ਪਹਿਲਗਾਮ ਦੀ ਬੈਸਰਨ ਘਾਟੀ ਵਿੱਚ 22 ਅਪ੍ਰੈਲ ਨੂੰ ਦਹਿਸ਼ਤਗਰਦਾਂ ਵੱਲੋਂ 28 ਸੈਲਾਨੀਆਂ ਨੂੰ ਮਾਰੇ ਜਾਣ ਦੀ ਹਿਰਦੇਵੇਦਕ ਘਟਨਾ ਨੇ ਇਕ ਤਰ੍ਹਾਂ ਨਾਲ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੁਨੀਆਂ ਭਰ ਵਿੱਚ ਇਸ ਅਣਮਨੁੱਖੀ ਕਾਰੇ ਦੀ ਤਿੱਖੀ ਆਲੋਚਨਾ ਹੋ ਰਹੀ ਹੈ।
ਭਾਰਤ ਨੇ ਇਸ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੰਮੂ-ਕਸ਼ਮੀਰ ਸਮੇਤ ਭਾਰਤ ਦੇ ਹੋਰ ਹਿੱਸਿਆਂ ਵਿੱਚ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਹਰਕਤ-ਉਲ-ਅਨਸਾਰ ਪਾਕਿਸਤਾਨ ਦੀ ਧਰਤੀ ਤੋਂ ਘੁਸਪੈਠ ਕਰ ਕੇ ਹਿੰਸਕ ਹਮਲਿਆਂ ਦੁਆਰਾ ਦਹਿਸ਼ਤ ਫੈਲਾਉਂਦੇ ਰਹੇ ਹਨ। ਇਸੇ ਕਾਰਨ ਹੁਣ ਭਾਰਤ ਨੇ ਪਾਕਿਸਤਾਨ ਨਾਲ ਸਖ਼ਤੀ ਨਾਲ ਨਜਿੱਠਣ ਦਾ ਵੱਡਾ ਫ਼ੈਸਲਾ ਕਰਦਿਆਂ ਕੁਝ ਸਖ਼ਤ ਕਦਮ ਉਠਾਉਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਸਿੰਧ ਜਲ ਸਮਝੌਤੇ ਨੂੰ ਮੁਅੱਤਲ ਕਰਨਾ, ਅਟਾਰੀ-ਵਾਹਗਾ ਸਾਂਝੀ ਚੈੱਕਪੋਸਟ ਨੂੰ ਬੰਦ ਕਰਨਾ, ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਕੇ 48 ਘੰਟਿਆਂ ਵਿੱਚ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਆਦੇਸ਼ ਦੇਣਾ ਅਤੇ ਇਸਲਾਮਾਬਾਦ ਵਿੱਚ ਭਾਰਤ ਦੇ ਦੂਤਾਵਾਸ ਦਾ ਸਟਾਫ਼ ਘਟਾਉਣਾ ਅਤੇ ਇਸੇ ਤਰ੍ਹਾਂ ਨਵੀਂ ਦਿੱਲੀ ਵਿੱਚ ਪਾਕਿਸਤਾਨੀ ਦੂਤਾਵਾਸ ਦਾ ਸਟਾਫ਼ ਘਟਾਉਣ ਲਈ ਨਿਰਦੇਸ਼ ਜਾਰੀ ਕਰਨਾ ਆਦਿ ਸ਼ਾਮਿਲ ਹਨ। ਇਨ੍ਹਾਂ ਸਭ ਕਦਮਾਂ ਵਿਚੋਂ ਭਾਰਤ ਦਾ ਜਿਹੜਾ ਕਦਮ ਪਾਕਿਸਤਾਨ ਲਈ ਸਭ ਤੋਂ ਮਾਰੂ ਸਾਬਤ ਹੋ ਸਕਦਾ ਹੈ ਉਹ ਹੈ ’ਸਿੰਧ ਜਲ ਸਮਝੌਤੇ’ ਨੂੰ ਰੱਦ ਕਰਨਾ। ਇਸ ਨਾਲ ਪਾਕਿਸਤਾਨ ਦੀ ਖੇਤੀਬਾੜੀ ਤੇ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਇਥੋਂ ਤੱਕ ਕਿ ਦੇਸ਼ ਨੂੰ ਪੀਣ ਵਾਲੇ ਪਾਣੀ ਦੀ ਵੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਕਿਸਤਾਨ ਭਾਰਤ ਦੇ ਫੈਸਲਿਆਂ ਤੋਂ ਔਖਾ
ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਰਾਸ਼ਟਰੀ ਸੁਰੱਖਿਆ ਕਮੇਟੀ (ਐਨ.ਐਸ.ਸੀ.) ਦੀ ਮੀਟਿੰਗ ਬੁਲਾਈ ਸੀ। ਮੋਦੀ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ, ਪਾਕਿਸਤਾਨ ਨੇ ਇੱਕ ਸਪੱਸ਼ਟ ਚਿਤਾਵਨੀ ਦਿੱਤੀ ਕਿ ਜੇਕਰ ਭਾਰਤ ਨੇ ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸਨੂੰ ਜੰਗ ਦਾ ਸੁਨੇਹਾ ਮੰਨਿਆ ਜਾਵੇਗਾ। ਪਾਕਿਸਤਾਨ ਨੇ ਦੋਸ਼ ਲਗਾਇਆ ਹੈ ਕਿ ਭਾਰਤ ਨੇ ਸਿੰਧੂ ਜਲ ਸੰਧੀ ਨੂੰ ਰੋਕ ਕੇ ਅੰਤਰਰਾਸ਼ਟਰੀ ਨਿਯਮਾਂ ਅਤੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਸੀ ਕਿ ਪਹਿਲਗਾਮ ਹਮਲੇ ਪਿੱਛੇ ਪਾਕਿਸਤਾਨ ਦਾ ਹੱਥ ਨਹੀਂ ਹੈ। ਉਹ ਇਸ ਹਮਲੇ ਦੀ ਨਿੰਦਾ ਕਰਦੇ ਹਨ। ਪਾਕਿਸਤਾਨੀ ਰੱਖਿਆ ਮੰਤਰੀ ਨੇ ਕਿਹਾ, ‘‘ਮੈਂ ਭਾਰਤ ਨੂੰ ਪੁੱਛਣਾ ਚਾਹੁੰਦਾ ਹਾਂ ਕਿ 700,000 ਸੈਨਿਕ ਦਹਾਕਿਆਂ ਤੋਂ ਕਬਜ਼ੇ ਵਾਲੇ ਕਸ਼ਮੀਰ ਵਿੱਚ ਮੌਜੂਦ ਹਨ। ਇਸ ਦੇ ਬਾਵਜੂਦ ਨਿਰਦੋਸ਼ ਲੋਕ ਮਾਰੇ ਜਾ ਰਹੇ ਹਨ। ਕੀ ਭਾਰਤੀ ਫ਼ੌਜ ਤੋਂ ਪੁੱਛਗਿੱਛ ਨਹੀਂ ਕੀਤੀ ਜਾਣੀ ਚਾਹੀਦੀ? ਉਨ੍ਹਾਂ ਕਿਹਾ ਕਿ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣਾ ਬੇਇਨਸਾਫ਼ੀ ਤੇ ਬੇਬੁਨਿਆਦ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਭਾਰਤ ਕੋਈ ਗੈਰ-ਜ਼ਿੰਮੇਵਾਰਾਨਾ ਕਦਮ ਨਹੀਂ ਚੁੱਕੇਗਾ। ਜੇਕਰ ਭਾਰਤ ਵੱਲੋਂ ਕੋਈ ਹਮਲਾ ਹੁੰਦਾ ਹੈ ਤਾਂ ਪਾਕਿਸਤਾਨ ਉਸਦਾ ਜਵਾਬ ਦੇਣ ਦੀ ਸਥਿਤੀ ਵਿੱਚ ਹੈ।
ਪਾਕਿਸਤਾਨ ਨੇ ਕਿਹੜੇ ਫੈਸਲੇ ਲਏ?
ਭਾਰਤ ਦੇ ਪੰਜ ਮਹੱਤਵਪੂਰਨ ਫੈਸਲਿਆਂ ਦੇ ਜਵਾਬ ਵਿੱਚ, ਪਾਕਿਸਤਾਨ ਨੇ ਬਦਲੇ ਦੀ ਕਾਰਵਾਈ ਵਿੱਚ ਕੁਝ ਫੈਸਲੇ ਲਏ ਹਨ। ਪਾਕਿਸਤਾਨ ਨੇ ਵਾਹਗਾ ਸਰਹੱਦ ਬੰਦ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਭਾਰਤ ਤੋਂ ਆਉਣ-ਜਾਣ ਵਾਲੇ ਲੋਕਾਂ ਦੀ ਆਵਾਜਾਈ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ। ਜਿਹੜੇ ਲੋਕ ਜਾਇਜ਼ ਵੀਜ਼ੇ ’ਤੇ ਪਾਕਿਸਤਾਨ ਗਏ ਹਨ, ਉਨ੍ਹਾਂ ਨੂੰ 30 ਅਪ੍ਰੈਲ ਤੱਕ ਵਾਪਸ ਜਾਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਭਾਰਤੀ ਏਅਰਲਾਈਨਾਂ ਲਈ ਪਾਕਿਸਤਾਨ ਦੇ ਹਵਾਈ ਖੇਤਰ ਨੂੰ ਤੁਰੰਤ ਬੰਦ ਕਰਨ ਦਾ ਫੈਸਲਾ ਲਿਆ ਗਿਆ।