ਭਾਰਤ ਦੀ ਤਸਵੀਰ ਬਦਲਣ ਵਿਚ ਵੱਡਾ ਯੋਗਦਾਨ ਹੈ ਡਾ. ਮਨਮੋਹਨ ਸਿੰਘ ਦਾ

In ਮੁੱਖ ਲੇਖ
December 28, 2024
ਲੋਕ ਮਿੱਤਰ ਗੌਤਮ: ਦੇਸ਼ ਦੇ 14ਵੇਂ ਪ੍ਰਧਾਨ ਮੰਤਰੀ ਤੇ ਭਾਰਤੀ ਅਰਥਵਿਵਸਥਾ 'ਚ ਉਦਾਰਵਾਦ ਦੇ ਜਨਕ ਡਾ: ਮਨਮੋਹਨ ਸਿੰਘ ਨੂੰ ਪੂਰੀ ਦੁਨੀਆ ਭਾਰਤ ਵਿਚ ਆਰਥਿਕ ਸੁਧਾਰਾਂ ਦੇ ਲਈ ਜਾਣਦੀ ਹੈ ।ਜੇਕਰ ਤੁਸੀਂ ਇਕ ਹਜ਼ਾਰ ਲੋਕਾਂ ਨੂੰ ਉਨ੍ਹਾਂ ਦੀ ਕੋਈ ਇਕ ਖਾਸੀਅਤ ਦੱਸਣ ਲਈ ਕਹੋ ਤਾਂ ਇਕ ਹਜ਼ਾਰ ਵਿਚੋਂ ਇਕ ਹਜ਼ਾਰ ਲੋਕ ਇਹੀ ਕਹਿਣਗੇ ਕਿ ਉਨ੍ਹਾਂ ਨੇ ਭਾਰਤੀ ਅਰਥ ਵਿਵਸਥਾ ਨੂੰ ਦੁਨੀਆ ਲਈ ਖੋਲਿ੍ਹਆ ਤੇ ਦਲੇਰੀ ਭਰੇ ਆਰਥਿਕ ਸੁਧਾਰ ਕੀਤੇ ।ਪਰ ਕਲਪਨਾ ਕਰੋ ਕਿ ਜੇਕਰ ਡਾ: ਮਨਮੋਹਨ ਸਿੰਘ ਨੇ ਨਰਸਿਮ੍ਹਾ ਰਾਓ ਦੇ ਵਿੱਤ ਮੰਤਰੀ ਦੇ ਰੂਪ ਵਿਚ ਇਨ੍ਹਾਂ ਆਰਥਿਕ ਸੁਧਾਰਾਂ ਲਈ ਦਲੇਰੀ ਨਾ ਵਿਖਾਈ ਹੁੰਦੀ, ਕੀ ਤਾਂ ਵੀ ਉਨ੍ਹਾਂ ਨੂੰ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਣ ਦੀ ਕੋਈ ਹੋਰ ਵੀ ਵਜ੍ਹਾ ਹੋ ਸਕਦੀ ਸੀ? ਇਸ ਸਵਾਲ ਦਾ ਜਵਾਬ ਹੈ, ਹਾਂ ਜੀ, ਜ਼ਰੂਰ ਹੁੰਦੀ ।ਇਕ ਨਹੀਂ ਸਗੋਂ ਕਈ ਵਜ੍ਹਾ ਹੁੰਦੀਆਂ ।ਇਹ ਕਹਿਣਾ ਕਿਸੇ ਮੁਹਾਵਰੇ ਦੀ ਗੱਲ ਨਹੀਂ ਕਿ ਡਾ: ਮਨਮੋਹਨ ਸਿੰਘ ਇਕ ਅਜਿਹਾ 'ਪਾਰਸ' ਸਨ ਕਿ ਉਹ ਜਿਸ ਲੋਹੇ ਨੂੰ ਵੀ ਛੋਹ ਦਿੰਦੇ ਸਨ, ਉਹ ਸੋਨੇ 'ਚ ਬਦਲ ਜਾਂਦਾ ਸੀ । ਇਸ ਦੀ ਸਭ ਤੋਂ ਵੱਡੀ ਉਦਾਹਰਨ ਇਹ ਹੈ ਕਿ ਜੇਕਰ ਦੇਸ਼ ਦੇ ਚੌਥੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹਿਣ ਵਾਲੇ ਡਾ: ਮਨਮੋਹਨ ਸਿੰਘ ਨਾ ਵਿੱਤ ਮੰਤਰੀ ਹੁੰਦੇ, ਨਾ ਪ੍ਰਧਾਨ ਮੰਤਰੀ ਹੁੰਦੇ, ਤਾਂ ਵੀ ਉਹ ਭਾਰਤ ਦੇ ਇਤਿਹਾਸ ਵਿਚ ਤੇ ਵਿਸ਼ਵ ਦੇ ਆਰਥਿਕ ਇਤਿਹਾਸ 'ਚ ਅਮਰ ਰਹਿੰਦੇ, ਕਿਉਂਕਿ ਉਨ੍ਹਾਂ ਨੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਕਈ ਹੋਰ ਅਹਿਮ ਅਹੁਦਿਆਂ 'ਤੇ ਰਹਿੰਦੇ ਹੋਏ ਭਾਰਤੀ ਅਰਥਵਿਵਸਥਾ ਵਿਚ ਬਹੁਤ ਮਹੱਤਵਪੂਰਨ ਪਰਿਵਰਤਨ ਕਰਨ ਵਾਲੇ ਕੰਮ ਕੀਤੇ ਸਨ । ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਉਹ ਡਾ: ਮਨਮੋਹਨ ਸਿੰਘ ਹੀ ਸਨ, ਜਿਨ੍ਹਾਂ ਭਾਰਤ ਵਿਚ ਪ੍ਰਵਾਨ ਚੜ੍ਹੀ ਹਰੀ ਕ੍ਰਾਂਤੀ ਦਾ ਆਰਥਿਕ ਮਾਡਲ ਤਿਆਰ ਕੀਤਾ ਸੀ ।ਹਰੀ ਕ੍ਰਾਂਤੀ ਨੂੰ ਮਜ਼ਬੂਤੀ ਤੇ ਨਿਰੰਤਰਤਾ ਦੇਣ ਲਈ ਉਨ੍ਹਾਂ ਦੀ ਸਲਾਹ 'ਤੇ ਹੀ ਖੇਤੀ ਵਿਚ ਨਿਵੇਸ਼ ਤੇ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਨੀਤੀ ਨੂੰ ਲਾਗੂ ਕੀਤਾ ਗਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਹਰੀ ਕ੍ਰਾਂਤੀ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਸਫਲ ਬਣਾਉਣ ਦੇ ਲਈ ਐਮ.ਐਸ.ਪੀ. ਦੇ ਰੂਪ ਵਿਚ ਲਾਭ ਮਿਲਿਆ । ਇਹ ਡਾ: ਮਨਮੋਹਨ ਸਿੰਘ ਹੀ ਸਨ, ਜਿਨ੍ਹਾਂ ਭਾਰਤ ਦੀ 5ਵੀਂ ਪੰਜ ਸਾਲਾ ਯੋਜਨਾ (1974-1979) ਨੂੰ ਆਕਾਰ ਦਿੰਦਿਆਂ ਇਸ ਨੂੰ ਉਦਯੋਗਿਕ ਤੇ ਨਿਰਯਾਤ ਕੇਂਦਿ੍ਤ ਬਣਾਇਆ ਸੀ ।ਭਾਰਤ ਦੀ ਵਿਦੇਸ਼ੀ ਮੁਦਰਾ ਨੀਤੀ ਨੂੰ ਸਥਿਰ ਬਣਾਉਣ ਤੇ ਆਯਾਤ-ਨਿਰਯਾਤ 'ਚ ਸੰਤੁਲਨ ਬਣਾਉਣ ਲਈ ਡਾ: ਮਨਮੋਹਨ ਸਿੰਘ ਨੇ ਹੀ ਠੋਸ ਨੀਤੀਆਂ ਬਣਾਈਆਂ ਸਨ ਅਤੇ ਉਨ੍ਹਾਂ 1982 ਤੋਂ 1985 ਤੱਕ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਦੇ ਰੂਪ ਵਿਚ ਜੋ ਵਿਵਹਾਰਕ ਤੇ ਪ੍ਰਭਾਵਸ਼ਾਲੀ ਕੰਮ ਕੀਤੇ, ਉਸ 'ਚ ਵੀ ਅਨੇਕਾਂ ਇਤਿਹਾਸ ਬਦਲ ਦੇਣ ਵਾਲੀਆਂ ਉਪਲੱਬਧੀਆਂ ਰਹੀਆਂ ਹਨ । ਜਿਵੇਂ ਕਿ ਭਾਰਤ 'ਚ ਗ੍ਰਾਮੀਣ ਬੈਂਕਾਂ ਦਾ ਵਿਸਤਾਰ ਉਨ੍ਹਾਂ ਦੇ ਆਰ.ਬੀ.ਆਈ. ਦੇ ਗਵਰਨਰ ਰਹਿੰਦਿਆਂ ਹੀ ਹੋਇਆ ਤੇ ਉਨ੍ਹਾਂ ਦੇ ਕਾਰਜਕਾਲ 'ਚ ਹੀ ਪੇਂਡੂ ਖੇਤਰਾਂ ਨੂੰ ਕਰਜ਼ ਤੇ ਵਿੱਤੀ ਮਦਦ ਉਪਲੱਬਧ ਕਰਵਾਉਣ ਨੂੰ ਪਹਿਲ ਦੇਣ ਦੇ ਦਾਇਰੇ 'ਚ ਲਿਆਂਦਾ ਗਿਆ ਸੀ । ਉਹ ਡਾ: ਮਨਮੋਹਨ ਸਿੰਘ ਹੀ ਸਨ, ਜਿਨ੍ਹਾਂ ਆਰ.ਬੀ.ਆਈ. ਦੇ ਗਵਰਨਰ ਰਹਿੰਦਿਆਂ ਖੇਤੀ ਤੇ ਛੋਟੇ ਉਦਯੋਗਾਂ ਦੇ ਲਈ ਸਸਤੀਆਂ ਵਿਆਜ ਦਰਾਂ 'ਤੇ ਕਰਜ਼ੇ ਉਪਲੱਬਧ ਕਰਵਾਉਣ ਦੀਆਂ ਨੀਤੀਆਂ ਲਾਗੂ ਕੀਤੀਆਂ ।ਉਨ੍ਹਾਂ ਦੇ ਆਰ.ਬੀ.ਆਈ. ਦੇ ਗਵਰਨਰ ਰਹਿੰਦਿਆਂ ਹੀ ਭਾਰਤੀ ਨਿਰਯਾਤ-ਆਯਾਤ ਬੈਂਕ ਦੀ ਸਥਾਪਨਾ ਹੋਈ, ਜਿਸ ਨੇ ਭਾਰਤੀ ਨਿਰਯਾਤਕਾਂ ਨੂੰ ਵਿੱਤੀ ਮਦਦ ਦੇ ਕੇ ਦੇਸ਼ ਦੇ ਵਿਸ਼ਵਵਿਆਪੀ ਵਪਾਰ ਨੂੰ ਵਧਾਉਣ ਵਿਚ ਬੇਮਿਸਾਲ ਯੋਗਦਾਨ ਪਾਇਆ । ਉਨ੍ਹਾਂ ਨੇ ਹੀ ਦੇਸ਼ 'ਚ ਸੁਰੱਖਿਅਤ ਤੇ ਮਜ਼ਬੂਤ ਬੈਂਕਿੰਗ ਪ੍ਰਣਾਲੀ ਨੂੰ ਯਕੀਨੀ ਬਣਾਇਆ ਤੇ ਉਨ੍ਹਾਂ ਦੁਆਰਾ ਬਣਾਏ ਗਏ ਨੀਤੀਗਤ ਢਾਂਚੇ ਨੇ ਬੈਂਕਾਂ ਨੂੰ ਜਵਾਬਦੇਹ ਤੇ ਆਪਣੇ ਕੰਮ ਵਿਚ ਵਧੇਰੇ ਨਿਪੁੰਨ ਬਣਾਇਆ ਸੀ । ਉਨ੍ਹਾਂ ਆਰ.ਬੀ.ਆਈ. ਦੇ ਗਵਰਨਰ ਰਹਿੰਦਿਆਂ ਸਵਰਣ ਮੁਦਰੀਕਰਨ (ਗੋਲਡ ਮੋਨੋਟਾਈਜ਼ੇਸ਼ਨ) ਯੋਜਨਾ ਦੀ ਸ਼ੁਰੂਆਤ ਕੀਤੀ, ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਬੁਨਿਆਦੀ ਰੂਪ ਵਿਚ ਮਜ਼ਬੂਤ ਹੋਣ ਲੱਗਾ, ਜੋ ਅੱਜ ਭਾਰਤ ਨੂੰ ਦੁਨੀਆ ਦੀ ਮੂਹਰਲੀ ਕਤਾਰ ਦੇ ਵਿਦੇਸ਼ੀ ਮੁਦਰਾ ਵਾਲੇ ਦੇਸ਼ਾਂ ਵਿਚ ਖੜ੍ਹਾ ਕਰਦਾ ਹੈ । ਡਾ: ਮਨਮੋਹਨ ਸਿੰਘ ਨੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਰਹਿੰਦਿਆਂ ਆਰਥਿਕ ਸੁਧਾਰਾਂ ਦੀ ਜੋ ਲੰਬੀ ਲਾਈਨ ਖਿੱਚੀ, ਉਸ ਦਾ ਕੋਈ ਵੀ ਸਾਨੀ ਨਹੀਂ ਹੈ ।ਜਿਸ ਦਾ ਪ੍ਰਭਾਵ ਸਿਰਫ਼ ਭਾਰਤ ਦੀ ਅਰਥਵਿਵਸਥਾ ਵਿਚ ਹੀ ਨਹੀਂ ਸਗੋਂ ਸਮੁੱਚੀ ਵਿਸ਼ਵ ਅਰਥਵਿਵਸਥਾ 'ਤੇ ਪਿਆ ਇਸੇ ਲਈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬਹੁਤ ਸਤਿਕਾਰ ਕਰਦੇ ਸਨ ।ਉਹ ਆਪਣੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਦੁਨੀਆ ਦੇ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਸਨ, ਇਸੇ ਲਈ ਡਾ: ਮਨਮੋਹਨ ਸਿੰਘ ਬਾਰੇ ਓਬਾਮਾ ਵਾਰ-ਵਾਰ ਇਕ ਗੱਲ ਕਿਹਾ ਕਰਦੇ ਸਨ ਕਿ 'ਜਦੋਂ ਡਾ: ਮਨਮੋਹਨ ਸਿੰਘ ਬੋਲਦੇ ਹਨ ਤਾਂ ਪੂਰੀ ਦੁਨੀਆ ਉਨ੍ਹਾਂ ਨੂੰ ਸੁਣਦੀ ਹੈ ।' ਅਸੀਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਰਹਿਣ ਤੋਂ ਇਲਾਵਾ ਵੀ ਭਾਰਤੀ ਅਰਥਵਿਵਸਥਾ ਵਿਚ ਪਾਏ ਇਤਿਹਾਸਕ ਯੋਗਦਾਨਾਂ ਨੂੰ ਅਣਡਿੱਠ ਨਹੀਂ ਕਰ ਸਕਦੇ, ਕਿਉਂਕਿ ਹਕੀਕਤ ਇਹ ਹੈ ਕਿ ਉਨ੍ਹਾਂ ਨੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਆਰਥਿਕ ਸੁਧਾਰਾਂ ਦੀ ਅਪ੍ਰਤੱਖ ਧਾਰਾ ਵਹਾਅ ਦਿੱਤੀ ਸੀ ।ਉਨ੍ਹਾਂ ਯੋਜਨਾ ਆਯੋਗ (ਪਲੈਨਿੰਗ ਕਮਿਸ਼ਨ) ਦੇ ਵਾਈਸ ਚੇਅਰਮੈਨ ਰਹਿੰਦਿਆਂ ਸਾਲ 1985-87 ਦੌਰਾਨ ਸਹੀ ਅਰਥਾਂ 'ਚ ਭਾਰਤੀ ਅਰਥਵਿਵਸਥਾ ਨੂੰ ਉਦਾਰੀਕਰਨ ਤੇ ਵਿਸ਼ਵੀਕਰਨ ਵੱਲ ਲੈ ਜਾਣ ਦੀ ਨੀਂਹ ਰੱਖ ਦਿੱਤੀ ਸੀ । ਇਸੇ ਦੌਰਾਨ ਉਨ੍ਹਾਂ ਨਿਰਯਾਤ ਨੂੰ ਹੁਲਾਰਾ ਦੇਣ ਤੇ ਉਦਯੋਗਿਕ ਵਿਕਾਸ ਨੂੰ ਪਹਿਲ ਦੇਣ ਦਾ ਟੀਚਾ ਭਾਰਤੀ ਅਰਥਵਿਵਸਥਾ ਦੇ 'ਕੋਰ' ਵਿਚ ਸ਼ਾਮਿਲ ਕੀਤਾ ਸੀ । ਅੱਜ ਵਿਸ਼ਵ ਬੈਂਕ ਤੇ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ.) ਭਾਰਤ ਨੂੰ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਦੇਸ਼ਾਂ ਵਿਚ ਗਿਣਦਾ ਹੈ ਤੇ ਭਾਰਤ ਦੀ ਸਾਖ (ਰੁਤਬੇ) ਨੂੰ ਬਹੁਤ ਮਹੱਤਵ ਦਿੰਦਾ ਹੈ ।ਪਰ ਇਹ ਅਜਿਹਾ ਨਹੀਂ ਹੋਣਾ ਸੀ ਜੇਕਰ ਡਾ: ਮਨਮੋਹਨ ਸਿੰਘ ਨੇ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਹੁਤ ਪਹਿਲਾਂ ਹੀ ਯੋਜਨਾ ਕਮਿਸ਼ਨ ਦੇ ਵਾਈਸ ਚੇਅਰਮੈਨ ਦੇ ਤੌਰ 'ਤੇ ਆਈ.ਐਮ.ਐਫ. ਤੇ ਵਿਸ਼ਵ ਬੈਂਕ ਨਾਲ ਭਾਰਤ ਲਈ ਮਜ਼ਬੂਤ ਰਿਸ਼ਤਿਆਂ ਦੀ ਨੀਂਹ ਨਾ ਰੱਖੀ ਹੁੰਦੀ ।ਇਹੀ ਨਹੀਂ, ਉਨ੍ਹਾਂ ਦੱਖਣ-ਦੱਖਣ ਆਯੋਗ ਦੇ ਮੁਖੀ ਰਹਿੰਦਿਆਂ ਵਿਕਾਸਸ਼ੀਲ ਦੇਸ਼ਾਂ ਦਰਮਿਆਨ ਜੋ ਆਰਥਿਕ ਸਹਿਯੋਗ ਤੇ ਭਾਈਵਾਲੀ ਨੂੰ ਉਤਸ਼ਾਹਿਤ ਕੀਤਾ, ਉਸ ਨਾਲ ਨਾ ਸਿਰਫ਼ ਭਾਰਤ ਨੂੰ ਵਿਸ਼ਵ ਪੱਧਰ 'ਤੇ ਪਛਾਣ ਮਿਲੀ ਸਗੋਂ ਭਾਰਤੀ ਅਗਵਾਈ ਦੀ ਵਿਸ਼ਵ ਪੱਧਰ 'ਤੇ ਸ਼ਲਾਘਾ ਵੀ ਹੋਈ ।ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਅਰਥਸ਼ਾਸਤਰੀ ਤੇ ਸਿੱਖਿਆ-ਸ਼ਾਸਤਰੀ ਸਨ | ਉਨ੍ਹਾਂ ਕੈਂਬਿ੍ਜ ਅਤੇ ਆਕਸਫੋਰਡ ਯੂਨੀਵਰਸਿਟੀਆਂ ਤੋਂ ਸਿੱਖਿਆ ਪ੍ਰਾਪਤ ਕੀਤੀ ਅਤੇ ਉਥੇ ਪੜ੍ਹਦਿਆਂ ਇਕ ਵਿਦਿਆਰਥੀ ਵਜੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ।ਉਨ੍ਹਾਂ ਅਸਲੀਅਤ 'ਚ ਆਪਣੇ ਡਾਕਟਰੇਟ ਲਈ ਲਿਖੇ ਸੋਧ ਪ੍ਰਬੰਧ 'ਇੰਡੀਆਜ ਐਕਸਪੋਰਟ ਟ੍ਰੇਡਰਸ ਐਂਡ ਪ੍ਰਾਸਪੈਕਟ ਫਾਰ ਸੈਲਫ ਸਸਟੇਂਡ ਗ੍ਰੋਥ' 'ਚ ਉਹੀ ਸਭ ਕਿਹਾ ਤੇ ਲਿਖਿਆ ਹੈ, ਜੋ ਬਾਅਦ 'ਚ ਉਨ੍ਹਾਂ ਵਿਵਹਾਰਕ ਰੂਪ 'ਚ ਭਾਰਤੀ ਅਰਥਵਿਵਸਥਾ 'ਚ ਅਜਮਾਇਆ । ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਭਾਰਤੀ ਰਾਜਨੀਤਕ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ 'ਚੋਂ ਇਕ ਹਨ | ਉਨ੍ਹਾਂ ਨੂੰ ਨਹਿਰੂ, ਸਰਦਾਰ ਪਟੇਲ, ਇੰਦਰਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਦੀ ਕਤਾਰ 'ਚ ਰੱਖਿਆ ਜਾਵੇਗਾ । ਉਨ੍ਹਾਂ ਢਾਈ ਤੋਂ ਤਿੰਨ ਫ਼ੀਸਦੀ ਵਾਲੀ ਭਾਰਤੀ ਅਰਥਵਿਵਸਥਾ ਦੀ ਹਿੰਦੂ ਗ੍ਰੋਥ ਰੇਟ ਨੂੰ ਦੁਨੀਆ ਦੀ ਸਭ ਤੋਂ ਤੇਜ਼ ਵਿਕਾਸ ਕਰਨ ਵਾਲੀ ਅਰਥਵਿਵਸਥਾ 'ਚ ਤਬਦੀਲ ਕਰ ਦਿੱਤਾ ।ਉਨ੍ਹਾਂ ਭਾਰਤੀ ਅਰਥਵਿਵਸਥਾ ਨੂੰ ਦੁਨੀਆ ਦੀ ਸਭ ਤੋਂ ਸੁਨਹਿਰੀ ਅਰਥਵਿਵਸਥਾ ਦੇ ਰਸਤੇ 'ਤੇ ਉਸ ਸਮੇਂ ਪਾਇਆ ਸੀ, ਜਦੋਂ ਭਾਰਤ ਦੇ ਕੋਲ ਸਿਰਫ਼ ਦੋ ਮਹੀਨਿਆਂ ਦੇ ਆਯਾਤ ਬਿੱਲਾਂ ਦਾ ਭੁਗਤਾਨ ਕਰਨਯੋਗ ਹੀ ਵਿਦੇਸ਼ੀ ਮੁਦਰਾ ਬਚੀ ਸੀ। ਡਾ: ਮਨਮੋਹਨ ਸਿੰਘ ਇਕ ਪਾਸੇ ਜਿਥੇ ਉਦਾਰਵਾਦ ਤੇ ਆਰਥਿਕ ਸੁਧਾਰਾਂ ਨੂੰ ਸ਼ੁਰੂ ਕਰਨ ਵਾਲੇ ਸਨ ਤਾਂ ਦੂਜੇ ਪਾਸੇ ਉਹੀ ਸਨ ਜਿਨ੍ਹਾਂ ਭਾਰਤੀ ਅਰਥਵਿਵਸਥਾ ਦੀਆਂ ਕੁਝ ਸਭ ਤੋਂ ਜ਼ਰੂਰੀ ਬੁਨਿਆਦੀ ਰਾਜ ਭਲਾਈ ਦੀਆਂ ਨੀਤੀਆਂ ਸ਼ੁਰੂ ਕੀਤੀਆਂ ਸਨ । ਉਨ੍ਹਾਂ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਹੀ ਭਾਰਤ ਸਰਕਾਰ ਨੇ ਸਿਰਫ਼ ਰੁਜ਼ਗਾਰ ਗਾਰੰਟੀ ਯੋਜਨਾ ਤੇ 'ਫੂਡ ਸਿਕਓਰਟੀ' ਜਿਹੀ ਨੀਤੀ ਹੀ ਸ਼ੁਰੂ ਨਹੀਂ ਕੀਤੀ, ਸਗੋਂ ਭਾਰਤੀ ਨਾਗਰਿਕਾਂ ਦੀ ਸਥਾਈ ਤੇ ਪੁਖਤਾ ਪਛਾਣ ਦੇ ਲਈ ਆਧਾਰ ਕਾਰਡ ਬਣਾਉਣ ਦੀ ਸ਼ੁਰੂਆਤ ਵੀ ਕੀਤੀ ਸੀ । ਇੰਨਾ ਹੀ ਨਹੀਂ, ਭਾਰਤੀ ਲੋਕਤੰਤਰ ਨੂੰ ਜਵਾਬਦੇਹ ਬਣਾਉਣ ਲਈ ਉਨ੍ਹਾਂ ਨੇ ਹੀ ਸੂਚਨਾ ਦਾ ਅਧਿਕਾਰ (ਆਰ.ਟੀ. ਆਈ.) ਬਿੱਲ ਨੂੰ ਕਾਨੂੰਨੀ ਜਾਮਾ ਪਹਿਨਾਇਆ । ਉਹ ਦੇਸ਼ ਦੇ ਉਨ੍ਹਾਂ ਗਿਣੇ-ਚੁਣੇ ਸਿਆਸਤਦਾਨਾਂ 'ਚੋਂ ਹਨ, ਜਿਨ੍ਹਾਂ ਨੂੰ ਇਤਿਹਾਸ ਦੀ ਕੋਈ ਵੀ ਸਾਜਿਸ਼ ਕਦੇ ਵੀ ਭੁੱਲਣ ਨਹੀਂ ਦੇਵੇਗੀ । ਡਾ: ਮਨਮੋਹਨ ਸਿੰਘ ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ, ਦੂਰਦਰਸ਼ੀ ਰਾਜਨੇਤਾ ਹੋਣ ਤੋਂ ਇਲਾਵਾ ਮਹਾਨ ਸਿੱਖਿਆ ਸ਼ਾਸਤਰੀ ਵੀ ਰਹੇ ਹਨ ।ਉਨ੍ਹਾਂ ਨੇ ਦਿੱਲੀ ਸਕੂਲ ਆਫ ਇਕਨੋਮਿਕਸ 'ਚ ਜਿਹੜੇ ਵਿਦਿਆਰਥੀਆਂ ਨੂੰ ਅਰਥਸ਼ਾਸਤਰ ਪੜ੍ਹਾਇਆ, ਉਨ੍ਹਾਂ 'ਚੋਂ ਵੀ ਕਈ ਬਾਅਦ 'ਚ ਦੁਨੀਆ ਦੀਆਂ ਵੱਡੀਆਂ ਸ਼ਖ਼ਸੀਅਤਾਂ 'ਚ ਸ਼ਾਮਿਲ ਹੋਏ।ਡਾ: ਮਨਮੋਹਨ ਸਿੰਘ ਨੇ ਵਿਸ਼ਵ ਪੱਧਰੀ ਆਰਥਿਕ ਮੰਚਾਂ 'ਤੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਸਾਨੂੰ ਵਿਕਾਸਸ਼ੀਲ ਦੇਸ਼ਾਂ ਦੀ ਮਹੱਤਵਪੂਰਨ ਆਵਾਜ਼ ਹੀ ਨਹੀਂ ਬਣਾਇਆ, ਸਗੋਂ ਉਨ੍ਹਾਂ ਦੀ ਇਸ ਤਾਕਤਵਰ ਆਵਾਜ਼ ਦੇ ਕਾਰਨ ਵਿਕਸਿਤ ਦੇਸ਼ ਵੀ ਸਾਡੀ ਗੱਲ ਸੁਣਨ ਲਈ ਤਿਆਰ ਹੋਏ ।ਡਾ: ਮਨਮੋਹਨ ਸਿੰਘ ਸੱਚਮੁੱਚ 20ਵੀਂ ਸਦੀ ਦੇ ਅਖੀਰ ਤੇ 21ਵੀਂ ਸਦੀ ਦੀ ਸ਼ੁਰੂਆਤ ਦੀ ਇਕ ਅਜਿਹੀ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਸਿੰਘ ਇਜ ਕਿੰਗ ਵਜੋਂ ਭਾਰਤ ਨੂੰ ਅਜੋਕਾ ਭਾਰਤ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ ।

Loading