿਹੀ ਸੀ ਕਿ ਜਿਵੇਂ ਚੈਨਲ ਖੁਦ ਉਨ੍ਹਾਂ ਜਥੇਬੰਦੀਆਂ ਦੇ ਦਾਅਵਿਆਂ ਦੀ ਹਮਾਇਤ ਕਰ ਰਿਹਾ ਹੋਵੇ । ਉਸ ਨੇ ਨਿਊਜ ਨੂੰ ਚਲਾਉਣ ਵੇਲੇ ਸਪੱਸ਼ਟ ਨਹੀਂ ਕੀਤਾ ਕਿ ਇਹ ਕਿਸੇ ਤੀਜੀ ਧਿਰ ਵੱਲੋਂ ਦਿੱਤੇ ਗਏ ਬਿਆਨ ਹਨ । ਨਾ ਹੀ ਇਹ ਕਿਹਾ ਕਿ ਉਹ ਇਨ੍ਹਾਂ ਵਿਚਾਰਾਂ ਦਾ ਸਮਰਥਨ ਨਹੀਂ ਕਰਦਾ ।
ਅਥਾਰਟੀ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਹਾਲਾਂਕਿ ਉਹ ਚੈਨਲਾਂ ਦੇ ਸੰਪਾਦਕੀ ਵਿਵੇਕਾਧਿਕਾਰ ’ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ, ਕਿਉਂਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਤਹਿਤ ਆਉਂਦਾ ਹੈ, ਫ਼ਿਰ ਵੀ ਮੀਡੀਆ ਨੂੰ ਚੌਥੇ ਥੰਮ੍ਹ ਦੇ ਰੂਪ ਵਿੱਚ ਸਰਵਜਨਕ ਸੰਵਾਦ ਨੂੰ ਆਕਾਰ ਦੇਣ ’ਚ ਉਸ ਦੀ ਭੂਮਿਕਾ ਚੇਤੇ ਕਰਾਉਣੀ ਜ਼ਰੂਰੀ ਹੈ।ਸੰਭਾਵਤ ਸੰਵੇਦਨਸ਼ੀਲ ਮੁੱਦਿਆਂ ਨਾਲ ਨਜਿੱਠਦਿਆਂ ਪ੍ਰਸਾਰਕਾਂ ਨੂੰ ਪੱਤਰਕਾਰੀ ਦੀ ਮਰਿਆਦਾ ਦਾ ਖਿਆਲ ਰੱਖਦਿਆਂ ਪੂਰੀ ਜਾਂਚ-ਪਰਖ ਕਰਨੀ ਚਾਹੀਦੀ ਹੈ ।

Loading