ਭਾਰਤ ਦੀ ਸਿਆਸਤ ਵਿੱਚ ਵਧਿਆ ਪਰਿਵਾਰਵਾਦ ਦਾ ਰੁਝਾਨ

In ਖਾਸ ਰਿਪੋਰਟ
June 04, 2025
ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਦੀ ਧੀ ਇੰਦਰਾ ਗਾਂਧੀ ਦੀ ਤਰੱਕੀ ਨਾਲ ਪਰਿਵਾਰਵਾਦ ਦਾ ਸਵਾਲ ਉੱਠਣਾ ਸ਼ੁਰੂ ਹੋ ਗਿਆ ਸੀ। ਇੰਦਰਾ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਜਿਸ ਤਰ੍ਹਾਂ ਸੰਜੇ ਅਤੇ ਫਿਰ ਰਾਜੀਵ ਗਾਂਧੀ ਨੂੰ ਤਰੱਕੀ ਦਿੱਤੀ ਗਈ, ਉਸ ਨਾਲ ਵੰਸ਼ਵਾਦ ਦਾ ਦੋਸ਼ ਕਾਂਗਰਸ ’ਤੇ ਸਥਾਈ ਤੌਰ ’ਤੇ ਟਿਕ ਗਿਆ। ਇਹ ਵਿਡੰਬਨਾ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨੂੰ ਵੰਸ਼ਵਾਦ ਵਿੱਚ ਕੁਝ ਵੀ ਗਲਤ ਨਹੀਂ ਲੱਗਦਾ। ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਕਾਂਗਰਸ ਨੂੰ ਪਰਿਵਾਰਾਂ ਦੇ ਸਮੂਹ ਵਜੋਂ ਜ਼ਿਆਦਾ ਦੇਖਿਆ ਜਾਂਦਾ ਹੈ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ, ਤਾਮਿਲਨਾਡੂ ਵਿੱਚ ਡੀ.ਐਮ.ਕੇ., ਕਰਨਾਟਕ ਵਿੱਚ ਜੇ.ਡੀ.ਐਸ., ਤੇਲੰਗਾਨਾ ਵਿੱਚ ਬੀ.ਆਰ.ਐਸ., ਆਂਧਰਾ ਵਿੱਚ ਟੀ.ਡੀ.ਪੀ., ਯੂ.ਪੀ. ਵਿੱਚ ਸਪਾ ਅਤੇ ਲੋਕ ਦਲ, ਬਿਹਾਰ ਵਿੱਚ ਆਰ.ਜੇ.ਡੀ., ਝਾਰਖੰਡ ਵਿੱਚ ਜੇ.ਐਮ.ਐਮ., ਪੱਛਮੀ ਬੰਗਾਲ ਵਿੱਚ ਟੀ.ਐਮ.ਸੀ., ਮਹਾਰਾਸ਼ਟਰ ਵਿੱਚ ਊਧਵ ਠਾਕਰੇ ਅਤੇ ਸ਼ਰਦ ਪਵਾਰ ਦੀ ਪਾਰਟੀ, ਜੰਮੂ ਵਿੱਚ ਪੀ.ਡੀ.ਪੀ. ਅਤੇ ਨੈਸ਼ਨਲ ਕਾਨਫਰੰਸ, ਹਰਿਆਣਾ ਵਿੱਚ ਚੌਟਾਲਾ ਪਰਿਵਾਰ, ਓਡੀਸ਼ਾ ਵਿੱਚ ਬੀ.ਜੇ.ਡੀ. ਪਰਿਵਾਰਵਾਦ ਦਾ ਸ਼ਿਕਾਰ ਹਨ। ਭਾਰਤ ਵਿੱਚ ਹੁਣ ਰਾਜਨੀਤਿਕ ਸ਼ਕਤੀ ਇੱਕ ਪਰਿਵਾਰ ਤੋਂ ਦੂਜੀ ਪੀੜ੍ਹੀ ਨੂੰ ਪੀੜ੍ਹੀ ਦਰ ਪੀੜ੍ਹੀ ਤਬਦੀਲ ਕੀਤੀ ਜਾਂਦੀ ਹੈ। ਸਿਆਸਤ ਵਿੱਚ ਪਰਿਵਾਰਵਾਦ ਭਾਰੂ ਹੋਣ ਦੀ ਸਭ ਤੋਂ ਵੱਡੀ ਉਦਾਹਰਨ ਪੰਜਾਬ ਤੋਂ ਵੀ ਦਿੱਤੀ ਜਾ ਸਕਦੀ ਹੈ। ਪੰਜਾਬ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਹਨਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸੀ ਅਤੇ ਸੁਖਬੀਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਸਾਂਸਦ ਸੀ ਤੇ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭਰਾ ਗੁਰਦਾਸ ਸਿੰਘ ਬਾਦਲ ਵੀ ਸਿਆਸਤ ਵਿੱਚ ਸਰਗਰਮ ਸੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਵੀ ਸਿਆਸਤ ਵਿੱਚ ਸਰਗਰਮ ਹੈ। ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਉਹਨਾਂ ਦੇ ਪੁੱਤਰ ਸਿਮਰਨਜੀਤ ਸਿੰਘ ਚੰਦੂਮਾਜਰਾ ਵੀ ਸਿਆਸਤ ਵਿੱਚ ਸਰਗਰਮ ਹਨ। ਹੋਰ ਕਈ ਅਕਾਲੀ ਆਗੂਆਂ ਦੇ ਧੀਆਂ ਪੁੱਤਰ ਸਿਆਸਤ ਵਿੱਚ ਸਰਗਰਮ ਹਨ। ਪੰਜਾਬ ਵਿੱਚ ਸਰਗਰਮ ਕਰੀਬ ਹਰ ਸਿਆਸੀ ਪਾਰਟੀ ਦੇ ਆਗੂਆਂ ਦੇ ਧੀਆਂ ਪੁੱਤਰ ਸਿਆਸਤ ਵਿੱਚ ਸਰਗਰਮ ਹਨ। ਇਸ ਲਈ ਕਿਸੇ ਇੱਕ ਸਿਆਸੀ ਪਾਰਟੀ ਜਾਂ ਸਿਆਸੀ ਆਗੂ ਉੱਪਰ ਪਰਿਵਾਰਵਾਦ ਨੂੰ ਬੜਾਵਾ ਦੇਣ ਦਾ ਦੋਸ਼ ਨਹੀਂ ਲਗਾਇਆ ਜਾ ਸਕਦਾ। ਪੰਜਾਬ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੀ ਪਤਨੀ ਪ੍ਰਨੀਤ ਕੌਰ, ਬੇਟਾ ਰਣਇੰਦਰ ਸਿੰਘ ਸਿਆਸਤ ਵਿੱਚ ਸਰਗਰਮ ਹਨ। ਕੈਪਟਨ ਅਮਰਿੰਦਰ ਸਿੰਘ ਦੀ ਮਾਤਾ ਮਹਿੰਦਰ ਕੌਰ ਵੀ ਕਾਂਗਰਸ ਲੀਡਰ ਅਤੇ ਸਾਂਸਦ ਰਹਿ ਚੁੱਕੇ ਹਨ। ਹਰਿਆਣਾ ਦੀ ਸਿਆਸਤ ਵਿੱਚ ਦੇਵੀ ਲਾਲ, ਓਮ ਪ੍ਰਕਾਸ਼ ਚੌਟਾਲਾ, ਅਭੈ ਚੌਟਾਲਾ, ਅਜੈ ਸਿੰਘ ਚੌਟਾਲਾ, ਨੈਨਾ ਚੌਟਾਲਾ, ਦੁਸ਼ਅੰਤ ਚੌਟਾਲਾ ਇਕੋ ਪਰਿਵਾਰ ਨਾਲ ਸਬੰਧ ਰਖਦੇ ਹਨ। ਯ.ੂ ਪੀ. ਅਤੇ ਬਿਹਾਰ ਵਿੱਚ ਲਾਲੂ ਯਾਦਵ ਤੇ ਉਸ ਦਾ ਪੁੱਤਰ ਤੇਜਸਵੀ ਯਾਦਵ, ਮੁਲਾਇਮ ਸਿੰਘ ਯਾਦਵ ਤੋਂ ਬਾਅਦ ਉਸ ਦਾ ਪੁੱਤਰ ਅਖਿਲੇਸ ਯਾਦਵ ਸਿਆਸਤ ਵਿੱਚ ਸਰਗਰਮ ਹਨ। ਕਸ਼ਮੀਰ ਵਿੱਚ ਸ਼ੇਖ ਅਬਦੁਲਾ, ਫਾਰੂਕ ਅਬਦੁਲਾ, ਉਮਰ ਅਬਦੁਲਾ ਇਕੋ ਪਰਿਵਾਰ ਦੇ ਮਂੈਬਰ ਸਿਆਸਤ ਵਿੱਚ ਸਰਗਰਮ ਰਹਿ ਚੁੱਕੇ ਹਨ ਅਤੇ ਉਮਰ ਅਬਦੁਲਾ ਅਜੇ ਵੀ ਸਰਗਰਮ ਹਨ। ਇਸੇ ਤਰ੍ਹਾਂ ਕਸ਼ਮੀਰ ਵਿੱਚ ਸ਼ੇਖ ਅਬਦੁਲਾ ਦੇ ਭਰਾ ਸ਼ੇਖ ਮੁਸਤਫਾ ਕਮਲ ਅਤੇ ਗੁਲਾਮ ਮੁਹੰਮਦ ਸ਼ਾਹ ਵੀ ਪਰਿਵਾਰਵਾਦ ਨੂੰ ਸਿਆਸਤ ਵਿੱਚ ਬੜਾਵਾ ਦੇਣ ਵਾਲਿਆਂ ਵਿੱਚ ਸ਼ਾਮਲ ਹਨ। ਕਸ਼ਮੀਰ ਵਿੱਚ ਮੁਫ਼ਤੀ ਪਰਿਵਾਰ ਵੀ ਸਿਆਸਤ ਵਿੱਚ ਸਰਗਰਮ ਹੈ। ਸਿਆਸੀ ਆਗੂ ਮੁਫ਼ਤੀ ਮੁਹੰਮਦ ਸਈਦ, ਉਸ ਦੀ ਧੀ ਮਹਿਬੂਬਾ ਮੁਫ਼ਤੀ ਕਸ਼ਮੀਰ ਦੇ ਚਰਚਿਤ ਸਿਆਸੀ ਆਗੂ ਹਨ। ਤਮਿਲਨਾਡੂ ਵਿੱਚ ਜਦੋਂ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਨੂੰ ਡਿਪਟੀ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਗਈ ਸੀ, ਤਾਂ ਸਿਆਸਤ ਵਿੱਚ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਦੀ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਸੀ। ਸਮਾਜਵਾਦੀ ਪਾਰਟੀ ਦੀ ਸਥਾਪਨਾ ਮੁਲਾਇਮ ਸਿੰਘ ਯਾਦਵ ਦੁਆਰਾ ਕੀਤੀ ਗਈ ਸੀ। ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਆਪਣੇ ਪਿਤਾ ਵਾਂਗ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਅਤੇ ਅੱਜ ਪਾਰਟੀ ਦੀ ਅਗਵਾਈ ਕਰ ਰਹੇ ਹਨ। ਮੁਲਾਇਮ ਪਰਿਵਾਰ ਦੇ ਕਈ ਹੋਰ ਮੈਂਬਰ ਵੱਖ-ਵੱਖ ਅਹੁਦਿਆਂ ’ਤੇ ਹਨ (ਸੰਸਦ ਮੈਂਬਰਾਂ ਸਮੇਤ)। ਰਾਸ਼ਟਰੀ ਜਨਤਾ ਦਲ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਇਸ ਦੀ ਸ਼ੁਰੂਆਤ ਲਾਲੂ ਪ੍ਰਸਾਦ ਯਾਦਵ ਦੁਆਰਾ ਕੀਤੀ ਗਈ ਸੀ, ਜਿਸ ਨੂੰ ਹੁਣ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਸੰਭਾਲ ਰਹੇ ਹਨ। ਭਾਰਤ ਵਿੱਚ ਲੋਕਤੰਤਰ ਦੀ ਵਿਵਸਥਾ ਹੋਣ ਕਰਕੇ ਬਹੁਦਲੀ ਪ੍ਰਣਾਲੀ ਦਾ ਨਿਯਮ ਪ੍ਰਚਲਿਤ ਹੈ, ਜਿਸ ਤਹਿਤ ਭਾਰਤ ਵਿੱਚ ਰਾਸ਼ਟਰੀ ਸਿਆਸੀ ਦਲਾਂ ਅਤੇ ਖੇਤਰੀ ਸਿਆਸੀ ਦਲਾਂ ਦੀ ਗਿਣਤੀ ਬਹੁਤ ਜਿਆਦਾ ਹੈ, ਜੋ ਕਿ ਪੂਰੇ ਭਾਰਤ ਦੀ ਸਿਆਸਤ ਵਿੱਚ ਅਤੇ ਵੱਖ -ਵੱਖ ਰਾਜਾਂ ਦੇ ਸਿਆਸੀ ਖੇਤਰ ਵਿੱਚ ਸਰਗਰਮ ਹਨ। ਪਿਛਲੇ ਕੁਝ ਸਮੇਂ ਤੋਂ ਭਾਰਤ ਦੀਆਂ ਕਰੀਬ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਪਰਿਵਾਰਵਾਦ ਦਾ ਰੁਝਾਨ ਵੱਧ ਰਿਹਾ ਹੈ, ਜੋ ਕਿ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਅਨੁਸਾਰ ਠੀਕ ਨਹੀਂ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਵਿਡੰਬਨਾ ਵੇਖੋ ਕਿ ਜਿਹੜੀਆਂ ਪਾਰਟੀਆਂ ਅਤੇ ਸਿਆਸੀ ਨੇਤਾ, ਜੋ ਕਦੇ ਕਾਂਗਰਸ ਦੀ ਪਰਿਵਾਰਵਾਦ ਅਤੇ ਵੰਸ਼ਵਾਦ ਲਈ ਨਿਖੇਧੀ ਕਰਦੇ ਸਨ, ਹੁਣ ਆਪਣੇ ਵੰਸ਼ ਨੂੰ ਵਧਾਉਣ ਵਿੱਚ ਕਾਂਗਰਸ ਤੋਂ ਵੀ ਅੱਗੇ ਲੰਘ ਗਏ ਹਨ। ਦੇਸ਼ ਦੀਆਂ ਵੱਡੀ ਗਿਣਤੀ ਖੇਤਰੀ ਪਾਰਟੀਆਂ ਪਰਿਵਾਰ-ਕੇਂਦ੍ਰਿਤ ਹਨ, ਬਾਕੀਆਂ ਦੀ ਸਥਿਤੀ ਵੀ ਇਸ ਤੋਂ ਵੱਖਰੀ ਨਹੀਂ ਹੈ। ਸਾਲ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਪਰਿਵਾਰਵਾਦ ਹਰ ਜਗ੍ਹਾ ਮੌਜੂਦ ਸੀ। ਭਾਰਤੀ ਲੋਕਤੰਤਰ ਪਰਿਵਾਰਵਾਦ ਤੋਂ ਬਿਨਾਂ ਸ਼ੁਰੂ ਹੋਇਆ ਹੋ ਸਕਦਾ ਹੈ, ਪਰ ਸਿਆਸੀ ਆਗੂਆਂ ਦੇ ਪਰਿਵਾਰਾਂ ਨੂੰ ਰਾਜਨੀਤੀ ਵਿੱਚ ਪੈਰ ਜਮਾਉਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ। ਇੱਕ ਵਾਰ ਜਦੋਂ ਇਹ ਰੁਝਾਨ ਸ਼ੁਰੂ ਹੋ ਜਾਂਦਾ ਹੈ, ਤਾਂ ਸਰਕਾਰਾਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਝਗੜੇ ਮੁੱਖ ਕੇਂਦਰ ਬਣ ਜਾਂਦੇ ਹਨ। ਅਜਿਹਾ ਨਹੀਂ ਹੈ ਕਿ ਦੇਸ਼ ਦੇ ਕਿਸੇ ਖਾਸ ਹਿੱਸੇ ਵਿੱਚ ਪਰਿਵਾਰਵਾਦ ਪ੍ਰਚਲਿਤ ਹੈ। ਉੱਤਰੀ ਭਾਰਤ ਤੋਂ ਲੈ ਕੇ ਦੱਖਣੀ ਭਾਰਤ ਤੱਕ ਭਾਰਤੀ ਰਾਜਨੀਤੀ ਵਿੱਚ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਦਾ ਬੋਲਬਾਲਾ ਹੈ। ਭਾਰਤੀ ਰਾਜਨੀਤੀ ਵਿੱਚ ਵੰਸ਼ਵਾਦ ਕੋਈ ਨਵਾਂ ਮੁੱਦਾ ਨਹੀਂ ਹੈ, ਪਰ ਇਸ ਦਾ ਵਧਦਾ ਰੁਝਾਨ ਇੱਕ ਵੱਡੇ ਖ਼ਤਰੇ ਦਾ ਸੰਕੇਤ ਹੈ। ਰਾਜਨੀਤਿਕ ਪਾਰਟੀਆਂ ਇੱਕ ਦੂਜੇ ’ਤੇ ਪਰਿਵਾਰਵਾਦ ਅਤੇ ਭਾਈ-ਭਤੀਜਾਵਾਦ ਦਾ ਦੋਸ਼ ਲਗਾਉਂਦੀਆਂ ਹਨ, ਪਰ ਸੱਚਾਈ ਇਹ ਹੈ ਕਿ ਕੋਈ ਵੀ ਦੂਜੇ ਤੋਂ ਪਿੱਛੇ ਨਹੀਂ ਹੈ। ਇੱਕ ਸੀਨੀਅਰ ਸਿਆਸੀ ਆਗੂ ਦਾ ਕਹਿਣਾ ਹੈ ਕਿ ਜੇ ਕਿਸਾਨ ਦਾ ਪੁੱਤਰ ਕਿਸਾਨ ਤੇ ਵਪਾਰੀ ਦਾ ਪੁੱਤਰ ਵਪਾਰੀ, ਤਰਖਾਣ ਦਾ ਪੁੱਤਰ ਤਰਖਾਣ, ਲੌਹਾਰ ਦਾ ਪੁੱਤਰ ਲੌਹਾਰ ਬਣ ਸਕਦਾ ਹੈ ਤਾਂ ਸਿਆਸੀ ਆਗੂ ਦਾ ਪੁੱਤਰ ਸਿਆਸੀ ਆਗੂ ਕਿਉਂ ਨਹੀਂ ਬਣ ਸਕਦਾ? ਇਸ ਤਰ੍ਹਾਂ ਭਾਰਤ ਦੀ ਸਿਆਸਤ ਦਿਨੋਂ ਦਿਨ ਪਰਿਵਾਰਵਾਦ ਵਿੱਚ ਘਿਰਦੀ ਜਾ ਰਹੀ ਹੈ ਅਤੇ ਸਿਆਸਤ ਵਿੱਚ ਪਰਿਵਾਰਵਾਦ ਦਾ ਰੁਝਾਨ ਵਧਦਾ ਜਾ ਰਿਹਾ ਹੈ, ਜੋਕਿ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਅਨੁਸਾਰ ਸਹੀ ਨਹੀਂ।

Loading