ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਵਿੱਤ ਸਲਾਹਕਾਰ ਸਲੇਹੁਦੀਨ ਅਹਿਮਦ ਦੇ ਇੱਕ ਮਹੱਤਵਪੂਰਨ ਬਿਆਨ ਨੇ ਭਾਰਤ-ਬੰਗਲਾਦੇਸ਼ ਸਬੰਧਾਂ ਲਈ ਨਵੀਆਂ ਉਮੀਦਾਂ ਜਗਾਈਆਂ ਹਨ। ਸਲੇਹੁਦੀਨ ਅਹਿਮਦ ਨੇ ਸਪੱਸ਼ਟ ਕੀਤਾ ਕਿ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਭਾਰਤ ਨਾਲ ਤਣਾਅਪੂਰਨ ਸਬੰਧਾਂ ਨੂੰ ਸੁਧਾਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਨਸ ਦਾ ਧਿਆਨ ਰਾਜਨੀਤਿਕ ਬਿਆਨਬਾਜ਼ੀ ਦੀ ਬਜਾਏ ਭਾਰਤ ਨਾਲ ਮਜ਼ਬੂਤ ਆਰਥਿਕ ਸਬੰਧ ਵਿਕਸਤ ਕਰਨ ’ਤੇ ਹੈ। ਯੂਨਸ ਭਾਰਤ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਵਿੱਚ ਰੁੱਝੇ ਹੋਏ ਹਨ। ਸਰਕਾਰੀ ਖਰੀਦ ’ਤੇ ਸਲਾਹਕਾਰ ਪ੍ਰੀਸ਼ਦ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਸਲੇਹੁਦੀਨ ਅਹਿਮਦ ਨੇ ਕਿਹਾ, ‘ਮੁੱਖ ਸਲਾਹਕਾਰ ਭਾਰਤ ਨਾਲ ਕੂਟਨੀਤਕ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਸ ਮੁੱਦੇ ’ਤੇ ਕਈ ਸਬੰਧਿਤ ਧਿਰਾਂ ਨਾਲ ਚਰਚਾ ਕੀਤੀ ਹੈ।’
ਵਿੱਤੀ ਸਲਾਹਕਾਰ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਬੰਗਲਾਦੇਸ਼ ਦੀ ਵਪਾਰ ਨੀਤੀ ਰਾਜਨੀਤਿਕ ਵਿਚਾਰਧਾਰਾਵਾਂ ਤੋਂ ਪ੍ਰਭਾਵਿਤ ਨਹੀਂ ਹੈ। ਇੱਕ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ, ‘ਜੇਕਰ ਭਾਰਤ ਤੋਂ ਚੌਲ ਆਯਾਤ ਕਰਨਾ ਵੀਅਤਨਾਮ ਜਾਂ ਕਿਸੇ ਹੋਰ ਦੇਸ਼ ਨਾਲੋਂ ਸਸਤਾ ਹੈ, ਤਾਂ ਭਾਰਤ ਤੋਂ ਖਰੀਦਣਾ ਆਰਥਿਕ ਤੌਰ ’ਤੇ ਸਮਝਦਾਰੀ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਹਾਲ ਹੀ ਵਿੱਚ ਭਾਰਤ ਤੋਂ 50,000 ਟਨ ਚੌਲ ਆਯਾਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਬਿਹਤਰ ਸਬੰਧਾਂ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ।
![]()
