ਭਾਰਤ-ਪਾਕਿਸਤਾਨ ਤਨਾਓ ਕਾਰਨ ਹਰਿਮੰਦਰ ਸਾਹਿਬ ਵਿੱਚ ਸ਼ਰਧਾਲੂਆਂ ਦੀ ਆਮਦ ਘਟੀ

In ਪੰਜਾਬ
May 10, 2025
ਅੰਮ੍ਰਿਤਸਰ/ਏ.ਟੀ.ਨਿਊਜ਼: ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਤਣਾਅ ਦਾ ਅਸਰ ਸੈਰ ਸਪਾਟੇ ’ਤੇ ਵੀ ਪਿਆ ਹੈ। ਸਿੱਟੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਵੀ ਸ਼ਰਧਾਲੂਆਂ ਦੀ ਆਮਦ ਪ੍ਰਭਾਵਿਤ ਹੋਈ ਹੈ। ਹਰਿਮੰਦਰ ਸਾਹਿਬ ਦੀਆਂ ਸਰਾਵਾਂ ਵਿੱਚ ਸ਼ਰਧਾਲੂਆਂ ਦੇ ਠਹਿਰਾਅ ਵਿੱਚ 70 ਫ਼ੀਸਦੀ ਦੀ ਕਮੀ ਆਈ ਹੈ। ਇਸੇ ਤਰ੍ਹਾਂ ਗੁਰੂ ਘਰ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਤੇ ਵੀ ਅਸਰ ਪਿਆ ਹੈ। ਇੱਕ ਅਨੁਮਾਨ ਮੁਤਾਬਕ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਇੱਥੇ ਨਤਮਸਤਕ ਹੋਣ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੁੰਦੀ ਹੈ ਅਤੇ ਗੁਰਪੁਰਬ ਤੇ ਹੋਰ ਦਿਹਾੜਿਆਂ ਮੌਕੇ ਇਹ ਗਿਣਤੀ ਦੋ ਗੁਣਾ ਹੋਰ ਵੱਧ ਜਾਂਦੀ ਹੈ। ਸ਼੍ਰੋਮਣੀ ਕਮੇਟੀ ਦੇ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 70 ਫ਼ੀਸਦ ਤੋਂ ਵੱਧ ਬੁਕਿੰਗ ਰੱਦ ਕਰ ਦਿੱਤੀਆਂ ਗਈਆਂ ਹਨ। ਜਦੋਂਕਿ ਪਹਿਲਾਂ ਆਮ ਦਿਨਾਂ ਵਿੱਚ ਵੀ ਸਰਾਵਾਂ ਵਿੱਚ ਕਮਰਾ ਲੈਣਾ ਮੁਸ਼ਕਿਲ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਕਈ ਵਿਅਕਤੀ ਆਪਣੀ ਬੁਕਿੰਗ ਵਿਚਾਲੇ ਛੱਡ ਕੇ ਵਾਪਸ ਪਰਤ ਗਏ ਹਨ। ਦੂਜੇ ਪਾਸੇ, ਫੈਡਰੇਸ਼ਨ ਆਫ ਹੋਟਲ ਐਂਡ ਗੈਸਟ ਹਾਊਸ ਵਾਲਡ ਸਿਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਦਾ ਅਸਰ ਪਿਛਲੇ ਕੁਝ ਦਿਨਾਂ ਤੋਂ ਦਿਖਾਈ ਦੇਣ ਲੱਗ ਪਿਆ ਹੈ। ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਵੱਡੀ ਗਿਣਤੀ ਵਿੱਚ ਕਮਰੇ ਖਾਲੀ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਯਾਤਰੂਆਂ ਵੱਲੋਂ ਹੋਟਲਾਂ ਵਿੱਚ ਪਹਿਲਾਂ ਕਰਵਾਈ ਬੁਕਿੰਗ ਨੂੰ ਰੱਦ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਏ.ਪੀ.ਐੱਸ. ਚੱਠਾ ਨੇ ਕਿਹਾ ਕਿ ਪਿਛਲੇ ਦਿਨੀਂ ਸ਼ਾਮ ਤੱਕ ਉਨ੍ਹਾਂ ਕੋਲ ਸਿਰਫ 10 ਫੀਸਦੀ ਲੋਕ ਹੀ ਹੋਟਲ ਵਿੱਚ ਆਏ, ਉਹ ਵੀ ਸੈਲਾਨੀ ਨਹੀ ਹਨ, ਸਗੋਂ ਸਰਕਾਰੀ ਨੌਕਰ ਸਨ, ਜੋ ਸਰਕਾਰੀ ਦੌਰੇ ’ਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਹੋਟਲਾਂ ਵਿੱਚ 90 ਫੀਸਦੀ ਤੋਂ ਵੱਧ ਬੁਕਿੰਗ ਰੱਦ ਕਰ ਦਿੱਤੀ ਗਈ ਹੈ।

Loading