ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀਆਂ ਟਿੱਪਣੀਆਂ ਦੇ ਉਲਟ ਹੁਣ ਯੂ-ਟਰਨ ਲੈਂਦਿਆਂ ਅਫ਼ਗਾਨਿਸਤਾਨ ਵਿੱਚ ਲੜਨ ਵਾਲੇ ਬ੍ਰਿਟਿਸ਼ ਦੇ ਫ਼ੌਜੀਆਂ ਦੀ ਸ਼ਲਾਘਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਪਾ ਕੇ ਕਿਹਾ ਕਿ ਯੂਨਾਈਟਿਡ ਕਿੰਗਡਮ ਦੇ ਮਹਾਨ ਅਤੇ ਬਹੁਤ ਬਹਾਦਰ ਫ਼ੌਜੀ ਹਮੇਸ਼ਾ ਸੰਯੁਕਤ ਰਾਜ ਅਮਰੀਕਾ ਨਾਲ ਰਹਿਣਗੇ। ਉਨ੍ਹਾਂ ਅਫ਼ਗਾਨਿਸਤਾਨ ਵਿੱਚ ਮਾਰੇ ਗਏ ਬ੍ਰਿਟਿਸ਼ ਸੈਨਿਕਾਂ ਅਤੇ ਜੰਗ ਵਿੱਚ ਜ਼ਖਮੀ ਹੋਏ ਫ਼ੌਜੀਆਂ ਨੂੰ ਮਹਾਨ ਯੋਧੇ ਦੱਸਿਆ।
ਇਸ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਅਜਿਹੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣ। ਸ੍ਰੀ ਟਰੰਪ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ਖ਼ਿਲਾਫ਼ ਜੰਗ ਦੌਰਾਨ ਬਰਤਾਨੀਆ ਸਣੇ ਨਾਟੋ ਦੇਸ਼ਾਂ ਦੇ ਫ਼ੌਜੀ ਜੰਗ ਦੌਰਾਨ ਫ਼ਰੰਟ ਲਾਈਨ ਤੋਂ ਦੂਰ ਰਹੇ ਜਦਕਿ ਅਮਰੀਕੀ ਫ਼ੌਜੀ ਸਭ ਤੋਂ ਅੱਗੇ ਰਹੇ ਸਨ। ਸ੍ਰੀ ਸਟਾਰਮਰ ਨੇ ਕਿਹਾ, ‘ਮੈਂ ਨਾਟੋ ਫ਼ੌਜੀਆਂ ਦੀ ਹਿੰਮਤ, ਉਨ੍ਹਾਂ ਦੀ ਬਹਾਦਰੀ ਅਤੇ ਉਨ੍ਹਾਂ ਦੀ ਦੇਸ਼ ਲਈ ਕੁਰਬਾਨੀ ਨੂੰ ਕਦੇ ਨਹੀਂ ਭੁੱਲਾਂਗਾ। ਮੈਂ ਰਾਸ਼ਟਰਪਤੀ ਟਰੰਪ ਦੀਆਂ ਟਿੱਪਣੀਆਂ ਨੂੰ ਅਪਮਾਨਜਨਕ ਅਤੇ ਸਪਸ਼ਟ ਤੌਰ ’ਤੇ ਗਲਤ ਮੰਨਦਾ ਹਾਂ। ਉਨ੍ਹਾਂ ਨੇ ਇਸ ਜੰਗ ਵਿੱਚ ਫ਼ੌਤ ਹੋਏ ਜਾਂ ਜ਼ਖਮੀ ਹੋਏ ਫ਼ੌਜੀਆਂ ਦੇ ਅਜ਼ੀਜ਼ਾਂ ਅਤੇ ਦੇਸ਼ ਵਾਸੀਆਂ ਨੂੰ ਦੁੱਖ ਪਹੁੰਚਾਇਆ ਹੈ।’
ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਜੇ ਅਤੇ ਜਦੋਂ ਵੀ ਕਿਹਾ ਜਾਵੇ ਤਾਂ ਨਾਟੋ ਸੰਯੁਕਤ ਰਾਜ ਅਮਰੀਕਾ ਦਾ ਸਮਰਥਨ ਕਰਨ ਲਈ ਉੱਥੇ ਹੋਵੇਗਾ। ਇਨ੍ਹਾਂ ਟਿੱਪਣੀਆਂ ਕਾਰਨ ਯੂਨਾਈਟਿਡ ਕਿੰਗਡਮ ਦੇ ਲੋਕਾਂ ਵਿੱਚ ਗੁੱਸਾ ਅਤੇ ਦੁੱਖ ਹੈ। ਟਰੰਪ ਨੇ ਪਿਛਲੇ ਦਿਨੀਂ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਫ਼ੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, ‘ਸਾਨੂੰ ਕਦੇ ਵੀ ਉਨ੍ਹਾਂ ਦੀ ਲੋੜ ਨਹੀਂ ਪਈ, ਤੁਸੀਂ ਜਾਣਦੇ ਹੋ, ਉਹ ਕਹਿਣਗੇ ਕਿ ਉਨ੍ਹਾਂ ਨੇ ਅਫ਼ਗਾਨਿਸਤਾਨ ਵਿੱਚ ਕੁਝ ਫ਼ੌਜੀ ਭੇਜੇ ਪਰ ਉਹ ਫ਼ੌਜੀ ਥੋੜ੍ਹਾ ਪਿੱਛੇ ਰਹੇ ਤੇ ਮੂਹਰਲੀਆਂ ਕਤਾਰਾਂ ਤੋਂ ਦੂਰ।’
![]()
