ਡਾ. ਜਸਪਾਲ ਸਿੰਘ
ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਬਾਰੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਫ਼ਰਮਾਨ ਹੈ-‘ਸੀਸ ਦੀਆ ਪਰ ਸਿਰਰੁ ਨ ਦੀਆ’। ਗੁਰੂ ਜੀ ਨੇ ਸੀਸ ਦੇ ਦਿੱਤਾ, ਸਿਰਰ ਨਹੀਂ ਦਿੱਤਾ। ਪਰ ਸੁਆਲ ਹੈ ਕਿ ਇਹ ਸਿਰਰ ਕੀ ਸੀ ? ਸਿਰਰ ਸੀ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ। ਮਨੁੱਖ ਨੂੰ ਅਧਿਕਾਰ ਹੈ ਕਿ ਉਹ ਆਜ਼ਾਦੀ ਨਾਲ ਆਪਣੀ ਮਨਮਰਜ਼ੀ ਦੇ ਵਿਸ਼ਵਾਸ ਤੇ ਅਕੀਦੇ ਦਾ ਪਾਲਣ ਕਰੇ। ਇਸੇ ਸੁਨਹਿਰੀ ਸਿਧਾਂਤ ਦੀ ਰਾਖੀ ਲਈ ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣਾ ਸੀਸ ਬਲੀਦਾਨ ਕੀਤਾ ਸੀ ਅਤੇ ਇਹੋ ਸਿਰਰ ਸੀ, ਗੁਰੂ ਜੀ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਇੱਕ ਹੋਰ ਬਚਨ ਕੀਤਾ ਸੀ-‘ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂੰ ਆਨ’। ਗੁਰੂ ਸਾਹਿਬ ਨੇ ਉਹ ਕਾਰਨਾਮਾ ਕੀਤਾ ਜੋ ਹੋਰ ਕੋਈ ਨਹੀਂ ਕਰ ਸਕਿਆ। ਇਤਿਹਾਸ ਸਾਖ਼ੀ ਹੈ ਕਿ ਗੁਰੂ ਸਾਹਿਬਾਨ, ਤਿਲਕ ਤੇ ਜਨੇਊ ਦੇ ਧਾਰਨੀ ਨਹੀਂ ਸਨ। ਕਰਮ-ਕਾਂਡ, ਭੇਖਾਂ ਤੇ ਵਿਖਾਵੇ ਦੀਆਂ ਰਸਮਾਂ ਦਾ ਉਹ ਖੰਡਨ ਕਰਦੇ ਆ ਰਹੇ ਸਨ. ਪਰ ਜਦੋਂ ਹਿੰਦੂ ਧਰਮ ਦੇ ਇਨ੍ਹਾਂ ਅਸਤਿੱਤਵ-ਚਿਨ੍ਹਾਂ ਨੂੰ ਤਲਵਾਰ ਦੀ ਨੋਕ ਨਾਲ ਉਤਾਰਨ ਦਾ ਯਤਨ ਕੀਤਾ ਗਿਆ ਤਾਂ ਨੌਵੇਂ ਨਾਨਕ, ਗੁਰੂ ਤੇਗ਼ ਬਹਾਦਰ ਸਾਹਿਬ ਨੇ ਆਪਣਾ ਸੀਸ ਸਾਹਮਣੇ ਕਰ ਦਿੱਤਾ। ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਰੇਆਮ ਸਿਰ ਦੀ ਆਹੂਤੀ ਦੇ ਕੇ ਉਨ੍ਹਾਂ ਪਛਾਣ-ਚਿਨ੍ਹਾਂ ਨੂੰ ਬਚਾ ਲਿਆ। ਇਹੋ ਜਿਹਾ ਕਾਰਨਾਮਾ ਇਤਿਹਾਸ ਵਿਚ ਹੋਰ ਕਿਸੇ ਨੇ ਨਹੀਂ ਸੀ ਕੀਤਾ। ਇਹੋ ਜਿਹੀ ਸ਼ਹਾਦਤ ਕਿਸੇ ਹੋਰ ਨੇ ਨਹੀਂ ਸੀ ਸਹੇੜੀ।
ਹਕੀਕਤਨ ਮਨੁੱਖੀ ਅਧਿਕਾਰਾਂ ਦੀ ਲੋਕਤੰਤਰੀ ਬਣਤਰ ਦਾ ਕੇਂਦਰੀ ਧੁਰਾ ਇਹੋ ਹੈ ਕਿ ਜਿਸ ਵਿਚਾਰ ਨਾਲ ਅਸਹਿਮਤੀ ਹੋਵੇ, ਉਸ ਨੂੰ ਵੀ ਕਾਇਮ ਰਹਿਣ ਦਿੱਤਾ ਜਾਵੇ। ਪਰ ਇਹ ਤਾਂ ਹੋਰ ਅਗਾਂਹ ਦੀ ਗੱਲ ਹੋ ਗਈ, ਲਾਮਿਸਾਲ ਕਾਰਨਾਮਾ ਹੋ ਗਿਆ ਕਿ ਗੁਰੂ ਨੇ ਉਨ੍ਹਾਂ ਧਾਰਮਿਕ ਵਿਚਾਰਾਂ ਦੀ ਰਾਖੀ ਲਈ ਆਪਣਾ ਸਰੀਰ ਲਾ ਦਿੱਤਾ, ਜਿਨ੍ਹਾਂ ਦਾ ਉਹ ਆਪ ਅਤੇ ਉਨ੍ਹਾਂ ਤੋਂ ਪਹਿਲਾਂ ਦੀ ਗੁਰੂ-ਪਰੰਪਰਾ ਵਿਰੋਧ ਕਰਦੀ ਆਈ ਸੀ। ਸੱਚਮੁੱਚ ਇਹ ਅਦੁੱਤੀ ਕਿਰਿਆ ਸੀ, ਜਿਹੜੀ ਕਿਸੇ ਹੋਰ ਨੇ ਨਹੀਂ ਸੀ ਕੀਤੀ।
ਗੁਰ ਬਿਲਾਸ ਪਾਤਿਸ਼ਾਹੀ ਛੇਵੀਂ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੇ ਜਨਮ ਸਮੇਂ ਦੀ ਇੱਕ ਘਟਨਾ ਦਾ ਜ਼ਿਕਰ ਮਿਲਦਾ ਹੈ। ਪਿਤਾ ਗੁਰੂ, ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਬਾਲਕ ਤੇਗ਼ ਬਹਾਦਰ ਦੇ ਜਨਮ ’ਤੇ ਅਤਿਅੰਤ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਬਾਲਕ ਨੂੰ ਬਹੁਤ ਸਤਿਕਾਰ ਨਾਲ ਨਮਸਕਾਰ ਕੀਤੀ। ਜਦੋਂ ਬਿੱਧੀ ਚੰਦ ਨੇ ਹੈਰਾਨ ਹੋ ਕੇ ਸੁਆਲ ਕੀਤਾ ਕਿ ਗੁਰੂ ਜੀ ਤੁਸੀਂ ਇਸ ਬਾਲਕ ਨੂੰ ਨਮਸਕਾਰ ਕਿਉਂ ਕੀਤੀ ਹੈ? ਤਾਂ ਗੁਰੂ ਜੀ ਨੇ ਭਵਿੱਖਬਾਣੀ ਕੀਤੀ ਕਿ ਇਹ ਬਾਲਕ ਗੁਰੂ ਬਣ ਕੇ ਦੀਨ ਦੀ ਰੱਖਿਆ ਕਰੇਗਾ ਅਤੇ ਲੋਕਾਂ ਨੂੰ ਸੰਕਟ ਤੋਂ ਮੁਕਤੀ ਦੁਆਵੇਗਾ :
ਚੜਿਯੋ ਦਿਵਸ ਗੁਰੂ ਜੀ ਸੁਨਯੋ ਭੇਜੇ ਬਿਧੀਏ ਸੰਗ।
ਆਏ ਮਹਿਲੀ ਗਾਵਹੀ ਤ੍ਰਿਯਾ ਧਾਰ ਅਨੰਦ।
ਤਬ ਗੁਰ ਸਿਸ ਕੋ ਬੰਦਨਾ ਕੀਨੀ ਅਤਿ ਹਿਤ ਲਾਇ।
ਬਿਧੀਆ ਕਹੇ ਕਸ ਬਿਨਤਿ ਕੀ ਕਹੋ ਮੋਹਿ ਸਤ ਭਾਇ।
ਤਬ ਗੁਰ ਕਹਿ ਇਹ ਗੁਰ ਭਵੇ ਪਾਂਚ ਸੁਤਨ ਮੋ ਜਾਨ।
ਦੀਨ ਰਛ ਸੰਕਟ ਹਰੇ ਸਦੈ ਯਹੀ ਪਹਿਚਾਨ।
ਇਤਿਹਾਸ ਗਵਾਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੀ ਇਹ ਭਵਿੱਖਬਾਣੀ ਇੰਨ-ਬਿੰਨ ਸੱਚ ਸਾਬਤ ਹੋਈ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਦੀਨ-ਧਰਮ ਦੀ ਰੱਖਿਆ ਲਈ, ਲੁਕਾਈ ਦੇ ਸੰਕਟ ਕੱਟਣ ਲਈ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ।
ਜੇ ਰਤਾ ਤਹਿ ਵਿੱਚ ਜਾਵਾਂਗੇ ਤਾਂ ਬੜੀ ਸਪੱਸ਼ਟਤਾ ਨਾਲ ਗੁਰੂ ਜੀ ਦੀ ਸ਼ਹਾਦਤ ਦੀ ਅਸਲੀਅਤ ਸਮਝ ਸਕਾਂਗੇ। ਪੰਡਿਤਾਂ ਦੇ ਜਥੇ ਦਾ ਅਨੰਦਪੁਰ ਸਾਹਿਬ ਆ ਕੇ ਫ਼ਰਿਆਦ ਕਰਨਾ, ਗੁਰੂ ਸਾਹਿਬ ਦਾ ਅਨੰਦਪੁਰ ਤੋਂ ਦਿੱਲੀ ਤੁਰ ਕੇ ਜਾਣਾ ਅਤੇ ਆਪਣੇ-ਆਪ ਨੂੰ ਸ਼ਹਾਦਤ ਲਈ ਪੇਸ਼ ਕਰਨਾ ਆਦਿ ਉਸ ਮਹਾਨ ਸਾਕੇ ਦੀਆਂ ਘਟਨਾਵਾਂ ਦੀ ਤਫ਼ਸੀਲ ਹੈ। ਅਸਲ ਵਿੱਚ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਾਰਨ, ਵੇਲੇ ਦੇ ਹੁਕਮਰਾਨ ਔਰੰਗਜ਼ੇਬ ਦੀ ਤੁਅੱਸਬ ਵਾਲੀ ਨੀਤੀ ਸੀ, ਜਿਸ ਦਾ ਸ਼ਿਕਾਰ ਉਸ ਵੇਲੇ ਸਾਰਾ ਹਿੰਦੁਸਤਾਨ ਸੀ। ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਆਪਣੇ ਪਿਤਾ ਦੀ ਛਾਤੀ ’ਤੇ ਪੈਰ ਰੱਖ ਕੇ, ਭਰਾਵਾਂ ਦਾ ਕਤਲ ਕਰ ਕੇ, ਕਾਜ਼ੀਆਂ-ਮੁੱਲਿਆਂ ਦਾ ਈਮਾਨ ਖ਼ਰੀਦ ਕੇ ਬਾਦਸ਼ਾਹਤ ਦੇ ਤਖ਼ਤ ’ਤੇ ਬੈਠਾ ਸੀ ਅਤੇ ਗੱਦੀ-ਨਸ਼ੀਨੀ ਤੋਂ ਫੌਰਨ ਬਾਅਦ ਉਸ ਨੇ ਗ਼ੈਰ-ਮੁਸਲਮਾਨਾਂ ਨੂੰ ਸ਼ਾਹੀ ਤੁਅੱਸਬ ਦਾ ਸ਼ਿਕਾਰ ਬਣਾਉਣਾ ਸ਼ੁਰੁੂ ਕਰ ਦਿੱਤਾ ਸੀ। ਸ਼ਾਹੀ ਹੁਕਮਾਂ ਨਾਲ ਮੁਸਲਮਾਨ ਵਪਾਰੀਆਂ ਨੂੰ ਮਹਿਸੂਲ ਚੁੰਗੀ ਤੋਂ ਮੁਕਤ ਕਰ ਦਿੱਤਾ ਗਿਆ ਅਤੇ ਹਿੰਦੂਆਂ ਉਪਰ ਮਹਿਸੂਲ ਚੁੰਗੀ ਨੂੰ ਦੋ-ਗੁਣਾਂ ਕਰ ਦਿੱਤਾ ਗਿਆ। ਹਿੰਦੂ ਰੀਤੀ-ਰਸਮਾਂ ਉੱਪਰ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਢਾਉਣ ਦੇ ਆਦੇਸ਼ ਦਿੱਤੇ ਗਏ, ਰਾਗ ਤੇ ਗਾਇਨ ਨੂੰ ਇਸਲਾਮੀ ਸ਼ਰਾਅ ਦੇ ਉਲਟ ਕਰਾਰ ਦੇ ਕੇ ਪਾਬੰਦੀ ਲਾ ਦਿੱਤੀ ਗਈ, ਫਿਰ ਇਨ੍ਹਾਂ ਸਾਰੀਆਂ ਤੁਅੱਸਬੀ ਨੀਤੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਤਹਿਸੀਲਾਂ ਤੇ ਨਗਰਾਂ ਵਿਚ ਖ਼ਾਸ ਅਹਿਲਕਾਰ ਮੁਕੱਰਰ ਕਰ ਦਿੱਤੇ ਗਏ। ਐਸੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਸਾਰੇ ਗ਼ੈਰ-ਮੁਸਲਿਮ ਰੋਜ਼ੀ-ਰੋਟੀ ਅਤੇ ਜਾਨ ਬਖ਼ਸ਼ੀ ਲਈ ਆਪਣਾ ਧਰਮ ਤਿਆਗ ਕੇ ਇਸਲਾਮ ਧਾਰਨ ਕਰ ਲੈਣ। ਇਥੋਂ ਤੱਕ ਕਿ ਖੁਲ੍ਹੇ ਖ਼ਿਆਲਾਂ ਵਾਲੇ ਸਨਿਆਸੀਆਂ, ਫ਼ਕੀਰਾਂ ਤੇ ਸੂਫ਼ੀਆਂ ਨੂੰ ਵੀ ਦੇਸ਼ ਨਿਕਾਲਾ ਦੇ ਦਿੱਤਾ ਗਿਆ ਅਤੇ ਕਈ ਥਾਵਾਂ ’ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਐਸੀ ਗ਼ੈਰ-ਮਨੁੱਖੀ ਸਥਿਤੀ ਵਿੱਚ ਹੀ ਸਮੁੱਚੇ ਦੇਸ਼ ਵਾਸੀਆਂ ਦੀ ਪੁਕਾਰ ਲੈ ਕੇ ਪੰਡਿਤ ਕ੍ਰਿਪਾ ਰਾਮ ਆਪਣੇ ਸੈਂਕੜੇ ਸਾਥੀਆਂ ਨਾਲ ਅਨੰਦਪੁਰ ਪਹੁੰਚੇ ਸਨ ਅਤੇ ਆਪਣੀ ਦੁੱਖ ਭਰੀ ਵਿੱਥਿਆ ਗੁਰੂ ਪਾਤਸ਼ਾਹ ਨੂੰ ਸੁਣਾਈ ਸੀ। ਨੌਂ ਸਾਲ ਦੇ ਬਾਲਕ ਗੋਬਿੰਦ ਰਾਇ ਨੇ ਉਨ੍ਹਾਂ ਬ੍ਰਾਹਮਣਾਂ ਦੀਆਂ ਭਿੱਜੀਆਂ ਅੱਖਾਂ ਦੇਖ ਕੇ ਹੀ ਇਹ ਕਿਹਾ ਸੀ ਕਿ ਜੇ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਨਾਲ ਇਹ ਤੁਅੱਸਬ ਖ਼ਤਮ ਹੋਣਾ ਹੈ ਤਾਂ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਇਸ ਯੁੱਗ ਵਿੱਚ ਹੋਰ ਕੌਣ ਹੈ। ਦੁਖੀ ਮਨਾਂ ਦੀ ਫ਼ਰਿਆਦ ਨੇ ਹੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸਰਬ-ਉੱਚ ਕੁਰਬਾਨੀ ਲਈ ਤਿਆਰ ਕੀਤਾ ਸੀ ਅਤੇ ਫਿਰ ਗੁਰੂ ਜੀ ਨੇ ਕਸ਼ਮੀਰੀ ਪੰਡਤਾਂ ਰਾਹੀਂ ਇਹ ਸੁਨੇਹਾ ਹੁਕਮਰਾਨਾਂ ਅਤੇ ਸਮੁੱਚੇ ਦੇਸ਼ ਵਾਸੀਆਂ ਨੂੰ ਦਿੱਤਾ ਸੀ ਕਿ ਉਹ ਆਪਣੇ ਖ਼ੂਨ ਨਾਲ ਜ਼ੁਲਮ ਦੀ ਪਿਆਸ ਬੁਝਾਉਣਗੇ ਅਤੇ ਤੁਅੱਸਬ ਦੀ ਸ਼ਿਕਾਰ ਮਜ਼ਲੂਮ ਜਨਤਾ ਵਿੱਚ ਨਵੀਂ ਰੂਹ ਫੂਕਣਗੇ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਤੁਅੱਸਬ ਦੀਆਂ ਜੜ੍ਹਾਂ ਉੱਖੜ ਜਾਣਗੀਆਂ, ਲੋਕਾਂ ਵਿੱਚ ਨਵੀਂ ਚੇਤਨਾ ਪੈਦਾ ਹੋਵੇਗੀ। ਮਨੁੱਖੀ ਅਧਿਕਾਰਾਂ ਦਾ ਹਨਨ ਹੋਣ ’ਤੇ ਆਪਣੇ ਹੱਕਾਂ, ਅਧਿਕਾਰਾਂ ਤੇ ਵਿਚਾਰਾਂ ਦੀ ਰਾਖੀ ਕਰਨ ਲਈ ਮਰ-ਮਿਟਣ ਵਾਲੀ ਨਵੀਂ ਜਥੇਬੰਦਕ ਸ਼ਕਤੀ ਪੈਦਾ ਹੋਵੇਗੀ।
ਕੋਈ ਸ਼ੱਕ ਨਹੀਂ। ਇਹੋ ਕੁਝ ਹੋਇਆ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਮਹਾਨ ਸ਼ਹਾਦਤ ਤੋਂ ਬਾਅਦ। ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ-ਬਾਟੇ ਦਾ ਅੰਮ੍ਰਿਤ ਦੇ ਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਖ਼ਾਲਸਾ ਪੰਥ ਦੀ ਮੁੱਖ ਜ਼ਿੰਮੇਵਾਰੀ ਇਹ ਲਾਈ ਕਿ ਉਹ ਅਕਾਲ ਪੁਰਖ ਦੀ ਫ਼ੌਜ ਬਣ ਕੇ ਮਨੁੱਖੀ ਭਾਈਚਾਰੇ ਦੀ, ਇਕ ਪਿਤਾ ਦੀ ਇਕਸਾਰ ਸੰਤਾਨ ਦੇ ਰੂਪ ਵਿੱਚ, ਸੇਵਾ ਕਰੇ। ਕਿਤੇ ਵਿਤਕਰਾ ਹੋਵੇ, ਮਨੁੱਖ-ਮਨੁੱਖ ਵਿਚਕਾਰ ਭੇਦ ਕਰਕੇ ਤੁਅੱਸਬ ਹੋ ਰਿਹਾ ਹੋਵੇ, ਮਨੁੱਖ ਦੀ ਬੁਨਿਆਦੀ ਆਜ਼ਾਦੀ ਦਾ ਗਲਾ ਘੁਟਿਆ ਜਾ ਰਿਹਾ ਹੋਵੇ ਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਉਸ ਮਹਾਨ ਉਪਦੇਸ਼ -‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨਿ’ ਦੀ ਰੌਸ਼ਨੀ ਵਿੱਚ ਉਹ ਮਨੁੱਖੀ ਅਣਖ ਤੇ ਆਬਰੂ ਦੀ ਬਹਾਲੀ ਲਈ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਦੇਵੇ। ਇੱਕ ਜਮਾਤ ਤਿਆਰ ਹੋ ਗਈ ਆਪਣੇ ਹੱਕਾਂ-ਅਧਿਕਾਰਾਂ ਪ੍ਰਤੀ ਚੇਤੰਨ ਅਤੇ ਦੂਜਿਆਂ ਨੂੰ ਜਾਗਰੂਕ ਕਰਨ ਵਾਲੀ।
ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਹੱਕ ਤੇ ਸੱਚ ’ਤੇ ਪਹਿਰਾ ਦੇਣਾ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ। ਆਪਣੇ ਵਿਹਾਰ ਨਾਲ, ਆਪਣਾ ਆਪਾ ਵਾਰ ਕੇ ਹੱਕ ਤੇ ਸੱਚ ਦੀ ਪੈਰਵੀ ਕਰਨਾ ਸਿੱਖੀ ਦੀ ਮਰਿਆਦਾ ਹੈ। ਗੁਰੂ ਨਾਨਕ ਪਾਤਿਸ਼ਾਹ ਨੇ ਇਸ ਮਰਿਆਦਾ ਦਾ ਮੁੱਢ ਬੰਨਿ੍ਹਆ ਅਤੇ ਬਾਬਰ ਦੀ ਜੇਲ੍ਹ ਵਿੱਚ ਕੈਦੀ ਬਣ ਕੇ ਇਸ ਪਵਿੱਤਰ ਸਿਧਾਂਤ ਦੀ ਗਵਾਹੀ ਭਰੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੱਚ-ਹੱਕ ਦੀ ਆਵਾਜ਼ ਬੁਲੰਦ ਰੱਖਣ ਲਈ ਜਥੇਬੰਦਕ ਢਾਂਚੇ ਦੀਆਂ ਜ਼ਰੂਰੀ ਸੰਸਥਾਵਾਂ ਮੁਹੱਈਆ ਕਰਾਉਣ ਦਾ ਮਹਾਨ ਕਾਰਜ ਕੀਤਾ ਸੀ ਅਤੇ ਕੀਮਤ ਵਜੋਂ ਉਨ੍ਹਾਂ ਨੂੰ ਤੱਤੀ ਤਵੀ ’ਤੇ ਬੈਠ ਕੇ ਆਪਣੇ ਸਰੀਰ ਦੀ ਆਹੂਤੀ ਦੇਣੀ ਪਈ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਨੇ ਵੀ ਹੱਕ ਤੇ ਇਨਸਾਫ਼ ਦੀ ਨਿਰਣਾਇਕ ਜੰਗ ਲੜੀ ਅਤੇ ਆਪਣਾ ਸੀਸ ਲਾ ਕੇ ਸੱਚ ਦੀ ਸ਼ਹਾਦਤ ਭਰੀ ਸੀ। ਸੱਚ ਕੁਰਬਾਨੀ ਮੰਗਦਾ ਹੈ, ਕੀਮਤ ਮੰਗਦਾ ਹੈ, ਸੱਚ ਦੇ ਮੁਦੱਈ ਉਪਰ ਮੁਸੀਬਤਾਂ ਆਉਾਂਦੀਆਂਹਨ, ਇਹ ਇਤਿਹਾਸ ਦਾ ਘੋਖਿਆ ਪਰਖਿਆ ਸੱਚ ਹੈ। ਇਤਿਹਾਸ ਦੇ ਪੰਨਿਆਂ ’ਤੇ ਉਨ੍ਹਾਂ ਧਰਮੀ ਪੁਰਸ਼ਾਂ ਦੇ ਨਾਂਅ ਦਰਜ ਹਨ, ਜਿਨ੍ਹਾਂ ਨੇ ਆਪਾ ਵਾਰਿਆ ਹੈ। ਪਰ ਨਿਰਸੰਦੇਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੱਚ, ਹੱਕ, ਇਨਸਾਫ਼ ਤੇ ਮਨੁੱਖੀ ਅਧਿਕਾਰਾਂ ਦੇ ਸਿਧਾਂਤ ’ਤੇ ਅਡਿੱਗ ਪਹਿਰਾ ਦਿੰਦਿਆਂ ਸ਼ਹਾਦਤ ਦੇਣ ਦੀ ਵਿੱਥਿਆ ਅਦੁੱਤੀ ਹੈ। ਮਨੁੱਖਤਾ ਉਪਰ ਗੁਰੂ ਜੀ ਦੇ ਉਪਕਾਰ ਨੂੰ ਪੂਰੀ ਤਰ੍ਹਾਂ ਕਲਮਬੰਦ ਨਹੀਂ ਕੀਤਾ ਜਾ ਸਕਦਾ, ਪਰ ਕਵੀ ਸੈਨਾਪਤੀ ਦੀਆਂ ਇਹ ਸਤਰਾਂ ਕਾਫ਼ੀ ਢੁਕਵੀਆਂ ਜਾਪਦੀਆਂ ਹਨ :
ਪ੍ਰਗਟ ਭਏ ਗੁਰ ਤੇਗ ਬਹਾਦਰ।
ਸਗਲ ਸ੍ਰਿਸਟਿ ਪੇ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ।
ਅਟਲ ਕਰੀ ਕਲਜੁਗ ਮੇ ਸਾਖੀ।
-ਸਾਬਕਾ ਉੱਪ ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
![]()
