ਮਹਾਰਾਸ਼ਟਰ: ਨਾਰਵੇਕਰ ਦਾ ਸਪੀਕਰ ਬਣਨਾ ਤੈਅ

In ਮੁੱਖ ਖ਼ਬਰਾਂ
December 09, 2024
ਮੁੰਬਈ, 9 ਦਸੰਬਰ: ਭਾਜਪਾ ਆਗੂ ਰਾਹੁਲ ਨਾਰਵੇਕਰ ਦਾ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਵਜੋਂ ਬਿਨਾਂ ਵਿਰੋਧ ਚੁਣਿਆ ਜਾਣਾ ਤਕਰੀਬਨ ਤੈਅ ਹੈ। ਵਿਰੋਧੀ ਗੱਠਜੋੜ ਮਹਾਵਿਕਾਸ ਅਘਾੜੀ ਨੇ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਨਾਰਵੇਕਰ ਜੋ 14ਵੀਂ ਵਿਧਾਨ ਸਭਾ ’ਚ ਢਾਈ ਸਾਲ ਤੱਕ ਸਪੀਕਰ ਰਹੇ ਅਤੇ ਉਨ੍ਹਾਂ ਸ਼ਿਵ ਸੈਨਾ ਤੇ ਐੱਨਸੀਪੀ ਨਾਲ ਸਬੰਧਤ ਅਹਿਮ ਫ਼ੈਸਲੇ ਦਿੱਤੇ, ਮੁੰਬਈ ਦੀ ਕੋਲਾਬਾ ਵਿਧਾਨ ਸਭਾ ਸੀਟ ਤੋਂ ਮੁੜ ਵਿਧਾਇਕ ਚੁਣੇ ਗਏ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀਆਂ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਨਾਲ ਅੱਜ ਨਾਰਵੇਕਰ ਨੇ ਵਿਧਾਨ ਸਭਾ ਦੇ ਸਕੱਤਰ ਜਿਤੇਂਦਰ ਭੋਲੇ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਭਲਕੇ ਸਦਨ ’ਚ ਸਪੀਕਰ ਦੀ ਚੋਣ ਦਾ ਰਸਮੀ ਐਲਾਨ ਕੀਤਾ ਜਾਵੇਗਾ। ਇਸ ਮਗਰੋਂ ਨਵੀਂ ਸਰਕਾਰ ਨੂੰ ਬਹੁਮਤ ਸਾਬਤ ਕਰਨਾ ਪਵੇਗਾ। ਇਸ ਮਗਰੋਂ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਰਾਜ ਵਿਧਾਨ ਮੰਡਲ ਦੇ ਦੋਵਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ। ਪਿਛਲੀ ਵਿਧਾਨ ਸਭਾ ’ਚ ਸਪੀਕਰ ਵਜੋਂ ਆਪਣੇ ਕਾਰਜਕਾਲ ਦੌਰਾਨ ਨਾਰਵੇਕਰ ਨੇ ਫ਼ੈਸਲਾ ਸੁਣਾਇਆ ਸੀ ਕਿ ਬਾਲ ਠਾਕਰੇ ਵੱਲੋਂ ਸਥਾਪਤ ਪਾਰਟੀ ’ਚ ਵੰਡ ਮਗਰੋਂ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੀ ਪਾਰਟੀ ਵੈਧ ਅਤੇ ਅਸਲੀ ਸ਼ਿਵ ਸੈਨਾ ਹੈ। ਉਨ੍ਹਾਂ ਇਹ ਵੀ ਮੰਨਿਆ ਸੀ ਕਿ ਅਜੀਤ ਪਵਾਰ ਦੀ ਅਗਵਾਈ ਹੇਠਲਾ ਧੜਾ ਹੀ ਅਸਲੀ ਐੱਨਸੀਪੀ ਹੈ ਜਿਸ ਦੀ ਸਥਾਪਨਾ ਸ਼ਰਦ ਪਵਾਰ ਨੇ ਕੀਤੀ ਸੀ।

Loading