ਭਾਰਤ ਵੱਲੋਂ ਇਰਾਨ ਦੇ ਤਿੰਨ ਤੇਲ ਟੈਂਕਰ ਜ਼ਬਤ

In ਮੁੱਖ ਖ਼ਬਰਾਂ
February 18, 2026

ਮੁੰਬਈ/ਏ.ਟੀ.ਨਿਊਜ਼: ਭਾਰਤੀ ਤੱਟ ਰੱਖਿਅਕ ਬਲ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇਰਾਨ ਨਾਲ ਸਬੰਧਿਤ ਅਤੇ ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਤਿੰਨ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ ਹੈ। ਰਿਪੋਰਟ ਅਨੁਸਾਰ, ਇਹ ਜਹਾਜ਼- ਸਟੈਲਰ ਰੂਬੀ, ਐਸਫਾਲਟ ਸਟਾਰ ਅਤੇ ਅਲ ਜਾਫਜ਼ੀਆ, ਆਪਣੀ ਪਛਾਣ ਬਦਲ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਤੇਲ ਦੀ ਤਸਕਰੀ ਕਰ ਰਹੇ ਸਨ।
ਮੁੰਬਈ ਦੇ ਤੱਟ ਤੋਂ ਲਗਭਗ 100 ਨੌਟੀਕਲ ਮੀਲ ਦੂਰ ਕੀਤੀ ਗਈ ਇਸ ਕਾਰਵਾਈ ਨੇ ਇੱਕ ਕੌਮਾਂਤਰੀ ਤੇਲ ਸਮਗਲਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਭਾਰਤ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ‘ਸ਼ਿਪ-ਟੂ-ਸ਼ਿਪ’ ਟਰਾਂਸਫਰ ਨੂੰ ਰੋਕਣ ਲਈ ਹੁਣ 55 ਦੇ ਕਰੀਬ ਜਹਾਜ਼ ਅਤੇ ਕਈ ਛੋਟੇ ਜਹਾਜ਼ ਨਿਗਰਾਨੀ ਲਈ ਤਾਇਨਾਤ ਕਰ ਦਿੱਤੇ ਹਨ।
ਇਹ ਕਾਰਵਾਈ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਤਾਜ਼ਾ ਵਪਾਰਕ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਸਬੰਧਾਂ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ। ਹਾਲਾਂਕਿ ਇਰਾਨੀ ਸਰਕਾਰੀ ਮੀਡੀਆ ਨੇ ਇਨ੍ਹਾਂ ਜਹਾਜ਼ਾਂ ਦਾ ਆਪਣੀ ਕੌਮੀਂ ਤੇਲ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ ਪਰ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਕੁਝ ਜਹਾਜ਼ ਪਹਿਲਾਂ ਵੀ ਇਰਾਨੀ ਤੇਲ ਦੀ ਢੋਆ-ਢੁਆਈ ਵਿੱਚ ਸ਼ਾਮਲ ਰਹੇ ਹਨ।
ਭਾਰਤੀ ਅਧਿਕਾਰੀਆਂ ਅਨੁਸਾਰ, ਇਹ ਸਿੰਡੀਕੇਟ ਟੈਕਸ ਚੋਰੀ ਕਰਨ ਅਤੇ ਕੌਮਾਂਤਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਮੁਨਾਫਾ ਕਮਾਉਣ ਲਈ ਕੰਮ ਕਰ ਰਿਹਾ ਸੀ। ਇਸ ਕਾਰਵਾਈ ਨੇ ਵਿਸ਼ਵ ਪੱਧਰ ’ਤੇ ਭਾਰਤ ਨੂੰ ਸਮੁੰਦਰੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਇੱਕ ਮਜ਼ਬੂਤ ਰਾਖੇ ਵਜੋਂ ਪੇਸ਼ ਕੀਤਾ ਹੈ।

Loading