ਮਹੱਤਵਪੂਰਨ ਹੈ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਭਾਰਤ ਦੌਰਾ

In ਸੰਪਾਦਕੀ
April 23, 2025
ਜਿਸ ਸਮੇਂ ਪੂਰੇ ਵਿਸ਼ਵ ਵਿੱਚ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ਼ ਨੀਤੀ ਨੇ ਵੱਡੀ ਹਲਚਲ ਮਚਾਈ ਹੋਈ ਹੈ, ਉਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ.ਵੈਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਦੀ ਭਾਰਤ ਫ਼ੇਰੀ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਟਰੰਪ ਦੀ ਟੈਰਿਫ਼ ਨੀਤੀ ਭਾਰਤ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਜਿਸ ਕਰਕੇ ਵੈਂਸ ਦੇ ਭਾਰਤ ਦੌਰੇ ਦੀ ਅਹਿਮੀਅਤ ਹੋਰ ਵੀ ਵੱਧ ਗਈ ਹੈ। ਪਿਛਲੇ 13 ਸਾਲਾਂ ਵਿੱਚ ਕਿਸੇ ਅਮਰੀਕੀ ਉਪ ਰਾਸ਼ਟਰਪਤੀ ਦਾ ਇਹ ਪਹਿਲਾ ਭਾਰਤ ਦੌਰਾ ਹੈ। ਇਸ ਤੋਂ ਪਹਿਲਾਂ ਜੋਅ ਬਾਇਡੇਨ ਸਾਲ 2013 ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਵਜੋਂ ਭਾਰਤ ਆਏ ਸਨ। ਅਮਰੀਕੀ ਉਪ ਰਾਸ਼ਟਰਪਤੀ ਜੇ. ਡੀ. ਵੈਂਸ ਵੱਲੋਂ ਆਪਣੀ ਭਾਰਤ ਫ਼ੇਰੀ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਵਪਾਰ, ਟੈਰਿਫ਼, ਖੇਤਰੀ ਸੁਰੱਖਿਆ ਅਤੇ ਦੁਵੱਲੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਤਰੀਕਿਆਂ ਸਮੇਤ ਕਈ ਮੁੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਉਨ੍ਹਾਂ ਦੋਵਾਂ ਮੁਲਕਾਂ ਦੇ ਲੋਕਾਂ ਦੀ ਭਲਾਈ ’ਤੇ ਕੇਂਦਰਿਤ ਅਤੇ ਇੱਕ ਦੂਜੇ ਲਈ ਲਾਭਦਾਇਕ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਊਰਜਾ, ਰੱਖਿਆ, ਰਣਨੀਤਕ ਤਕਨਾਲੋਜੀ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਨਿਰੰਤਰ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਪਰਸਪਰ ਹਿੱਤ ਵਾਲੇ ਵੱਖ-ਵੱਖ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਅੱਗੇ ਵਧਣ ਲਈ ਗੱਲਬਾਤ ਅਤੇ ਕੂਟਨੀਤੀ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ, ਦੋਵੇਂ ਆਗੂ ਇਸ ਸਾਲ ਪੈਰਿਸ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸੰਮੇਲਨ ਵਿੱਚ ਮਿਲੇ ਸਨ। ਉਸ ਸਮੇਂ ਮੋਦੀ ਵੈਂਸ ਦੇ ਪੁੱਤਰ ਵਿਵੇਕ ਦੇ ਜਨਮਦਿਨ ’ਤੇ ਸ਼ਾਮਲ ਹੋਏ ਸਨ ਅਤੇ ਉਸਨੂੰ ਖਿਡੌਣੇ ਤੋਹਫ਼ੇ ਵਜੋਂ ਦਿੱਤੇ ਸਨ। ਇਹ ਮੋਦੀ ਦੀ ਟਰੰਪ-2 ਸਰਕਾਰ ਦੇ ਕਿਸੇ ਸੀਨੀਅਰ ਅਧਿਕਾਰੀ ਨਾਲ ਪਹਿਲੀ ਮੁਲਾਕਾਤ ਸੀ। ਭਾਰਤ ਅਤੇ ਅਮਰੀਕਾ ਦੋਵੇਂ ਹੀ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਹਨ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ, ਵਪਾਰ, ਤਕਨਾਲੋਜੀ ਅਤੇ ਜਲਵਾਯੂ ਪਰਿਵਰਤਨ ਵਰਗੇ ਮੁੱਦਿਆਂ ’ਤੇ ਸਹਿਯੋਗ ਲਗਾਤਾਰ ਵਧ ਰਿਹਾ ਹੈ। ਅਮਰੀਕਾ ਜੇ ਵਿਸ਼ਵ ਦੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਹੈ ਤਾਂ ਭਾਰਤ ਦੀ ਗਿਣਤੀ ਵੀ ਵਿਸ਼ਵ ਦੀਆਂ ਵੱਡੀਆਂ ਆਰਥਿਕ ਸ਼ਕਤੀਆਂ ਵਿੱਚ ਹੁੰਦੀ ਹੈ। ਆਰਥਿਕ ਮੁਹਾਜ਼ ’ਤੇ ਪਿਛਲੇ ਸਾਲਾਂ ਦੌਰਾਨ ਬਹੁਤ ਤਰੱਕੀ ਕਰ ਗਿਆ ਹੈ, ਜਿਸ ਨਾਲ ਭਾਰਤ ਵਿਕਾਸਸ਼ੀਲ ਦੇਸ਼ ਤੋਂ ਵਿਕਸਤ ਦੇਸ਼ ਬਣਦਾ ਜਾ ਰਿਹਾ ਹੈ, ਜੋ ਕਿ ਭਾਰਤ ਦੀ ਤਰੱਕੀ ਦਾ ਸੂਚਕ ਹੈ। ਇਸ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਸਮਝੌਤੇ ਦੁਨੀਆਂ ਵਿੱਚ ਕਾਫ਼ੀ ਮਹੱਤਤਾ ਰੱਖਦੇ ਹਨ। ਇਸੇ ਕਾਰਨ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਭਾਰਤ ਦੌਰੇ ’ਤੇ ਪੂਰੀ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਅਮਰੀਕਾ ਭਾਰਤ ਲਈ ਇੱਕ ਵੱਡਾ ਬਾਜ਼ਾਰ ਹੈ ਅਤੇ ਭਾਰਤ ਅਮਰੀਕਾ ਲਈ ਇੱਕ ਰਣਨੀਤਕ ਭਾਈਵਾਲ ਹੈ। ਅਜਿਹੀ ਸਥਿਤੀ ਵਿੱਚ, ਉਪ ਰਾਸ਼ਟਰਪਤੀ ਵੈਂਸ ਦੇ ਦੌਰੇ ਨੂੰ ਇੱਕ ਬਹੁਤ ਮਹੱਤਵਪੂਰਨ ਕੂਟਨੀਤਕ ਮਿਸ਼ਨ ਵਜੋਂ ਵੀ ਦੇਖਿਆ ਜਾ ਰਿਹਾ ਹੈ। ਟਰੰਪ ਦੇ ਟੈਰਿਫ਼ ਯੁੱਧ ਤੋਂ ਬਾਅਦ ਭਾਰਤ ਅਮਰੀਕਾ ਨਾਲ ਇੱਕ ਦੁਵੱਲੇ ਵਪਾਰ ਸਮਝੌਤੇ ਨੂੰ ਆਕਾਰ ਦੇਣ ਵਿੱਚ ਰੁੱਝਿਆ ਹੋਇਆ ਹੈ ਤਾਂ ਜੋ ਦੋਵਾਂ ਦੇਸ਼ਾਂ ਦੇ ਹਿੱਤਾਂ ਦੀ ਪੂਰਤੀ ਕਰਦੇ ਹੋਏ ਵਪਾਰ ਨੂੰ ਵਿਵਹਾਰਕ ਬਣਾਇਆ ਜਾ ਸਕੇ। ਜੇ. ਡੀ. ਵੈਂਸ ਦੀ ਇਸ ਫ਼ੇਰੀ ਨੂੰ ਭਾਰਤ ਅਤੇ ਅਮਰੀਕਾ ਵਿਚਕਾਰ ਤਕਨੀਕੀ ਅਤੇ ਰਣਨੀਤਕ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਦੇ ਲਿਹਾਜ਼ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਦੀ ਸੈਮੀਕੰਡਕਟਰ ਨੀਤੀ, ਡਿਜੀਟਲ ਇੰਡੀਆ ਮੁਹਿੰਮ ਅਤੇ ਗਲੋਬਲ ਨਿਰਮਾਣ ਵਿੱਚ ਵਧਦੀ ਹਿੱਸੇਦਾਰੀ ਅਜਿਹੇ ਖੇਤਰ ਹਨ ਜਿੱਥੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਸਮਝੌਤੇ ਕੀਤੇ ਜਾ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਦੌਰਾ ਤਕਨੀਕੀ ਨਿਵੇਸ਼, ਖੋਜ ਸਹਿਯੋਗ ਅਤੇ ਸਪਲਾਈ ਲੜੀ ਵਿਭਿੰਨਤਾ ਵਰਗੇ ਮੁੱਦਿਆਂ ’ਤੇ ਪ੍ਰਗਤੀ ਵੱਲ ਲੈ ਜਾਂਦਾ ਹੈ, ਤਾਂ ਇਹ ਭਾਰਤ ਨੂੰ ਇਲੈਕਟ੍ਰਾਨਿਕਸ ਅਤੇ ਤਕਨੀਕੀ ਨਵੀਨਤਾ ਦਾ ਵਿਸ਼ਵਵਿਆਪੀ ਕੇਂਦਰ ਬਣਾਉਣ ਵੱਲ ਇੱਕ ਵੱਡਾ ਕਦਮ ਹੋਵੇਗਾ। ਭਾਰਤ ਫ਼ੇਰੀ ਦੌਰਾਨ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਅਤੇ ਮਹੱਤਵਪੂਰਨ ਗੱਲਬਾਤ ਕਰਨ ਤੋਂ ਬਾਅਦ ਭਾਰਤ ਦੇ ਵੱਖ ਵੱਖ ਸਥਾਨਾਂ ਦੀ ਸੈਰ ਕੀਤੀ, ਜਿਸ ਤੋਂ ਉਹਨਾਂ ਦੇ ਭਾਰਤ ਪ੍ਰਤੀ ਪ੍ਰੇਮ ਦਾ ਪਤਾ ਚੱਲ ਜਾਂਦਾ ਹੈ। ਜੇ. ਡੀ. ਵੈਂਸ ਦੀ ਭਾਰਤ ਫ਼ੇਰੀ ਭਾਰਤ ਦੇ ਲੋਕਾਂ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਊਸ਼ਾ ਚਿਲਕੁਰੀ ਦਾ ਜੱਦੀ ਇਲਾਕਾ ਆਂਧਰਾ ਪ੍ਰਦੇਸ਼ ਵਿੱਚ ਹੈ। ਉਸਦੀ ਪਤਨੀ ਊਸ਼ਾ ਦੇ ਮਾਤਾ-ਪਿਤਾ ਅਮਰੀਕਾ ਗਏ ਹੋਏ ਸਨ, ਊਸ਼ਾ ਦਾ ਜਨਮ ਉੱਥੇ ਹੋਇਆ ਸੀ ਅਤੇ ਉਹ ਪਹਿਲੀ ਵਾਰ ਭਾਰਤ ਆਈ ਹੈ। ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ, ਉਪ ਰਾਸ਼ਟਰਪਤੀ ਉਮੀਦਵਾਰ ਦੀ ਪਤਨੀ ਭਾਰਤੀ ਮੂਲ ਦੀ ਹੋਣ ਕਰਕੇ ਮੀਡੀਆ ਵਿੱਚ ਸੁਰਖੀਆਂ ਬਟੋਰੀਆਂ ਸਨ। ਇਹ ਮੰਨਿਆ ਜਾ ਰਿਹਾ ਹੈ ਕਿ ਵੈਂਸ ਦੀ ਭਾਰਤ ਫ਼ੇਰੀ ਅਮਰੀਕਾ ਅਤੇ ਭਾਰਤ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰੇਗੀ। ਉਹਨਾਂ ਦਾ ਭਾਰਤ ਦੌਰਾ ਪੂਰੀ ਦੁਨੀਆਂ ਵਿੱਚ ਹੀ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਹੋਇਆ ਹੈ। ਦੁਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਦੋਵਾਂ ਮੁਲਕਾਂ ਦਰਮਿਆਨ ਚੱਲ ਰਹੇ ਸੰਵਾਦ ਦੇ ਪਿਛੋਕੜ ਵਿੱਚ ਮੋਦੀ-ਵੈਂਸ ਗੱਲਬਾਤ ਬਹੁਤ ਅਹਿਮ ਹੈ।

Loading