
-ਸੁਨੀਲ ਕੁਮਾਰ ਮਾਹਲਾ:
ਡੱਬੀ (ਅੱਤਵਾਦ ਦੇ ਨਾਲ-ਨਾਲ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇਸ਼-ਦੁਨੀਆ ’ਚ ਨਸ਼ਿਆਂ ਦਾ ਜ਼ਹਿਰ ਘੋਲ ਰਹੇ ਹਨ। ਦੁਬਈ ਤੋਂ ਨਸ਼ਾ ਤਸਕਰ ਤੇ ਡਰੱਗ ਮਾਫ਼ੀਆ ਅੱਜ ਭਾਰਤ ਵਿੱਚ ਵੀ ਸਰਗਰਮ ਹਨ। ਪਹਿਲਾਂ ਪੰਜਾਬ ਨੂੰ ਦੇਸ਼ ਵਿੱਚ ਨਸ਼ਿਆਂ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਸੀ, ਪਰ ਅੱਜ ਰਾਜਧਾਨੀ ਦਿੱਲੀ, ਸੀਕਰ ਅਤੇ ਕੋਟਾ, ਸਿੱਖਿਆ ਦੇ ਕੇਂਦਰ ਵਜੋਂ ਜਾਣੇ ਜਾਂਦੇ ਰਾਜਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਮੁੰਬਈ, ਸੈਰ-ਸਪਾਟੇ ਦੇ ਅਹਿਮ ਖੇਤਰ ਗੋਆ, ਕੇਰਲਾ ਸਮੇਤ ਲਗਪਗ ਪੂਰੇ ਭਾਰਤ ਵਿੱਚ ਨਸ਼ਾ ਤਸਕਰ, ਡਰੱਗ ਮਾਫ਼ੀਆ, ਦਲਾਲ ਤੇ ਡਰੱਗ ਸਪਲਾਇਰ ਸਰਗਰਮ ਹਨ।)
ਅੱਜ ਸੀਕਰ ਤੇ ਕੋਟਾ ਵਿੱਚ ਲੱਖਾਂ ਬੱਚੇ ਨੀਟ, ਜੇ.ਈ.ਈ. ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਅਤੇ ਡਰੱਗ ਮਾਫ਼ੀਆ ਬਹੁਤ ਸਾਰੇ ਬੱਚਿਆਂ ਨੂੰ ਉਨ੍ਹਾਂ ਦੇ ਤਣਾਅ, ਨਿਰਾਸ਼ਾ ਨੂੰ ਘਟਾਉਣ ਅਤੇ ਪੜ੍ਹਾਈ ਵਿੱਚ ਇਕਾਗਰਤਾ ਵਧਾਉਣ ਦੇ ਬਹਾਨੇ ਨਸ਼ਿਆਂ ਲਈ ਲੁਭਾਉਂਦਾ ਹੈ। ਅੱਜ-ਕੱਲ੍ਹ ਬੱਚਿਆਂ ਦੀ ਕੋਚਿੰਗ, ਹੋਸਟਲਾਂ ਅਤੇ ਸਕੂਲਾਂ ਵਿੱਚ ਨਸ਼ਿਆਂ ਦਾ ਇੱਕ ਵੱਡਾ ਜਾਲ਼ ਵਿਛਿਆ ਹੋਇਆ ਹੈ ਜਿਸ ਵਿੱਚ ਐੱਮ.ਡੀ., ਗਾਂਜਾ, ਅਫ਼ੀਮ, ਸਮੈਕ, ਹਸ਼ੀਸ਼, ਹੈਰੋਇਨ, ਕੋਕੀਨ, ਸਿੰਥੈਟਿਕ ਡਰੱਗਜ਼ ਵਰਗੇ ਖ਼ਤਰਨਾਕ ਨਸ਼ੇ ਸ਼ਾਮਲ ਹਨ। ਅੱਜ ਹਾਲਾਤ ਇਹ ਹਨ ਕਿ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਗੁਟਕਾ ਅਤੇ ਤੰਬਾਕੂ ਉਤਪਾਦ ਵੇਚਣ ਵਾਲੇ ਲੋਕ ਅਤੇ ਮੈਡੀਕਲ ਸਟੋਰ ਵੀ ਇਸ ਵਿੱਚ ਸ਼ਾਮਲ ਹਨ। ਅੱਜ ਇਹ ਨਸ਼ਾ ਮਾਫ਼ੀਆ ਅਤੇ ਤਸਕਰ ਰੇਲਵੇ ਸਟੇਸ਼ਨਾਂ ’ਤੇ ਖ਼ਾਲੀ ਪਾਰਕਾਂ, ਸੁੰਨਸਾਨ ਥਾਵਾਂ, ਦੂਰ-ਦੁਰਾਡੇ ਪਲੇਟਫ਼ਾਰਮਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਉੱਥੋਂ ਨਸ਼ੇ ਦਾ ਧੰਦਾ ਜਾਰੀ ਰੱਖਦੇ ਹਨ। ਹਾਲ ਹੀ ਵਿੱਚ ਮੀਡੀਆ ’ਚ ਖ਼ਬਰਾਂ ਆਈਆਂ ਹਨ ਕਿ ਕੁਝ ਪੁਲਿਸ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਡਰੱਗ ਮਾਫ਼ੀਆ ਅਤੇ ਸਮੱਗਲਰਾਂ ਦੁਆਰਾ ਉਨ੍ਹਾਂ ਨੂੰ ਸਮੇਂ ਸਿਰ ਪੈਸਾ ਪਹੁੰਚਾਇਆ ਜਾਂਦਾ ਹੈ ਤਾਂ ਜੋ ਉਹ ਸ਼ਹਿਰ ਵਿੱਚ ਨਸ਼ਿਆਂ ਦੇ ਜਾਲ ਨੂੰ ਤੋੜ ਨਾ ਸਕਣ। ਦੇਸ਼ ਵਿੱਚ ਪਹਿਲਾਂ ਸਿਰਫ਼ ਪੰਜਾਬ ਹੀ ਸ਼ਰਾਬ ਦੀ ਮਾਰ ਹੇਠ ਸੀ ਪਰ ਅੱਜ ਦੇਸ਼ ਦੇ ਕਈ ਇਲਾਕੇ ਸ਼ਰਾਬ ਦੀ ਮਾਰ ਹੇਠ ਨਜ਼ਰ ਆ ਰਹੇ ਹਨ। ਪੰਜਾਬ ਦੀ ਸਰਹੱਦ ਨਾਲ ਲੱਗਦੇ ਰਾਜਸਥਾਨ ਦੇ ਹਨੂੰਮਾਨਗੜ੍ਹ ਤੇ ਗੰਗਾਨਗਰ ਖੇਤਰ ਵੀ ਨਸ਼ਿਆਂ ਤੋਂ ਅਛੂਤੇ ਨਹੀਂ ਹਨ ਕਿਉਂਕਿ ਗੰਗਾਨਗਰ ਦਾ ਇਲਾਕਾ ਪੰਜਾਬ ਤੇ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ ਤੇ ਹਨੂੰਮਾਨਗੜ੍ਹ ਪੰਜਾਬ ਨਾਲ ਜੁੜਿਆ ਹੋਇਆ ਹੈ।
ਪਾਕਿਸਤਾਨ ਸਰਹੱਦ ’ਤੇ ਨਸ਼ੇ ਭੇਜਣ ਲਈ ਡ੍ਰੋਨਾਂ ਦੀ ਵਰਤੋਂ ਕਰ ਰਿਹਾ ਹੈ। ਕਈ ਵਾਰ ਸੀਮਾ ਸੁਰੱਖਿਆ ਬਲ ਨੇ ਡਰੋਨਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਵੀ ਕੀਤੀ ਹੈ। ਅੱਜ ਇੱਥੇ ਟੀਕੇ, ਚਿੱਟਾ, ਅਫ਼ੀਮ, ਗਾਂਜਾ, ਹਸ਼ੀਸ਼ ਅਤੇ ਹੋਰ ਕਈ ਤਰ੍ਹਾਂ ਦੇ ਮਹਿੰਗੇ ਨਸ਼ੇ ਆਸਾਨੀ ਨਾਲ ਮਿਲ ਜਾਣਗੇ। ਇਸ ਸਬੰਧੀ ਖ਼ਬਰਾਂ ਹਰ ਰੋਜ਼ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੀਆਂ ਹਨ। ਨਸ਼ੇ ਦਾ ਸੇਵਨ ਕਰਨ ਵਾਲੀ ਨੌਜਵਾਨ ਪੀੜ੍ਹੀ ਵਿੱਚ ਵੱਡੀ ਗਿਣਤੀ ਮੁਟਿਆਰਾਂ ਦੀ ਵੀ ਹੈ। ਤੰਬਾਕੂ ਅਤੇ ਸ਼ਰਾਬ ਦਾ ਨਸ਼ਾ ਆਮ ਹੈ। ਅੱਜ-ਕੱਲ੍ਹ ਨੌਜਵਾਨਾਂ ਵਿਚ ਸੁੰਘਣ ਦਾ ਨਸ਼ਾ ਵੀ ਬਹੁਤ ਪ੍ਰਚਲਿਤ ਹੈ। ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਨਸ਼ਿਆਂ ਦੇ ਅੰਕੜੇ ਬਹੁਤ ਹੀ ਡਰਾਉਣੇ ਹਨ। ਅੰਕੜਿਆਂ ਅਨੁਸਾਰ ਅੱਜ ਤਕਰੀਬਨ 1.1 ਕਰੋੜ ਲੋਕ ਨਸ਼ੇ ਦਾ ਟੀਕਾ ਲਗਾਉਂਦੇ ਹਨ ਜਿਨ੍ਹਾਂ ਵਿੱਚੋਂ ਲਗਪਗ 13 ਲੱਖ ਨੂੰ ਐੱਚ.ਆਈ.ਵੀ., 55 ਕੁ ਲੱਖ ਨੂੰ ਹੈਪੇਟਾਈਟਸ-ਸੀ ਦੀ ਬਿਮਾਰੀ ਹੈ ਅਤੇ ਲਗਪਗ 10 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਐੱਚ.ਆਈ.ਵੀ. ਤੇ ਹੈਪੇਟਾਈਟਸ-ਸੀ ਦੋਵੇਂ ਹਨ। ਡਰੱਗ ਵਾਰ ਡਿਸਟਰਕਸ਼ਨ ਐਂਡ ਵਰਡੋਮੀਟਰ ਦੀ ਇਕ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਨਸ਼ੀਲੇ ਪਦਾਰਥਾਂ ਦਾ ਗ਼ੈਰ-ਕਾਨੂੰਨੀ ਵਪਾਰ ਲਗਪਗ 30 ਲੱਖ ਕਰੋੜ ਰੁਪਏ ਸਾਲਾਨਾ ਦਾ ਹੈ। ਨੈਸ਼ਨਲ ਡਰੱਗ ਡਿਪੈਂਡੈਂਟ ਟ੍ਰੀਟਮੈਂਟ (ਐੱਨ.ਡੀ.ਡੀ.ਟੀ.), ਏਮਜ਼ ਦੀ ਸਾਲ 2019 ਦੀ ਰਿਪੋਰਟ ਦੱਸਦੀ ਹੈ ਕਿ ਇਕੱਲੇ ਭਾਰਤ ਵਿੱਚ ਹੀ ਲਗਪਗ 16 ਕਰੋੜ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਰਿਪੋਰਟ ਦੇ ਅੰਕੜੇ ਦਰਸਾਉਂਦੇ ਹਨ ਕਿ ਦੇਸ਼ ਦੀ ਲਗਪਗ 20 ਪ੍ਰਤੀਸ਼ਤ ਆਬਾਦੀ (10-75 ਸਾਲ ਦੇ ਵਿਚਕਾਰ) ਵੱਖ-ਵੱਖ ਕਿਸਮਾਂ ਦੇ ਨਸ਼ਿਆਂ ਦਾ ਸ਼ਿਕਾਰ ਹੈ। ਨਵੰਬਰ 2024 ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਰਾਜਧਾਨੀ ਦਿੱਲੀ ਵਿੱਚ 80 ਕਿੱਲੋਗ੍ਰਾਮ ਤੋਂ ਵੱਧ ਕੋਕੀਨ ਜ਼ਬਤ ਕੀਤੀ ਸੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਤਕਰੀਬਨ 900 ਕਰੋੜ ਰੁਪਏ ਹੈ।
ਉਸੇ ਮਹੀਨੇ ਭਾਰਤੀ ਜਲ ਸੈਨਾ, ਗੁਜਰਾਤ ਏ.ਟੀ.ਐੱਸ. ਤੇ ਐੱਨ.ਸੀ.ਬੀ. ਨੇ ਗੁਜਰਾਤ ਤੱਟ ਤੋਂ 700 ਕਿੱਲੋਗ੍ਰਾਮ ਮੈਥਾਮਫ਼ੇਟਾਮਾਈਨ ਜ਼ਬਤ ਕੀਤੀ ਤੇ ਇਸ ਮਾਮਲੇ ਵਿੱਚ ਅੱਠ ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਅਕਤੂਬਰ 2024 ਵਿੱਚ ਵੀ ਦਿੱਲੀ ਪੁਲਿਸ ਨੇ ਪੱਛਮੀ ਦਿੱਲੀ ਦੇ ਇੱਕ ਗੋਦਾਮ ਤੋਂ 200 ਕਿੱਲੋਗ੍ਰਾਮ ਕੋਕੀਨ ਜ਼ਬਤ ਕੀਤੀ ਸੀ ਜਿਸ ਦੀ ਕੀਮਤ ਲਗਭਗ 2400 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਪਹਿਲਾਂ ਇੱਕ ਅਕਤੂਬਰ ਨੂੰ ਵੀ ਦਿੱਲੀ ਦੇ ਮਹੀਪਾਲਪੁਰ ਤੋਂ 562 ਕਿੱਲੋ ਕੋਕੀਨ ਬਰਾਮਦ ਹੋਈ ਸੀ। ਦੋਵਾਂ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਆਗੂ ਉਹੀ ਵਿਅਕਤੀ ਹੈ ਜੋ ਦੁਬਈ ਨਾਲ ਸਬੰਧਿਤ ਸੀ। ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਪੰਜਾਬ ਪੁਲਿਸ ਨੇ 153 ਵੱਡੇ ਆਪ੍ਰੇਟਰਾਂ ਸਮੇਤ 10,524 ਤਸਕਰਾਂ ਨੂੰ 13 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਸਮੇਤ 790 ਕਿੱਲੋਗ੍ਰਾਮ ਹੈਰੋਇਨ, 860 ਕਿੱਲੋਗ੍ਰਾਮ ਅਫ਼ੀਮ ਸਮੇਤ ਕਾਬੂ ਕੀਤਾ। ਸੰਨ 2024 ’ਚ ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋਂ 183 ਡ੍ਰੋਨ ਜ਼ਬਤ ਕੀਤੇ ਜੋ ਕਿ 2023 ਵਿੱਚ ਬਰਾਮਦ ਕੀਤੇ ਗਏ 107 ਡ੍ਰੋਨਾਂ ਤੋਂ ਕਿਤੇ ਵੱਧ ਹਨ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਪੰਜਾਬ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਇਰਾਨ ਦੇ ਅਖੌਤੀ ਗੋਲਡਨ ਕ੍ਰੀਸੈਂਟ ਤੋਂ ਤਸਕਰੀ ਕਰਨ ਵਾਲੇ ਨਸ਼ਿਆਂ ਦਾ ਇੱਕ ਆਵਾਜਾਈ ਪੁਆਇੰਟ ਅਤੇ ਬਾਜ਼ਾਰ ਹੈ।
ਹਿਮਾਚਲ ’ਚ ਵੀ ਪੁਲਿਸ ਨੇ 10 ਪੁਲਿਸ ਜ਼ਿਲ੍ਹਿਆਂ ’ਚ ਛਾਪੇਮਾਰੀ ਦੌਰਾਨ ਨਾਜਾਇਜ਼ ਨਸ਼ਾ ਤਸਕਰੀ ਦੇ ਮਾਮਲੇ ’ਚ 7 ਗ੍ਰਿਫ਼ਤਾਰੀਆਂ ਕੀਤੀਆਂ ਹਨ ਤੇ 100 ਗ੍ਰਾਮ ਚੂਰਾ-ਪੋਸਤ ਸਮੇਤ 10 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ। ਗੁਜਰਾਤ ਦੀ ਗੱਲ ਕਰੀਏ ਤਾਂ ਨੇਵੀ, ਐੱਨ.ਸੀ.ਬੀ., ਗੁਜਰਾਤ ਪੁਲਿਸ ਅਤੇ ਏ.ਟੀ.ਐੱਸ. ਦੀ ਸਾਂਝੀ ਟੀਮ ਨੇ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਫ਼ੜੀ ਸੀ ਅਤੇ ਇੱਕ ਕਿਸ਼ਤੀ ਵਿੱਚੋਂ 8 ਇਰਾਨੀ ਨਾਗਰਿਕਾਂ ਨੂੰ 700 ਕਿੱਲੋ ਮੈਥਾਮਫ਼ੇਟਾਮਾਈਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਪਗ 3500 ਕਰੋੜ ਰੁਪਏ ਦੱਸੀ ਜਾ ਰਹੀ ਹੈ। ਮਈ 2024 ’ਚ ਕੇਰਲ ਵਿੱਚ ਜ਼ਬਤ ਕੀਤੇ ਗਏ 2525 ਕਿੱਲੋ ਉੱਚ ਗੁਣਵੱਤਾ ਵਾਲੇ ਮੈਥਾਮਫ਼ੇਟਾਮਾਈਨ ਡਰੱਗ ਦੀ ਕੀਮਤ 25 ਹਜ਼ਾਰ ਕਰੋੜ ਰੁਪਏ ਦੱਸੀ ਜਾਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਉੱਚ ਸਾਖਰਤਾ ਦਰ ਦੇ ਬਾਵਜੂਦ ਕੇਰਲ ਵਰਗਾ ਸੂਬਾ ਵੀ ਨਸ਼ਿਆਂ ਦੀ ਲਪੇਟ ਵਿੱਚ ਹੈ। ਅੱਜ ਨਸ਼ਾ ਤਸਕਰ ਨਸ਼ੇ ਫ਼ੈਲਾਉਣ ਲਈ ਟੈਕਨਾਲੋਜੀ ਦਾ ਸਹਾਰਾ ਲੈ ਰਹੇ ਹਨ ਜਿਵੇਂ ਕਿ ਡ੍ਰੋਨ ਤਸਕਰੀ, ਕੋਡ ਵਰਡ, ਸੋਸ਼ਲ ਨੈੱਟਵਰਕਿੰਗ ਸਾਈਟਾਂ ਦੀ ਵਰਤੋਂ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਸਰਕਾਰ ਦੇ ਨਾਲ-ਨਾਲ ਸੁਪਰੀਮ ਕੋਰਟ ਨੇ ਵੀ ਦੇਸ਼ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਨ੍ਹਾਂ ਦੇ ਵਧ ਰਹੇ ਪ੍ਰਸਾਰ ਦਾ ਨੋਟਿਸ ਲਿਆ ਹੈ। ਲੋਕ ਜਾਗਰੂਕਤਾ ਮੁਹਿੰਮਾਂ, ਨਸ਼ਾ ਛੁਡਾਊ ਅਤੇ ਮੁੜ-ਵਸੇਬਾ ਪ੍ਰੋਗਰਾਮ ਚੱਲ ਰਹੇ ਹਨ ਤੇ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਚੱਲ ਰਹੀ ਹੈ। ਇਸ ਦੇ ਬਾਵਜੂਦ ਭਾਰਤ ਨਸ਼ਿਆਂ ਦਾ ਗੜ੍ਹ ਬਣ ਰਿਹਾ ਹੈ।
ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਨਸ਼ੇ ਬਹੁਤ ਹੀ ਗੁੰਝਲਦਾਰ ਤੇ ਬਹੁ-ਆਯਾਮੀ ਮੁੱਦਾ ਹਨ ਜੋ ਦੇਸ਼ ਦੀ ਜਨਤਕ ਸਿਹਤ ਤੇ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਨਸ਼ਿਆਂ ’ਚ ਲਗਾਤਾਰ ਵਾਧੇ ਕਾਰਨ ਨਿੱਜੀ ਜੀਵਨ ਵਿੱਚ ਉਦਾਸੀ, ਪਰਿਵਾਰਕ ਕਲੇਸ਼, ਪੇਸ਼ੇਵਰ ਅਯੋਗਤਾ ਤੇ ਸਮਾਜਿਕ ਸਹਿ-ਹੋਂਦ ਵਰਗੀਆਂ ਕਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਨਸ਼ਿਆਂ ਕਾਰਨ ਨਾ ਸਿਰਫ਼ ਧਨ-ਦੌਲਤ ਤੇ ਸਿਹਤ ਦਾ ਨੁਕਸਾਨ ਹੋ ਰਿਹਾ ਹੈ, ਦੇਸ਼ ਦੀ ਸਾਖ਼ ਵੀ ਦਾਅ ’ਤੇ ਲੱਗ ਰਹੀ ਹੈ। ਵਰਣਨਯੋਗ ਹੈ ਕਿ ਸਾਡੇ ਦੇਸ਼ ’ਚ ਨਾਰਕੋਟਿਕਸ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਲਾਗੂ ਕੀਤਾ ਗਿਆ ਸੀ ਜਿਸ ਨੂੰ ਪ੍ਰਭਾਵੀ ਬਣਾਉਣ ਲਈ 2014 ਵਿੱਚ ਇੱਕ ਸੋਧ ਬਿੱਲ ਲਿਆਂਦਾ ਗਿਆ ਸੀ। ਇਸ ਦੇ ਆਧਾਰ ’ਤੇ 2015 ’ਚ ਨਵਾਂ ਕਾਨੂੰਨ ਬਣਾਇਆ ਗਿਆ ਸੀ ਪਰ ਭਾਰਤੀ ਕਾਨੂੰਨ ਕੁਝ ਹੱਦ ਤੱਕ ਲਚਕਦਾਰ ਹੈ ਤੇ ਨਸ਼ਾ ਤਸਕਰ, ਡਰੱਗ ਮਾਫ਼ੀਆ ਕਾਨੂੰਨ ਦੀ ਲਚਕਤਾ, ਸਿਆਸੀ ਮਿਲੀਭੁਗਤ ਤੇ ਪ੍ਰਭਾਵ ਦਾ ਫ਼ਾਇਦਾ ਉਠਾ ਕੇ ਪੁਲਿਸ ਤੇ ਕਾਨੂੰਨ ਦੀ ਪਕੜ ਤੋਂ ਆਸਾਨੀ ਨਾਲ ਬਚ ਨਿਕਲਦੇ ਹਨ। ਭਾਰਤ ਨੂੰ ਸਿੰਗਾਪੁਰ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਜਿੱਥੇ ਨਸ਼ਾ ਵਿਰੋਧੀ ਕਾਨੂੰਨ ਸਾਰੀ ਦੁਨੀਆਂ ਤੋਂ ਸਖ਼ਤ ਹਨ। ਜ਼ਿਕਰਯੋਗ ਹੈ ਕਿ ਉੱਥੋਂ ਦੇ ਕਾਨੂੰਨ ਤਹਿਤ ਜੇ ਕੋਈ 500 ਗ੍ਰਾਮ ਤੋਂ ਵੱਧ ਗਾਂਜੇ ਜਾਂ 15 ਗ੍ਰਾਮ ਤੋਂ ਵੱਧ ਹੈਰੋਇਨ ਦੀ ਤਸਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।