ਮਰਹੂਮ ਪ੍ਰਕਾਸ਼ ਸਿੰਘ ਬਾਦਲ ‘ਰਾਜ ਨਹੀਂ ਸੇਵਾ’ ਦੇ ਮੁੱਦਈ ਸਨ : ਸੁਖਬੀਰ ਬਾਦਲ

In ਮੁੱਖ ਖ਼ਬਰਾਂ
April 26, 2025
ਲੰਬੀ/ਏ.ਟੀ.ਨਿਊਜ਼: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਿਛਲੇ ਦਿਨੀਂ ਦੂਜੀ ਬਰਸੀ ਮੌਕੇ ਪਿੰਡ ਬਾਦਲ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਿਆਸੀ ਧਿਰਾਂ ਧਰਮ ਨਿਰਪੱਖਤਾ ਲਈ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਅਪਣਾਉਣ। ਉਨ੍ਹਾਂ ਕਿਹਾ ਕਿ ਮਰਹੂਮ ਬਾਦਲ ‘ਰਾਜ ਨਹੀਂ ਸੇਵਾ’ ਦੇ ਮੁੱਦਈ ਸਨ। ਉਨ੍ਹਾਂ ਕਿਹਾ ਕਿ ਅੱਜ ਭਗਵੰਤ ਮਾਨ ਆਪਣੇ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਖ਼ੁਦ ‘ਆਪਣੇ’ ਮੁੱਖ ਮੰਤਰੀ ਸਨ। ਉਨ੍ਹਾਂ ਸ੍ਰੀ ਬਾਦਲ ਨੂੰ ਦੇਸ਼ ਵਿੱਚ ਸਕਿੱਲ ਡਿਵੈਲਪਮੈਂਟ ਸਿਸਟਮ ਦਾ ਬੁਨਿਆਦੀ ਨਾਇਕ ਦੱਸਿਆ। ਇਸ ਮੌਕੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹਕੀਕਤ ਵਿੱਚ ਚਾਣਨ ਮੁਨਾਰੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ। ਸਾਬਕਾ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮਰਹੂਮ ਬਾਦਲ ਦੀ ਨਿਮਰਤਾ ਅਤੇ ਦੂਰਅੰਦੇਸ਼ੀ ਨੂੰ ਚੇਤੇ ਕੀਤਾ। ਇਸ ਦੌਰਾਨ ਨੌਜਵਾਨਾਂ ’ਚ ਸਕਿੱਲ ਡਿਵੈਲਪਮੈਂਟ ਪ੍ਰਤੀ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਭਾਰਤ ਸਰਕਾਰ ਦੇ ਨੈਸ਼ਨਲ ਸਕਿੱਲ ਇੰਡੀਆ ਕਾਰਪੋਰੇਸ਼ਨ ਨੇ ਸ਼ਰਧਾਂਜਲੀ ਦਿੰਦਿਆਂ ਪਿੰਡ ਬਾਦਲ ’ਚ ਪ੍ਰਕਾਸ਼ ਸਿੰਘ ਬਾਦਲ ਸਕਿੱਲ ਇੰਡੀਆ ਸੈਂਟਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਸ ਦਾ ਐਲਾਨ ਕਾਰਪੋਰੇਸ਼ਨ ਦੇ ਸਲਾਹਕਾਰ ਡਾ. ਸੁਰਿੰਦਰ ਸਿੰਘ ਕੌੜਾ ਨੇ ਕੀਤਾ। ਇਸ ਮੌਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ, ਇਨੈਲੋ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਦੀ ਪਤਨੀ ਕਾਂਤਾ ਚੌਟਾਲਾ, ਆਨੰਤਵੀਰ ਬਾਦਲ ਤੇ ਅਵਤਾਰ ਸਿੰਘ ਬਾਦਲ ਆਦਿ ਮੌਜੂਦ ਸਨ।

Loading