ਭਾਰਤ ਪਰਤ ਆਇਆ ਪਾਕਿਸਤਾਨ ਗਏ 5800 ਸਿੱਖ ਸ਼ਰਧਾਲੂਆਂ ਦਾ ਜਥਾ

In ਮੁੱਖ ਖ਼ਬਰਾਂ
April 21, 2025
ਅੰਮ੍ਰਿਤਸਰ/ਏ.ਟੀ.ਨਿਊਜ਼: ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਪਾਕਿਸਤਾਨ ਸਥਿਤ ਗੁਰੂਧਾਮਾਂ ਵਿੱਚ ਮਨਾਉਣ ਲਈ ਗਿਆ ਲਗਪਗ 5800 ਸਿੱਖ ਸ਼ਰਧਾਲੂਆਂ ਦਾ ਜੱਥਾ ਪਿਛਲੇ ਦਿਨੀਂ ਵਾਹਗਾ-ਅਟਾਰੀ ਰਸਤੇ ਪਰਤ ਆਇਆ ਹੈ ਪਰ ਵਾਹਗਾ ਸਰਹੱਦ ’ਤੇ ਜਾਂਚ ਅਮਲੇ ਦੀ ਗਿਣਤੀ ਘੱਟ ਹੋਣ ਕਾਰਨ ਸ਼ਰਧਾਲੂਆਂ ਨੂੰ ਲੰਮਾ ਸਮਾਂ ਲੰਮੀਆਂ ਕਤਾਰਾਂ ਵਿੱਚ ਖੜਾ ਰਹਿਣਾ ਪਿਆ ਅਤੇ ਗਰਮੀ ਦੇ ਕਾਰਨ ਤਿੰਨ ਯਾਤਰੀਆ ਦੀ ਸਿਹਤ ਵਿਗੜ ਗਈ ਜਿਨਾਂ ਨੂੰ ਅਟਾਰੀ ਸਰਹੱਦ ਵਿਖੇ ਮੈਡੀਕਲ ਸਹਾਇਤਾ ਦਿੱਤੀ ਗਈ। ਜਾਣਕਾਰੀ ਮੁਤਾਬਕ ਇਸ ਵਾਰ ਪਾਕਿਸਤਾਨੀ ਦੂਤਾਵਾਸ ਵੱਲੋਂ ਲਗਪਗ 6500 ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਥਿਤ ਗੁਰੂਧਾਮਾਂ ਦੀ ਯਾਤਰਾ ਵਾਸਤੇ ਵੀਜ਼ੇ ਦਿੱਤੇ ਗਏ ਸਨ, ਜਿਨ੍ਹਾਂ ਦੀ ਗਿਣਤੀ ਪਹਿਲਾਂ ਨਾਲੋਂ ਦੋ ਗੁਣਾ ਤੋਂ ਵੀ ਵੱਧ ਸੀ। ਵੱਡੀ ਗਿਣਤੀ ਵਿੱਚ ਯਾਤਰੀਆਂ ਦੀ ਆਮਦ ਕਾਰਨ ਪਾਕਿਸਤਾਨ ਵਿਖੇ ਯਾਤਰੀਆਂ ਦੀ ਰਿਹਾਇਸ਼ ਅਤੇ ਲੰਗਰ ਦੇ ਪ੍ਰਬੰਧਾਂ ਵਿੱਚ ਕਮੀ ਮਹਿਸੂਸ ਕੀਤੀ ਗਈ ਜਿਸ ਕਾਰਨ ਗੁਰੂਧਾਮਾਂ ਵਿੱਚ ਰਿਹਾਇਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਥੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇੱਕ ਜਥਾ ਗੁਰਦੁਆਰਾ ਪੰਜਾ ਸਾਹਿਬ ਅਤੇ ਦੂਜਾ ਜਥਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਠਹਿਰਾਇਆ ਗਿਆ ਸੀ। ਯਾਤਰਾ ਜਥੇ ਵਿੱਚ ਸ਼ਾਮਿਲ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਗੁਰਚਰਨ ਸਿੰਘ ਕੋਹਾਲਾ ਨੇ ਦੱਸਿਆ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਫ ਬੋਰਡ ਦੇ ਅਧਿਕਾਰੀਆਂ ਵੱਲੋਂ ਆਪਣੇ ਤੌਰ ’ਤੇ ਹਰ ਸੰਭਵ ਪ੍ਰਬੰਧ ਕੀਤੇ ਗਏ ਸਨ ਪਰ ਜਥਾ ਵੱਡਾ ਹੋਣ ਕਾਰਨ ਕਈ ਥਾਵਾਂ ’ਤੇ ਪ੍ਰਬੰਧਾਂ ਵਿੱਚ ਕਮੀ ਮਹਿਸੂਸ ਹੋਈ।

Loading