ਮਧਾਣੀ ਮੇਰੀ ਰੰਗਲੀ…….

In ਮੁੱਖ ਲੇਖ
March 19, 2026
  • ਡਾ.ਪ੍ਰਿਤਪਾਲ ਸਿੰਘ ਮਹਿਰੋਕ ਪਹਿਲੇ ਸਮਿਆਂ ਵਿੱਚ ਘਰਾਂ ਵਿੱਚ ਦੁੱਧ ਨੂੰ ਹੱਥਾਂ ਨਾਲ ਰਿੜਕ ਕੇ ਮੱਖਣ ਕੱਢਿਆ ਜਾਂਦਾ ਸੀ। ਹੁਣ ਵੀ ਪੰਜਾਬ ਵਿੱਚ ਪਰੰਪਰਾਗਤ ਜਾਂ ਕਿਸੇ ਬਦਲਵੇਂ ਰੂਪ ਵਿੱਚ ਦਹੀਂ ਰਿੜਕਿਆ ਜਾਂਦਾ ਹੈ ਤੇ ਉਸ ਵਿੱਚੋਂ ਮੱਖਣ ਕੱਢਿਆ ਜਾਂਦਾ ਹੈ। ਪਹਿਲੇ ਸਮਿਆਂ ਵਿੱਚ ਔਰਤਾਂ ਤੜਕਸਾਰ ਉੱਠ ਕੇ ਨੇਮ ਨਾਲ ਦੁੱਧ/ਦਹੀਂ ਰਿੜਕਦੀਆਂ ਸਨ ਤੇ ਨਾਲ ਹੀ ਨਾਮ ਜਪਦੀਆਂ ਜਾਂਦੀਆਂ ਸਨ। ਦਹੀਂ ਰਿੜਕਣ ਦੀ ਪ੍ਰਕਿਰਿਆ ਲੱਸੀ ਵਿੱਚੋਂ ਮੱਖਣ ਕੱਢਣ ਨਾਲ ਸਿਰੇ ਚੜ੍ਹਦੀ ਸੀ ਤੇ ਫਿਰ ਔਰਤਾਂ ਲੱਸੀ ਵਗੈਰਾ ਨੂੰ ਸਾਂਭਣ ਦੇ ਆਹਰ ਵਿੱਚ ਜੁਟ ਜਾਂਦੀਆਂ ਸਨ। ਦਹੀਂ ਰਿੜਕਣ ਦਾ ਕੰਮ ਅਕਸਰ ਤੜਕਸਾਰ ਕਰ ਲਿਆ ਜਾਂਦਾ ਸੀ। ਉਹ ਵੀ ਸਮੇਂ ਸਨ ਜਦੋਂ ਸਵੇਰ ਸਾਰ ਚਾਟੀ ਵਿੱਚ ਮਧਾਣੀ ਪੈ ਜਾਂਦੀ ਸੀ ਅਤੇ ਮਧਾਣੀਆਂ ਦੇ ਘੁੰਮਣ ਦੀ ਘੂੰਅ ਘੂੰਅ ਦੀ ਆਵਾਜ਼ ਨਾਲ ਘਰ ਤੇ ਚੌਗਿਰਦਾ ਝੂਮ ਉੱਠਦਾ ਸੀ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ- ‘ਮਧਾਣੀ ਦਹੀਂ ਨੂੰ ਰਿੜਕਣ ਵਾਲਾ ਇੱਕ ਡੰਡਾ ਹੁੰਦਾ ਹੈ, ਜਿਸ ਦੇ ਹੇਠਾਂ ਫੁੱਲ ਦੀ ਸ਼ਕਲ ਦਾ ਚੱਕਰ ਬਣਿਆ ਹੁੰਦਾ ਹੈ। ਇਸ ਨਾਲ ਨੇਤਰਾ ਬੰਨ੍ਹ ਕੇ ਦਹੀਂ ਨੂੰ ਚਾਟੀ ਵਿੱਚ ਪਾ ਕੇ ਮਥਿਆ (ਰਿੜਕਿਆ) ਜਾਂਦਾ ਹੈ। ਦਹੀਂ ਨੂੰ ਮੱਥਣ ਦੀ ਪਰੰਪਰਾ ਬਹੁਤ ਪੁਰਾਣੀ ਹੈ।’ (ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1877)। ਵਾਰਿਸ ਸ਼ਾਹ ਨੇ ਉਨ੍ਹਾਂ ਸਮਿਆਂ ਦੇ ਦ੍ਰਿਸ਼ਾਂ ਨੂੰ ਬਾਖ਼ੂਬੀ ਚਿਤਰਿਆ ਹੈ: ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ
    ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੀ।
    ਇਕਨਾ ਉੱਠਕੇ ਰਿੜਕਣਾ ਪਾ ਦਿੱਤਾ
    ਇੱਕ ਧੋਂਦੀਆਂ ਫਿਰਨ ਮਧਾਣੀਆਂ ਨੀ।
    ਮਧਾਣੀ ਦਾ ਮੁੱਖ ਧੁਰਾ ਲੱਕੜ ਦਾ ਬਣਿਆ ਲਗਪਗ ਤਿੰਨ ਕੁ ਫੁੱਟ ਦਾ ਗੋਲਾਕਾਰ ਡੰਡਾ ਹੁੰਦਾ ਹੈ। ਉਸ ਡੰਡੇ ਦੇ ਹੇਠਲੇ ਸਿਰੇ ’ਤੇ ਗਿੱਠ ਕੁ ਦੇ ਕਰੀਬ ਜਾਂ ਉਸਤੋਂ ਕੁਝ ਘੱਟ ਲੱਕੜੀ ਦੇ ਚਰਖੜੀ ਵਰਗੇ ਦੋ ਟੁਕੜੇ ਫਿੱਟ ਕੀਤੇ ਗਏ ਹੁੰਦੇ ਹਨ। ਗੋਲਾਈ ਵਾਲੇ ਮੁੱਖ ਡੰਡੇ ਉੱਪਰਲੇ ਹਿੱਸੇ ’ਤੇ ਗੋਲਾਈ ਵਿੱਚ ਹੀ ਕੁਝ ਵੱਢ੍ਹੇ (ਬਾਰੀਕ ਝਰੀਆਂ) ਹੁੰਦੇ ਹਨ। ਮਧਾਣੀ ਨਾਲ ਬੰਨ੍ਹੇ ਘੁੰਗਰੂਆਂ ਦੀ ਛਣਛਣ ਦੀਆਂ ਆਵਾਜ਼ਾਂ ਜਿਵੇਂ ਕਿਸੇ ਅਜੀਬ ਵੰਨਗੀ ਦੀ ਧੁਨ ਛੇੜ ਦਿੰਦੀਆਂ ਸਨ। ਉਹ ਆਵਾਜ਼ਾਂ ਸੰਗੀਤ ਨਾਲ ਉਪਜਦੀ ਸੁਰ-ਤਾਲ ਦੀ ਲੈਆਤਮਿਕ ਧੁਨ ਦਾ ਅਹਿਸਾਸ ਕਰਵਾਉਣ ਵਾਲੀਆਂ ਹੁੰਦੀਆਂ ਸਨ। ਮਧਾਣੀ ਵਿੱਚ ਪਈਆਂ ਝਰੀਆਂ ਦੁਆਲੇ ਵਲੇ ਨੇਤਰੇ (ਡੋਰੀ) ਨਾਲ ਮਧਾਣੀ ਨੂੰ ਘੁੰਮਾਇਆ ਜਾਂਦਾ ਹੈ। ਹੇਠਾਂ ਘੜਵੰਜੀ ਉੱਤੇ ਚਾਟੀ ਟਿਕਾਈ ਜਾਂਦੀ ਹੈ, ਜਿਸ ਵਿੱਚ ਰਿੜਕਣ ਵਾਲਾ ਦਹੀਂ ਪਾਇਆ ਜਾਂਦਾ ਹੈ। ਚਾਟੀ ਮਿੱਟੀ ਦਾ ਬਣਿਆ ਤੇ ਪਕਾਇਆ ਖੁੱਲ੍ਹੇ ਮੂੰਹ ਵਾਲਾ, ਖੁੱਲ੍ਹਾ ਭਾਂਡਾ ਹੁੰਦੀ ਹੈ। ਮਧਾਣੀ ਨੂੰ ਕੁੜ ਵਿੱਚ ਟਿਕਾ ਲਿਆ ਜਾਂਦਾ ਹੈ। ਕੁੜ ਲੱਕੜ ਦਾ ਬਣਿਆ ਯੂ ਆਕਾਰ ਦਾ ਹੋਲਡਰ ਹੁੰਦਾ ਹੈ। ਕੁੜ ਦੇ ਦੋਹਾਂ ਸਿਰਿਆਂ ’ਤੇ ਇੱਕ ਪੱਕੀ ਸੂਤੀ ਰੱਸੀ ਬੰਨ੍ਹੀ ਹੁੰਦੀ ਹੈ। ਉਸਨੂੰ ਚਾਟੀ ’ਤੇ ਰੱਖ ਕੇ ਵਿੱਚੋਂ ਮਧਾਣੀ ਦਾ ਡੰਡਾ ਲੰਘਾਇਆ ਜਾਂਦਾ ਹੈ। ਚਾਟੀ ਘੜਵੰਜੀ ’ਤੇ ਰੱਖੀ ਹੁੰਦੀ ਹੈ। ਕੁੜ ਨੂੰ ਚਾਟੀ ’ਤੇ ਰੱਖ ਕੇ ਉਸ ਵਿੱਚੋਂ ਮਧਾਣੀ ਦੇ ਡੰਡੇ ਨੂੰ ਲੰਘਾ ਕੇ ਘੜਵੰਜੀ ’ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ। ਇਸ ਸਥਿਤੀ ਵਿੱਚ ਟਿਕਾ ਕੇ ਮਧਾਣੀ ਨੂੰ ਚਾਟੀ ਵਿੱਚ ਘੁੰਮਾਇਆ ਜਾਂਦਾ ਹੈ। ਮਧਾਣੀ ਨੂੰ ਨੇਤਰੇ ਨਾਲ ਘੁੰਮਾਇਆ ਜਾਂਦਾ ਹੈ। ਨੇਤਰੇ ਦੇ ਦੋਹਾਂ ਸਿਰਿਆਂ ਨੂੰ ਫੜਨ ਲਈ ਸਿਰਿਆਂ ’ਤੇ ਲੱਕੜ ਦੀ ਇੱਕ ਇੱਕ ਗੋਲ ਗੁੱਲੀ ਬੰਨ੍ਹ ਦਿੱਤੀ ਜਾਂਦੀ ਸੀ। ਉਨ੍ਹਾਂ ਗੁੱਲੀਆਂ ਵਿੱਚ ਉਂਗਲਾਂ ਫਸਾ ਕੇ ਮਧਾਣੀ ਨੂੰ ਆਸਾਨੀ ਨਾਲ ਘੁੰਮਾਇਆ ਜਾ ਸਕਦਾ ਹੈ। ਪਕੜ ਵੀ ਚੰਗੀ ਬਣੀ ਰਹਿੰਦੀ।
    ਪੰਜਾਬੀ ਲੋਕਧਾਰਾ ਵਿੱਚ ਮਧਾਣੀ ਦਾ ਜ਼ਿਕਰ ਬਹੁਤ ਥਾਈਂ ਬੜੀ ਸ਼ਿੱਦਤ ਨਾਲ ਕੀਤਾ ਗਿਆ ਮਿਲਦਾ ਹੈ। ਮਧਾਣੀ ਦਾ ਸੰਦ ਕਿਉਂਕਿ ਲੋਕ ਮਨ ਦੀ ਕਾਢ ਮੰਨਿਆ ਜਾਂਦਾ ਹੈ, ਇਸ ਲਈ ਲੋਕਧਾਰਾ ਵਿੱਚ ਉਸਦਾ ਵਰਣਨ ਕੀਤਾ ਜਾਣਾ ਮਹਿਜ਼ ਸੁਭਾਵਿਕ ਵਰਤਾਰਾ ਬਣ ਜਾਂਦਾ ਹੈ ਤੇ ਮਧਾਣੀ ਨਾਲ ਸਬੰਧਿਤ ਕਈ ਗੀਤ ਵੀ ਲੋਕ ਗੀਤ ਦਾ ਦਰਜਾ ਹਾਸਲ ਕਰ ਲੈਂਦੇ ਹਨ:
  • ਮਧਾਣੀਆਂ…….
    ਹਾਏ ਉਇ ਡਾਢਿਆ ਰੱਬਾ
    ਕਿੰਨਾਂ ਜੰਮੀਆਂ, ਕਿੰਨ੍ਹਾਂ ਨੇ ਲੈ ਜਾਣੀਆਂ…….
    • ਮਧਾਣੀਆਂ, ਮਧਾਣੀਆਂ, ਮਧਾਣੀਆਂ
      ਪੇਕੇ ਦੋਵੇਂ ਭੈਣਾਂ ਨੱਚੀਆਂ
      ਸਹੁਰੇ ਨੱਚੀਆਂ ਦਰਾਣੀਆਂ ਜਠਾਣੀਆਂ
      ਪੇਕੇ ਦੋਵੇਂ…….
      ਪੰਜਾਬੀ ਦੇ ਇਕ ਲੋਕ ਗੀਤ ਦੀ ਇੱਕ ਹੋਰ ਤੁਕ ਵਿੱਚ ਧਾਰ ਕੱਢਣ ਤੇ ਦੁੱਧ ਰਿੜਕਣ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ:
      0 ਦੁੱਧ ਰਿੜਕੇ ਝਾਂਜਰਾਂ ਵਾਲੀ
      ਕੈਂਠੇ ਵਾਲਾ ਧਾਰ ਕੱਢਦਾ…….
      0 ਮਧਾਣੀ ਮੇਰੀ ਰੰਗਲੀ,ਤੇ ਚਾਟੀ ਮੇਰੀ ਕੋਰੀ
      ਅੱਧ ਰਿੜਕੇ ਦਾ ਛੰਨਾ ਪੀ ਜਾ, ਸੱਸ ਚੰਦਰੀ ਤੋਂ ਚੋਰੀ…….
      ਦੁੱਧ/ਦਹੀਂ ਨੂੰ ਰਿੜਕਣਾ ਤੇ ਚਾਟੀਆਂ ਨੂੰ ਮਾਂਜਣਾ, ਕੂਚਣਾ, ਧੋਣਾ, ਸੰਵਾਰਨਾ, ਸੁਕਾਉਣਾ ਆਦਿ ਬਹੁਤ ਕਠਿਨ ਕੰਮ ਸਮਝੇ ਜਾਂਦੇ ਸਨ। ਅਜਿਹਾ ਕੰਮ ਕਰਦੀ ਕਰਦੀ ਥੱਕ ਹਾਰ ਗਈ ਇੱਕ ਸੁਆਣੀ ਆਪਣੇ ਮਨ ਦਾ ਦਰਦ ਇੰਜ ਪ੍ਰਗਟ ਕਰਦੀ ਹੈ:
  • ਕੂਚ ਕੂਚ ਚਾਟੀਆਂ ਮੈਂ ਹੇਠਾਂ ਉੱਤੇ ਰੱਖੀਆਂ
    ਉਤਲੀ ਚਾਟੀ ਵਿੱਚ ਲੱਸੀ ਮਾਏ ਮੇਰੀਏ..
    ਸੌਂਕਣ ਬੜੀ ਕੁਪੱਤੀ ਮਾਏ ਮੇਰੀਏ….।
  • ਸੱਸੂ ਨੇ ਤਾਂ ਪਾ ਲੀ ਮਧਾਣੀ ਉੱਠਕੇ ਵੱਡੇ ਤੜਕੇ
    ਮੈਨੂੰ ਕਹਿੰਦੀ ਚੱਕੀ ਝੋਅ ਲੈ,
    ਕੰਮ ਮੁਕਾਈਏ ਰਲ ਕੇ
    ਉੱਠਿਆ ਨਾ ਜਾਏ ਸੱਸੀਏ
    ਨੀਂਦ ਅੱਖਾਂ ਵਿੱਚ ਰੜਕੇ…….
    ਦਹੀਂ ਰਿੜਕਣ ਵਾਲੀਆਂ ਔਰਤਾਂ ਦੀ ਇਸ ਪ੍ਰਕਿਰਿਆ ਦੌਰਾਨ ਸਰੀਰਕ ਕਸਰਤ ਵੀ ਹੋ ਜਾਂਦੀ ਸੀ। ਉਹ ਤੰਦਰੁਸਤ ਰਹਿੰਦੀਆਂ ਸਨ। ਉਹ ਹੱਥੀਂ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀਆਂ ਸਨ। ਹੱਥੀਂ ਕੰਮ ਕਰਕੇ ਉਹ ਤਸੱਲੀ ਮਹਿਸੂਸ ਕਰਦੀਆਂ ਸਨ। ਘਰ ਵਿੱਚ ਦਿਨ ਭਰ ਵਾਸਤੇ ਲੱਸੀ ਨੂੰ ਪੀਣ ਲਈ ਵਰਤਿਆ ਜਾਂਦਾ ਸੀ। ਚਾਟੀ ਦੀ ਲੱਸੀ ਨੂੰ ਘਰ ਦੀ ਬਰਕਤ ਸਮਝਿਆ ਜਾਂਦਾ ਸੀ। ਗਰਮੀਆਂ ਦੇ ਦਿਨੀਂ ਵਰਦਾਨ ਸਮਝੀ ਜਾਣ ਵਾਲੀ ਲੱਸੀ ਨੂੰ ਆਂਢ ਗੁਆਂਢ ਵਿੱਚ ਵੀ ਭੇਜ ਦਿੱਤਾ ਜਾਂਦਾ ਸੀ ਜਾਂ ਆਂਢੀ-ਗੁਆਂਢੀ ਆਪ ਆ ਕੇ ਲੱਸੀ ਲੈ ਜਾਂਦੇ ਸਨ। ਕੱਚੇ ਕੋਰੇ ਘੜੇ ਜਾਂ ਮਟਕੀ ਵਿੱਚ ਸਾਂਭ ਕੇ ਰੱਖੀ ਲੱਸੀ ਨੂੰ ਦਿਨ ਭਰ ਲਈ ਪੀਣ ਵਾਸਤੇ ਵਰਤ ਲਿਆ ਜਾਂਦਾ ਸੀ।
    ਖੂਹ ਵਿੱਚ ਪਾਣੀ, ਮਾਂ ਮੇਰੀ ਰਾਣੀ
    ਕੱਢੇਗੀ ਕਸੀਦੜਾ, ਪਾਏਗੀ ਮਧਾਣੀ…….।
    ਮਧਾਣੀ ਦੇ ਨਾਲ-ਨਾਲ ਕਈ ਲੋਕ ਗੀਤਾਂ ਵਿੱਚ ਚਾਟੀ ਦਾ ਜ਼ਿਕਰ ਵੀ ਆਉਾਂਦਾਹੈ। ਇਨ੍ਹਾਂ ਦੋਹਾਂ ਦੀ ਸਾਂਝ ਕਿਉਂ ਜੋ ਸਦੀਵੀ ਹੈ, ਇਸ ਲਈ ਚਾਟੀ ਦੀ ਗੱਲ ਕਰਨ ਵਾਲੇ ਲੋਕ ਗੀਤ ਵੀ ਵੇਖਦੇ ਹਾਂ:
    ਬੀਕਾਨੇਰ ’ਚੋਂ ਊਠ ਲਿਆਂਦਾ ਦੇ ਕੇ ਰੋਕ ਪਚਾਸੀ
    ਸ਼ਹਿਣੇ ਦੇ ਵਿੱਚ ਝਾਂਜਰ ਬਣਦੀ
    ਮੁਕਸਰ ਬਣਦੀ ਕਾਠੀ
    ਰਉਂਤੇ ਦੇ ਵਿੱਚ ਬਣਦੇ ਖੂੰਡੇ
    ਧੁਰ ਭਦੌੜ ਦੀ ਚਾਟੀ…….
    ਮਧਾਣੀ ਨਾਲ ਰਿੜਕੇ ਦੁੱਧ ਵਿੱਚੋਂ ਮੱਖਣ ਕੱਢ ਲਿਆ ਜਾਂਦਾ ਹੈ ਤੇ ਉਸਨੂੰ ਉਬਾਲ ਕੇ ਘਿਓ ਬਣਾਇਆ ਜਾਂਦਾ ਹੈ। ਉੱਪਰੋਂ ਉੱਪਰੋਂ ਘਿਓ ਵੱਖ ਕਰ ਲਿਆ ਜਾਂਦਾ ਹੈ। ਭਾਂਡੇ ਵਿੱਚ ਲੱਸੀ ਰਲਿਆ ਤਿਰਮਿਰਾ ਜਿਹਾ ਪਦਾਰਥ ਥੱਲੇ ਲੱਗਿਆ ਰਹਿ ਜਾਂਦਾ ਹੈ। ਉਸ ਵਿੱਚ ਘਿਓ ਦੀ ਵੀ ਮਾਮੂਲੀ ਮਾਤਰਾ ਰਹਿ ਜਾਂਦੀ ਹੈ। ਉਸ ਪਦਾਰਥ ਨੂੰ ਝਹੇੜੂ ਕਹਿ ਲਿਆ ਜਾਂਦਾ ਹੈ। ਕਈ ਜੁਗਤੀ ਔਰਤਾਂ ਝਹੇੜੂ ਨੂੰ ਰੋਟੀਆਂ ਚੋਪੜਣ ਲਈ ਵਰਤ ਲੈਂਦੀਆਂ ਹਨ। ਮੱਖਣ, ਘਿਓ, ਲੱਸੀ, ਝਹੇੜੂ ਆਦਿ ਦੀਆਂ ਬਰਕਤਾਂ ਪ੍ਰਦਾਨ ਕਰਨ ਪਿੱਛੇ ਮਧਾਣੀ ਇੱਕ ਮਹੱਤਵਪੂਰਨ ਸੰਦ ਵਜੋਂ ਕੰਮ ਕਰਦੀ ਆਈ ਹੈ। ਹੁਣ ਦੁੱਧ ਦਹੀਂ, ਮੱਖਣ, ਘਿਓ, ਪਨੀਰ, ਲੱਸੀ, ਖੀਰ ਆਦਿ ਪਦਾਰਥਾਂ ਦਾ ਉਤਪਾਦਨ ਵੱਡੀਆਂ ਵੱਡੀਆਂ ਕੰਪਨੀਆਂ ਕਰਨ ਲੱਗ ਪਈਆਂ ਹਨ ਤੇ ਇਹ ਸਾਰਾ ਕੁਝ ਵੱਡੇ ਵੱਡੇ ਬਰਾਂਡਾਂ ਦੇ ਨਾਂ ਹੇਠ ਡੱਬਾ ਬੰਦ ,ਲਿਫਾਫ਼ੇ ਬੰਦ ਤੇ ਬੰਦ ਪੈਕ ਦੇ ਵੰਨ ਸੁਵੰਨੇ ਰੂਪਾਂ ਵਿੱਚ ਉਪਲੱਬਧ ਹੋ ਜਾਂਦਾ ਹੈ। ਕਈ ਵਾਰ ਬਿਨਾਂ ਕਿਸੇ ਗੱਲ ਤੋਂ ਐਵੇਂ ਹੀ ਵਧ ਗਏ ਝਗੜੇ ਜਾਂ ਫ਼ਜ਼ੂਲ ਦੀ ਬਹਿਸ ਲਈ ‘ਪਾਣੀ ਵਿੱਚ ਮਧਾਣੀ ਪਾਉਣਾ’ ਮੁਹਾਵਰਾ ਆਮ ਵਰਤ ਲਿਆ ਜਾਂਦਾ ਹੈ। ਮਧਾਣੀ ਪੰਜਾਬੀ ਲੋਕ ਜੀਵਨ ਤੇ ਪੰਜਾਬੀ ਲੋਕ ਸਾਹਿਤ ਦੇ ਬਹੁਤ ਕਰੀਬ ਰਹੀ ਹੈ। ਹੁਣ ਕੁਝ ਦਿਨਾਂ ਦੀ ਇਕੱਠੀ ਕੀਤੀ ਮਲਾਈ, ਦੁੱਧ ਦੀ ਕਰੀਮ ਤੇ ਦਹੀਂ ਆਦਿ ਨੂੰ ਬਿਜਲੀ ਨਾਲ ਚੱਲਣ ਵਾਲੀਆਂ ਮਧਾਣੀਆਂ, ਮਿਕਸਚਰ, ਗਰਾਈਂਡਰ, ਬਲੈਂਡਰ ਆਦਿ ਨਾਲ ਰਿੜਕ ਕੇ ਮੱਖਣ ਬਣਾ ਲਿਆ ਜਾਂਦਾ ਹੈ। ਬਹੁਤ ਵੱਡਾ ਪਰਿਵਰਤਨ ਆ ਜਾਣ ਦੇ ਬਾਵਜੂਦ ਵੀ ਦਹੀਂ ਰਿੜਕਣ ਵਾਲੀ ਪੁਰਾਣੀ ਮਧਾਣੀ ਦੇ ਮਹੱਤਵ ਨੂੰ ਛੁਟਿਆਇਆ ਨਹੀਂ ਜਾ ਸਕਦਾ। ਮਧਾਣੀ ਕਿਸੇ ਨਾ ਕਿਸੇ ਪਰਿਵਰਤਿਤ ਰੂਪ ਵਿੱਚ ਹੁਣ ਵੀ ਲੋਕ ਜੀਵਨ ਵਿੱਚ ਇੱਕ ਮਹੱਤਵਪੂਰਨ ਸੰਦ ਦਾ ਦਰਜਾ ਰੱਖਦੀ ਹੈ।

Loading