
ਪੰਜਾਬ ਦੀ ਧਰਤੀ, ਜੋ ਸਦੀਆਂ ਤੋਂ ਸੂਫ਼ੀਆਂ ਦੀਆਂ ਬਾਣੀਆਂ ਅਤੇ ਸੂਰਮਿਆਂ ਦੀਆਂ ਸਦਾਵਾਂ ਨਾਲ ਗੂੰਜਦੀ ਰਹੀ, ਅੱਜ ਇੱਕ ਨਵੇਂ ਡਰ ਦੇ ਪਰਛਾਂਵੇਂ ਹੇਠ ਸਹਿਮੀ ਜਾਪਦੀ ਹੈ। ਭਾਰਤ ਅਤੇ ਪਾਕਿਸਤਾਨ, ਦੋ ਪ੍ਰਮਾਣੂ-ਹਥਿਆਰਬੰਦ ਗੁਆਂਢੀ, ਇੱਕ ਵਾਰ ਫਿਰ ਆਹਮੋ-ਸਾਹਮਣੇ ਖੜ੍ਹੇ ਹਨ। 22 ਅਪ੍ਰੈਲ ਨੂੰ ਭਾਰਤੀ-ਸੰਚਾਲਿਤ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਨੇ 26 ਨਾਗਰਿਕਾਂ ਦੀ ਜਾਨ ਲਈ ਸੀ। ਇਸ ਦੇ ਜਵਾਬ ਵਿੱਚ, ਭਾਰਤ ਨੇ ਅੱਜ ਬੁੱਧਵਾਰ ਤੜਕੇ ਪਾਕਿਸਤਾਨ ਦੀ ਧਰਤੀ ’ਤੇ ਮਿਜ਼ਾਈਲ ਹਮਲੇ ਕੀਤੇ, ਜਿਸ ਨਾਲ ਇਹ ਪੁਰਾਣੀ ਦੁਸ਼ਮਣੀ ਨਵੇਂ ਸਿਰੇ ਤੋਂ ਸੁਰਖ਼ੀਆਂ ਵਿੱਚ ਆ ਗਈ।
ਭਾਰਤੀ ਫ਼ੌਜ ਨੇ ਐਲਾਨ ਕੀਤਾ ਕਿ ਉਸ ਨੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਿੱਥੋਂ “ਭਾਰਤ ਵਿਰੁੱਧ ਹਮਲਿਆਂ ਦੀ ਸਾਜ਼ਿਸ਼” ਘੜੀ ਜਾਂਦੀ ਸੀ। ਅਧਿਕਾਰਤ ਸੂਤਰਾਂ ਮੁਤਾਬਕ ਇਨ੍ਹਾਂ ਨੌਂ ਟਿਕਾਣਿਆਂ ਵਿੱਚ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ (ਜੇ.ਈ.ਐਮ.) ਦਾ ਮੁੱਖ ਦਫ਼ਤਰ ਵੀ ਸ਼ਾਮਲ ਹੈ, ਜੋ ਕੌਮਾਂਤਰੀ ਸਰਹੱਦ ਤੋਂ ਕਰੀਬ 100 ਕਿਲੋਮੀਟਰ ਦੂਰ ਇੱਕ ਡੂੰਘਾ ਪ੍ਰਤੀਕਾਤਮਕ ਨਿਸ਼ਾਨਾ ਸੀ। ਇਹ ਟਿਕਾਣਾ ਕਥਿਤ ਭਾਰਤੀ ਵਿਰੁੱਧ ਵੱਡੇ ਪੱਧਰ ’ਤੇ ਹਮਲਿਆਂ ਦੀ ਯੋਜਨਾ ਬਣਾਉਣ ਦਾ ਕੇਂਦਰ ਸੀ।
ਇੱਕ ਹੋਰ ਵੱਡਾ ਹਮਲਾ ਸਾਂਬਾ ਦੇ ਸਾਹਮਣੇ ਸਰਹੱਦ ਤੋਂ ਸਿਰਫ਼ 30 ਕਿਲੋਮੀਟਰ ਦੂਰ ਮੁਰੀਦਕੇ ਵਿੱਚ ਲਸ਼ਕਰ-ਏ-ਤਇਬਾ ਦੇ ਸਿਖਲਾਈ ਕੈਂਪ ’ਤੇ ਕੀਤਾ ਗਿਆ। 26/11 ਮੁੰਬਈ ਹਮਲੇ ਨੂੰ ਅੰਜਾਮ ਦੇਣ ਵਾਲੇ ਦਹਿਸ਼ਤਗਰਦਾਂ ਨੂੰ ਸਿਖਲਾਈ ਦੇਣ ਲਈ ਬਦਨਾਮ ਇਹ ਕੈਂਪ ਸਰਹੱਦ ਪਾਰੋਂ ਅਤਿਵਾਦ ਨੂੰ ਸਰਪ੍ਰਸਤੀ ਦੇ ਸਥਾਈ ਖ਼ਤਰੇ ਦੀ ਭਿਆਨਕ ਯਾਦ ਦਿਵਾਉਂਦਾ ਸੀ। ਭਾਰਤੀ ਹਥਿਆਰਬੰਦ ਦਸਤਿਆਂ ਨੇ ਕੰਟਰੋਲ ਰੇਖਾ ਨੇੜੇ ਖਸਤਾ ਹਾਲਤ ਵਿੱਚ, ਪੁਣਛ-ਰਾਜੌਰੀ ਸੈਕਟਰ ਵਿੱਚ ਗੁਲਪੁਰ ਕੈਂਪ ਨੂੰ ਨਿਸ਼ਾਨਾ ਬਣਾਇਆ ਹੈ। ਇਸ ਟਿਕਾਣੇ ਨੂੰ 20 ਅਪ੍ਰੈਲ, 2023 ਨੂੰ ਪੁਣਛ ਵਿੱਚ ਹੋਏ ਘਾਤਕ ਹਮਲੇ ਦੇ ਨਾਲ ਜੂਨ 2024 ਵਿੱਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ’ਤੇ ਹਮਲੇ ਲਈ ਲਾਂਚਪੈਡ ਮੰਨਿਆ ਜਾਂਦਾ ਸੀ। ਭਾਰਤੀ ਲੜਾਕੂ ਜਹਾਜ਼ਾਂ ਨੇ ਹੋਰ ਉੱਤਰ ਵੱਲ ਪੀ.ਓ.ਕੇ. ਦੇ ਤੰਗਧਾਰ ਸੈਕਟਰ ਅੰਦਰ ਲਸ਼ਕਰ-ਏ-ਤਇਬਾ ਵੱਲੋਂ ਚਲਾਏ ਜਾ ਰਹੇ ਸਵਾਈ ਕੈਂਪ ਨੂੰ ਨਿਸ਼ਾਨਾ ਬਣਾਇਆ। ਖੁਫ਼ੀਆ ਏਜੰਸੀਆਂ ਨੇ ਇਸ ਟਿਕਾਣੇ ਨੂੰ ਕਈ ਹਾਈ-ਪ੍ਰੋਫਾਈਲ ਹਮਲਿਆਂ 20 ਅਕਤੂਬਰ, 2024 ਨੂੰ ਸੋਨਮਰਗ, 24 ਅਕਤੂਬਰ ਨੂੰ ਗੁਲਮਰਗ ਅਤੇ 22 ਅਪ੍ਰੈਲ, 2025 ਨੂੰ ਪਹਿਲਗਾਮ ਨਾਲ ਜੋੜਿਆ ਹੈ। ਜੈਸ਼-ਏ-ਮੁਹੰਮਦ ਦੇ ਇਕ ਹੋਰ ਲਾਂਚਪੈਡ ਬਿਲਾਲ ਕੈਂਪ ਨੂੰ ਹਵਾਈ ਹਮਲਿਆਂ ਦੀ ਮਾਰ ਹੇਠ ਲਿਆਂਦਾ ਗਿਆ ਹੈ। ਘੁਸਪੈਠ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਇਹ ਅਤਿਵਾਦੀਆਂ ਲਈ ਇੱਕ ਮੁੱਖ ਪੜਾਅ ਖੇਤਰ ਵਜੋਂ ਜਾਣਿਆ ਜਾਂਦਾ ਸੀ, ਜੋ ਭਾਰਤੀ ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਅੰਤਮ ਆਵਾਜਾਈ ਬਿੰਦੂ ਵਜੋਂ ਕੰਮ ਕਰਦਾ ਸੀ। ਮੰਨਿਆ ਜਾਂਦਾ ਹੈ ਕਿ ਕੋਟਲੀ ਕੈਂਪ, ਜੋ ਰਾਜੌਰੀ ਦੇ ਸਾਹਮਣੇ ਲਸ਼ਕਰ-ਏ-ਤਇਬਾ ਦਾ ਟਿਕਾਣਾ ਹੈ, ਵਿੱਚ ਇੱਕ ਸਮੇਂ ਕਰੀਬ 50 ਕਾਰਕੁਨ ਰਹਿੰਦੇ ਸਨ, ਜੋ ਸਮਰਪਿਤ ਆਤਮਘਾਤੀ ਹਮਲਾਵਰ ਸਿਖਲਾਈ ਕੇਂਦਰ ਵਜੋਂ ਕੰਮ ਕਰਦੇ ਸਨ। ਇਸ ਦੇ ਨਾਲ ਹੀ ਕੰਟਰੋਲ ਰੇਖਾ ਤੋਂ ਸਿਰਫ਼ 10 ਕਿਲੋਮੀਟਰ ਦੂਰ ਬਰਨਾਲਾ ਕੈਂਪ ਨੂੰ ਵੀ ਤਬਾਹ ਕੀਤਾ ਗਿਆ ਹੈ, ਜੋ ਜੰਮੂ ਅਤੇ ਰਾਜੌਰੀ ਵਿੱਚ ਜਾਣ ਵਾਲੇ ਅਤਿਵਾਦੀਆਂ ਲਈ ਇੱਕ ਲੌਜਿਸਟਿਕ ਅਤੇ ਮੁੜ ਸੰਗਠਨ ਕੇਂਦਰ ਵਜੋਂ ਕੰਮ ਕਰਦਾ ਸੀ। ਕੌਮਾਂਤਰੀ ਸਰਹੱਦ ਨੇੜੇ ਸਰਜਲ ਕੈਂਪ, ਜੋ ਸਾਂਬਾ-ਕਠੂਆ ਤੋਂ ਕਰੀਬ 8 ਕਿਲੋਮੀਟਰ ਦੂਰ ਜੈਸ਼-ਏ-ਮੁਹੰਮਦ ਦਾ ਇਕ ਹੋਰ ਟਿਕਾਣਾ ਹੈ, ਨੂੰ ਛੋਟੀ ਦੂਰੀ ਦੀ ਘੁਸਪੈਠ ਅਤੇ ਤੇਜ਼-ਹਮਲੇ ਦੇ ਮਿਸ਼ਨਾਂ ਵਿੱਚ ਭੂਮਿਕਾ ਲਈ ਨਿਸ਼ਾਨਾ ਬਣਾਇਆ ਗਿਆ ਅਤੇ ਅਖੀਰ ਵਿੱਚ ਭਾਰਤੀ ਜਹਾਜ਼ਾਂ ਨੇ ਸਿਆਲਕੋਟ ਨੇੜੇ ਮਹਿਮੂਨਾ ਕੈਂਪ ’ਤੇ ਹਮਲਾ ਕੀਤਾ, ਜੋ ਕਿ ਸਰਹੱਦ ਤੋਂ ਸਿਰਫ਼ 15 ਕਿਲੋਮੀਟਰ ਦੂਰ ਹਿਜ਼ਬੁਲ ਮੁਜਾਹਿਦੀਨ ਦਾ ਸਿਖਲਾਈ ਕੇਂਦਰ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਫ਼ੌਜੀ ਟਿਕਾਣਿਆਂ ਨੂੰ ਛੂਹਿਆ ਨਹੀਂ ਗਿਆ ਅਤੇ ਇਹ ਹਮਲਾ “ਕੇਂਦਰਿਤ, ਸੰਜਮੀ ਅਤੇ ਗੈਰ-ਉਕਸਾਊ” ਸੀ। ਪਰ ਪਾਕਿਸਤਾਨ ਨੇ ਇਸ ਨੂੰ ਜੰਗੀ ਕਾਰਵਾਈ” ਕਰਾਰ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਅੱਠ ਨਾਗਰਿਕ, ਜਿਨ੍ਹਾਂ ਵਿੱਚ ਇੱਕ ਬੱਚਾ ਅਤੇ ਦੋ ਨੌਜਵਾਨ ਸ਼ਾਮਲ ਸਨ, ਮਾਰੇ ਗਏ ਅਤੇ 35 ਜ਼ਖਮੀ ਹੋਏ।
ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਕੌਮੀ ਟੈਲੀਵਿਜ਼ਨ ’ਤੇ ਐਲਾਨ ਕੀਤਾ, “ਇਸ ਦਾ ਜਵਾਬ ਮੁਨਾਸਿਬ ਅਤੇ ਸਖ਼ਤ ਹੋਵੇਗਾ।”ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ, “ਭਾਰਤ ਨੇ ਸਾਡੀ ਸਰਜ਼ਮੀਂ ’ਤੇ ਜੰਗ ਥੋਪੀ ਹੈ, ਪਰ ਅਸੀਂ ਇਸ ਦਾ ਮੁਕਾਬਲਾ ਕਰਨ ਲਈ ਤਿਆਰ ਹਾਂ।” ਪਾਕਿਸਤਾਨੀ ਫ਼ੌਜ ਦੇ ਬੁਲਾਰੇ ਅਹਿਮਦ ਸ਼ਰੀਫ ਚੌਧਰੀ ਨੇ ਦਾਅਵਾ ਕੀਤਾ ਕਿ ਦੋ ਭਾਰਤੀ ਜਹਾਜ਼ ਮਾਰ ਸੁੱਟੇ ਗਏ, ਜਦਕਿ ਆਸਿਫ ਨੇ ਇਸ ਨੂੰ ਪੰਜ ਜਹਾਜ਼ਾਂ ਤੱਕ ਵਧਾ ਦਿੱਤਾ, ਜਿਨ੍ਹਾਂ ਵਿੱਚ ਫਰਾਂਸੀਸੀ ਰਾਫੇਲ ਵੀ ਸ਼ਾਮਲ ਸਨ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ ਅਤੇ ਭਾਰਤ ਨੇ ਚੁੱਪ ਵੱਟੀ ਰੱਖੀ। ਹਮਲਿਆਂ ਨੇ ਅਹਿਮਦਪੁਰ ਪੂਰਬੀ, ਮੁਰੀਦਕੇ, ਸਿਆਲਕੋਟ ਅਤੇ ਪਾਕਿਸਤਾਨੀ-ਸੰਚਾਲਿਤ ਕਸ਼ਮੀਰ ਦੇ ਕੋਟਲੀ, ਬਾਗ ਅਤੇ ਮੁਜ਼ੱਫਰਾਬਾਦ ਵਿੱਚ 24 “ਧਮਾਕੇ” ਕੀਤੇ। ਯੇਲ ਯੂਨੀਵਰਸਿਟੀ ਦੇ ਸੁਸ਼ਾਂਤ ਸਿੰਘ, ਜੋ ਸਾਬਕਾ ਭਾਰਤੀ ਫ਼ੌਜੀ ਹਨ, ਨੇ ਕਿਹਾ, “1971 ਦੀ ਜੰਗ ਤੋਂ ਬਾਅਦ ਇਹ ਸਭ ਤੋਂ ਵੱਡਾ ਹਮਲਾ ਹੈ। ਇਹ ਸਿਰਫ਼ ਕਸ਼ਮੀਰ ਨਹੀਂ, ਸਗੋਂ ਪਾਕਿਸਤਾਨ ਦਾ ਦਿਲ ਹੈ।” ਉਨ੍ਹਾਂ ਅਨੁਸਾਰ, ਇਹ ਹਮਲਾ ਜੰਗ ਦੀ ਘੋਸ਼ਣਾ ਦੇ ਬਰਾਬਰ ਹੈ ਅਤੇ ਪਾਕਿਸਤਾਨ ਦਾ ਜਵਾਬ ਅਗਲਾ ਪੜਾਅ ਤੈਅ ਕਰੇਗਾ। ਜੇ ਉਹ ਭਾਰਤੀ ਪੰਜਾਬ ਜਾਂ ਰਾਜਸਥਾਨ ’ਤੇ ਹਮਲਾ ਕਰਦੇ ਹਨ, ਤਾਂ ਸਭ ਪਾਗਲਪਣ ਦੀ ਹੱਦ ’ਤੇ ਪਹੁੰਚ ਜਾਵੇਗਾ।”