ਅੰਮ੍ਰਿਤਸਰ/ਏ.ਟੀ.ਨਿਊਜ਼: ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਕਰਨ ਦੇ ਫੈਸਲੇ ਤੋਂ ਬਾਅਦ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਸ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਰੇ ਫੈਸਲੇ ਪਿੱਛੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਸਬੰਧੀ ਕੀਤਾ ਗਿਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਜੋ ਫੈਸਲਾ ਹੋਇਆ ਉਨ੍ਹਾਂ ਅਤੇ ਸੰਗਤ ਵੱਲੋਂ ਇਹੀ ਅਨੁਮਾਨ ਪਹਿਲਾਂ ਲਗਾਇਆ ਜਾ ਰਿਹਾ ਸੀ ਤੇ ਇਸ ਮੀਟਿੰਗ ਦੇ ਵਿੱਚ ਇਹੋ ਫੈਸਲਾ ਕੀਤਾ ਜਾ ਸਕਦਾ ਹੈ। ਜਿਸ ਫੈਸਲੇ ਦੀ ਉਮੀਦ ਸੀ ਸ਼੍ਰੋਮਣੀ ਕਮੇਟੀ ਨੇ ਉਹ ਹੀ ਫੈਸਲਾ ਕੀਤਾ ਹੈ, ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਸ਼ਿਕਵਾ ਨਹੀਂ ਹੈ। ਇੱਕ ਬੇਨਤੀ ਮੈਂ ਸੰਗਤ ਨੂੰ ਜਰੂਰ ਕਰਨੀ ਚਾਹੁੰਦਾ ਹਾਂ ਕਿ ਇਸ ਸਾਰੇ ਵਰਤਾਰੇ ਪਿੱਛੇ ਦੋ ਦਸੰਬਰ ਹੈ, ਜੇਕਰ ਦੋ ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਬਾਦਲਾਂ ਦੇ ਹੱਕ ਵਿੱਚ ਫੈਸਲੇ ਕੀਤੇ ਜਾਂਦੇ ਤੇ ਫਿਰ ਕਿਸੇ ਪ੍ਰਕਾਰ ਦੀ ਕੋਈ ਵੀ ਗਾਜ਼ ਉਹ ਸਾਡੇ ’ਤੇ ਨਹੀਂ ਆਉਣੀ ਸੀ। ਅਸੀਂ ਦੋ ਦਸੰਬਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਪੰਥ ਦੀ ਹਾਜ਼ਰੀ ਵਿੱਚ ਪੰਥ ਦੀਆਂ ਭਾਵਨਾਵਾਂ ਗੁਰਮਤਿ ਦੇ ਅਨੁਸਾਰ 2 ਦਸੰਬਰ 2024 ਨੂੰ ਜੋ ਫੈਸਲੇ ਕੀਤੇ ਉਹਨਾਂ ਫੈਸਲਿਆਂ ਤੋਂ ਸੂਤਰ ਭਰ ਵੀ ਨਾ ਪਿੱਛੇ ਹਟੇ ਹਾਂ ਤੇ ਨਾ ਹੱਟਣਾ ਹੈ।
ਉਨ੍ਹਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੀ ਪਦਵੀਂ ਤੋਂ ਇੱਕ ਜਾਂਚ ਕਮੇਟੀ ਬਣਾ ਕੇ ਦੋਸ਼ ਲਗਾ ਕੇ ਹਟਾਇਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਅਤੇ ਗਿਆਨੀ ਸੁਲਤਾਨ ਸਿੰਘ ਨੂੰ 7 ਮਾਰਚ 2025 ਨੂੰ ਤਖ਼ਤ ਸਾਹਿਬ ਦੀਆਂ ਸੇਵਾਵਾਂ ਤੋਂ ਪਾਸੇ ਕੀਤਾ ਗਿਆ। ਉਸ ਸਮੇਂ ਤੋਂ ਇਹ ਦਾਸ ਉੱਤੇ ਕਈ ਤਰ੍ਹਾਂ ਦੇ ਦਬਾਅ ਪਾਏ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸਮੁੱਚੇ ਸੰਸਾਰ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਕਿਸ ਦਾ ਦਬਾਅ ਹੁੰਦਾ ਹੈ, ਆਰਡਰ ਟਾਈਪ ਹੋ ਕੇ ਆਉਂਦੇ ਹਨ, ਜੋ ਆਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਅੰਤ੍ਰਿੰਗ ਕਮੇਟੀ ਨੂੰ ਹੋਇਆ ਉਸ ਦੇ ਮੁਤਾਬਿਕ ਫੈਸਲਾ ਕੀਤਾ ਗਿਆ।
18 ਫਰਵਰੀ ਨੂੰ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ‘ਤੇ ਲਗਾਏ ਇਲਜਾਮਾਂ ਸਬੰਧੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਪੁਖਤਾ ਸਬੂਤ ਹਨ, ਕੁਝ ਰਿਕਾਰਡ ਪਹਿਲਾਂ ਹੀ ਮੌਜੂਦ ਸੀ, ਮੈਂ ਹੌਲੀ ਹੌਲੀ ਕਰਕੇ ਸਾਰਾ ਮਾਮਲਾ ਸੰਗਤ ਦੇ ਸਨਮੁੱਖ ਜਰੂਰ ਰੱਖਾਂਗਾ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭ੍ਰਿਸ਼ਟਾਚਾਰ ਚਰਮਸੀਮਾਂ ’ਤੇ ਚੱਲ ਰਿਹਾ ਹੈ, ਗੁਰੂ ਦੀ ਗੋਲਕ ਦੀ ਲੁੱਟ ਕਸੁੱਟ ਬਿਲਕੁਲ ਨਹੀਂ ਹੋਣੀ ਚਾਹੀਦੀ। ਜੋ ਮੇਰੇ ਕੋਲ ਸਬੂਤ ਹਨ ਇਹ ਹੌਲੀ ਹੌਲੀ ਕਰਕੇ ਸਾਰੇ ਸੰਗਤ ਦੇ ਸਨਮੁਖ ਜਰੂਰ ਰੱਖਾਂਗਾ। ਆਉਣ ਵਾਲੇ ਸਮੇਂ ਵਿੱਚ ਘੁਟਾਲਿਆਂ ਤੇ ਘਪਲਿਆਂ ਦੇ ਸਬੂਤ ਸੰਗਤ ਸਾਹਮਣੇ ਜਰੂਰ ਰੱਖਾਂਗਾ ਤਾਂ ਜੋ ਸ਼੍ਰੋਮਣੀ ਕਮੇਟੀ ਨੂੰ ਇਸ ਸੰਕਟ ਵਿਚੋਂ ਬਾਹਰ ਕੱਢਿਆ ਜਾ ਸਕੇ।
![]()
