
ਪੈਰਿਸ,9 ਅਗਸਤ (ਅੰਮ੍ਰਿਤਸਰ ਟਾਈਮਜ਼ ਬਿਊਰੋ) :
ਭਾਰਤ ਨੇ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਹਾਕੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਨੇ 1972 ਮਗਰੋਂ ਪਹਿਲੀ ਵਾਰ ਲਗਾਤਾਰ ਦੂਸਰਾ ਓਲੰਪਿਕ ਹਾਕੀ ਤਗ਼ਮਾ ਜਿੱਤਿਆ। ਕਪਤਾਨ ਹਰਮਨਪ੍ਰੀਤ ਸਿੰਘ ਕਹਿੰਦੇ ਹਨ, ‘‘ਹਾਕੀ ਵਾਪਸ ਆ ਗਈ ਹੈ।’’ ਇਸ ਮਗਰੋਂ ਟੋਕੀਓ ਓਲੰਪਿਕ ਦੇ ਜਸ਼ਨ ਨੂੰ ਦੁਹਰਾਉਂਦਿਆਂ ਸ੍ਰੀਜੇਸ਼ ਗੋਲ ਪੋਸਟ ’ਤੇ ਚੜ੍ਹ ਗਏ। ਅਸਲ ਵਿੱਚ ਇਹ ਸ੍ਰੀਜੇਸ਼ ਦਾ ਆਖ਼ਰੀ ਮੈਚ ਸੀ। ਜਸ਼ਨ ਦੇ ਇਸ ਮਾਹੌਲ ਵਿੱਚ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮਹਾਨ ਗੋਲਚੀ ਨੂੰ ਆਪਣੇ ਮੋਢਿਆਂ ’ਤੇ ਚੁੱਕ ਲਿਆ। ਸਪੇਨ ਨੇ ਇਸ ਮੁਕਾਬਲੇ ਵਿੱਚ ਭਾਰਤੀਆਂ ਨੂੰ ਅਖ਼ੀਰ ਤੱਕ ਸਖ਼ਤ ਚੁਣੌਤੀ ਦਿੱਤੀ। ਆਖ਼ਰੀ 60 ਸਕਿੰਟਾਂ (ਇੰਕ ਮਿੰਟ) ਵਿੱਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਭਾਰਤੀ ਡਿਫੈਂਡਰ ਡਟੇ ਰਹੇ। ਜਿਵੇਂ ਕਿ ਕੋਚ ਕ੍ਰੈਗ ਫੁਲਟਨ ਨੇ ਕਿਹਾ, ‘‘ਟੀਮ ਪੂਰੀ ਤਰ੍ਹਾਂ ਤਿਆਰ ਸੀ। ਦਬਾਅ ਸਾਹਮਣੇ ਉਸ ਦਾ ਹੌਸਲਾ ਨਹੀਂ ਟੁੱਟਿਆ। ਸ਼ੁਰੂ ਤੋਂ ਹੀ ਹਮਲਾਵਰ ਸਪੇਨ ਨੇ ਆਖ਼ਰੀ ਪੰਜ ਮਿੰਟ ਵਿੱਚ ਭਾਰਤੀ ਖੇਤਰ ਵਿੱਚ ਲਗਾਤਾਰ ਹਮਲੇ ਕੀਤੇ। ਸਾਡੇ ਖਿਡਾਰੀ ਥੋੜ੍ਹੇ ਬੇਚੈਨ ਹੋ ਗਏ ਸਨ। ਹਰਮਨਪ੍ਰੀਤ, ਜੋ ਆਮ ਕਰਕੇ ਸ਼ਾਂਤ ਰਹਿੰਦੇ ਹਨ, ਨੇ ਆਖ਼ਰੀ ਮਿੰਟ ਵਿੱਚ ਭਾਰਤ ਦੇ ਡੇਂਜਰ ਏਰੀਏ ਵਿੱਚ ਜੋਰਡੀ ਬੋਨਾਸਟ੍ਰੇ ਨੂੰ ਪਛਾੜਿਆ ਅਤੇ ਇੱਕ ਹੋਰ ਪੈਨਲਟੀ ਕਾਰਨਰ ਦਿੱਤਾ। ਹਾਲਾਂਕਿ, ਭਾਰਤ ਗੇਂਦ ਨੂੰ ਰੋਕਣ ਵਿੱਚ ਸਫਲ ਰਿਹਾ। ਫਿਰ ਤਾਂ ਜਜ਼ਬਾਤ ਦਾ ਸੈਲਾਬ ਵਹਿ ਤੁਰਿਆ ਅਤੇ ਖਿਡਾਰੀ ਛਾਲਾਂ ਮਾਰਨ ਲੱਗੇ। ਕੋਚ ਵਜੋਂ ਅਹੁਦਾ ਸੰਭਾਲਣ ਮਗਰੋਂ ਪਿਛਲੇ 14 ਮਹੀਨਿਆਂ ਤੋਂ ਕ੍ਰੈਗ ਫੁਲਟਨ ਹਮੇਸ਼ਾ ਵਿਸ਼ਵਾਸ ਬਣਾਉਣ ਅਤੇ ਡਿਫੈਂਸ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦੇ ਰਹੇ ਹਨ। ਅੱਜ ਫੁਲਟਨ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਸਨ।