ਭਾਰਤ ਵਿੱਚ ਕਿਉਂ ਵਧ ਰਹੇ ਨੇ ਫਿਰਕੂ ਤਣਾਅ?

In ਮੁੱਖ ਖ਼ਬਰਾਂ
January 03, 2026

ਨਿਊਜ਼ ਵਿਸ਼ਲੇਸ਼ਣ

ਭਾਰਤ ਵਿੱਚ ਫਿਰਕੂ ਤਣਾਅ ਅਤੇ ਨਫਰਤੀ ਭਾਸ਼ਣਾਂ ਦੀ ਵਧ ਰਹੀ ਗਿਣਤੀ ਨੇ ਭਾਰਤ ਨੂੰ ਇੱਕ ਨਵੇਂ ਸੰਕਟ ਵੱਲ ਧੱਕ ਦਿੱਤਾ ਹੈ। ਹਾਲ ਹੀ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮ ‘ਐੱਕਸ’ (ਪਹਿਲਾਂ ਟਵਿੱਟਰ) ’ਤੇ ਅਪਲੋਡ ਕੀਤੇ ਗਏ ਕਈ ਵੀਡੀਓਜ਼ ਨੇ ਇਸ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਨ੍ਹਾਂ ਵੀਡੀਓਜ਼ ਵਿੱਚ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਵਰਗੇ ਘੱਟ ਗਿਣਤੀ ਸਮੂਹਾਂ ਵਿਰੁੱਧ ਖੁੱਲ੍ਹੇਆਮ ਹਿੰਸਾ ਦੇ ਸੱਦੇ ਦਿੱਤੇ ਜਾ ਰਹੇ ਹਨ। ਇੱਕ ਵੀਡੀਓ ਵਿੱਚ ਮਹਾਂਮੰਡਲੇਸ਼ਵਰ ਯਤੀ ਨਰਸਿੰਹਾਨੰਦ ਗਿਰੀ ਨੇ ਕਿਹਾ ਕਿ ਹਿੰਦੂਆਂ ਨੂੰ ਤਲਵਾਰਾਂ ਵੰਡਣ ਨਾਲ ਕੁਝ ਨਹੀਂ ਹੋਵੇਗਾ, ਬਲਕਿ ਉਨ੍ਹਾਂ ਨੂੰ ਆਤਮਘਾਤੀ ਦਸਤੇ ਬਣਾਉਣੇ ਚਾਹੀਦੇ ਹਨ ਅਤੇ ਆਈ.ਐੱਸ.ਆਈ.ਐੱਸ. ਵਰਗੇ ਸੰਗਠਨ ਬਣਾਉਣੇ ਚਾਹੀਦੇ ਹਨ। ਇਹ ਵੀਡੀਓ ਦਸੰਬਰ 2025 ਦੇ ਅਖੀਰ ਵਿੱਚ ਵਾਇਰਲ ਹੋਇਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਨਫਰਤੀ ਭਾਸ਼ਣ ਵਜੋਂ ਵੇਖਿਆ ਸੀ।
ਯਤੀ ਨਰਸਿੰਹਾਨੰਦ ਪਹਿਲਾਂ ਵੀ ਅਜਿਹੇ ਬਿਆਨਾਂ ਲਈ ਵਿਵਾਦ ਵਿੱਚ ਰਹੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਇੱਕ ਪ੍ਰੋਟੈਸਟ ਵਿੱਚ ਮੁਸਲਮਾਨਾਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ, ਜਿਵੇਂ ਕਿ ਉਨ੍ਹਾਂ ਨੂੰ ‘ਮੁੱਲਾਂ’ ਕਹਿ ਕੇ ਬੁਲਾਉਣਾ ਅਤੇ ਹਿੰਦੂ ਘਰਾਂ ਵਿੱਚ ਉਨ੍ਹਾਂ ਨੂੰ ਨਾ ਵੜਨ ਦੇਣਾ। ਇਸ ਨਾਲ ਸਮਾਜ ਵਿੱਚ ਵੰਡ ਵਧ ਰਹੀ ਹੈ। ਇਸੇ ਤਰ੍ਹਾਂ, ਰਿਸ਼ਭ ਓਝਾ ਨਾਂ ਦੇ ਇੱਕ ਫਿਰਕੂ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਮੁਸਲਮਾਨਾਂ ਨਾਲ ਦੋਸਤੀ ਕਰੋ, ਉਨ੍ਹਾਂ ਨੂੰ ਅਗਵਾ ਕਰੋ ਅਤੇ ਤੇਜ਼ਾਬ ਨਾਲ ਟਾਰਚਰ ਕਰੋ। ਇਹ ਵੀਡੀਓ ਵੀ ਦਸੰਬਰ 2025 ਵਿੱਚ ਵਾਇਰਲ ਹੋਇਆ ਅਤੇ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਕਿ ਮੁੰਬਈ ਅਤੇ ਦਿੱਲੀ ਪੁਲਿਸ ਉਸ ਵਿਰੁੱਧ ਕਾਰਵਾਈ ਕਰੇ। ਰਿਸ਼ਭ ਨੇ ਆਪਣੇ ਵੀਡੀਓ ਵਿੱਚ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਮੁਸਲਮਾਨਾਂ ਨੂੰ ਟਾਰਚਰ ਕਰ ਚੁੱਕਾ ਹੈ, ਜਿਸ ਨਾਲ ਘੱਟ ਗਿਣਤੀ ਸਮੂਹਾਂ ਵਿੱਚ ਡਰ ਵਧ ਗਿਆ ਹੈ।
ਗਾਜ਼ੀਆਬਾਦ ਵਿੱਚ ਹਿੰਦੂ ਰਖਸ਼ਾ ਦਲ ਦੇ ਕਾਰਕੁੰਨਾਂ ਨੇ ਜਨਤਕ ਥਾਂ ਤੇ ਤਲਵਾਰਾਂ ਅਤੇ ਹਥਿਆਰ ਵੰਡੇ। ਇੱਕ ਵੀਡੀਓ ਵਿੱਚ ਉਹ ਮੁਸਲਮਾਨਾਂ ਵਿਰੁੱਧ ਨਫਰਤ ਫੈਲਾਉਂਦੇ ਨਜ਼ਰ ਆ ਰਹੇ ਹਨ। ਪੁਲਿਸ ਨੇ 10 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਪਰ ਗਰੁਪ ਦਾ ਲੀਡਰ ਭੁਪਿੰਦਰ ਚੌਧਰੀ ਅਜੇ ਵੀ ਫਰਾਰ ਹੈ। ਇਸ ਘਟਨਾ ਨੇ ਦਸੰਬਰ 2025 ਵਿੱਚ ਵੱਡਾ ਵਿਵਾਦ ਖੜ੍ਹਾ ਕੀਤਾ ਸੀ। ਫਰੀਦਾਬਾਦ ਤੋਂ ਗਾਇਕ ਸੁਰਿੰਦਰ ਰਾਵਤ ਨੇ ਆਪਣੇ ਗੀਤ ਵਿੱਚ ਗਊ ਰੱਖਿਆ ਦੇ ਨਾਂ ਤੇ ਭੀੜ ਹਿੰਸਾ ਨੂੰ ਉਕਸਾਇਆ ਸੀ, ਜਿਸ ਵਿੱਚ ਭਗਵੇ ਝੰਡੇ ਅਤੇ ਹਿੰਸਕ ਸੀਨ ਵਿਖਾਏ ਗਏ ਸਨ। ਇਹ ਵੀਡੀਓਜ਼ ਨੇ ਨਾ ਸਿਰਫ਼ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਚਿੰਤਾ ਵਧਾਈ ਹੈ। ਸੋਸ਼ਲ ਮੀਡੀਆ ਤੇ ਇਹ ਨਫਰਤ ਫੈਲਾਉਣ ਵਾਲੇ ਵੀਡੀਓਜ਼ ਹਜ਼ਾਰਾਂ ਵਾਰ ਸ਼ੇਅਰ ਕੀਤੇ ਜਾ ਰਹੇ ਹਨ, ਜਿਸ ਨਾਲ ਨੌਜਵਾਨਾਂ ਵਿੱਚ ਗਲਤ ਭਾਵਨਾਵਾਂ ਵਧ ਰਹੀਆਂ ਹਨ। ਬਹੁਤ ਸਾਰੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੈਗ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ ਪਰ ਅਜੇ ਤੱਕ ਕੋਈ ਵੱਡੀ ਕਾਰਵਾਈ ਨਹੀਂ ਵਿਖਾਈ ਦਿੰਦੀ। ਇਹ ਘਟਨਾਵਾਂ ਦਸੰਬਰ 25, 2025 ਤੋਂ ਜਨਵਰੀ 2, 2026 ਤੱਕ ਵੱਖ-ਵੱਖ ਰਾਜਾਂ ਵਿੱਚ ਵਾਪਰੀਆਂ ਹਨ ਅਤੇ ਇਨ੍ਹਾਂ ਨੇ ਦੇਸ਼ ਦੇ ਫਿਰਕੂ ਮਾਹੌਲ ਨੂੰ ਹੋਰ ਖਰਾਬ ਕੀਤਾ ਹੈ।

ਇਸਾਈ ਅਤੇ ਮੁਸਲਮਾਨਾਂ ਉੱਤੇ ਵਧ ਰਹੇ ਫਿਰਕੂ ਹਮਲੇ: 2025 ਦੇ ਅੰਕੜੇ ਅਤੇ ਘਟਨਾਵਾਂ
2025 ਵਿੱਚ ਭਾਰਤ ਵਿੱਚ ਇਸਾਈ ਅਤੇ ਮੁਸਲਮਾਨਾਂ ਉੱਤੇ ਹਮਲੇ ਤੇਜ਼ੀ ਨਾਲ ਵਧੇ ਹਨ। ਯੂਨਾਈਟਿਡ ਕ੍ਰਿਸਚੀਅਨ ਫੋਰਮ ਦੇ ਅੰਕੜਿਆਂ ਅਨੁਸਾਰ, ਜਨਵਰੀ ਤੋਂ ਨਵੰਬਰ ਤੱਕ 706 ਇਸਾਈਆਂ ਵਿਰੁੱਧ ਹਿੰਸਾ ਦੇ ਮਾਮਲੇ ਦਰਜ ਹੋਏ ਹਨ। ਇਨ੍ਹਾਂ ਵਿੱਚ ਚਰਚਾਂ ਤੇ ਹਮਲੇ, ਪ੍ਰਾਰਥਨਾ ਸਭਾਵਾਂ ਵਿੱਚ ਵਿਘਨ ਅਤੇ ਨਫਰਤੀ ਭਾਸ਼ਣ ਸ਼ਾਮਲ ਹਨ। ਕ੍ਰਿਸਮਸ 2025 ਦੌਰਾਨ ਇਹ ਹਮਲੇ ਵੱਧ ਗਏ ਸਨ। ਉੱਤਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਰਾਜਾਂ ਵਿੱਚ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਦਾਹਰਨ ਵਜੋਂ, 20 ਦਸੰਬਰ ਨੂੰ ਜਬਲਪੁਰ ਵਿੱਚ ਇੱਕ ਚਰਚ ਵਿੱਚ ਹਿੰਦੂਤਵ ਗਰੂਪ ਨੇ ਹਮਲਾ ਕੀਤਾ ਅਤੇ ਇੱਕ ਅੰਨ੍ਹੀ ਔਰਤ ਨੂੰ ਵੀ ਨਹੀਂ ਬਖਸ਼ਿਆ। ਰਾਇਪੁਰ ਵਿੱਚ 24 ਦਸੰਬਰ ਨੂੰ ਇੱਕ ਮਾਲ ਵਿੱਚ ਕ੍ਰਿਸਮਸ ਡੈਕੋਰੇਸ਼ਨ ਨੂੰ ਤੋੜਿਆ ਗਿਆ ਅਤੇ ਸਟਾਫ ਨੂੰ ਮਾਰਿਆ ਗਿਆ। ਅਸਾਮ ਵਿੱਚ ਇੱਕ ਸਕੂਲ ਵਿੱਚ ਨੈਟੀਵਿਟੀ ਕ੍ਰਿਬ ਨੂੰ ਤੋੜਿਆ ਗਿਆ। ਇਹ ਘਟਨਾਵਾਂ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਗਰੂਪਾਂ ਨਾਲ ਜੁੜੀਆਂ ਹਨ।
ਮੁਸਲਮਾਨਾਂ ੳੱੁਪਰ ਵੀ ਹਿੰਸਾ ਵਧੀ ਹੈ। 2025 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਭੀੜ ਨੇ ਪੰਜ ਮੁਸਲਮਾਨਾਂ ਨੂੰ ਮਾਰ ਦਿੱਤਾ ਗਿਆ ਅਤੇ ਕਈ ਜ਼ਖਮੀ ਕੀਤੇ। ਜਨਵਰੀ ਤੋਂ ਜੁਲਾਈ ਤੱਕ ਇਸਾਈਆਂ ਤੇ 334 ਮਾਮਲੇ ਦਰਜ ਹੋਏ ਪਰ ਮੁਸਲਮਾਨਾਂ ’ਤੇ ਵੀ ਅਜਿਹੇ ਅੰਕੜੇ ਵਧ ਰਹੇ ਹਨ। ਓਪਨ ਡੋਰਜ਼ ਨੇ 2025 ਵਿੱਚ 2900 ਤੋਂ ਵੱਧ ਪਰਸੀਕਿਊਸ਼ਨ ਘਟਨਾਵਾਂ ਰਿਪੋਰਟ ਕੀਤੀਆਂ ਹਨ। ਦਸੰਬਰ 2025 ਵਿੱਚ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹਮਲਿਆਂ ਦੇ ਵਿਰੋਧ ਵਿੱਚ ਭਾਰਤ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗਾਜ਼ੀਆਬਾਦ ਵਿੱਚ ਹਿੰਦੂ ਰਖਸ਼ਾ ਦਲ ਨੇ ਤਲਵਾਰਾਂ ਵੰਡੀਆਂ ਅਤੇ ਮੁਸਲਮਾਨਾਂ ਨੂੰ ਧਮਕੀਆਂ ਦਿੱਤੀਆਂ। ਇਹ ਹਮਲੇ ਬੀਜੇਪੀ ਸ਼ਾਸਿਤ ਰਾਜਾਂ ਵਿੱਚ ਵੱਧ ਹਨ, ਜਿੱਥੇ ਐਂਟੀ-ਕਨਵਰਜ਼ਨ ਲਾਅ ਨੂੰ ਬਹਾਨਾ ਬਣਾ ਕੇ ਘੱਟ ਗਿਣਤੀਆਂ ਨੂੰ ਤੰਗ ਕੀਤਾ ਜਾਂਦਾ ਹੈ। ਯੂਐੱਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡੰਮ ਨੇ ਭਾਰਤ ਨੂੰ ‘ਕੰਟਰੀ ਆਫ ਪਾਰਟੀਕੂਲਰ ਕਨਸਰਨ’ ਵਜੋਂ ਨਾਮਜ਼ਦ ਕੀਤਾ ਹੈ। ਇਨ੍ਹਾਂ ਘਟਨਾਵਾਂ ਨੇ ਸੰਵਿਧਾਨਕ ਮੂਲਾਂ ਨੂੰ ਚੁਣੌਤੀ ਦਿੱਤੀ ਹੈ ਅਤੇ ਸਮਾਜ ਵਿੱਚ ਵੰਡ ਵਧਾਈ ਹੈ।
ਸਿੱਖਾਂ ਵਿਰੁੱਧ ਸੋਸ਼ਲ ਮੀਡੀਆ ਤੇ ਹਿੰਦੂਤਵ ਗਰੂਪਾਂ ਦੀ ਨਫ਼ਰਤੀ ਮੁਹਿੰਮ
ਸਿੱਖਾਂ ਵਿਰੁੱਧ ਨਫਰਤ ਵੀ 2025-2026 ਵਿੱਚ ਵਧੀ ਹੈ, ਖਾਸ ਕਰਕੇ ਹਿੰਦੂਤਵ ਗਰੁੱਪਾਂ ਵੱਲੋਂ ਸੋਸ਼ਲ ਮੀਡੀਆ ’ਤੇ ਫੈਲਾਈ ਜਾ ਰਹੀ ਹੈ। ਖ਼ਾਲਿਸਤਾਨ ਨੂੰ ਲੈ ਕੇ ਸਿੱਖਾਂ ਨੂੰ ਅੱਤਵਾਦੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਨਿਊਜ਼ੀਲੈਂਡ ਵਿੱਚ ਦਸੰਬਰ 2025 ਵਿੱਚ ਇੱਕ ਨਗਰ ਕੀਰਤਨ ’ਤੇ ਹਮਲਾ ਹੋਇਆ, ਜਿੱਥੇ ਪ੍ਰੋਟੈਸਟਰਾਂ ਨੇ ਸਿੱਖਾਂ ਨੂੰ ‘ਭਾਰਤ ਵਾਪਸ ਜਾਓ’ ਕਿਹਾ। ਨਿਊਜ਼ੀਲੈਂਡ ਦੇ ਸਿੱਖਾਂ ਨੇ ਦੋਸ਼ ਲਗਾਇਆ ਕਿ ਇਹ ਹਿੰਦੂ ਨੈਸ਼ਨਲਿਸਟ ਨੈੱਟਵਰਕਸ ਨਾਲ ਜੁੜਿਆ ਹੈ ਜੋ ਵਾਈਟ ਸੁਪਰਮੇਸੀ ਨਾਲ ਮਿਲ ਕੇ ਸਿੱਖਾਂ ਨੂੰ ਟਾਰਗੈਟ ਕਰ ਰਹੇ ਹਨ। ਕੈਨੇਡਾ ਅਤੇ ਅਮਰੀਕਾ ਵਿੱਚ ਵੀ ਅਜਿਹੇ ਹਮਲੇ ਵਧੇ ਹਨ।
ਭਾਰਤ ਵਿੱਚ ਸਿੱਖਾਂ ਨੂੰ ਖ਼ਾਲਿਸਤਾਨੀ ਵਜੋਂ ਬਦਨਾਮ ਕੀਤਾ ਜਾ ਰਿਹਾ ਹੈ। ਯੂਐੱਸ ਅਤੇ ਕੈਨੇਡਾ ਵਿੱਚ ਸਿੱਖ ਲੀਡਰਾਂ ਦੇ ਕਤਲ ਦੀਆਂ ਕੋਸ਼ਿਸ਼ਾਂ ਨੂੰ ਭਾਰਤੀ ਏਜੰਟਾਂ ਨਾਲ ਜੋੜਿਆ ਗਿਆ ਹੈ। ਹਿੰਦੂਤਵ ਗਰੂਪਾਂ ਨੇ ਸਿੱਖਾਂ ਨੂੰ ‘ਐਂਟੀ-ਹਿੰਦੂ’ ਵਜੋਂ ਪੇਸ਼ ਕੀਤਾ, ਜਿਵੇਂ ਕਿ ਬਾਲੀਵੁੱਡ ਫਿਲਮਾਂ ਵਿੱਚ ਵੀ ਅਜਿਹਾ ਵਿਖਾਇਆ ਜਾਂਦਾ ਹੈ। ਇੰਡੀਅਨ ਅਮੈਰੀਕਨ ਮੁਸਲਿਮ ਕਾਉਂਸਲ ਨੇ ਸਿੱਖਾਂ ਨੂੰ ਟਾਰਗੈਟ ਕਰਨ ਵਾਲੇ ਹਿੰਦੂ ਫਾਰ-ਰਾਈਟ ਗਰੁੱਪਾਂ ਦੀ ਨਿੰਦਾ ਕੀਤੀ ਹੈ। ਕੈਨੇਡਾ ਵਿੱਚ ਹਿੰਦੂ-ਸਿੱਖ ਯੂਨਿਟੀ ਮੂਵਮੈਂਟ ਸ਼ੁਰੂ ਹੋਈ ਹੈ ਪਰ ਨਫਰਤੀ ਕੈਂਪੇਨ ਜਾਰੀ ਹੈ। ਇਹ ਨਫਰਤ ਸੋਸ਼ਲ ਮੀਡੀਆ ਕਾਰਣ ਵਧ ਰਹੀ ਹੈ ਅਤੇ ਗਲੋਬਲ ਸਿੱਖ ਕਮਿਊਨਿਟੀ ਨੂੰ ਪ੍ਰਭਾਵਿਤ ਕਰ ਰਹੀ ਹੈ।
ਮੋਦੀ ਸਰਕਾਰ ਅਤੇ ਪੁਲਿਸ ਦੀ ਚੁੱਪੀ: ਕਿਉਂ ਨਹੀਂ ਰੋਕੀ ਜਾ ਰਹੀ ਨਫਰਤ?
ਮੋਦੀ ਸਰਕਾਰ ’ਤੇ ਆਲੋਚਨਾ ਵਧ ਰਹੀ ਹੈ ਕਿ ਉਹ ਫਿਰਕੂ ਹਿੰਸਾ ਨੂੰ ਨਿਯੰਤਰਿਤ ਨਹੀਂ ਕਰ ਰਹੀ। ਬਹੁਤ ਸਾਰੇ ਅੰਕੜੇ ਦੱਸਦੇ ਹਨ ਕਿ ਬੀਜੇਪੀ ਸ਼ਾਸਿਤ ਰਾਜਾਂ ਵਿੱਚ ਹਿੰਸਾ ਵੱਧ ਹੈ। ਉੱਤਰ ਪ੍ਰਦੇਸ਼ ਵਿੱਚ 209 ਇਸਾਈ ਹਿੰਸਾ ਮਾਮਲੇ ਹੋਏ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਪੁਲਿਸ ਨੇ ਯਤੀ ਨਰਸਿੰਹਾਨੰਦ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਪਰ ਉਹ ਅਜੇ ਆਜ਼ਾਦ ਹੈ ਅਤੇ ਨਵੇਂ ਬਿਆਨ ਦੇ ਰਿਹਾ ਹੈ। ਰਿਸ਼ਭ ਓਝਾ ਵਿਰੁੱਧ ਵੀ ਕੋਈ ਵੱਡੀ ਕਾਰਵਾਈ ਨਹੀਂ ਹੋਈ। ਹਿੰਦੂ ਰਕਸ਼ਾ ਦਲ ਦੇ ਮੈਂਬਰ ਗਿ੍ਰਫ਼ਤਾਰ ਹੋਏ ਪਰ ਲੀਡਰ ਫਰਾਰ ਹੈ।
ਹਿੰਦੂਤਵ ਗਰੁੱਪਾਂ ਨੂੰ ਸਰਕਾਰੀ ਸਹਿਯੋਗ ਮਿਲ ਰਿਹਾ ਹੈ ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧਿਆ ਹੈ। ਯੂ.ਐੱਸ. ਅਤੇ ਇੰਟਰਨੈਸ਼ਨਲ ਰਿਪੋਰਟਾਂ ਨੇ ਭਾਰਤ ਨੂੰ ਰਿਲੀਜੀਅਸ ਫਰੀਡਮ ਵਿੱਚ ਘਟੀਆ ਦੱਸਿਆ ਹੈ। ਪੁਲਿਸ ਅਤੇ ਸਰਕਾਰ ਦੀ ਚੁੱਪੀ ਨੇ ਸਮਾਜ ਵਿੱਚ ਵੰਡ ਵਧਾਈ ਹੈ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਚੁੱਪ ਰਹਿੰਦੇ ਹਨ ਤਾਂ ਪ੍ਰਸ਼ਾਸਨ ਵੀ ਕਾਰਵਾਈ ਨਹੀਂ ਕਰੇਗਾ।

Loading