
ਭਾਰਤ ਦੀ ਓਲੰਪਿਕ ਟੀਮ ਛੇ ਤਮਗੇ ਲੈ ਕੇ ਪੈਰਿਸ ਤੋਂ ਪਰਤੀ ਹੈ, ਜਿਸ ਵਿੱਚ ਇੱਕ ਚਾਂਦੀ ਦਾ ਤਗਮਾ ਅਤੇ ਪੰਜ ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਕੋਈ ਵੀ ਸੋਨ ਤਗਮਾ ਨਹੀਂ ਜਿੱਤ ਸਕਿਆ। ਇਸ ਲਈ ਛੇ ਤਗਮਿਆਂ ਦੇ ਬਾਵਜੂਦ ਭਾਰਤ ਤਮਗਾ ਸੂਚੀ ਵਿੱਚ 71ਵੇਂ ਸਥਾਨ ’ਤੇ ਰਿਹਾ। ਦੂਜੇ ਪਾਸੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ ਵਿੱਚ ਸੋਨ ਤਗ਼ਮਾ ਜਿੱਤਿਆ ਹੈ, ਜੋ ਉਸ ਦਾ ਇੱਕੋ ਇੱਕ ਤਗ਼ਮਾ ਹੈ, ਇਸੇ ਕਰਕੇ ਪਾਕਿਸਤਾਨ ਤਗ਼ਮੇ ਦੀ ਸੂਚੀ ਵਿੱਚ ਭਾਰਤ ਤੋਂ ਉਪਰ ਹੈ। ਭਾਰਤ ਨੇ ਪਿਛਲੀ ਵਾਰ ਦੇ ਮੁਕਾਬਲੇ ਇੱਕ ਤਗ਼ਮਾ ਘੱਟ ਜਿੱਤਿਆ ਸੀ ਅਤੇ ਨੀਰਜ ਚੋਪੜਾ ਇਕੱਲੇ ਅਜਿਹੇ ਖਿਡਾਰੀ ਸਨ ਜਿਨ੍ਹਾਂ ਨੇ ਦੂਜੀ ਵਾਰ ਤਗ਼ਮਾ ਜਿੱਤਿਆ ਸੀ। ਬਾਕੀ ਸਾਰੇ ਨਵੇਂ ਮੈਡਲ ਜੇਤੂ ਹਨ।
ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 15 ਅਗਸਤ ਨੂੰ ਲਾਲ ਕਿਲੇ ਤੋਂ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਭਾਰਤ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣ ਜਾਵੇਗਾ। ਵਰਤਮਾਨ ਵਿੱਚ ਇਹ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੈ ਅਤੇ ਕੁਝ ਸਮਾਂ ਪਹਿਲਾਂ ਇਹ ਸੱਤਵੇਂ ਅਤੇ ਇਸ ਤੋਂ ਪਹਿਲਾਂ 10ਵੇਂ ਸਥਾਨ 'ਤੇ ਸੀ। ਪਰ ਇਸ ਅਨੁਪਾਤ ਵਿੱਚ ਭਾਰਤ ਨੂੰ ਓਲੰਪਿਕ ਤਮਗਾ ਸੂਚੀ ਵਿੱਚ ਥਾਂ ਕਿਉਂ ਨਹੀਂ ਮਿਲਦੀ?
ਧਿਆਨ ਰਹੇ ਕਿ ਪੈਰਿਸ ਓਲੰਪਿਕ ਵਿਚ ਦੁਨੀਆ ਦੇ 6 ਚੋਟੀ ਦੀ ਅਰਥਵਿਵਸਥਾ ਵਾਲੇ ਦੇਸ਼ਾਂ ਨੇ ਮੈਡਲ ਟੇਬਲ ਵਿਚ ਟਾਪ 10 ਵਿਚ ਜਗ੍ਹਾ ਬਣਾਈ ਸੀ। ਜੇਕਰ ਅਮਰੀਕਾ ਸਭ ਤੋਂ ਵੱਡੀ ਅਰਥਵਿਵਸਥਾ ਹੈ ਤਾਂ ਮੈਡਲ ਟੇਬਲ ਵਿਚ ਪਹਿਲੇ ਨੰਬਰ 'ਤੇ ਹੈ ਅਤੇ ਜੇਕਰ ਚੀਨ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਤਾਂ ਉਹ ਦੂਜੇ ਨੰਬਰ 'ਤੇ ਹੈ। ਇਸੇ ਤਰ੍ਹਾਂ ਜਰਮਨੀ, ਜਾਪਾਨ, ਬ੍ਰਿਟੇਨ ਅਤੇ ਫਰਾਂਸ ਨੂੰ ਵੀ ਸਿਖਰਲੇ ਦਸ ਵਿੱਚ ਥਾਂ ਮਿਲੀ ਹੈ। ਦੂਜੇ ਪਾਸੇ, ਭਾਰਤ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਹੈ ਅਤੇ ਤਮਗਾ ਸੂਚੀ ਵਿੱਚ 71ਵੇਂ ਸਥਾਨ 'ਤੇ ਹੈ। ਜੇਕਰ ਗੋਲਡ ਮੈਡਲਾਂ ਨੂੰ ਹਟਾ ਦਿੱਤਾ ਜਾਵੇ ਤਾਂ ਕੁੱਲ ਮੈਡਲਾਂ ਦੇ ਮਾਮਲੇ 'ਚ ਭਾਰਤ 37ਵੇਂ ਸਥਾਨ 'ਤੇ ਹੈ। ਇਹ ਇਸਦੀ ਅਰਥਵਿਵਸਥਾ ਦੇ ਆਕਾਰ ਦੇ ਲਿਹਾਜ਼ ਨਾਲ ਵੀ ਬਹੁਤ ਮਾੜੀ ਹੈ ਪਰ ਪ੍ਰਤੀ ਵਿਅਕਤੀ ਆਮਦਨ ਦੇ ਲਿਹਾਜ਼ ਨਾਲ ਕੁਝ ਬਿਹਤਰ ਹੈ। ਕੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਬਣਨ ਤੋਂ ਬਾਅਦ ਇਸ ਵਿਚ ਕੋਈ ਬਦਲਾਅ ਆਵੇਗਾ?
ਲੋੜ ਇਸ ਗੱਲ ਦੀ ਹੈ ਕਿ ਖੇਡ ਪ੍ਰਬੰਧਾਂ ਵਿਚ ਖਾਸ ਧਿਆਨ ਦਿਤਾ ਜਾਵੇ ਤੇ ਅਫਸਰਸ਼ਾਹੀ ਉਪਰ ਕੰਟਰੋਲ ਕੀਤਾ ਜਾਵੇ ਜੋ ਸਿਫਾਰਸ਼ੀ ਭਰਤੀ ਕਰਦੀ ਹੈ ਤੇ ਖਿਡਾਰੀਆਂ ਦਾ ਸ਼ੋਸ਼ਣ ਕਰਦੀ ਹੈ।
ਕੀ ਵਿਨੇਸ਼ ਦੀ ਹਾਰ ਪਿਛੇ ਬ੍ਰਿਜਭੂਸ਼ਨ ਦਾ ਹੱਥ ਏ?
ਪੈਰਿਸ ਉਲੰਪਿਕ ਵਿਚ 50 ਕਿੱਲੋ ਭਾਰ ਵਰਗ ਵਿਚ ਵਿਨੇਸ਼ ਫੋਗਾਟ ਨਾਲ ਜੋ ਹੋਇਆ, ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ। ਸਾਰੀਆਂ ਕਹਾਣੀਆਂ ਸਾਜਿਸ਼ ਥਿਊਰੀ ਨਾਲ ਜੁੜੀਆਂ ਹਨ। ਉਨ੍ਹਾਂ ਵਿਚੋਂ ਇਕ ਕਹਾਣੀ ਇਹ ਹੈ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਯਕੀਨੀ ਬਣਾਇਆ ਕਿ ਵਿਨੇਸ਼ ਫੋਗਾਟ ਨੂੰ ਤਗਮਾ ਨਾ ਮਿਲੇ। ਜੇਕਰ ਵਿਨੇਸ਼ ਸੋਨ ਜਾਂ ਚਾਂਦੀ ਤਗਮਾ ਲੈ ਕੇ ਆਉਂਦੀ ਤਾਂ ਸਭ ਤੋਂ ਜ਼ਿਆਦਾ ਕਿਰਕਿਰੀ ਬ੍ਰਿਜਭੂਸ਼ਨ ਦੀ ਹੁੰਦੀ ਅਤੇ ਉਸ ਤੋਂ ਬਾਅਦ ਭਾਜਪਾ ਤੇ ਕੇਂਦਰ ਸਰਕਾਰ ਦੀ ਹੁੰਦੀ। ਜਿਸ ਸਮੇਂ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਵਿਨੇਸ਼ ਨੇ ਧਰਨਾ ਦਿੱਤਾ ਸੀ, ਉਸ ਸਮੇਂ ਬ੍ਰਿਜਭੂਸ਼ਨ ਨੇ ਕਿਹਾ ਸੀ ਕਿ ਉਹ ਉਲੰਪਿਕ ਲਈ ਕੁਆਲੀਫਾਈ ਵੀ ਨਹੀਂ ਕਰ ਸਕੇਗੀ।
ਇਸ ਲਈ ਸਾਜਿਸ਼ ਥਿਊਰੀ ਪ੍ਰਚਾਰਿਤ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬ੍ਰਿਜਭੂਸ਼ਨ ਦਹਾਕਿਆਂ ਤੱਕ ਕੁਸ਼ਤੀ ਸੰਘਾਂ ਦੀ ਰਾਜਨੀਤੀ ਨਾਲ ਜੁੜਿਆ ਰਿਹਾ ਹੈ ਅਤੇ ਉਸ ਨੇ ਆਪਣੇ ਸੰਪਰਕਾਂ ਦਾ ਫਾਇਦਾ ਚੁੱਕ ਕੇ ਭਾਰਤੀ ਕੁਸ਼ਤੀ ਸੰਘ ਦੇ ਕਾਰਜਕਾਰੀ ਪ੍ਰਧਾਨ ਸੰਜੈ ਸਿੰਘ ਨੂੰ ਪੈਰਿਸ ਭੇਜਿਆ ਅਤੇ ਉੱਥੇ ਉਲੰਪਿਕ ਸੰਘ ਦੇ ਆਪਣੇ ਸੰਪਰਕਾਂ ਰਾਹੀਂ ਇਹ ਯਕੀਨੀ ਬਣਾਇਆ ਕਿ ਵਿਨੇਸ਼ ਨੂੰ ਤਗਮਾ ਨਾ ਮਿਲੇ। ਹਾਲਾਂਕਿ ਇਸ ਦਾ ਕੋਈ ਆਧਾਰ ਹੈ ਜਾਂ ਨਹੀਂ ਹੈ, ਇਹ ਜਾਂਚ ਦਾ ਵਿਸ਼ਾ ਹੈ।
ਪਰ ਇਹ ਸਵਾਲ ਜ਼ਰੂਰ ਹੈ ਕਿ, ਕੀ ਸੱਚਮੁੱਚ ਬ੍ਰਿਜਭੂਸ਼ਨ ਦੇ ਹੱਥ ਇੰਨੇ ਲੰਬੇ ਹਨ ਕਿ ਉਹ ਉਲੰਪਿਕ ਵਿਚ ਤਗਮਾ ਰੁਕਵਾ ਸਕਦਾ ਹੈ? ਵਿਨੇਸ਼ ਦਾ ਭਾਰ ਕਿਵੇਂ ਵਧਿਆ,ਇਸ ਦੀ ਜਾਂਚ ਕਿਉਂ ਨਹੀਂ ਹੋ ਰਹੀ? ਫਿਲਹਾਲ, ਇਹ ਸਵਾਲ ਵੀ ਹੈ ਕਿ ਵਿਨੇਸ਼ ਫੋਗਾਟ ਨਿਯਮ ਤਹਿਤ ਖੇਡ ਕੇ ਫਾਈਨਲ ਤੱਕ ਪਹੁੰਚੀ ਸੀ ਤਾਂ ਉਨ੍ਹਾਂ ਨੂੰ ਚਾਂਦੀ ਦਾ ਤਗਮਾ ਯਕੀਨੀ ਤੌਰ 'ਤੇ ਮਿਲਣਾ ਚਾਹੀਦਾ ਸੀ, ਉਹ ਕਿਉਂ ਨਹੀਂ ਮਿਲਿਆ?
ਵਿਨੇਸ਼ ਦਾ ਸੁਆਗਤ
ਪੈਰਿਸ ਓਲੰਪਿਕ 'ਚ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤੀ ਗਈ ਪਹਿਲਵਾਨ ਵਿਨੇਸ਼ ਫੋਗਾਟ ਦੀ ਦੇਸ਼ ਵਾਪਸੀ ਹੋ ਗਈ ਹੈ ।ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪੁੱਜੀ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ।ਇਸ ਦੌਰਾਨ ਪਹਿਲਵਾਨ ਬਜਰੰਗ ਪੁਨੀਆ, ਸਾਕਸ਼ੀ ਮਲਿਕ ਤੇ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਸਮੇਤ ਵੱਡੀ ਗਿਣਤੀ 'ਚ ਲੋਕਾਂ ਨੇ ਵਿਨੇਸ਼ ਦਾ ਸਵਾਗਤ ਕੀਤਾ ।ਹਾਲਾਂਕਿ ਬਜਰੰਗ ਪੁਨੀਆ ਤੇ ਸਾਕਸ਼ੀ ਮਲਿਕ ਨੂੰ ਮਿਲਣ ਮੌਕੇ ਵਿਨੇਸ਼ ਫੋਗਾਟ ਭਾਵੁਕ ਹੋ ਗਈ ਤੇ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਈ ।ਹਵਾਈ ਅੱਡੇ ਤੋਂ ਨਿਕਲਣ ਤੋਂ ਬਾਅਦ ਖੁੱਲ੍ਹੀ ਜੀਪ ਵਿਚ ਨਜ਼ਰ ਆਈ ਵਿਨੇਸ਼ ਫੋਗਾਟ ਦੀਆਂ ਅੱਖਾਂ ਨਮ ਸਨ । ਦੱਸਣਯੋਗ ਹੈ ਕਿ ਪੈਰਿਸ ਓਲੰਪਿਕ 'ਚ ਲਗਾਤਾਰ ਤਿੰਨ ਜਿੱਤ ਦਰਜ ਕਰਨ ਤੋਂ ਬਾਅਦ ਫਾਈਨਲ 'ਚ ਥਾਂ ਬਣਾਈ ਸੀ, ਪਰ ਫਾਈਨਲ ਮੈਚ ਦੀ ਸਵੇਰ ਨੂੰ ਵਿਨੇਸ਼ ਫੋਗਾਟ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ । ਉਲੰਪਿਕ 'ਚ ਮੈਡਲ ਜਿੱਤਣ ਦਾ ਸੁਪਨਾ ਚਕਨਾਚੂਰ ਹੋਣ ਤੋਂ ਬਾਅਦ ਵਿਨੇਸ਼ ਨੇ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ।