ਭਾਰਤ- ਪਾਕਿਸਤਾਨ ਤਨਾਓ ’ਚ ਪੀਸੇ ਜਾ ਰਹੇ ਆਮ ਲੋਕ

In ਸੰਪਾਦਕੀ
May 01, 2025
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਨੇ ਆਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਵੀ ਡੂੰਘੇ ਸੰਕਟ ਵਿੱਚ ਪਾ ਦਿੱਤਾ ਹੈ। ਹਾਲ ਹੀ ਵਿੱਚ, ਭਾਰਤ ਸਰਕਾਰ ਦੁਆਰਾ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ਮੁਅੱਤਲ ਅਤੇ ਦੇਸ਼ ਨਿਕਾਲਾ ਦੇ ਆਦੇਸ਼ ਤੋਂ ਬਾਅਦ ਬਹੁਤ ਸਾਰੇ ਭਾਰਤੀ -ਪਾਕਿਸਤਾਨੀ ਨਾਗਰਿਕਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਭਾਰਤ ਵਿੱਚ ਕੁਝ ਅਜਿਹੇ ਨੌਜਵਾਨਾਂ ਦੀ ਕਹਾਣੀ ਵੀ ਸਾਹਮਣੇ ਆਈ ਹੈ, ਜਿਨ੍ਹਾਂ ਦੇ ਵਿਆਹ ਪਾਕਿਸਤਾਨ ਦੀਆਂ ਕੁੜੀਆਂ ਨਾਲ ਹੋਣ ਵਾਲੇ ਸਨ ਅਤੇ ਉਹਨਾਂ ਵੱਲੋਂ ਵਿਆਹ ਦੀਆਂ ਪੂਰੀਆਂ ਤਿਆਰੀਆਂ ਵੀ ਕੀਤੀਆਂ ਹੋਈਆਂ ਸਨ ਪਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਉਹਨਾਂ ਦੇ ਵਿਆਹ ਦੇ ਚਾਅ ਅਧੂਰੇ ਹੀ ਰਹਿ ਗਏ। ਪਹਿਲਗਾਮ ਵਿੱਚ ਹੋਏ ਹਮਲੇ ਦਾ ਸੇਕ ਹੁਣ ਸਿਆਸੀ, ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਿਕ ਮਸਲਿਆਂ ਨੂੰ ਵੀ ਲੱਗ ਰਿਹਾ ਹੈ। ਜਿਸ ਦਾ ਖਮਿਆਜ਼ਾ ਭਾਰਤ ਵਿੱਚ ਰਹਿ ਰਹੀਆਂ ਪਾਕਿਸਤਾਨ ਦੀਆਂ ਕੁੜੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਸਨਾ, ਰਜ਼ੀਆ ਅਤੇ ਮਾਰੀਆ ਵਰਗੀਆਂ ਔਰਤਾਂ ਦੀਆਂ ਕਹਾਣੀਆਂ ਇਸ ਗੱਲ ਦਾ ਪ੍ਰਮਾਣ ਹਨ ਕਿ ਜ਼ਮੀਨੀ ਹਕੀਕਤ ਕਿੰਨੀ ਗੁੰਝਲਦਾਰ ਅਤੇ ਦਰਦਨਾਕ ਹੋ ਸਕਦੀ ਹੈ। ਭਾਰਤ ਵਿੱਚ ਰਹਿ ਰਹੀਆਂ ਉਹਨਾਂ ਪਾਕਿਸਤਾਨੀ ਮਹਿਲਾਵਾਂ ਨੂੰ ਵੀ ਭਾਰਤ ਛੱਡ ਕੇ ਪਾਕਿਸਤਾਨ ਜਾਣਾ ਪੈ ਰਿਹਾ ਹੈ, ਜੋ ਕਿ ਭਾਰਤ ਵਿੱਚ ਵਿਆਹੀਆਂ ਹੋਈਆਂ ਹਨ ਪਰ ਉਹਨਾਂ ਨੂੰ ਅਜੇ ਭਾਰਤੀ ਨਾਗਰਿਕਤਾ ਨਹੀਂ ਮਿਲੀ। ਇਸ ਤਰ੍ਹਾਂ ਉਹਨਾਂ ਦੇ ਕੁਝ ਮਹੀਨੇ ਪਹਿਲਾਂ ਹੀ ਵਸੇ ਘਰਾਂ ਵਿੱਚ ਮਾਤਮ ਛਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿੱਚ ਲੱਖਾਂ ਲੋਕ ਰਹਿੰਦੇ ਹਨ ਜੋ ਇੱਕ ਦੂਜੇ ਦੇ ਦੇਸ਼ ਜਾਣਾ ਚਾਹੁੰਦੇ ਹਨ, ਉੱਥੋਂ ਦੀਆਂ ਚੀਜ਼ਾਂ ਦੇਖਣਾ ਚਾਹੁੰਦੇ ਹਨ, ਸੱਭਿਆਚਾਰ ਨੂੰ ਸਮਝਣਾ ਚਾਹੁੰਦੇ ਹਨ। ਬਹੁਤ ਸਾਰੇ ਪਾਕਿਸਤਾਨੀ ਭਾਰਤ ਆ ਕੇ ਤਾਜ ਮਹਿਲ, ਲਾਲ ਕਿਲਾ ਅਤੇ ਹੋਰ ਥਾਂਵਾਂ ਦੇਖਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕਈ ਭਾਰਤੀ ਲਾਹੌਰ ਜਾ ਕੇ ਪਾਕਿਸਤਾਨ ਦੀਆਂ ਉਨ੍ਹਾਂ ਥਾਂਵਾਂ ਨੂੰ ਦੇਖਣਾ ਚਾਹੁੰਦੇ ਹਨ, ਜਿਨ੍ਹਾਂ ਬਾਰੇ ਉਹ ਸੁਣਦੇ ਆਏ ਹਨ। ਭਾਰਤ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਜਿਹਨੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ। ਇਸ ਕਰਕੇ ਲਾਹੌਰ ਵੇਖਣ ਦੀ ਇੱਛਾ ਅਕਸਰ ਅਨੇਕਾਂ ਭਾਰਤੀ ਲੋਕਾਂ ਵਿੱਚ ਰਹਿੰਦੀ ਹੈ ਤੇ ਅਨੇਕਾਂ ਲੋਕ ਮੌਕਾ ਮਿਲਣ ’ਤੇ ਲਾਹੌਰ ਵੇਖ ਵੀ ਆਉਂਦੇ ਹਨ ਪਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਨ ਭਾਰਤੀ ਲੋਕਾਂ ਦੀ ਇਹ ਇੱਛਾ ਪੂਰੀ ਹੋਣੀ ਸੰਭਵ ਨਹੀਂ। ਭਾਰਤ ਅਤੇ ਪਾਕਿਸਤਾਨ ਵਿੱਚ ਅਜਿਹੇ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿਚਾਲੇ ਆਪਸ ਵਿੱਚ ਰਿਸ਼ਤੇਦਾਰੀਆਂ ਹਨ। ਭਾਵੇਂ ਕਿ ਅਜਿਹੇ ਜ਼ਿਆਦਾਤਰ ਲੋਕ ਮੁਸਲਮਾਨ ਭਾਈਚਾਰੇ ਨਾਲ ਸਬੰਧ ਰੱਖਦੇ ਹਨ ਪਰ ਇਹਨਾਂ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਦੋਵਾਂ ਦੇਸ਼ਾਂ ਵਿਚਾਲੇ ਇੱਕ ਪੁਲ ਦਾ ਕੰਮ ਕਰਦੀਆਂ ਰਹੀਆਂ ਹਨ ਅਤੇ ਇਹ ਲੋਕ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਸੁਖਾਵੇਂ ਹੋਣ ਦੀ ਹਮੇਸ਼ਾ ਕਾਮਨਾ ਕਰਦੇ ਹਨ। ਇਸ ਤੋਂ ਇਲਾਵਾ ਭਾਰਤ ਅਤੇ ਪਾਕਿਸਤਾਨ ਦੇ ਅਨੇਕਾਂ ਵਪਾਰੀ ਵੀ ਇੱਕ ਦੂਜੇ ਦੇਸ਼ ਵਿੱਚ ਵਪਾਰ ਕਰਦੇ ਹਨ ਅਤੇ ਉਹਨਾਂ ਦੇ ਵਪਾਰਕ ਹਿੱਤ ਵੀ ਆਪਸ ਵਿੱਚ ਜੁੜੇ ਹੋਏ ਹਨ। ਇਸ ਕਰਕੇ ਅਜਿਹੇ ਵਪਾਰੀ ਲੋਕਾਂ ਨੂੰ ਵੀ ਭਾਰਤ ਪਾਕਿਸਤਾਨ ਸਰਹੱਦ ਬੰਦ ਹੋਣ ਕਾਰਨ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਜੇ ਹੁਣ ਪੰਜਾਬ ਦੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੇੜੇ ਵਸੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਦੁੱਖ ਦੇਸ਼ ਦੇ ਹੋਰਨਾਂ ਦੇਸ਼ਾਂ ਨਾਲੋਂ ਵੱਖਰੇ ਹੁੰਦੇ ਹਨ। ਜਦੋਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਨਾਓ ਪੈਦਾ ਹੁੰਦਾ ਹੈ ਜਾਂ ਲੜਾਈ ਹੋਣ ਦੇ ਆਸਾਰ ਬਣਦੇ ਹਨ ਤਾਂ ਸਭ ਤੋਂ ਪਹਿਲਾਂ ਇਹਨਾਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਥਾਂਵਾਂ ਤੇ ਜਾਣ ਦੇ ਹੁਕਮ ਜਾਰੀ ਹੁੰਦੇ ਹਨ। ਜਿਸ ਕਾਰਨ ਇਹ ਲੋਕ ਆਪਣੇ ਸਮਾਨ ਸਮੇਤ ਸੁਰੱਖਿਅਤ ਟਿਕਾਣਿਆਂ ਦੀ ਭਾਲ ਵਿੱਚ ਤੁਰ ਪੈਂਦੇ ਹਨ। ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਅਜਿਹਾ ਕਈ ਵਾਰ ਕਰਨਾ ਪਿਆ ਹੈ। ਇਸੇ ਕਾਰਨ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਲੋਕ ਕਹਿੰਦੇ ਹਨ ਕਿ ਭਾਰਤ ਨੂੰ ਪਾਕਿਸਤਾਨ ਨਾਲ ਸਾਰੇ ਝਗੜੇ ਇੱਕੋ ਵਾਰ ਹੱਲ ਕਰ ਲੈਣੇ ਚਾਹੀਦੇ ਹਨ ਤਾਂ ਕਿ ਵਾਰ ਵਾਰ ਜੰਗ ਵਾਲਾ ਮਾਹੌਲ ਨਾ ਬਣੇ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵਾਰ ਵਾਰ ਨਾ ਉੱਜੜਨਾ ਪਵੇ। ਉਪਰੋਕਤ ਵੇਰਵੇ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਨਾਓ ਕਾਰਨ ਦੋਵਾਂ ਦੇਸ਼ਾਂ ਦੇ ਵੱਡੀ ਗਿਣਤੀ ਆਮ ਲੋਕ ਪੀਸੇ ਜਾ ਰਹੇ ਹਨ ਅਤੇ ਖੱਜਲ ਖੁਆਰ ਹੋ ਰਹੇ ਹਨ। ਪਹਿਲਗਾਮ ਹਮਲੇ ਤੋਂ ਬਾਅਦ ਜਿਥੇ ਭਾਰਤ ਨੂੰ ਅਜਿਹੀ ਸਖ਼ਤੀ ਕਰਨ ਲਈ ਮਜਬੂਰ ਹੋਣਾ ਪਿਆ, ਉਥੇ ਭਾਰਤ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਸਖ਼ਤ ਫੈਸਲੇ ਕਰ ਦਿੱਤੇ ਜਿਸ ਦਾ ਖ਼ਮਿਆਜ਼ਾ ਦੋਵਾਂ ਦੇਸ਼ਾਂ ਦੇ ਆਮ ਲੋਕ ਭੁਗਤ ਰਹੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਨਾਓ ਕਾਰਨ ਦੋਵਾਂ ਦੇਸ਼ਾਂ ਦੇ ਪ੍ਰਭਾਵਿਤ ਆਮ ਲੋਕਾਂ ਨੂੰ ਇਹ ਸਮਝ ਨਹੀਂ ਲੱਗ ਰਹੀ ਕਿ ਉਹਨਾਂ ਨੂੰ ਕਿਹੜੇ ਕਸੂੁਰ ਦੀ ਸਜ਼ਾ ਮਿਲ ਰਹੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਅੱਗੇ ਅਜਿਹੀ ਸਥਿਤੀ ਬਣੇ ਹੋਵੇ ਸਗੋਂ ਇਸ ਤੋਂ ਪਹਿਲਾਂ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਨੇਕਾਂ ਵਾਰ ਤਨਾਓ ਪੈਦਾ ਹੋ ਚੁੱਕਿਆ ਹੈ ਅਤੇ ਦੋਵੇਂ ਦੇਸ਼ ਜੰਗ ਦੀ ਕਗਾਰ ’ਤੇ ਕਈ ਵਾਰ ਪਹੁੰਚ ਚੁੱਕੇ ਹਨ। ਭਾਰਤ ਦੇ ਰਾਸ਼ਟਰੀ ਹਿੱਤਾਂ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਵੀਜ਼ਾ ਨੀਤੀ ਨੂੰ ਸਖ਼ਤ ਕਰਨਾ ਜ਼ਰੂਰੀ ਸੀ, ਪਰ ਬਹੁਤ ਸਾਰੇ ਮਾਸੂਮ ਲੋਕ ਇਸ ਦਾ ਸ਼ਿਕਾਰ ਵੀ ਹੋਏ ਹਨ। ਸਰਕਾਰ ਤੋਂ ਹੁਣ ਇਨ੍ਹਾਂ ਮਾਮਲਿਆਂ ਵਿੱਚ ਮਾਨਵੀ ਆਧਾਰ ’ਤੇ ਹਮਦਰਦੀ ਭਰਿਆ ਫੈਸਲਾ ਲੈਣ ਦੀ ਉਮੀਦ ਕੀਤੀ ਜਾਂਦੀ ਹੈ। ਚਾਹੀਦਾ ਤਾਂ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਨਾਓ ਸਮਾਪਤ ਹੋਵੇ ਅਤੇ ਮਿੱਤਰਤਾਪੂਰਨ ਸਬੰਧ ਬਣਾਏ ਜਾਣ। ਇਸ ਲਈ ਦੋਵਾਂ ਦੇਸ਼ਾਂ ਦੇ ਮੋਹਰੀ ਆਗੂਆਂ ਨੂੰ ਹੀ ਯਤਨ ਕਰਨੇ ਪੈਣਗੇ।

Loading