ਭਾਰਤ ਵਿਚ 2024 ਅਤੇ 2025 ਵਿੱਚ ਵੇਸਵਾਗਮਨੀ ਦੀ ਸਥਿਤੀ ਪਹਿਲਾਂ ਨਾਲੋਂ ਵੀ ਹੋਈ ਤਰਸਯੋਗ

In ਮੁੱਖ ਖ਼ਬਰਾਂ
June 09, 2025
ਵੇਸਵਾਗਮਨੀ, ਸਮਾਜ ਦੀ ਉਹ ਨਰਕ-ਭਰੀ ਸੱਚਾਈ ਹੈ, ਜਿਸ ਨੂੰ ਨਾ ਤਾਂ ਪੂਰੀ ਤਰ੍ਹਾਂ ਸਵੀਕਾਰ ਕੀਤਾ ਜਾਂਦਾ, ਨਾ ਹੀ ਰੱਦ। ਭਾਰਤ ਵਿੱਚ ਇਸ ਦੀਆਂ ਜੜ੍ਹਾਂ 2600 ਸਾਲ ਪੁਰਾਣੀਆਂ ਹਨ, ਜਦੋਂ ਵੈਦਿਕ ਯੁਗ ਵਿੱਚ ‘ਗਣਿਕਾ’ ਅਤੇ ‘ਨਗਰਵਧੂ’ ਸਮਾਜ ਵਿੱਚ ਮਾਨਤਾ ਪ੍ਰਾਪਤ ਸਨ। ਮੁਗਲਕਾਲ ਵਿੱਚ ‘ਤਵਾਇਫ’ ਦੇ ਰੂਪ ਵਿੱਚ ਇਹ ਔਰਤਾਂ ਸ਼ਾਹੀ ਦਰਬਾਰਾਂ ਦੀ ਸ਼ਾਨ ਸਨ, ਪਰ ਅੱਜ ਇਹ ਪੇਸ਼ਾ ਸਮਾਜ ਦੀਆਂ ਸੀਮਾਵਾਂ ਵਿੱਚ ਜਕੜਿਆ, ਬੇਵਸੀ ਅਤੇ ਦੁਖਾਂਤ ਦੀ ਇੱਕ ਸਿਆਹ ਗਾਥਾ ਬਣ ਚੁੱਕਿਆ ਹੈ। ਮੁੰਬਈ ਦੇ ਕਮਾਠੀਪੁਰਾ, ਕੋਲਕਾਤਾ ਦੇ ਸੋਨਾਗਾਛੀ, ਅਤੇ ਦਿੱਲੀ ਦੇ ਜੀ.ਬੀ. ਰੋਡ ਵਰਗੇ ਰੈਡ ਲਾਈਟ ਖੇਤਰ ਇਸ ਸੱਚਾਈ ਦੀ ਜੀਵੰਤ ਮਿਸਾਲ ਹਨ। 2024 ਅਤੇ 2025 ਵਿੱਚ ਵੇਸਵਾਗਮਨੀ ਦੀ ਸਥਿਤੀ ਪਹਿਲਾਂ ਨਾਲੋਂ ਵੀ ਤਰਸਯੋਗ ਹੋ ਚੁੱਕੀ ਹੈ। ਆਰਥਿਕ ਸੰਕਟ, ਸਮਾਜਕ ਬਾਈਕਾਟ, ਅਤੇ ਤਕਨੀਕੀ ਤਰੱਕੀ ਨੇ ਇਸ ਪੇਸ਼ੇ ਨੂੰ ਨਵੀਆਂ ਚੁਣੌਤੀਆਂ ਨਾਲ ਜੋੜ ਦਿੱਤਾ। ਮੁੰਬਈ ਦੇ ਕਮਾਠੀਪੁਰਾ, ਜੋ 1880 ਵਿੱਚ ਬ੍ਰਿਟਿਸ਼ ਅਫਸਰਾਂ ਦੀਆਂ ਜ਼ਰੂਰਤਾਂ ਲਈ ਸਥਾਪਤ ਹੋਇਆ ਸੀ, ਅਤੇ ਕੋਲਕਾਤਾ ਦੇ ਸੋਨਾਗਾਛੀ ਵਿੱਚ ਸੈਕਸ ਵਰਕਰਾਂ ਦੀ ਜ਼ਿੰਦਗੀ ਅੱਜ ਵੀ ਬੇਹੱਦ ਨਾਜ਼ੁਕ ਹੈ। ਕਮਾਠੀਪੁਰਾ ਵਿੱਚ, ਜਿੱਥੇ 1980 ਦੇ ਦਹਾਕੇ ਵਿੱਚ ਹਜ਼ਾਰਾਂ ਸੈਕਸ ਵਰਕਰ ਸਨ, ਅੱਜ ਗਿਣਤੀ ਘਟਕੇ ਲਗਭਗ 2000-3000 ਰਹਿ ਗਈ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮਾਂ ਅਤੇ ਐਸਕਾਰਟ ਸਰਵਿਸਾਂ ਦਾ ਵਧਣਾ ਵੀ ਹੈ। ਨਵੀਂ ਪੀੜ੍ਹੀ ਦੇ ਸੈਕਸ ਵਰਕਰ ਸੋਸ਼ਲ ਮੀਡੀਆ ਅਤੇ ਐਪਸ ਦੀ ਵਰਤੋਂ ਕਰਕੇ ਗਾਹਕ ਲੱਭਦੇ ਹਨ, ਜਿਸ ਨੇ ਪਰੰਪਰਾਗਤ ਰੈਡ ਲਾਈਟ ਖੇਤਰਾਂ ਦੀ ਰੌਣਕ ਘਟਾ ਦਿੱਤੀ ਹੈ। ਪਰ ਇਸ ਤਕਨੀਕੀ ਸੁਧਾਰ ਨੇ ਸੈਕਸ ਵਰਕਰਾਂ ਦੀ ਜ਼ਿੰਦਗੀ ਨੂੰ ਸੁਖਾਲਾ ਨਹੀਂ ਕੀਤਾ। ਉਹ ਅਜੇ ਵੀ ਪੁਲਿਸ ਦੀ ਪ੍ਰੇਸ਼ਾਨੀ, ਦਲਾਲਾਂ ਦੇ ਸ਼ੋਸ਼ਣ, ਅਤੇ ਸਮਾਜਕ ਬਾਈਕਾਟ ਦਾ ਸ਼ਿਕਾਰ ਹਨ। ਸੋਨਾਗਾਛੀ, ਜਿੱਥੇ 11,000 ਤੋਂ ਵੱਧ ਸੈਕਸ ਵਰਕਰ ਕੰਮ ਕਰਦੇ ਹਨ, ਵਿੱਚ ਵੀ ਹਾਲਾਤ ਬਦਲੇ ਨਹੀਂ। ਇੱਥੇ ਵਸਦੀਆਂ ਔਰਤਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇਪਾਲ, ਬੰਗਲਾਦੇਸ਼, ਜਾਂ ਪੱਛਮੀ ਬੰਗਾਲ ਦੇ ਪੇਂਡੂ ਖੇਤਰਾਂ ਤੋਂ ਹਨ, ਨੂੰ ਅਕਸਰ ਜਬਰੀ ਇਸ ਪੇਸ਼ੇ ਵਿੱਚ ਧੱਕਿਆ ਜਾਂਦਾ। 2024 ਦੀ ਇੱਕ ਰਿਪੋਰਟ ਮੁਤਾਬਕ, ਸੋਨਾਗਾਛੀ ਵਿੱਚ 30% ਸੈਕਸ ਵਰਕਰਾਂ ਦੀ ਉਮਰ 18 ਸਾਲ ਤੋਂ ਘੱਟ ਸੀ, ਜੋ ਮਨੁੱਖੀ ਤਸਕਰੀ ਦੀ ਭਿਆਨਕ ਸੱਚਾਈ ਨੂੰ ਦਰਸਾਉਂਦੀ ਹੈ।ਅਮਲਨੇਰ, ਮਹਾਰਾਸ਼ਟਰ ਦੀ ਹਰਦਾਸੀ ਬਸਤੀ ਵਿੱਚ ਵੀ ਸਥਿਤੀ ਤਰਸਯੋਗਹੈ। 150 ਸਾਲ ਪੁਰਾਣੀ ਇਸ ਬਸਤੀ ਵਿੱਚ ਵਸਦੀਆਂ ਵੇਸਵਾਵਾਂ, ਜੋ ਜ਼ਿਆਦਾਤਰ ਮੁਸਲਿਮ ਹਰਦਾਸੀ ਭਾਈਚਾਰੇ ਨਾਲ ਸਬੰਧਿਤ ਹਨ, ਨੇ ਪੀੜ੍ਹੀਆਂ ਤੋਂ ਇਹ ਪੇਸ਼ਾ ਅਪਣਾਇਆ। ਪਰ ਮੁਜਰੇ ਦੇ ਸਭਿਆਚਾਰ ਦੇ ਖਤਮ ਹੋਣ ਅਤੇ ਮਨੋਰੰਜਨ ਦੇ ਨਵੇਂ ਸਾਧਨਾਂ ਦੇ ਆਉਣ ਨੇ ਇਨ੍ਹਾਂ ਔਰਤਾਂ ਦੀ ਜ਼ਿੰਦਗੀ ਨੂੰ ਹੋਰ ਮੁਸ਼ਕਿਲ ਬਣਾ ਦਿੱਤਾ। ਗਾਹਕਾਂ ਦੀ ਘਟਦੀ ਗਿਣਤੀ ਅਤੇ ਸਥਾਨਕ ਵਿਰੋਧ ਨੇ ਇਨ੍ਹਾਂ ਦੀ ਰੋਜ਼ੀ-ਰੋਟੀ ’ਤੇ ਸਵਾਲ ਖੜੇ ਕਰ ਦਿੱਤੇ ਹਨ। ਸੈਕਸ ਵਰਕਰਾਂ ਦੇ ਬੱਚੇ ਸਮਾਜ ਦੀ ਸਭ ਤੋਂ ਅਣਗੌਲੀਆਂ ਗਈ ਸ਼੍ਰੇਣੀ ਵਿੱਚੋਂ ਇੱਕ ਹਨ। ਇਹ ਬੱਚੇ ਨਾ ਸਿਰਫ਼ ਸਮਾਜੀ ਬਾਈਕਾਟ ਦਾ ਸ਼ਿਕਾਰ ਹੁੰਦੇ ਹਨ, ਸਗੋਂ ਸਿੱਖਿਆ, ਸਿਹਤ, ਅਤੇ ਮੁੱਢਲੀਆਂ ਸਹੂਲਤਾਂ ਤੋਂ ਵੀ ਵੰਚਿਤ ਰਹਿੰਦੇ ਹਨ। 2024 ਦੀ ਇੱਕ ਗੈਰ-ਸਰਕਾਰੀ ਸੰਗਠਨ ਦੀ ਰਿਪੋਰਟ ਮੁਤਾਬਕ, ਕਮਾਠੀਪੁਰਾ ਅਤੇ ਸੋਨਾਗਾਛੀ ਵਰਗੇ ਖੇਤਰਾਂ ਵਿੱਚ ਸੈਕਸ ਵਰਕਰਾਂ ਦੇ ਲਗਭਗ 70% ਬੱਚੇ ਸਕੂਲ ਨਹੀਂ ਜਾਂਦੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚਿਆਂ ਨੂੰ ਜਾਂ ਤਾਂ ਬਾਲ ਮਜ਼ਦੂਰੀ ਵਿੱਚ ਧੱਕਿਆ ਜਾਂਦਾ, ਜਾਂ ਫਿਰ ਉਹ ਆਪਣੀਆਂ ਮਾਵਾਂ ਦੇ ਪੇਸ਼ੇ ਵਿੱਚ ਸ਼ਾਮਲ ਹੋ ਜਾਂਦੇ ਹਨ। ਸੈਕਸ ਵਰਕਰਾਂ ਦੇ ਬੱਚਿਆਂ ਨੂੰ ਅਕਸਰ “ਵੇਸਵਾ ਜਾਂ ਹਰਾਮ ਦੀ ਔਲਾਦ” ਕਹਿ ਕੇ ਤੰਗ ਕੀਤਾ ਜਾਂਦਾ, ਜਿਸ ਕਾਰਨ ਉਹ ਸਮਾਜੀ ਤੌਰ ’ਤੇ ਅਲੱਗ-ਥਲੱਗ ਹੋ ਜਾਂਦੇ ਹਨ।ਸਰਕਾਰ ਅਤੇ ਕੁਝ ਗੈਰ-ਸਰਕਾਰੀ ਸੰਗਠਨਾਂ ਨੇ ਇਨ੍ਹਾਂ ਬੱਚਿਆਂ ਲਈ ਸਿੱਖਿਆ ਅਤੇ ਪੁਨਰਵਾਸ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹਨ, ਪਰ ਇਹ ਸਕੀਮਾਂ ਜ਼ਮੀਨੀ ਪੱਧਰ ’ਤੇ ਅਸਰਦਾਰ ਨਹੀਂ ਹਨ। 2025 ਵਿੱਚ, ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਸੈਕਸ ਵਰਕਰਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਮੁਫਤ ਦਾਖਲਾ ਅਤੇ ਸਕਾਲਰਸ਼ਿਪ ਦੇਣ ਦੀ ਯੋਜਨਾ ਸ਼ੁਰੂ ਹੋਈ ਸੀ, ਪਰ ਸਕੂਲ ਪ੍ਰਸ਼ਾਸਨ ਦੀ ਅਰੁਚੀ ਨੇ ਇਸ ਨੂੰ ਅਖੋਂ ਪਰੌਖੇ ਕਰ ਦਿੱਤਾ। ਵੇਸਵਾਗਮਨੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਸਵਾਲ ਸਦੀਆਂ ਤੋਂ ਸਮਾਜ ਅਤੇ ਸਰਕਾਰ ਦੇ ਸਾਹਮਣੇ ਹੈ। ਭਾਰਤ ਵਿੱਚ ਵੇਸਵਾਗਮਨੀ ਨੂੰ ਅਨੈਤਿਕ ਵਪਾਰ (ਰੋਕਥਾਮ) ਅਧਿਨਿਯਮ, 1956 ਅਧੀਨ ਨਿਯਮਿਤ ਕੀਤਾ ਜਾਂਦਾ ਹੈ। ਇਹ ਕਾਨੂੰਨ ਵੇਸਵਾਗਮਨੀ ਨੂੰ ਗੈਰ-ਕਾਨੂੰਨੀ ਨਹੀਂ ਮੰਨਦਾ, ਸਗੋਂ ਇਸ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਵੇਸ਼ਆਲਿਆਂ ਦਾ ਸੰਚਾਲਨ, ਦਲਾਲੀ, ਅਤੇ ਜਨਤਕ ਸਥਾਨਾਂ ’ਤੇ ਗਾਹਕ ਲੱਭਣ ਨੂੰ ਅਪਰਾਧ ਮੰਨਦਾ। ਪਰ ਇਸ ਕਾਨੂੰਨ ਦੀ ਅਮਲਦਾਰੀ ਬਹੁਤ ਕਮਜ਼ੋਰ ਹੈ। ਜੇ ਇਹ ਪੇਸ਼ਾ ਬੰਦ ਕਰ ਦਿੱਤਾ ਜਾਵੇ, ਤਾਂ ਇਨ੍ਹਾਂ ਔਰਤਾਂ ਲਈ ਬਦਲਵੇਂ ਰੁਜ਼ਗਾਰ ਦਾ ਸਰਕਾਰ ਵਲੋਂ ਪ੍ਰਬੰਧ ਨਹੀਂ। ਸਰਕਾਰੀ ਪੁਨਰਵਾਸ ਸਕੀਮਾਂ ਕਾਗਜ਼ੀ ਜ਼ਿਆਦਾ ਹਨ, ਅਤੇ ਜ਼ਮੀਨੀ ਪੱਧਰ ’ਤੇ ਅਮਲ ਨਹੀਂ ਹੁੰਦਾ। ਕਈ ਲੋਕਾਂ ਦਾ ਮੰਨਣਾ ਹੈ ਕਿ ਜੇ ਇਹ ਪੇਸ਼ਾ ਬੰਦ ਹੋਵੇ, ਤਾਂ ਮਨੁੱਖੀ ਤਸਕਰੀ ਅਤੇ ਅੰਡਰਗਰਾਊਂਡ ਸੈਕਸ ਵਪਾਰ ਵਧ ਸਕਦਾ, ਜੋ ਹੋਰ ਵੀ ਖਤਰਨਾਕ ਹੈ। ਸੁਪਰੀਮ ਕੋਰਟ ਨੇ 2011 ਅਤੇ 2022 ਵਿੱਚ ਸੈਕਸ ਵਰਕਰਾਂ ਨੂੰ ਅਨੁਛੇਦ 21 ਅਧੀਨ ਜੀਵਨ ਅਤੇ ਸੁਤੰਤਰਤਾ ਦਾ ਅਧਿਕਾਰ ਦਿੱਤਾ ਹੈ। ਅਦਾਲਤ ਨੇ ਸੈਕਸ ਵਰਕਰ ਨੂੰ ‘ਪੇਸ਼ੇ’ ਵਜੋਂ ਮਾਨਤਾ ਦਿੱਤੀ, ਜਿਸ ਕਾਰਨ ਇਸ ਨੂੰ ਪੂਰੀ ਤਰ੍ਹਾਂ ਬੰਦ ਕਰਨਾ ਕਾਨੂੰਨੀ ਤੌਰ ’ਤੇ ਮੁਸ਼ਕਿਲ ਹੈ। ਕਈ ਰੈਡ ਲਾਈਟ ਖੇਤਰਾਂ ਵਿੱਚ ਪੁਲਿਸ ਅਤੇ ਸਥਾਨਕ ਨੇਤਾਵਾਂ ਦੀ ਮਿਲੀਭੁਗਤ ਦੀਆਂ ਰਿਪੋਰਟਾਂ ਹਨ। ਇਹ ਧੰਦਾ ਅੰਡਰਗਰਾਊਂਡ ਕਾਲੀ ਆਰਥਿਕਤਾ ਦਾ ਹਿੱਸਾ ਹੈ, ਜਿਸ ਨਾਲ ਸਰਕਾਰੀ ਅਮਲੇ ਦਾ ਇੱਕ ਹਿੱਸਾ ਲਾਭ ਲੈਂਦਾ। ਸੈਕਸ ਵਰਕਰਾਂ ਨੂੰ ਸਮਾਜ ਵਿੱਚ “ਕਲੰਕਿਤ ਔਰਤਾਂ” ਮੰਨਿਆ ਜਾਂਦਾ। ਉਹ ਨਾ ਸਿਰਫ਼ ਸਮਾਜਕ ਬਾਈਕਾਟ ਦਾ ਸ਼ਿਕਾਰ ਹੁੰਦੀਆਂ, ਸਗੋਂ ਅਕਸਰ ਪੁਲਿਸ ਅਤੇ ਸਥਾਨਕ ਲੋਕਾਂ ਦੁਆਰਾ ਪ੍ਰੇਸ਼ਾਨ ਵੀ ਕੀਤੀਆਂ ਜਾਂਦੀਆਂ ਹਨ। ਅਮਲਨੇਰ ਵਿੱਚ, ਸਥਾਨਕ ਲੋਕਾਂ ਨੇ ਵੇਸਵਾਵਾਂ ਨੂੰ ਬਸਤੀ ਛੱਡਣ ਲਈ ਮਜਬੂਰ ਕੀਤਾ ਸੀ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈਸੀ। ਏਡਜ, ਸਿਫਿਲਸ, ਅਤੇ ਹੋਰ ਜਿਨਸੀ ਬਿਮਾਰੀਆਂ ਸੈਕਸ ਵਰਕਰਾਂ ਵਿੱਚ ਆਮ ਹਨ। ਸਿਹਤ ਸਹੂਲਤਾਂ ਦੀ ਘਾਟ ਅਤੇ ਮਹਿੰਗੀ ਦਵਾਈਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਹੋਰ ਜੋਖਮ ਵਿੱਚ ਪਾਇਆ ਹੈ। ਕਮਾਠੀਪੁਰਾ ਵਿੱਚ, 2024 ਦੀ ਇੱਕ ਸਰਵੇਖਣ ਰਿਪੋਰਟ ਮੁਤਾਬਕ, 40% ਸੈਕਸ ਵਰਕਰਾਂ ਨੂੰ ਕਿਸੇ ਨਾ ਕਿਸੇ ਜਿਨਸੀ ਬਿਮਾਰੀ ਨਾਲ ਜੂਝਣਾ ਪੈਂਦਾ ਹੈ। ਸਰਕਾਰ ਨੂੰ ਪੁਨਰਵਾਸ ਦੀਆਂ ਅਸਰਦਾਰ ਸਕੀਮਾਂ, ਵੋਕੇਸ਼ਨਲ ਟ੍ਰੇਨਿੰਗ, ਅਤੇ ਸਮਾਜੀ ਸੁਰੱਖਿਆ ਪ੍ਰਦਾਨ ਕਰਨੀ ਚਾਹੀਦੀ ਹੈ। ਨਾਲ ਹੀ, ਮਨੁੱਖੀ ਤਸਕਰੀ ਅਤੇ ਜਬਰੀ ਸੈਕਸ ਵਰਕ ਨੂੰ ਰੋਕਣ ਲਈ ਸਖਤ ਕਾਨੂੰਨੀ ਕਾਰਵਾਈ ਦੀ ਜ਼ਰੂਰਤ ਹੈ।

Loading