
ਨਵੀਂ ਦਿੱਲੀ/ਇੰਫਾਲ, 19 ਨਵੰਬਰ:
ਮਨੀਪੁਰ ’ਚ ਹਿੰਸਾ ਦੀਆਂ ਹਾਲੀਆ ਘਟਨਾਵਾਂ ਮਗਰੋਂ ਕੇਂਦਰ ਨੇ ਸੂਬੇ ’ਚ ਹਥਿਆਰਬੰਦ ਬਲਾਂ ਦੀਆਂ 50 ਹੋਰ ਕੰਪਨੀਆਂ (ਕਰੀਬ ਪੰਜ ਹਜ਼ਾਰ ਜਵਾਨ) ਭੇਜਣ ਦਾ ਫ਼ੈਸਲਾ ਲਿਆ ਹੈ। ਉਧਰ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 19 ਨਵੰਬਰ ਤੱਕ ਲਈ ਬੰਦ ਕਰ ਦਿੱਤੇ ਹਨ। ਉਚੇਰੀ ਅਤੇ ਤਕਨੀਕੀ ਸਿੱਖਿਆ ਵਿਭਾਗ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਦੇਖਦਿਆਂ ਸਰਕਾਰੀ ਵਿਦਿਅਕ ਅਦਾਰੇ 19 ਨਵੰਬਰ ਤੱਕ ਬੰਦ ਰੱਖੇ ਜਾਣ। ਸਰਕਾਰ ਨੇ ਇੰਟਰਨੈੱਟ ਸੇਵਾਵਾਂ ਦੀ ਮੁਅੱਤਲੀ ਵੀ ਦੋ ਹੋਰ ਦਿਨ ਲਈ ਵਧਾ ਦਿੱਤੀ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਮਨੀਪੁਰ ’ਚ ਹਾਲੀਆ ਹਿੰਸਾ ਦੀਆਂ ਘਟਨਾਵਾਂ ਦੇ ਸਬੰਧ ’ਚ ਤਿੰਨ ਕੇਸ ਦਰਜ ਕਰਕੇ ਜਾਂਚ ਆਪਣੇ ਹੱਥਾਂ ’ਚ ਲੈ ਲਈ ਹੈ। ਇਸ ਦੌਰਾਨ ਇੰਫਾਲ ਘਾਟੀ ’ਚ ਕਰਫ਼ਿਊ ਵਾਲੇ ਇਲਾਕਿਆਂ ’ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕਈ ਥਾਵਾਂ ’ਤੇ ਬਾਜ਼ਾਰ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ ਜਦਕਿ ਸਰਕਾਰੀ ਬੱਸਾਂ ਨਹੀਂ ਚੱਲੀਆਂ। ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਹਫ਼ਤੇ ਹਥਿਆਰਬੰਦ ਬਲਾਂ ਦੀਆਂ 20 ਵਾਧੂ ਕੰਪਨੀਆਂ ਮਨੀਪੁਰ ਲਈ ਰਵਾਨਾ ਕੀਤੀਆਂ ਸਨ।