ਨਵੀਂ ਦਿੱਲੀ/ਏ.ਟੀ.ਨਿਊਜ਼:
ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ (ਐੱਨ.ਡੀ.ਏ.) ਦੇ ਉਮੀਦਵਾਰ ਸੀ. ਪੀ. ਰਾਧਾਕ੍ਰਿਸ਼ਨਨ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਚੁਣੇ ਗਏ। ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਚੋਣ ਲਈ ਵਿਰੋਧ ਧਿਰ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਜਸਟਿਸ ਬੀ ਸੁਦਰਸ਼ਨ ਰੈਡੀ ਨੂੰ 152 ਵੋਟਾਂ ਨਾਲ ਹਰਾ ਦਿੱਤਾ। ਰਿਟਰਨਿੰਗ ਅਫਸਰ ਪੀ ਸੀ ਮੋਦੀ ਨੇ ਦੱਸਿਆ ਕਿ ਰਾਧਾਕ੍ਰਿਸ਼ਨਨ ਨੂੰ 452 ਵੋਟਾਂ, ਜਦੋਂਕਿ ਸੁਦਰਸ਼ਨ ਰੈੱਡੀ ਨੂੰ 300 ਵੋਟਾਂ ਮਿਲੀਆਂ। ਵੋਟਾਂ ਦੀ ਗਿਣਤੀ ਤੋਂ ਰਾਧਾਕ੍ਰਿਸ਼ਨਨ ਦੇ ਪੱਖ ਵਿੱਚ ਕੁੱਝ ਕਰਾਸ-ਵੋਟਿੰਗ ਹੋਣ ਦਾ ਸੰਕੇਤ ਹੈ। ਭਾਜਪਾ ਆਗੂਆਂ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਘੱਟੋ-ਘੱਟ 15 ਸੰਸਦ ਮੈਂਬਰਾਂ ਨੇ ਐੱਨ.ਡੀ.ਏ. ਉਮੀਦਵਾਰ ਦੇ ਪੱਖ ਵਿੱਚ ਵੋਟ ਪਾਈ। ਇਸ ਤੋਂ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਵਿਰੋਧੀ ਧਿਰ ਇਕਜੁੱਟ ਹੈ ਅਤੇ ਉਸ ਦੇ ਸਾਰੇ 315 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਚੋਣ ਵਿੱਚ ਹਿੱਸਾ ਲਿਆ ਹੈ।
ਮੋਦੀ ਨੇ ਕਿਹਾ ਕਿ ਕੁੱਲ 767 ਸੰਸਦ ਮੈਂਬਰਾਂ ਨੇ ਵੋਟ ਪਾਈ ਜੋ 98.2 ਫ਼ੀਸਦ ਬਣਦੀ ਹੈ। ਇਨ੍ਹਾਂ ਵਿੱਚੋਂ 752 ਵੈਧ ਅਤੇ 15 ਵੋਟਾਂ ਅਵੈਧ ਕਰਾਰ ਦਿੱਤੀਆਂ ਗਈਆਂ। ਗਿਆ। ਇੱਕ ਡਾਕ ਮਤਪੱਤਰ ਰੱਦ ਕਰ ਦਿੱਤਾ ਗਿਆ ਕਿਉਂਕਿ ਸੰਸਦ ਮੈਂਬਰ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਵੋਟਾਂ ਦਾ ਅਮਲ ਸਵੇਰੇ ਦਸ ਵਜੇ ਤੋਂ ਸ਼ਾਮ ਪੰਜ ਤੱਕ ਚੱਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ, ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮੇਤ 760 ਤੋਂ ਵੱਧ ਸੰਸਦ ਮੈਂਬਰਾਂ ਨੇ ਵੋਟ ਪਾਈ।
ਲੋਕ ਸਭਾ ਅਤੇ ਰਾਜ ਸਭਾ ਮੈਂਬਰ ਇਸ ਚੋਣ ਵਿੱਚ ਹਿੱਸਾ ਲੈਂਦੇ ਹਨ ਅਤੇ ਇਸ ਵਿੱਚ ਵਿ੍ਹਪ ਜਾਰੀ ਨਹੀਂ ਕੀਤਾ ਜਾਂਦਾ। ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣ ਮੰਡਲ ਵਿੱਚ ਰਾਜ ਸਭਾ ਦੇ 233 ਚੁਣੇ ਹੋਏ ਮੈਂਬਰ (ਇਸ ਸਮੇਂ ਪੰਜ ਸੀਟਾਂ ਖਾਲੀ ਹਨ) ਅਤੇ 12 ਨਾਮਜ਼ਦ ਮੈਂਬਰ ਅਤੇ ਲੋਕ ਸਭਾ ਦੇ 543 ਚੁਣੇ ਹੋਏ ਮੈਂਬਰ (ਇਸ ਸਮੇਂ ਇੱਕ ਸੀਟ ਖਾਲੀ ਹੈ) ਸ਼ਾਮਲ ਸਨ। ਚੋਣ ਮੰਡਲ ਵਿੱਚ ਕੁੱਲ 788 ਮੈਂਬਰ (ਇਸ ਸਮੇਂ 781) ਹਨ। ਵੋਟਿੰਗ ਗੁਪਤ ਵੋਟ ਪ੍ਰਣਾਲੀ ਤਹਿਤ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ, ਬੀਜੂ ਜਨਤਾ ਦਲ (ਬੀਜੇਡੀ), ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਇਸ ਚੋਣ ਵਿੱਚ ਹਿੱਸਾ ਨਹੀਂ ਲਿਆ। ਰਾਧਾਕ੍ਰਿਸ਼ਨਨ ਅਹੁਦੇ ਦਾ ਹਲਫ਼ ਲੈਣ ਮਗਰੋਂ ਦੇਸ਼ ਦੇ 15ਵੇਂ ਉਪ ਰਾਸ਼ਟਰਪਤੀ ਬਣ ਜਾਣਗੇ।
![]()
