
ਮੁੰਬਈ, 9 ਦਸੰਬਰ:
ਮਹਾਰਾਸ਼ਟਰ ’ਚ ਵਿਰੋਧੀ ਧਿਰ ਮਹਾਵਿਕਾਸ ਅਘਾੜੀ (ਐੱਮਵੀਏ) ਦੇ ਮੈਂਬਰਾਂ ਸਮੇਤ 105 ਵਿਧਾਇਕਾਂ ਨੇ ਅੱਜ ਨਵੀਂ ਚੁਣੀ ਵਿਧਾਨ ਸਭਾ ’ਚ ਵਿਧਾਇਕ ਵਜੋਂ ਸਹੁੰ ਚੁੱਕੀ। ਵਿਧਾਇਕਾਂ ਨੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਸਹੁੰ ਚੁੱਕੀ। ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਹਾਲ ਹੀ ਵਿੱਚ ਸੂਬਾਈ ਚੋਣਾਂ ’ਚ ਈਵੀਐੱਮ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਵਿਧਾਨ ਸਭਾ ਦੇ ਤਿੰਨ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ ਸੀ। ਕਾਂਗਰਸ ਆਗੂ ਨਾਨਾ ਪਟੋਲੇ, ਵਿਜੈ ਵਾਡੇਤੀਵਾਰ ਤੇ ਅਮਿਤ ਦੇਸ਼ਮੁਖ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਨੇਤਾ ਜਿਤੇਂਦਰ ਅਵਹਾਦ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਆਦਿੱਤਿਆ ਠਾਕਰੇ ਸਮੇਤ ਕੁਝ ਵਿਧਾਇਕਾਂ ਨੇ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਸਹੁੰ ਚੁੱਕੀ। ਬੀਤੇ ਦਿਨ 173 ਵਿਧਾਇਕਾਂ ਨੇ ਸਹੁੰ ਚੁੱਕੀ ਜਦਕਿ ਨੌਂ ਗ਼ੈਰਹਾਜ਼ਰ ਵਿਧਾਇਕ ਭਲਕੇ ਹਲਫ਼ ਲੈਣਗੇ। ਪਹਿਲੀ ਵਾਰ ਵਿਧਾਇਕ ਬਣੇ ਕਈ ਆਗੂਆਂ ਨੇ ਅੱਜ ਸਹੁੰ ਚੁੱਕੀ ਅਤੇ ਸਮਾਗਮ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ।