ਭਾਰਤ ਵਿੱਚ ਡਿਜੀਟਲ ਧਰਮ ਦੀ ਪਰੰਪਰਾ ਆਸਥਾ ਜਾਂ ਵਪਾਰ?

In ਮੁੱਖ ਲੇਖ
September 18, 2025

ਨਿਊਜ਼ ਸਟੋਰੀ

ਭਾਰਤ ਵਿੱਚ ਧਰਮ ਅਤੇ ਆਸਥਾ ਦਾ ਜੀਵਨ ਨਾਲ ਡੂੰਘਾ ਸਬੰਧ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਲੋਕ ਪੂਜਾ-ਪਾਠ, ਦਾਨ ਅਤੇ ਅਨੁਸ਼ਠਾਨਾਂ ਨਾਲ ਆਪਣੀ ਭਗਤੀ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਆ ਰਹੇ ਹਨ। ਪਰ ਅੱਜ ਦੇ ਡਿਜੀਟਲ ਯੁੱਗ ਵਿੱਚ ਇਹ ਸਭ ਕੁਝ ਸਮਾਰਟਫ਼ੋਨਾਂ ਅਤੇ ਐਪਸਸ ਵਿੱਚ ਸਮਾ ਗਿਆ ਹੈ। ਘਰ ਬੈਠੇ ਵਰਚੁਅਲ ਪੂਜਾ ਕਰੋ, ਆਨਲਾਈਨ ਦਾਨ ਦਿਓ, ਲਾਈਵ ਸਟ੍ਰੀਮਿੰਗ ਨਾਲ ਮੰਦਰਾਂ ਦੇ ਦਰਸ਼ਨ ਕਰੋ – ਇਹ ਸਭ ਹੁਣ ਆਮ ਹੋ ਗਿਆ ਹੈ। ਡਿਜੀਟਲ ਭਗਤੀ ਦੀ ਸ਼ੁਰੂਆਤ 2010 ਦੇ ਦਹਾਕੇ ਵਿੱਚ ਹੋਈ, ਜਦੋਂ ਸਮਾਰਟਫ਼ੋਨਾਂ ਅਤੇ ਇੰਟਰਨੈੱਟ ਨੇ ਭਾਰਤ ਵਿੱਚ ਗਿਣਤੀ ਵਧਾਈ। ਪਹਿਲੀ ਵਾਰ 2011 ਵਿੱਚ ਬੈਂਗਲੋਰ ਵਿੱਚ ਇੱਕ ਯੰਗ ਇਨਵੈਸਟਮੈਂਟ ਬੈਂਕਰ ਰਵੀ ਗੰਨੇ ਨੇ ਗੂਗਲ ਤੇ ਖੋਜਿਆ ਕਿ ਘਰ ਬੈਠੇ ਪੂਜਾ ਕਿਵੇਂ ਕਰਵਾਈ ਜਾਵੇ? ਇਸ ਨੇ ਉਸ ਨੂੰ ਈ -ਪੂਜਾ ਨਾਮਕ ਕੰਪਨੀ ਬਣਾਈ, ਜੋ 15 ਡਾਲਰ ਵਿੱਚ ਮੰਦਰਾਂ ਵਿੱਚ ਪੂਜਾ ਕਰਵਾਉਂਦੀ ਸੀ। ਈਪੂਜਾ ਨੇ ਇਹ ਸੇਵਾ ਆਨਲਾਈਨ ਪਲੇਟਫਾਰਮ ਰਾਹੀਂ ਸ਼ੁਰੂ ਕੀਤੀ, ਜਿੱਥੇ ਲੋਕ ਐਪ ਜਾਂ ਵੈੱਬਸਾਈਟ ਰਾਹੀਂ ਬੁੱਕਿੰਗ ਕਰ ਸਕਦੇ ਸਨ।
ਇਸ ਤੋਂ ਬਾਅਦ ਡਿਜੀਟਲ ਭਗਤੀ ਨੇ ਰਫ਼ਤਾਰ ਤੇਜ਼ ਹੋਈ। 2020 ਵਿੱਚ ਕੋਵਿਡ-19 ਮਹਾਮਾਰੀ ਨੇ ਇਸ ਨੂੰ ਹੋਰ ਤੇਜ਼ ਕੀਤਾ। ਲੋਕ ਘਰਾਂ ਵਿੱਚ ਬੰਦ ਹੋ ਗਏ, ਮੰਦਰ ਬੰਦ ਹੋ ਗਏ, ਤਾਂ ਆਨਲਾਈਨ ਪੂਜਾ ਅਤੇ ਲਾਈਵ ਸਟ੍ਰੀਮਿੰਗ ਆਮ ਹੋ ਗਈ। ਇੱਕ ਰਿਪੋਰਟ ਮੁਤਾਬਕ, 2024 ਵਿੱਚ ਭਾਰਤ ਦੀ ਧਾਰਮਿਕ ਅਰਥਵਿਵਸਥਾ 65 ਅਰਬ ਡਾਲਰ ਦੀ ਸੀ, ਜੋ 2033 ਤੱਕ 135 ਅਰਬ ਡਾਲਰ ਹੋ ਜਾਵੇਗੀ। ਇਸ ਵਿੱਚ ਡਿਜੀਟਲ ਪੂਜਾ ਸੇਵਾਵਾਂ ਵਿੱਚ 703 ਫ਼ੀਸਸਦੀ ਵਾਧਾ ਹੋਇਆ ਹੈ। ਸਟਾਰਟਅਪਸ ਨੇ ਇਸ ਨੂੰ ਫ਼ਾਇਦੇ ਦਾ ਮੌਕਾ ਬਣਾਇਆ।
ਇੱਕ ਵੱਡਾ ਨਾਂ ਹੈ ‘ਸ੍ਰੀ ਮੰਦਰ’ ਐਪ, ਜੋ 2020 ਵਿੱਚ ਅਪਸਫ਼ੋਰ ਭਾਰਤ ਨਾਮਕ ਕੰਪਨੀ ਨੇ ਲਾਂਚ ਕੀਤਾ। ਇਸ ਦੇ ਸੀਈਓ ਪ੍ਰਸ਼ਾਂਤ ਸਚਨ ਨੇ ਕਿਹਾ ਕਿ ਉਹਨਾਂ ਦਾ ਮਕਸਦ ਆਸਥਾ ਨੂੰ ਤਕਨੀਕ ਨਾਲ ਜੋੜਨਾ ਹੈ। ਐਪ ਨੂੰ 4 ਕਰੋੜ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ ਅਤੇ 12 ਲੱਖ ਯੂਜ਼ਰਾਂ ਨੇ ਆਨਲਾਈਨ ਪ੍ਰਾਰਥਨਾ ਅਤੇ ਚੜ੍ਹਾਵੇ ਦਿਤੇ ਹਨ। ਇਹ ਵਾਰਣਾਸੀ, ਪ੍ਰਾਯਗਰਾਜ ਅਤੇ ਅਯੁਧਿਆ ਦੇ 50 ਤੋਂ ਵੱਧ ਮੰਦਰਾਂ ਨਾਲ ਜੁੜਿਆ ਹੈ। ਲੋਕ ਘਰ ਬੈਠੇ ਵੀਡੀਓ ਪੂਜਾ ਵੇਖ ਸਕਦੇ ਹਨ, ਦਾਨ ਦੇ ਸਕਦੇ ਹਨ ਅਤੇ ਪ੍ਰਸਾਦ ਘਰ ਪਹੁੰਚਾ ਸਕਦੇ ਹਨ। ਐਪ ਵਿੱਚ ਪੂਜਾ ਸਾਮਗਰੀ, ਗੰਗਾ ਜਲ ਅਤੇ ਯਾਤਰਾ ਪੈਕੇਜ ਵੀ ਬੁੱਕ ਕੀਤੇ ਜਾ ਸਕਦੇ ਹਨ।
ਹੋਰ ਸਟਾਰਟਅਪਸ ਵੀ ਉੱਭਰੇ ਹਨ। ਜਿਵੇਂ ਕਿ ‘ਵਾਮਾ’ ਅਤੇ ‘ਡੈਵਧਾਮ’ ਜੋ ਵਰਚੁਅਲ ਯੱਗ ਅਤੇ ਪਿਤਰਾਂ ਦੀ ਸ਼ਾਂਤੀ ਦਾ ਕਾਰਜ ਤੇ ਕਰਮਕਾਂਡ ਕਰਵਾਉਾਂਦੇਹਨ। ‘ਅਸਟਰੋਟਾਕ’ ਵਰਗੇ ਐਪਸ ਜੋਤਸ਼ੀਆਂ ਨੂੰ ਆਨਲਾਈਨ ਜੋੜਦੇ ਹਨ। ਇਹ ਸਭ ਭਾਰਤੀਆਂ ਲਈ ਵਰਦਾਨ ਹਨ ਜੋ ਵਿਦੇਸ਼ਾਂ ਵਿੱਚ ਰਹਿੰਦੇ ਹਨ। ਕੁਝ ਪ੍ਰਵਾਸੀ ਭਾਰਤੀ ਸੋਚਦੇ ਹਨ ਇਹ ਸਮਾਂ ਅਤੇ ਪੈਸੇ ਦੀ ਬਚਤ ਕਰਦਾ ਹੈ।
ਪਰ ਇਹ ਤਕਨੀਕੀ ਤਬਦੀਲੀ ਵਿਵਾਦ ਵੀ ਲਿਆਈ ਹੈ। ਕਈ ਲੋਕ ਕਹਿੰਦੇ ਹਨ ਕਿ ਵਰਚੁਅਲ ਪੂਜਾ ਵਿੱਚ ਉਹ ਤਰ੍ਹਾਂ ਦੀ ਪਵਿੱਤਰਤਾ ਨਹੀਂ ਜੋ ਮੰਦਰ ਵਿੱਚ ਮਿਲਦੀ ਹੈ। ਗੰਗਾ ਇਸ਼ਨਾਨ ਜਾਂ ਪੁਜਾਰੀ ਨਾਲ ਸਿੱਧੀ ਗੱਲ ਨਹੀਂ ਹੋ ਸਕਦੀ। ਪਰ ਮੰਦਰਾਂ ਨੇ ਵੀ ਇਸ ਨੂੰ ਅਪਣਾ ਲਿਆ ਹੈ। ਉਜੈਨ ਦੇ ਮੰਗਲਨਾਥ ਮੰਦਰ ਦੇ ਮਹੰਤ ਅਕਸ਼ੈ ਭਾਰਤੀ ਕਹਿੰਦੇ ਹਨ ਕਿ ਪਹਿਲਾਂ 20-30 ਪੂਜਾ ਹੁੰਦੀਆਂ ਸਨ, ਹੁਣ ਐਪ ਨਾਲ 300 ਤੋਂ ਵੱਧ ਹੋ ਜਾਂਦੀਆਂ ਹਨ। ਹਰਿਦਵਾਰ ਦੇ ਦੱਖਣ ਕਾਲੀ ਮੰਦਰ ਵਿੱਚ ‘ਇੱਕ ਈਸ਼ਵਰ’ ਐਪ ਲਾਂਚ ਹੋਇਆ ਹੈ ਜੋ ਘਰ ਬੈਠੇ ਆਰਤੀ ਵਿਖਾਉਂਦਾ ਹੈ।
ਸਿੱਖ ਧਰਮ ਵਿੱਚ ਡਿਜੀਟਲ ਭਗਤੀ: ਗੁਰਬਾਣੀ ਨੂੰ ਐਪਸ਼ ਵਿੱਚ ਬੰਨ੍ਹਣ ਦੀ ਕੋਸ਼ਿਸ਼
ਸਿੱਖ ਧਰਮ ਵਿੱਚ ਭਗਤੀ ਦਾ ਅਰਥ ਹੈ ਵਾਹਿਗੁਰੂ ਨਾਲ ਸਿੱਧਾ ਜੁੜਨਾ, ਬਿਨਾਂ ਕਿਸੇ ਵਿਚਾਰੇ ਜਾਂ ਰਸਮਾਂ ਦੇ। ਗੁਰੂ ਨਾਨਕ ਦੇਵ ਜੀ ਨੇ ਫ਼ਲਸਫ਼ੇ ਨਾਲ ਸਮਾਜ ਨੂੰ ਜਾਗ੍ਰਿਤ ਕੀਤਾ, ਜਿੱਥੇ ਨਿਤਨੇਮ, ਸਿਮਰਨ, ਸੰਗਤ ਅਤੇ ਲੰਗਰ ਮੁੱਖ ਹਨ। ਪਰ ਅੱਜ ਕਈ ਵਾਰ ਇਹ ਰਸਮਾਂ ਬਣ ਗਈਆਂ ਹਨ, ਜਿਵੇਂ ਡੇਰੇ ਵਾਲੇ ਅਖੰਡ ਪਾਠ ਨੂੰ ਧੰਧੇ ਬਣਾ ਰਹੇ ਹਨ ਤੇ ਆਪਣੀ ਆਮਦਨ ਵਧਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਗਿਆ ਹੈ: ‘ਹਠੁ ਅਹੰਕਾਰੁ ਕਰੈ ਨਹੀ ਪਾਵੈ ॥ ਪਾਠ ਪੜੈ ਲੇ ਲੋਕ ਸੁਣਾਵੈ ॥ – ਬਿਨਾਂ ਸਮਝੇ ਪਾਠ ਨਾਲ ਕੁਝ ਨਹੀਂ ਮਿਲਦਾ।
ਇਸ ਦੇ ਨਾਲ ਇਹ ਵੀ ਸੱਚ ਹੈ ਕਿ ਡਿਜੀਟਲ ਤਕਨੀਕ ਨੇ ਸਿੱਖ ਧਰਮ ਦੇ ਪ੍ਰਚਾਰ ਤੇ ਵਿਕਾਸ ਦਾ ਰਾਹ ਖੋਲ੍ਹਿਆ ਹੈ। ਇਸ ਦੀ ਸ਼ੁਰੂਆਤ 2000 ਦੇ ਦਹਾਕੇ ਵਿੱਚ ਹੋਈ ਸੀ, ਜਦੋਂ ਗੁਰਬਾਣੀ ਨੂੰ ਡਿਜਲੀਟਾਈਜ਼ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ। 2011 ਵਿੱਚ ਸਿੱਖ ਨੈਟ ਨੇ ਗੁਰਬਾਣੀ ਐਪਸਸ ਲਾਂਚ ਕੀਤੇ, ਜਿਵੇਂ ਨਿਤਨੇਮ ਗੁਟਕਾ,ਕੀਰਤਨ। ਇਹ ਐਪਸਸ ਗੁਰਮੁਖੀ ਵਿੱਚ ਬਾਣੀਆਂ ਪੜ੍ਹਨ, ਸੁਣਨ ਅਤੇ ਅਰਥ ਸਮਝਣ ਲਈ ਹਨ। ਉਦਾਹਰਨ ਲਈ, ‘ਸਿੱਖ ਵਰਲਡ’ ਐਪ ਵਿੱਚ ਲਾਈਵ ਕੀਰਤਨ ਹਰਿਮੰਦਰ ਸਾਹਿਬ ਤੋਂ ਸਟ੍ਰੀਮ ਹੁੰਦਾ ਹੈ, ਨਿਤਨੇਮ ਬਾਣੀਆਂ, ਹੁਕਮਨਾਮਾ ਅਤੇ ਗੁਰਦੁਆਰਾ ਲੋਕੇਸ਼ਨ ਫਾਈਂਡਰ ਹੈ। ਇਸ ਨੂੰ ਲੱਖਾਂ ਵਾਰ ਡਾਊਨਲੋਡ ਕੀਤਾ ਗਿਆ ਹੈ।
ਹੋਰ ਐਪਸ਼ ਵੀ ਹਨ ਜਿਵੇਂ ‘ਸੁੰਦਰ ਗੁਟਕਾ’, ਜੋ ਪੂਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਦਿੰਦਾ ਹੈ। ‘ਸਿੱਖੀ ਵਾਈਬਜ਼’ ਵਿੱਚ ਗੁਰੂ ਸਾਖੀਆਂ, ਬੇਬੀ ਨੇਮ ਅਤੇ ਗੁਰਦੁਆਰਾ ਡਾਇਰੈਕਟਰੀ ਹੈ। ਇਹ ਐਪਸ਼ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖਾਂ ਲਈ ਵਰਦਾਨ ਹਨ, ਜੋ ਘਰ ਬੈਠੇ ਨਿਤਨੇਮ ਕਰ ਸਕਦੇ ਹਨ। ਸ਼੍ਰੋਮਣੀ ਕਮੇਟੀ ਨੇ ਡਿਜੀਟਲ ਪਲੇਟਫਾਰਮ ਬਣਾਇਆ ਹੈ, ਜਿੱਥੇ ਈ-ਟੈਂਡਰ, ਬੁੱਕਿੰਗ ਅਤੇ ਧਾਰਮਿਕ ਸੇਵਾਵਾਂ ਆਨਲਾਈਨ ਹਨ। ਪ੍ਰਵਾਸੀ ਸਿੱਖ ਆਧੁਨਿਕ ਸਰਾਵਾਂ ਵਿੱਚ ਕਮਰੇ ਬੁਕ ਕਰ ਸਕਦੇ ਹਨ। ਦਰਬਾਰ ਸਾਹਿਬ ਤੋਂਆਨਲਾਈਨ ਕੀਰਤਨ ਸੁਣ ਸਕਦੇ ਹਨ। ‘ਸਿੱਖਸ ਫ਼ਾਰ ਟੈਕਨਾਲੋਜੀ’ ਵਰਗੀਆਂ ਸੰਸਥਾਵਾਂ ਵਿਕਾਸਸ਼ੀਲ ਖੇਤਰਾਂ ਵਿੱਚ ਤਕਨੀਕੀ ਸਿੱਖਿਆ ਦਿੰਦੀਆਂ ਹਨ।
ਡਿਜੀਟਲ ਭਗਤੀ ਨੇ ਆਸਥਾ ਨੂੰ ਵਿਸ਼ਵਵਿਆਪੀ ਬਣਾਇਆ ਹੈ, ਪਰ ਵਿਸ਼ਵਾਸ ਦਾ ਮੁੱਦਾ ਵੀ ਹੈ। ਕਈ ਲੋਕ ਡਰਦੇ ਹਨ ਕਿ ਐਪਸਸ ਰਾਹੀਂ ਪੈਸੇ ਲੁੱਟੇ ਜਾਣਗੇ ਜਾਂ ਰਸਮਾਂ ਨੂੰ ਘੱਟ ਕੀਤਾ ਜਾਵੇਗਾ। ਪਰ ਇਹ ਨਵੀਂ ਪੀੜ੍ਹੀ ਨੂੰ ਜੋੜ ਰਿਹਾ ਹੈ, ਜੋ ਬਿਜ਼ੀ ਲਾਈਫ਼ ਵਿੱਚ ਆਨਲਾਈਨ ਨਾਲ ਜੁੜਦੀ ਹੈ। ਸਿੱਖ ਧਰਮ ਵਿੱਚ ਵੀ ਇਹ ਚੱਲ ਰਿਹਾ ਹੈ, ਪਰ ਅਸਲ ਗਿਆਨ ਤੇ ਜ਼ੋਰ ਦੇਣਾ ਚਾਹੀਦਾ ਹੈ। ਭਵਿੱਖ ਵਿੱਚ ਏਆਈ ਨਾਲ ਵਰਚੁਅਲ ਗੁਰਦੁਆਰੇ ਅਤੇ ਲਾਈਵ ਕੀਰਤਨ ਵਧਣਗੇ। ਇਹ ਭਾਰਤੀ ਆਸਥਾ ਨੂੰ ਗਲੋਬਲ ਯੁਗ ਵਿੱਚ ਢਾਲ ਰਹੇ ਹਨ।

Loading