ਭਾਰਤ ਸਿੱਖ ਆਗੂਆਂ ’ਤੇ ਹਮਲੇ ਕਰਨੇ ਬੰਦ ਕਰੇ ਅਤੇ ਗੈਰ ਕਾਨੂੰਨੀ ਕਤਲਾਂ ਲਈ ਜਿੰਮੇਵਾਰ ਅਧਿਕਾਰੀਆਂ ਦੀ ਪਾਰਦਰਸਤਾ ਨਾਲ ਕਰੇ ਜਾਂਚ : ਯੂ. ਐਨ. ਹਿਊਮਨ ਰਾਈਟਸ ਕੌਂਸਲ

In ਮੁੱਖ ਖ਼ਬਰਾਂ
January 21, 2025
ਯੂ.ਐਨ. ਹਿਊਮਨ ਰਾਈਟਸ ਕੌਂਸਲ ਨੇ ਇੰਡੀਆ (ਭਾਰਤ) ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਸਿੱਖ ਆਗੂਆਂ ’ਤੇ ਹਮਲੇ ਕਰਨੇ ਤੁਰੰਤ ਬੰਦ ਕਰੇ ਅਤੇ ਗੈਰ-ਕਾਨੂੰਨੀ ਕਤਲਾਂ ਲਈ ਜਿੰਮੇਵਾਰ ਅਧਿਕਾਰੀਆਂ ਦੀ ਪਾਰਦਰਸ਼ਤਾ ਨਾਲ ਜਾਂਚ ਕਰੇ। ਸਿੱਖ ਫ਼ੈਡਰੇਸ਼ਨ ਇੰਟਰਨੈਸ਼ਨਲ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਜਵਾਬ ਵਿੱਚ, ਯੂ.ਐਨ. ਹਿਊਮਨ ਰਾਈਟਸ ਕੌਂਸਲ ਦੇ ਕਈ ਨੁਮਾਇੰਦਿਆਂ ਨੇ ਇੰਡੀਆ ਉੱਤੇ ਭਾਈ ਹਰਦੀਪ ਸਿੰਘ ਜੀ ਸਮੇਤ ਹੋਰ ਜਲਾਵਤਨੀ ਸਿੱਖ ਆਗੂਆਂ ’ਤੇ ਹਮਲੇ ਕਰਨ ਨਾਲ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਇਨ੍ਹਾਂ ਨੁਮਾਇੰਦÇਆਂ ਨੇ ਦੁਨੀਆਂ ਭਰ ਵਿੱਚ ਵਿਉਂਤਬੱਧ ਤਰੀਕੇ ਨਾਲ ਹੋ ਰਹੇ ਸਿੱਖ ਆਗੂਆਂ ’ਤੇ ਹਮਲੇ ਅਤੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਕਾਲੇ ਕਾਨੂੰਨਾਂ ਦਾ ਨਿਸ਼ਾਨਾ ਬਨਾਉਣ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਯੂ.ਐਨ. ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਦਮਨਕਾਰੀ ਹੱਥਕੰਡੇ ਪੰਜਾਬ ਵਿੱਚ ‘ਤੇਜ਼ੀ ਨਾਲ ਵਧ ਰਹੀ ਤਣਾਅਪੂਰਨ ਸਥਿਤੀ’ ਨੂੰ ਜਨਮ ਦੇ ਰਹੇ ਹਨ। ਇਸ ਦੇ ਪ੍ਰਤੀਕਰਮ ਵਜੋਂ, ਸਿੱਖ ਫ਼ੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਦੁਨੀਆਂ ਭਰ ਦੀਆਂ ਤਾਕਤਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਹਲਾਤਾਂ ਵਿੱਚ ਸਾਰਥਕ ਭੂਮਿਕਾ ਨਿਭਾਉਂਦੇ ਹੋਏ ਸਿੱਖਾਂ ਦੀ ਸ਼ਮੂਲੀਅਤ ਨਾਲ ਸਵੈ-ਨਿਰਣੇ ਦੇ ਹੱਕ ਨੂੰ ਯਕੀਨੀ ਬਣਾ ਕੇ ਖ਼ਾਲਿਸਤਾਨ ਦੀ ਸਥਾਪਤੀ ਲਈ ਕੂਟਨੀਤਕ ਹੱਲ ਲੱਭਿਆ ਜਾਵੇ। ਜ਼ਿਕਰਯੋਗ ਹੈ ਕਿ ਸਿੱਖ ਫੈਡਰੇਸ਼ਨ ਵੱਲੋਂ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਪਰਿਵਾਰ ਦੀ ਤਰਫੋਂ ਦਾਇਰ ਕੀਤੀ ਗਈ ਇੱਕ ਸ਼ਿਕਾਇਤ ਦੇ ਜਵਾਬ ਵਿੱਚ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਦੁਆਰਾ ਨਿਯੁਕਤ ਕੀਤੇ ਗਏ ਕਈ ਵਿਸ਼ੇਸ਼ ਰਿਪੋਰਟਰਾਂ ਨੇ ਭਾਰਤ ਸਰਕਾਰ ਨਾਲ ਆਪਣਾ ਸੰਚਾਰ ਜਨਤਕ ਤੌਰ ’ਤੇ ਜਾਰੀ ਕੀਤਾ। ਜਾਰੀ ਕੀਤਾ ਗਿਆ 16 ਪੰਨਿਆਂ ਦਾ ਇਹ ਦਸਤਾਵੇਜ਼ ਭਾਈ ਹਰਦੀਪ ਸਿੰਘ ਅਤੇ ਹੋਰ ਜਲਾਵਤਨ ਸਿੱਖ ਕਾਰਕੁੰਨਾਂ ’ਤੇ ਹਮਲਿਆਂ ਦੇ ਨਤੀਜੇ ਵਜੋਂ ਭਾਰਤ ਵੱਲੋਂ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਇਕਰਾਰਨਾਮਿਆਂ ਦੀਆਂ ਕਈ ਉਲੰਘਣਾਵਾਂ ਦੇ ਨਾਲ-ਨਾਲ ਪੰਜਾਬ ਵਿੱਚ ਕਾਰਕੁਨਾਂ ਨੂੰ ਦਬਾਉਣ ਲਈ ਭਾਰਤੀ ਕਾਨੂੰਨ ਦੀ ਯੋਜਨਾਬੱਧ ਵਰਤੋਂ ਦਾ ਵਿਸਤਿ੍ਰਤ ਵਿਸ਼ਲੇਸ਼ਣ ਪ੍ਰਦਾਨ ਕਰਦਾ ਹੈ ਅਤੇ ਆਜ਼ਾਦ ਖ਼ਾਲਿਸਤਾਨ ਦੀ ਵਕਾਲਤ ਕਰ ਰਿਹਾ ਹੈ। ਭਾਰਤ ਦੀਆਂ ਚੱਲ ਰਹੀਆਂ ਕਾਰਵਾਈਆਂ ਦੱਖਣੀ ਏਸ਼ੀਆ ਵਿੱਚ ਕਮਜ਼ੋਰ ਸਥਿਰਤਾ ਅਤੇ ਕੂਟਨੀਤੀ ਅਤੇ ਅੰਤਰਰਾਸ਼ਟਰੀ ਸਬੰਧਾਂ ਦੇ ਸਭ ਤੋਂ ਬੁਨਿਆਦੀ ਸਿਧਾਂਤਾਂ ਲਈ ਇੱਕ ਸਪੱਸ਼ਟ ਚੁਣੌਤੀ ਹਨ। ਇਸ ਤਰੀਕੇ ਨਾਲ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਉਣਾ ਪੰਜਾਬ ਵਿੱਚ ਟਕਰਾਅ ਅਤੇ ਅਸਥਿਰਤਾ ਨੂੰ ਤੇਜ਼ ਕਰਨ ਦੀ ਵਿਸਫੋਟਕ ਸੰਭਾਵਨਾ ਰੱਖਦਾ ਹੈ ਜਿਸਦਾ ਵਿਆਪਕ ਖਿੱਤੇ ਲਈ ਖਤਰਨਾਕ ਪ੍ਰਭਾਵ ਹੈ। ਇਹਨਾਂ ਹਾਲਤਾਂ ਵਿੱਚ, ਖੇਤਰੀ ਅਤੇ ਗਲੋਬਲ ਹਿੱਸੇਦਾਰਾਂ ਨੂੰ ਅੰਤਰੀਵ ਤਣਾਅ ਦੇ ਇੱਕ ਵਿਆਪਕ ਹੱਲ ਨੂੰ ਯਕੀਨੀ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਕਿਉਂਕਿ ਸਿੱਖ ਇਸ ਵਿਵਾਦ ਵਿੱਚ ਸਿੱਧੇ ਤੌਰ ’ਤੇ ਪ੍ਰਭਾਵਿਤ ਧਿਰ ਹਨ, ਇਸ ਲਈ ਭਾਰਤ ਦੇ ਹਿੰਸਕ ਅਪਰਾਧਾਂ ਨੂੰ ਸਿਰਫ਼ ਅਮਰੀਕਾ, ਕੈਨੇਡਾ ਅਤੇ ਭਾਰਤ ਵਿਚਾਲੇ ਹੀ ਹੱਲ ਨਹੀਂ ਕੀਤਾ ਜਾ ਸਕਦਾ। ਇਹ ਲਾਜ਼ਮੀ ਹੈ ਕਿ ਸਿੱਖ ਨੁਮਾਇੰਦੇ ਮੌਜੂਦਾ ਮੁੱਦਿਆਂ ਬਾਰੇ ਕੂਟਨੀਤਕ ਚਰਚਾਵਾਂ ਵਿੱਚ ਹਿੱਸਾ ਲੈਣ।

Loading