
ਨਿਊਜ਼ ਵਿਸ਼ਲੇਸ਼ਣ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਪਾਰਟੀ ਨੂੰ ਲਗਾਤਾਰ ਚੋਣ ਹਾਰਾਂ ਤੋਂ ਬਾਅਦ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਪੂਰਾ ਜ਼ੋਰ ਲਾ ਰਹੀ ਹੈ। 2022 ਦੀਆਂ ਵਿਧਾਨ ਸਭਾ ਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬੁਰੀ ਤਰ੍ਹਾਂ ਫੇਲ ਹੋਣ ਮਗਰੋਂ ਬਸਪਾ ਦੀ ਹਾਲਤ ਬਹੁਤ ਮਾੜੀ ਹੋ ਗਈ। ਉੱਤਰ ਪ੍ਰਦੇਸ਼ ਵਿੱਚ ਪਾਰਟੀ ਨੂੰ ਸਿਰਫ 9 ਫੀਸਦੀ ਵੋਟਾਂ ਮਿਲੀਆਂ ਤੇ ਇੱਕ ਵੀ ਸੀਟ ਨਾ ਜਿੱਤੀ। ਜਨਤਾ ਦਾ ਮੰਨਣਾ ਸੀ ਕਿ ਜੇਕਰ ਹਾਲਾਤ ਅਜਿਹੇ ਰਹੇ ਤਾਂ ਬਸਪਾ ਦਾ ਨਾਮੋ-ਨਿਸ਼ਾਨ ਮਿੱਟ ਜਾਏਗਾ। ਉੱਤੋਂ ਚੰਦਰਸ਼ੇਖਰ ਆਜ਼ਾਦ ਨੇ ਆਜ਼ਾਦ ਸਮਾਜ ਪਾਰਟੀ ਬਣਾ ਕੇ ਬਸਪਾ ਦੇ ਵੋਟਰਾਂ ਤੇ ਬਾਬੂ ਕਾਂਸ਼ੀ ਰਾਮ ਦੀ ਵਿਰਾਸਤ ਉਪਰ ਹੱਕ ਜਮਾ ਲਿਆ। ਆਜ਼ਾਦ ਨੇ ਆਪਣੀ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਸੀਟ ਜਿੱਤ ਲਈ, ਜਦੋਂਕਿ ਬਸਪਾ ਦੇ ਹੱਥ ਕੁਝ ਨਾ ਲੱਗਾ।
ਹੁਣ ਮਾਇਆਵਤੀ ਨੇ ਪਾਰਟੀ ਨੂੰ ਇਕਜੁਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਲੰਮੇ ਅਰਸੇ ਮਗਰੋਂ 9 ਅਕਤੂਬਰ ਨੂੰ ਕਾਂਸ਼ੀ ਰਾਮ ਦੀ ਬਰਸੀ ’ਤੇ ਲਖਨਊ ਵਿੱਚ ਵੱਡਾ ਪ੍ਰੋਗਰਾਮ ਕਰਕੇ ਪਾਰਟੀ ਦੀ ਤਾਕਤ ਵਿਖਾਏਗੀ ।
ਮਾਇਆਵਤੀ ਦੀ ਰਣਨੀਤੀ ਸਪੱਸ਼ਟ ਹੈ – ਪਾਰਟੀ ਨੂੰ ਅੰਦਰੋਂ ਮਜ਼ਬੂਤ ਕਰੋ ਪੁਰਾਣੇ ਵੋਟਰ ਵਾਪਸ ਲਿਆਉ। ਉਨ੍ਹਾਂ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਮੁੜ ਰਾਸ਼ਟਰੀ ਕੋਆਰਡੀਨੇਟਰ ਬਣਾ ਦਿੱਤਾ, ਜਿਸ ਨਾਲ ਨੌਜਵਾਨ ਆਗੂਆਂ ਵਿੱਚ ਜੋਸ਼ ਵਧਿਆ ਹੈ। ਆਕਾਸ਼ ਦੇ ਸਹੁਰੇ ਤੇ ਸਾਬਕਾ ਰਾਜ ਸਭਾ ਮੈਂਬਰ ਸਿਧਾਰਥ ਅਸ਼ੋਕ ਵੀ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ। ਇਹ ਸਭ ਪਾਰਟੀ ’ਚ ਵਿਸ਼ਵਾਸ ਜਗਾਉਣ ਦੀਆਂ ਕੋਸ਼ਿਸ਼ਾਂ ਹਨ। ਮਾਇਆਵਤੀ ਨੇ ਬਿਹਾਰ ਦੀਆਂ ਚੋਣਾਂ ਪੂਰੇ ਦਮ ਨਾਲ ਲੜਨ ਦਾ ਐਲਾਨ ਕੀਤਾ ਹੈ। ਬਿਹਾਰ ’ਚ ਬਸਪਾ 243 ਸੀਟਾਂ ’ਤੇ ਲੜੇਗੀ। ਰਾਸ਼ਟਰੀ ਸੰਯੋਜਕ ਰਾਮਜੀ ਗੌਤਮ ਨੇ ਆਖਿਆ ਕਿ ਬਸਪਾ ਦੇ ਸਮਰਥਨ ਬਿਨਾਂ ਕੋਈ ਸਰਕਾਰ ਨਹੀਂ ਬਣ ਸਕੇਗੀ। ਪਰ ਕੁਝ ਰਾਜਨੀਤਕ ਮਾਹਿਰਾਂ ਮੁਤਾਬਕ, ਬਿਹਾਰ ਵਿੱਚ ਬਸਪਾ ਭਾਜਪਾ ਦੇ ਹੱਕ ਵਿੱਚ ਵੀ ਕੰਮ ਕਰ ਸਕਦੀ ਹੈ, ਕਿਉਂਕਿ ਭਾਜਪਾ ਸਮਝਦੀ ਹੈ ਕਿ ਰਾਸ਼ਟਰੀ ਜਨਤਾ ਦਲ ਵੱਲ ਜਾਂਦੀ ਦਲਿਤ ਵੋਟ ਨੂੰ ਬਸਪਾ ਖਿੱਚ ਸਕਦੀ ਹੈ। ਇਹ ਰਣਨੀਤੀ ਗੁਪਤ ਸਮਝੌਤੇ ਵਰਗੀ ਜਾਪਦੀ ਹੈ, ਜੋ ਬਸਪਾ ਨੂੰ ਵੀ ਫਾਇਦਾ ਪਹੁੰਚਾ ਸਕਦੀ ਹੈ।
ਬੀਬੀ ਮਾਇਆਵਤੀ ਦੀ ਆਪਣੀ ਨੀਤੀ ਕਾਂਸ਼ੀ ਰਾਮ ਦੀ ਨੀਤੀ ਨਾਲੋਂ ਵੱਖਰੀ ਹੈ, ਜਿਸ ਕਾਰਨ ਪਾਰਟੀ ਨੂੰ ਝਟਕੇ ਲੱਗੇ ਹਨ। ਕਾਂਸ਼ੀ ਰਾਮ ਨੇ ਬਸਪਾ ਨੂੰ ਇੱਕ ਅੰਦੋਲਨ ਵਜੋਂ ਖੜ੍ਹਾ ਕੀਤਾ ਸੀ ਜੋ ਕਿ ਦਲਿਤ, ਪਛੜੇ ਤੇ ਘੱਟ-ਗਿਣਤੀਆਂ ਦਾ ਗਠਜੋੜ ਸੀ,ਜਿਸ ਦਾ ਮਨੋਰਥ ਗਰੀਬੀ ਅਤੇ ਬੇਇਨਸਾਫੀ ਨਾਲ ਜੂਝਣਾ ਸੀ। ਉਨ੍ਹਾਂ ਨੇ ਪਾਰਟੀ ਨੂੰ ਫ਼ੌਜ ਵਰਗੀ ਤਰਤੀਬ ਨਾਲ ਬਣਾਇਆ।
ਬੀਬੀ ਮਾਇਆਵਤੀ ਨੇ ਇਸ ਨੂੰ ਅੱਗੇ ਵਧਾਇਆ, ਪਰ 2007 ਵਿੱਚ ਬ੍ਰਾਹਮਣ ਵੋਟਰਾਂ ਨੂੰ ਜੋੜ ਕੇ ਸਰਕਾਰ ਬਣਾਈ। ਇਹ ਗਠਜੋੜ ਕਾਂਸ਼ੀ ਰਾਮ ਦੀ ਬਹੁਜਨ ਸੋਚ ਨਾਲੋਂ ਵੱਖ ਸੀ। ਇਸ ਨੀਤੀ ਨਾਲ ਬਹੁਜਨ ਆਗੂ ਪਾਰਟੀ ਨਾਲੋਂ ਅਲੱਗ ਹੋ ਗਏ। ਕੇਡਰ ਖੁਰ ਗਿਆ। ਇਸ ਵੱਖਰੀ ਸੋਚ ਨੇ ਬਸਪਾ ਨੂੰ ਮੁਲਕ ਪੱਧਰ ’ਤੇ ਕਮਜ਼ੋਰ ਕੀਤਾ, ਜਦੋਂਕਿ ਕਾਂਸ਼ੀ ਰਾਮ ਦੇ ਸਮੇਂ ਪਿੰਡਾਂ ਵਿੱਚ ਪਾਰਟੀ ਦੀ ਜੜ੍ਹ ਮਜ਼ਬੂਤ ਸੀ।
ਹੁਣ ਮਾਇਆਵਤੀ ਕਾਂਸ਼ੀ ਰਾਮ ਦੇ ਰਾਹ ’ਤੇ ਮੁੜਨ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਨੇ 59 ਪੰਨਿਆਂ ਦੀ ਇੱਕ ਪੈਂਫਲਿਟ ਜਾਰੀ ਕੀਤਾ ਹੈ, ਜਿਸ ਵਿੱਚ ਪਾਰਟੀ ਦੀ ਅਗਲੀ ਰਣਨੀਤੀ ਦੱਸੀ ਗਈ। ਇਸ ਵਿੱਚ ਬ੍ਰਾਹਮਣ ਵੋਟਰਾਂ ਨੂੰ ਜੋੜਨ ਦੀ ਅਪੀਲ ਹੈ, ਤੇ ਸਮਾਜਵਾਦੀ ਪਾਰਟੀ, ਕਾਂਗਰਸ ਤੇ ਭਾਜਪਾ ਨੂੰ ਬਹੁਜਨ ਵਿਰੋਧੀ ਆਖਿਆ ਹੈ। ਉਨ੍ਹਾਂ ਨੇ ਈ.ਵੀ.ਐਮ. ਨੂੰ ਧੋਖਾ ਦੱਸ ਕੇ ਪੇਪਰ ਬੈਲਟ ਵਾਪਸ ਲਿਆਉਣ ਦੀ ਮੰਗ ਵੀ ਚੁੱਕੀ। ਇਹ ਸਭ ਬਹੁਜਨ ਵੋਟਰਾਂ ਨੂੰ ਵਾਪਸ ਖਿੱਚਣ ਦੀ ਕੋਸ਼ਿਸ਼ ਹੈ, ਪਰ ਚੰਦਰਸ਼ੇਖਰ ਵਰਗੇ ਆਗੂ ਬਸਪਾ ਦੀ ਰਾਜਨੀਤੀ ਲਈ ਚੈਲਿੰਜ ਹਨ। 9 ਅਕਤੂਬਰ ਦੀ ਲਖਨਊ ਰੈਲੀ ਨਾਲ ਬਸਪਾ ਨੂੰ ਨਵਾਂ ਜੋਸ਼ ਮਿਲੇਗਾ, ਜਿੱਥੇ ਆਕਾਸ਼ ਆਨੰਦ ਮੁੱਖ ਰੋਲ ਵਿੱਚ ਹੋਵੇਗਾ।
ਪੰਜਾਬ ਵਿੱਚ ਬਸਪਾ ਨੂੰ ਮੁੜ ਮਜ਼ਬੂਤ ਕਰਨਾ ਵੀ ਵੱਡੀ ਚੁਣੌਤੀ ਹੈ। ਪੰਜਾਬ ਵਿੱਚ ਬਸਪਾ ਦਾ ਵੋਟ ਬੈਂਕ 6 ਫੀਸਦੀ ਹੈ, ਜੋ ਜ਼ਿਆਦਾਤਰ ਦਲਿਤਾਂ ਤੋਂ ਆਉਂਦਾ ਹੈ। 2022 ਵਿੱਚ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਦਲਿਤ ਵੋਟਰ ਖੋਹ ਲਏ, ਪਰ 2027 ਦੀਆਂ ਚੋਣਾਂ ਲਈ ਬਸਪਾ ਨੂੰ ਨਵੀਂ ਸੋਚ ਅਪਣਾਉਣੀ ਪਵੇਗੀ। ਮਾਇਆਵਤੀ ਨੂੰ ਪਿੰਡਾਂ-ਪਿੰਡਾਂ, ਘਰਾਂ-ਘਰਾਂ ਵਿੱਚ ਜਾ ਕੇ ਮੁਹਿੰਮ ਚਲਾਉਣੀ ਪਵੇਗੀ, ਜਿਵੇਂ 2016 ਵਿੱਚ ‘ਪਿੰਡ ਪਿੰਡ ਚਲੋ, ਘਰ ਘਰ ਚਲੋ’ ਨਾਲ ਕੀਤਾ ਸੀ। ਉਸ ਮੁਹਿੰਮ ’ਚ ‘ਪੰਜਾਬ ਬਚਾਓ, ਬਸਪਾ ਲਿਆਓ’ ਦੇ ਨਾਅਰੇ ਨਾਲ 29 ਮਿਲੀਅਨ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਹੋਈ ਸੀ। ਹੁਣ ਆਕਾਸ਼ ਆਨੰਦ ਨੂੰ ਨੌਜਵਾਨਾਂ ਨੂੰ ਜੋੜਨ ਲਈ ਭੇਜਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਨਾਲ ਪੁਰਾਣੇ ਸਮਝੌਤੇ ਨੂੰ ਮੁੜ ਜੋੜਿਆ ਜਾ ਸਕਦਾ ਹੈ, ਜਿਵੇਂ 2022 ਵਿਚ ਹੋਇਆ ਸੀ। ਦਲਿਤਾਂ ਨੂੰ ਖੇਤੀ ਕਾਨੂੰਨਾਂ, ਨੌਕਰੀਆਂ ’ਚ ਰਾਖਵਾਂਕਰਨ ਤੇ ਸਮਾਜਿਕ ਮਸਲਿਆਂ ’ਤੇ ਜਾਗਰੂਕ ਕਰਨਾ ਜ਼ਰੂਰੀ ਹੈ। ਸਥਾਨਕ ਆਗੂਆਂ ਨੂੰ ਮਜ਼ਬੂਤ ਕਰਕੇ ਆਪ ਤੇ ਕਾਂਗਰਸ ਨਾਲ ਵੋਟ ਵੰਡ ਨੂੰ ਰੋਕਣਾ ਹੋਵੇਗਾ। ਜੇ ਇਹ ਸੋਚ ਅਪਣਾਈ ਤਾਂ ਬਸਪਾ ਪੰਜਾਬ ਵਿੱਚ 10-15 ਸੀਟਾਂ ਤੱਕ ਜਿੱਤ ਸਕਦੀ ਹੈ।
ਅੰਤ ਵਿੱਚ, ਮਾਇਆਵਤੀ ਦੀਆਂ ਕੋਸ਼ਿਸ਼ਾਂ ਨਾਲ ਬਸਪਾ ਮੁੜ ਜਾਗ ਸਕਦੀ ਹੈ, ਪਰ ਨਤੀਜੇ ਚੋਣਾਂ ਵਿੱਚ ਹੀ ਸਾਹਮਣੇ ਆਉਣਗੇ। ਬਿਹਾਰ ਤੇ ਪੰਜਾਬ ਵਿੱਚ ਮਜ਼ਬੂਤ ਸੋਚ ਤੇ ਸਮਝੌਤਿਆਂ ਨਾਲ ਪਾਰਟੀ ਮੁੜ ਉਭਰ ਸਕਦੀ ਹੈ।