ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤ ਨੇ ਪਾਕਿਸਤਾਨ ਤੋਂ ਸਾਰੇ ਪ੍ਰਕਾਰ ਦੇ ਅਯਾਤ ਅਤੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਹੈ। 2 ਮਈ 2025 ਨੂੰ ਵਣਜ ਮੰਤਰਾਲੇ ਅਨੁਸਾਰ ਇਹ ਪਾਬੰਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਨੀਤੀ ਦੇ ਹਿੱਤ ਵਿੱਚ ਲਗਾਈ ਗਈ ਹੈ। ਇਸ ਪਾਬੰਦੀ ਵਿੱਚ ਕਿਸੇ ਵੀ ਛੋਟ ਲਈ ਭਾਰਤ ਸਰਕਾਰ ਦੀ ਪਹਿਲੀ ਮਨਜ਼ੂਰੀ ਜ਼ਰੂਰੀ ਹੋਵੇਗੀ। ਅਧਿਸੂਚਨਾ ਵਿੱਚ ਵਿਦੇਸ਼ ਵਪਾਰ ਨੀਤੀ (ਐਫਟੀਪੀ) 2023 ਵਿੱਚ ਇੱਕ ਪ੍ਰਬੰਧ ਜੋੜਿਆ ਗਿਆ, ਜਿਸ ਨਾਲ ਪਾਕਿਸਤਾਨ ਤੋਂ ਸਾਰੇ ਸਮਾਨ ਦੇ ਆਯਾਤ ਅਤੇ ਪਾਰਗਮਨ 'ਤੇ ਰੋਕ ਲਗਾਈ ਗਈ।
ਪਹਿਲਗਾਮ ਹਮਲੇ ਦੀ ਪਿੱਠਭੂਮੀ:
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਅੱਤਵਾਦੀਆਂ ਨੇ ਜ਼ਿਆਦਾਤਰ ਸੈਲਾਨੀਆਂ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ‘ਲਸ਼ਕਰ-ਏ-ਤੋਇਬਾ’ ਨਾਲ ਜੁੜੇ ‘ਟੀਆਰਐਫ’ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ। ਇਸ ਘਟਨਾ ਨੇ ਦੋਹਾਂ ਮੁਲਕਾਂ ਵਿਚਕਾਰ ਤਣਾਅ ਨੂੰ ਸਿਖਰ 'ਤੇ ਪਹੁੰਚਾ ਦਿੱਤਾ। ਪਹਿਲਗਾਮ ਹਮਲੇ ਤੋਂ ਬਾਅਦ, ਭਾਰਤ ਨੇ ਕਈ ਸਖ਼ਤ ਕਦਮ ਚੁੱਕੇ, ਜਿਨ੍ਹਾਂ ਵਿੱਚ 1960 ਦਾ ਸਿੰਧੂ ਜਲ ਸਮਝੌਤਾ ਮੁਅੱਤਲ ਕਰਨਾ, ਅਟਾਰੀ-ਵਾਘਾ ਸਰਹੱਦੀ ਚੌਕੀ ਬੰਦ ਕਰਨਾ, ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਰੱਦ ਕਰਨਾ ਅਤੇ ਸਾਰਕ ਵੀਜ਼ਾ ਸਹੂਲਤ ਬੰਦ ਕਰਨਾ ਸ਼ਾਮਲ ਹੈ।
ਪਾਕਿਸਤਾਨ ਭਾਰਤ ਨੂੰ ਕਿਹੜੀਆਂ ਵਸਤਾਂ ਭੇਜਦਾ ਹੈ?
ਹਾਲੀਆ ਅਧਿਕਾਰਕ ਅੰਕੜਿਆਂ ਅਨੁਸਾਰ, ਅਪ੍ਰੈਲ 2024 ਤੋਂ ਫਰਵਰੀ 2025 ਦੌਰਾਨ ਭਾਰਤ ਨੇ ਪਾਕਿਸਤਾਨ ਤੋਂ ਕੋਈ ਆਯਾਤ ਨਹੀਂ ਕੀਤਾ। ਪਰ ਪਿਛਲੇ ਸਮੇਂ ਵਿੱਚ, ਪਾਕਿਸਤਾਨ ਤੋਂ ਭਾਰਤ ਨੂੰ ਸੀਮਤ ਵਸਤਾਂ ਜਿਵੇਂ ਸੀਮਿੰਟ, ਖਜੂਰ, ਖਨਿਜ ਪਦਾਰਥ, ਚਮੜਾ, ਅਤੇ ਕੁਝ ਟੈਕਸਟਾਈਲ ਉਤਪਾਦ ਨਿਰਯਾਤ ਕੀਤੇ ਜਾਂਦੇ ਸਨ। ਭਾਰਤ ਨੇ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ‘ਮੋਸਟ ਫੇਵਰਡ ਨੇਸ਼ਨ’ (ਐਮਐਫਐਨ) ਦਰਜਾ ਰੱਦ ਕਰ ਦਿੱਤਾ ਸੀ ਅਤੇ ਆਯਾਤ 'ਤੇ 200% ਸ਼ੁਲਕ ਲਗਾ ਦਿੱਤਾ ਸੀ, ਜਿਸ ਨਾਲ ਵਪਾਰ ਲਗਭਗ ਠੱਪ ਹੋ ਗਿਆ। ਇਸ ਦੇ ਉਲਟ, ਭਾਰਤ ਪਾਕਿਸਤਾਨ ਨੂੰ ਵਪਾਰਕ ਵਸਤਾਂ ਦਾ ਨਿਰਯਾਤ ਕਰਦਾ ਰਿਹਾ ਹੈ। ਵਿੱਤੀ ਸਾਲ 2025 ਵਿੱਚ ਪਾਕਿਸਤਾਨ ਨੂੰ ਭਾਰਤ ਦੇ ਮੁੱਖ ਨਿਰਯਾਤ ਵਿੱਚ ਡਰੱਗ ਫਾਰਮੂਲੇਸ਼ਨ, ਖੰਡ, ਥੋਕ ਦਵਾਈਆਂ, ਅਵਸ਼ੇਸ਼ ਰਸਾਇਣ, ਅਤੇ ਆਟੋ ਪਾਰਟਸ ਸ਼ਾਮਲ ਸਨ। ਅਪ੍ਰੈਲ 2024 ਤੋਂ ਫਰਵਰੀ 2025 ਦੌਰਾਨ ਭਾਰਤ ਦਾ ਪਾਕਿਸਤਾਨ ਨੂੰ ਨਿਰਯਾਤ 56.91% ਘਟ ਕੇ 491 ਮਿਲੀਅਨ ਡਾਲਰ ਰਹਿ ਗਿਆ।