ਮਨ ਨੂੰ ਖਿੰਡਾਅ ਤੋਂ ਟਿਕਾਅ ਵੱਲ ਕਿਵੇਂ ਲਿਜਾਇਆ ਜਾਏ?

In ਮੁੱਖ ਲੇਖ
October 16, 2025

ਡਾ. ਇੰਦਰਜੀਤ ਸਿੰਘ ਗੋਗੋਆਣੀ

‘ਮਨ’ ਸਾਡੇ ਖਿਆਲਾਂ, ਫ਼ੁਰਨਿਆਂ ਤੇ ਵਿਚਾਰਾਂ ਦਾ ਵਜੂਦ ਹੈ। ਇੱਕ ਵਿਦਵਾਨ ਨੇ ਸਰਲ ਭਾਸ਼ਾ ਵਿੱਚ ਸਮਝਾਉਂਦਿਆਂ ਲਿਖਿਆ ਹੈ ਕਿ ਅਕਾਲ ਪੁਰਖ ਦੇ ਦੋ ਰੂਪ ਹਨ ਨਿਰਗੁਣ ਤੇ ਸਰਗੁਣ। ਨਿਰਗੁਣ ਸੂਖਮ ਹੈ ਅਤੇ ਸਰਗੁਣ ਅਸਥੂਲ ਹੈ। ਇਸੇ ਤਰ੍ਹਾਂ ਸਾਡੇ ਵੀ ਦੋ ਵਜੂਦ ਹਨ- ਤਨ ਤੇ ਮਨ। ਤਨ ਅਸਥੂਲ ਹੈ ਤੇ ਮਨ ਸੂਖਮ ਹੈ। ਗੁਰਮਤਿ ਵਿੱਚ ਤਨ ਦੀ ਖ਼ੁਰਾਕ ਪੰਗਤ ਤੋਂ ਪ੍ਰਾਪਤ ਹੰਦੀ ਹੈ ਅਤੇ ਮਨ ਦੀ ਖ਼ੁਰਾਕ ਦਾ ਆਧਾਰ ਸੰਗਤ ਹੈ। ਹੁਣ ਮਨ ਦੀ ਹੋਂਦ ਪੰਜ ਤੱਤਾਂ ਦੇ ਪੁਤਲੇ ਤਨ ’ਤੇ ਆਧਾਰਿਤ ਹੈ (ਇਹੁ ਮਨੁ ਪੰਚ ਤਤੁ ਤੇ ਜਨਮਾ)। ਮਨ ਨੂੰ ਗਿਆਨ ਪੰਜ ਗਿਆਨ ਇੰਦਰੀਆਂ ਨੱਕ, ਕੰਨ, ਅੱਖਾਂ, ਰਸਨਾ, ਤੁਚਾ ਤੋਂ ਪ੍ਰਾਪਤ ਹੁੰਦਾ ਹੈ। ਜਿਵੇਂ ਨੱਕ ਦਾ ਗਿਆਨ ਸੁੰਘਣਾ, ਕੰਨਾਂ ਦਾ ਸੁਣਨਾ, ਅੱਖਾਂ ਦਾ ਵੇਖਣਾ, ਰਸਨਾ (ਜੀਭ) ਦਾ ਚੱਖਣਾ ਅਤੇ ਤੁਚਾ (ਚਮੜੀ) ਦਾ ਸਪਰਸ਼ ਤੇ ਠੰਢੇ-ਤੱਤੇ ਦਾ ਗਿਆਨ ਹੈ। ਮਨ ਅੱਗੇ ਪੰਜ ਕਰਮ ਇੰਦਰੀਆਂ (ਹੱਥ, ਪੈਰ, ਮੂੰਹ, ਗੁਦਾ, ਲਿੰਗ) ਆਦਿ ਨੂੰ ਕਾਰਜਸ਼ੀਲ ਕਰਦਾ ਜਾਂ ਚਲਾਉਂਦਾ ਹੈ। ਇਸੇ ਪ੍ਰਸੰਗ ’ਚ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਦਾ ਸਿਧ ਗੋਸਟਿ ਵਿੱਚ ਫ਼ਰਮਾਨ ਹੈ:
ਤਨੁ ਹਟੜੀ ਇਹੁ ਮਨੁ ਵਣਜਾਰਾ॥
(ਅੰਗ : 938)
ਭਾਵ ਤਨ ਤਾਂ ਇੱਕ ਹੱਟੀ ਦੇ ਸਮਾਨ ਹੈ ਪਰ ਇਸ ਵਿੱਚ ਵਣਜ-ਵਿਹਾਰ ਮਨੁੱਖੀ ਮਨ ਹੀ ਕਰਦਾ ਹੈ। ਗੁਰਬਾਣੀ ਵਿੱਚ ਮਨ ਨੂੰ ਉਡਣ ਪੰਖੇਰੂ ਵੀ ਲਿਖਿਆ ਹੈ, ਭਾਵ ਇਹ ਬੇਅੰਤ ਪਾਸੇ ਉੱਡਦਾ-ਭਟਕਦਾ ਹੈ ਅਤੇ ਮਨ ਨੂੰ ਟਿਕਾਉਣਾ ਬਹੁਤ ਕਠਿਨ ਹੈ। ਵਰਤਮਾਨ ਸਮੇਂ ’ਚ ਹਰ ਚੇਤੰਨ ਪ੍ਰਾਣੀ ਦਾ ਸਵਾਲ ਵੀ ਹੈ ਕਿ ਮਨ ਦਾ ਖਿੰਡਾਓ ਤੇ ਟਿਕਾਓ ਕੀ ਹੈ? ਇਸੇ ਸੰਦਰਭ ’ਚ ਸਿੱਖੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਦੇ ਦੋ ਕਬਿੱਤ ਸਵੱਯੇ ਇਕ ਸਵਾਲ ਰੂਪ ਤੇ ਦੂਜਾ ਜਵਾਬ ਰੂਪ ’ਚ ਹਨ। ਉਨ੍ਹਾਂ ਨੇ ਮਨੁ (ਮਣ) ਤੇ ਮਨ ਦਾ ਦ੍ਰਿਸ਼ਟਾਂਤ ਦੇ ਕੇ ਪਹਿਲਾਂ ਇਸ ਦੇ ਖਿੰਡਾਓ ਦਾ ਵਰਣਨ ਕੀਤਾ ਹੈ:
ਏਕ ਮਨੁ ਆਠ ਖੰਡ ਖੰਡ ਖੰਡ ਪਾਂਚ ਟੂਕ
ਟੂਕ ਟੂਕ ਚਾਰਿ ਫ਼ਾਰ ਫ਼ਾਰ ਦੋਇ ਫ਼ਾਰ ਹੈ।
ਤਾਹੂ ਤੇ ਪਈਸੇ ਅਉ ਪਈਸਾ ਏਕ ਪਾਂਚ ਟਾਂਕ
ਟਾਂਕ ਟਾਂਕ ਮਾਸੇ ਚਾਰਿ ਅਨਿਕ ਪ੍ਰਕਾਰ ਹੈ।
ਮਾਸਾ ਏਕ ਆਠ ਰਤੀ ਰਤੀ ਆਠ ਚਾਵਰ ਕੀ
ਹਾਟ ਹਾਟ ਕਨੁ ਕਨੁ ਤੋਲ ਤੁਲਾਧਾਰ ਹੈ।
ਪੁਰ ਪੁਰ ਪੂਰਿ ਰਹੇ ਸਕਲ ਸੰਸਾਰ ਬਿਖੈ
ਬਸਿ ਆਵੈ ਕੈਸੇ ਜਾ ਕੋ ਏਤੋ ਬਿਸਥਾਰ ਹੈ।
(ਅੰਗ : 229)
ਭਾਵ- ਜਿਵੇਂ ਇੱਕ ਮਣ (ਮਨੁ) ਦੇ ਅੱਠ ਹਿੱਸੇ ਕਰੀਏ ਤਾਂ ਪੰਜ-ਪੰਜ ਸੇਰੀਆਂ ਬਣਦੀਆਂ। ਫ਼ਿਰ ਪੰਜ ਸੇਰ ਦੇ ਪੰਜ ਟੁਕੜੇ (ਟਾਂਕ) ਕਰੀਏ ਤਾਂ ਇਕ ਸੇਰ ਬਣਿਆ, ਅੱਗੋਂ ਉਸ ਦੇ ਚਾਰ ਟੁਕੜਿਆਂ ਦਾ ਪਾਈਆ ਤੇ ਅੱਗੇ ਉਸ ਦੇ ਦੋ ਹਿੱਸੇ (ਫ਼ਾਰ) ਕੀਤੇ ਤਾਂ ਅੱਧ ਪਾ ਬਣਦਾ ਹੈ।
ਹੁਣ ਅੱਧ ਪਾ ਤੋਂ ਸਰਸਾਹੀ (ਪਈਸੇ-ਸੇਰ ਕੱਚੇ ਦਾ 16ਵਾਂ ਹਿੱਸਾ, ਦੋ ਤੋਲੇ) ਬਣਿਆਂ ਅਤੇ ਇੱਕ ਸਰਸਾਹੀ ਦੇ ਪੰਜ-ਪੰਜ ਟੁਕੜੇ ਚਾਰ ਮਾਸੇ ਦਾ ਤੋਲ ਬਣਿਆਂ। ਅੱਗੇ ਇੱਕ ਟੁਕੜੇ (ਟਾਂਕ) ਦੇ ਚਾਰ-ਚਾਰ ਮਾਸੇ ਦੇ ਅਨੇਕਾਂ ਪ੍ਰਕਾਰ ਬਣ ਗਏ। ਇਸ ਤੋਂ ਅੱਗੇ ਇੱਕ ਮਾਸਾ ਅੱਠ ਰੱਤੀਆਂ ਦਾ ਤੇ ਇੱਕ ਰੱਤੀ ਅੱਠ ਚੌਲਾਂ (ਆਠ ਚਾਵਰ) ਦੇ ਸਮਾਨ ਹੈ। ਇਉਂ ਇਹ ਹੱਟੀ ਹੱਟੀ ਤੇ ਕਿਣਕਾ ਕਿਣਕਾ (ਕਨੁ ਕਨੁ) ਕਰਕੇ ਇਹ ਤੋਲ ਤੱਕੜੀ ’ਤੇ ਤੋਲੇ ਜਾਂਦੇ ਹਨ। ਅੰਤਲੀ ਪੰਕਤੀ ਅਨੁਸਾਰ ਇਸ ਮਨੁ (ਮਣ) ਦਾ ਸਾਰੇ ਸੰਸਾਰ ਵਿਚ, ਨਗਰ ਨਗਰ (ਪੁਰ ਪੁਰ) ਖਿਲਾਰਾ ਖਿੱਲਰਿਆ ਹੋਇਆ ਹੈ। ਹੁਣ ਜਿਸ ਮਨੁ ਦਾ ਏਨਾ ਖਿਲਾਰਾ ਤੇ ਖਿੰਡਾਓ ਹੈ, ਉਹ ਵਸ ਵਿਚ ਕਿਵੇਂ ਹੋ ਸਕਦਾ ਹੈ?
ਅੱਗੇ ਦੂਜੇ ਕਬਿੱਤ ਵਿੱਚ ਭਾਈ ਗੁਰਦਾਸ ਇਸ ਦਾ ਜਵਾਬ ਦਿੰਦੇ ਹੋਏ ਮਨ ਦੇ ਟਿਕਾਅ ਲਈ ਵਰਣਨ ਕਰਦੇ ਹਨ:
ਜੈਸੇ ਪੰਛੀ ਉਡਤ ਫ਼ਿਰਤ ਹੈ ਅਕਾਸਾਚਾਰੀ
ਜਾਰਿ ਡਾਰਿ ਪਿੰਜਰੀ ਮੈ ਰਾਖੀਅਤਿ ਆਨਿ ਕੈ।
ਜੈਸੇ ਗਜਰਾਜ ਗਹਿਬਰ ਬਨ ਮੈ ਮਦੋਨ
ਬਸਿ ਹੁਇ ਮਹਾਵਤ ਕੈ ਅੰਕੁਸਹਿ ਮਾਨਿ ਕੈ।
ਜੈਸੇ ਬਿਖਿਆਧਰ ਬਿਖਮ ਬਿਲ ਮੈ ਪਾਤਾਲ
ਗਹੇ ਸਾਪਹੇਰਾ ਤਾਹਿ ਮੰਤ੍ਰਨ ਕੀ ਕਾਨਿ ਕੈ।
ਤੈਸੇ ਤ੍ਰਿਭਵਨ ਪ੍ਰਤਿ ਭ੍ਰਮਤ ਚੰਚਲ ਚਿਤ
ਨਿਹਚਲ ਹੋਤ ਮਤਿ ਸਤਿਗੁਰ ਗਿਆਨ ਕੈ।
(ਅੰਗ : 231)
ਭਾਵ ਜਿਵੇਂ ਆਕਾਸ਼ ਵਿੱਚ ਉੱਡਣ ਵਾਲਾ ਪੰਛੀ (ਅਕਾਸਚਾਰੀ) ਭਾਵੇਂ ਦੂਰ-ਦੂਰ ਤੱਕ ਉਡਾਰੀਆਂ ਮਾਰਦਾ ਹੈ ਪਰ ਜਦ ਉਸ ਨੂੰ ਜਾਲ (ਜਾਰੀ) ਲਾ ਕੇ ਫ਼ੜ ਲਈਏ ਤੇ ਪਿੰਜਰੇ ਵਿੱਚ ਬੰਦ ਕਰ ਦੇਈਏ ਤਾਂ ਉਹ ਕਿਧਰੇ ਨਹੀਂ ਉੱਡਦਾ ਹੈ। ਜਿਵੇਂ ਤਕੜਾ ਹਾਥੀ (ਗਜਰਾਜ) ਸੰਘਣੇ ਜੰਗਲ (ਗਹਿਬਰ ਬਨ) ਵਿੱਚ ਮਸਤਿਆ (ਮਦੋਨ) ਹੁੰਦਾ ਹੈ ਪਰ ਜਦੋਂ ਮਹਾਵਤ ਲੋਹੇ ਦੇ ਕੁੰਡੇ (ਅੰਕੁਸਹਿ) ਦੀ ਚੋਟ ਨਾਲ ਵੱਸ ਵਿੱਚ ਕਰ ਲੈਂਦਾ ਤਾਂ ਫ਼ਿਰ ਮਸਤੀਆਂ ਨਹੀਂ ਕਰਦਾ। ਜਿਵੇਂ ਜ਼ਹਿਰੀ ਸੱਪ (ਬਿਖਿਆਧਰ) ਵਿੰਗੀ-ਟੇਢੀ ਖੁੱਡ (ਬਿਖਮ ਬਿਲ) ਵਿੱਚ ਰਹਿੰਦਾ ਹੈ ਪਰ ਸਪੇਰਾ ਮੰਤਰ ਦੀ ਵਿਧੀ ਨਾਲ ਫ਼ੜ ਲੈਂਦਾ ਹੈ। ਇਸੇ ਤਰ੍ਹਾਂ ਇਹ ਚੰਚਲ ਮਨ ਧਰਤੀ, ਅਕਾਸ਼, ਪਤਾਲ (ਤ੍ਰਿਭਵਨ) ਵਿੱਚ ਭੌਦਾਂ ਤੇ ਭਟਕਦਾ ਹੈ ਪਰ ਜੇ ਸਤਿਗੁਰਾਂ ਦੀ ਮੱਤ ਗ੍ਰਹਿਣ ਕਰਕੇ ਮਨੁੱਖ ਗੁਰ ਸ਼ਬਦ ਦਾ ਗਿਆਨ ਪ੍ਰਾਪਤ ਕਰੇ ਤਾਂ ਮਨ ਟਿਕਾਅ ਵਿੱਚ ਆਵੇਗਾ। ਗੁਰ ਸ਼ਬਦ ਨਾਲ ਗਿਆਨ, ਗਿਆਨ ਨਾਲ ਸਵੈ-ਚਿੰਤਨ, ਚਿੰਤਨ ਨਾਲ ਵਿਕਾਰਾਂ ਤੋਂ ਮੁਕਤੀ ਹੋਵੇਗੀ ਅਤੇ ਜਦੋਂ ਬੇਲੋੜੀ ਭਟਕਣਾ ਖਤਮ ਹੋਵੇਗੀ ਤਾਂ ਸਿਮਰਨ ਅਭਿਆਸ ਦੀ ਬਰਕਤ ਨਾਲ ਮਾਨਸਿਕ ਟਿਕਾਅ ਵੀ ਹੋਵੇਗਾ।

Loading