ਮਾਰਕਸਵਾਦੀ ਆਲੋਚਨਾ ਨੇ ਸਾਹਿਤ ਦਾ ਨੁਕਸਾਨ ਕਿਵੇਂ ਕੀਤਾ?

In ਮੁੱਖ ਲੇਖ
July 10, 2025

ਦੀਪ ਜਗਦੀਪ ਸਿੰਘ
ਸੰਸਾਰ ਸਾਹਿਤ ਦੇ ਮੁੱਢਲੇ ਦੌਰ ਵਿੱਚ ਸਾਹਿਤਕ ਆਲੋਚਨਾ ਸਿਰਫ਼ ਰਚਨਾ ਦੇ ਰੂਪ ਤੇ ਸ਼ੈਲੀ ’ਤੇ ਕੇਂਦਰਿਤ ਹੁੰਦੀ ਸੀ। ਆਲੋਚਨਾ ਇਹ ਦੱਸਦੀ ਕਿ ਲਿਖਤ ਕਿਹੋ ਜਿਹੀ ਹੈ, ਕਿੰਨੀ ਕਲਾਤਮਕ ਹੈ। ਕਲਾਤਮਕ ਹੈ ਵੀ ਜਾਂ ਨਹੀਂ। ਇਸ ਆਲੋਚਨਾ ਨੇ ਕਲਾਤਮਕ ਸਾਹਿਤਕਾਰਾਂ ਨੂੰ ਬਹੁਤ ਉਤਸ਼ਾਹਿਤ ਕੀਤਾ।
ਉਸ ਦੌਰ ਵਿੱਚ ਕਈ ਸ਼ਾਹਕਾਰ ਰਚਨਾਵਾਂ ਪ੍ਰਗਟ ਹੋਈਆਂ, ਜੋ ਅੱਜ ਸੰਸਾਰ ਸਾਹਿਤ ਦੇ ਇਤਿਹਾਸ ਵਿੱਚ ਕਲਾਸਿਕ ਸਾਹਿਤ ਦੇ ਰੂਪ ਵਿੱਚ ਜਾਣੀਆਂ-ਮਾਣੀਆਂ ਜਾਂਦੀਆਂ ਹਨ। ਇਹ ਸਿਰਫ਼ ਕਲਾਤਮਕ ਲਿਖਤਾਂ ਨਹੀਂ ਸਨ, ਇਹ ਵਿੱਚ ਅਣਗਿਣਤ ਮਨੁੱਖੀ, ਸਮਾਜਿਕ ਤੇ ਸੱਭਿਆਚਾਰਕ ਸਰੋਕਾਰ ਸ਼ਾਮਲ ਸਨ।
ਬਸਤੀਵਾਦ ਦੇ ਆਖ਼ਰੀ ਪੜਾਅ ’ਤੇ ਜਿੱਥੇ ਬਸਤੀਵਾਦ ਖ਼ਿਲਾਫ਼ ਰੋਹ ਖੜ੍ਹਾ ਹੋਇਆ, ਉੱਥੇ ਹੀ ਬਸਤੀਵਾਦੀ ਸਾਹਿਤਕ ਆਲੋਚਨਾ ਦਾ ਤਿੱਖਾ ਵਿਰੋਧ ਵੀ ਖੜ੍ਹਾ ਹੋਇਆ। ਇਸ ਵਿੱਚੋਂ ਉੱਤਰ-ਬਸਤੀਵਾਦੀ ਆਲੋਚਨਾ ਵੀ ਉਭਰੀ ਜੋ ਅੰਗਰੇਜ਼ਾਂ ਦੇ ਬਸਤੀਆਂ ਵਿੱਚੋਂ ਚਲੇ ਜਾਣ ਦੇ ਬਾਵਜੂਦ ਮਾਨਸਿਕਤਾ ਵਿੱਚ ਬਚੀ ਰਹਿ ਗਏ ਬਸਤੀਵਾਦ ਨੂੰ ਮਿਟਾਉਣ ਦੀ ਵੰਗਾਰ ਦਿੰਦੀ ਸੀ।
1960ਵਿਆਂ ਦੇ ਦੌਰ ਮਾਰਕਸਵਾਦੀ ਆਲੋਚਨਾ ਨੇ ਆਪਣੇ ਤੋਂ ਪਿਛਲੀ ਆਲੋਚਨਾ ਦੀ ਕਾਟ ਵੱਜੋਂ ਨਵਾਂ ਚਿੰਤਨ ਉਭਾਰਿਆ। ਉਂਝ ਤਾਂ ਰੂਸੀ ਰੂਪਵਾਦ ਦਾ ਉਭਾਰ ਵੀ ਰੂਸ ਵਿੱਚ ਹੋਇਆ ਪਰ ਇਸ ਨੂੰ ਸਟਾਲਿਨ ਨੇ ਬੁਰਜੁਆ ਕਹਿ ਕੇ ਦੇਸ਼-ਨਿਕਾਲਾ ਦੇ ਦਿੱਤਾ।
ਨਤੀਜਾ ਸਾਹਿਤਕ ਲਿਖਤਾਂ ਦੀ ਕਲਾਤਮਕਾ ਨੂੰ ਹੌਲੀ-ਹੌਲੀ ਪਾਸੇ ਕਰਕੇ ਇਸ ਦੇ ਸਮਾਜਿਕ, ਸੱਭਿਆਚਾਰਕ ਤੇ ਸਿਆਸੀ ਸਰੋਕਾਰਾਂ ਨੂੰ ਉਭਾਰਿਆ ਗਿਆ। ਇਸ ਵਿੱਚ ਲਿਖਤ ਦੀ ਕਲਾਤਮਕਤਾ ਕਿਹੋ-ਜਿਹੀ ਹੈ, ਇਸ ਬਾਰੇ ਉੱਕਾ ਹੀ ਕੋਈ ਗ਼ੌਰ ਨਹੀਂ ਕੀਤਾ ਗਿਆ, ਬੱਸ ਜਿਹੜੀ ਰਚਨਾ ਹਾਸ਼ੀਆਗਤ ਵਰਗ, ਜਾਤ, ਜਮਾਤ ਦੀ ਆਵਾਜ਼ ਬਣਦੀ ਸੀ, ਉਸ ਨੂੰ ਵੱਡੀ ਰਚਨਾ ਐਲਾਨਣ ਦਾ ਦੌਰ ਚੱਲ ਪਿਆ। ਕਲਾਤਮਕਤਾ ਦੇ ਨੁਕਤਿਆਂ ਨੂੰ ਬਸਤੀਵਾਦੀ ਜਾਂ ਪੱਛਮੀ ਕਹਿ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਗਿਆ। ਕੁਝ ਹੱਦ ਤੱਕ ਇਹ ਹੈ ਵੀ ਸੀ ਪਰ ਇਹ ਸੰਸਾਰ ਪੱਧਰ ਦੀ ਸਾਹਿਤਕ ਕਲਾਤਮਕਤਾ ਦੀ ਰਾਹ-ਦਸੇਰਾ ਵੀ ਸੀ।
ਚੰਗੀ ਗੱਲ ਇਹ ਸੀ ਕਿ ਇਹ ਤਬਦੀਲੀ ਦਾ ਦੌਰ ਸੀ ਤੇ ਕਲਾਤਮਕਤਾ ਲੇਖਕਾਂ ਅੰਦਰ ਮੌਜੂਦ ਸੀ, ਭਾਵੇਂ ਉਸ ਦੌਰ ਦੇ ਲੇਖਕਾਂ ਨੇ ਵਿਚਾਰਧਾਰਾ ਨੂੰ ਕੇਂਦਰ ਵਿੱਚ ਰੱਖ ਕੇ ਸਾਹਿਤ ਲਿਖਿਆ ਪਰ ਉਨ੍ਹਾਂ ਨੇ ਕਲਾਤਮਕਤਾ ਦਾ ਪੱਲਾ ਨਹੀਂ ਛੱਡਿਆ। ਉਸ ਦੌਰ ਦੀਆਂ ਸ਼ਾਨਦਾਰ ਰਚਨਾਵਾਂ ਅੱਜ ਵੀ ਆਪਣਾ ਰੁਤਬਾ ਕਾਇਮ ਰੱਖੀ ਬੈਠੀਆਂ ਹਨ।
1980ਵਿਆਂ ਤੱਕ ਆਉਂਦਿਆਂ ਸੰਸਾਰ ਭਰ ਦੇ ਅਕਾਦਮਿਕ ਖੇਤਰ ਵਿੱਚ ਇਸ ਮਾਰਕਸਵਾਦੀ ਚਿੰਤਨ ਦਾ ਕਬਜ਼ਾ ਹੋ ਗਿਆ। ਕੋਈ ਸ਼ੱਕ ਨਹੀਂ ਸੰਸਾਰ ਪੱਧਰ ਦੇ ਕਈ ਮਹਾਨ ਚਿੰਤਕਾਂ ਨੇ ਇਸ ਆਲੋਚਨਾ ਨੂੰ ਘੜਿਆ ਸੀ ਤੇ ਬੜੀਆਂ ਸ਼ਾਨਦਾਰ ਧਾਰਨਾਵਾ ਦਿੱਤੀਆਂ ਸਨ। ਕਈ ਮੁੱਲਵਾਦ ਸਿਧਾਂਤ ਘੜੇ। ਉਹ ਸਮਾਵੇਸ਼ੀ ਵੀ ਸਨ, ਉਨ੍ਹਾਂ ਕਲਾਤਮਕਤਾ ਤੇ ਸਰੋਕਾਰਾਂ ਨੂੰ ਨਾਲੋ-ਨਾਲ ਲੈ ਕੇ ਚੱਲਣ ਦੀ ਵੀ ਗੱਲ ਕੀਤੀ। ਸਾਹਿਤਕ ਭਾਸ਼ਾ ਦੇ ਸਵਾਲ ਨੂੰ ਵੀ ਪ੍ਰਮੁੱਖਤਾ ਦਿੱਤੀ। ਇਹ ਸਮੇਂ ਦੀ ਲੋੜ ਵੀ ਸੀ ਤੇ ਸਾਹਿਤ ਨੂੰ ਸਮਾਜ ਦੀ ਬਿਹਤਰੀ ਨਾਲ ਜੋੜਨ ਲਈ ਲਾਜ਼ਮੀ ਵੀ… ਪਰ ਜ਼ਮੀਨੀ ਪੱਧਰ ’ਤੇ ਆਉਂਦੇ, ਮਾਰਕਸਵਾਦੀ ਆਲੋਚਨਾ ਦਾ ਵਿਚਾਰਧਾਰਕ ਪੱਖ ਇਨ੍ਹਾਂ ਹਾਵੀ ਕਰ ਦਿੱਤਾ ਗਿਆ ਕਲਾਤਮਕਤਾ ਦੀ ਗੱਲ ਕਰਨ ਵਾਲਿਆਂ ਨੂੰ ‘ਲੋਕ-ਧ੍ਰੋਹੀ’ ਤੱਕ ਗਰਦਾਨ ਦਿੱਤਾ ਗਿਆ। ਇਸ ਨੂੰ ਕਲਾ ਲਈ ਕਲਾ ਦਾ ਲਕਬ ਦੇ ਕੇ ਭਿੱਟੀ ਹੋਈ ਵਸਤ ਬਣਾ ਦਿੱਤਾ ਗਿਆ। ‘ਕਲਾ ਲੋਕਾਂ ਲਈ’ ਦੇ ਨਾਮ ’ਤੇ ਸਾਹਿਤ ਨੂੰ ਪ੍ਰਾਪੇਗੰਡੇ, ਝੰਡੇ ਤੇ ਡੰਡੇ ਤੱਕ ਘਟਾ ਦਿੱਤਾ ਗਿਆ।
ਭਾਰਤ ਤੇ ਪੰਜਾਬ ਵਿੱਚ ਆਉਂਦਿਆਂ ਇਹ ਹੋਰ ਤਿੱਖਾ ਹੋ ਗਿਆ। ਸਿੱਧਾ ਹੀ ਕਿਹਾ ਜਾਣ ਲੱਗਾ ਕਿ ਨਪੀੜੇ ਹੋਏ ਵਰਗਾਂ ਦੇ ਜਿਹੋ-ਜਿਹੇ ਹਾਲਾਤ ਹੋਣਗੇ, ਉਹੀ ਜਿਹੀ ਭਾਸ਼ਾ ਤੇ ਉਹੋ ਜਿਹੀ ਕਲਾਤਮਕਤਾ ਹੋਊਗੀ। ਇਸ ਦੌਰ ਵਿੱਚ ਬਹੁਤ ਸਾਰੀ ਵਿਚਾਰ ਪ੍ਰਧਾਨ ਲਿਖਤ ਪੈਦਾ ਹੋਈ ਜਿਸ ਦਾ ਕਾਫ਼ੀ ਹਿੱਸਾ ਕਲਾਤਮਕ ਤਾਂ ਨਹੀਂ ਸੀ ਪਰ ਉਸ ਦਾ ਵਿਚਾਰ ਤੇ ਸੰਚਾਰ ਇੰਨਾ ਤੀਬਰ ਸੀ ਕਿ ਉਸ ਨੇ ਲੋਕਾਂ ਨੂੰ ਬਹੁਤ ਪ੍ਰਭਾਵਤ ਕੀਤਾ। ਵਿਚਾਰਧਾਰਾ ਨਾਲ ਜੁੜੇ ਆਲੋਚਕਾਂ ਨੇ ਉਨ੍ਹਾਂ ਨੂੰ ਮੌਲਿਕ ਸਾਹਿਤਕ ਪ੍ਰਗਟਾਵੇ ਦੇ ਰੂਪ ਵਿੱਚ ਸਥਾਪਤਿ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਸੰਸਾਰ ਪੱਧਰ ਦਾ ਕੌੜਾ ਸੱਚ ਇਹੀ ਸੀ ਕਿ ਨਵ-ਉਦਾਰਵਾਦ ਦੇ ਨਾਲ ਆਏ ਪੂੰਜੀਵਾਦ ਨੇ ਇਸ ਹਾਸ਼ੀਆਗਤ ਵਰਗ ਦੇ ਪਛਾਣ ਵਾਲੇ ਸਾਹਿਤ ਨੂੰ ਵੀ ਗਰਮ ਕੁੱਤਿਆਂ ਵਾਂਗ ਵੇਚ ਕੇ ਮੋਟਾ ਸਰਮਾਰਿਆ ਕਮਾਇਆ। ਦੱਬੇ-ਕੁਚਲਿਆਂ ਦੇ ਲਿਖਣ-ਪੜ੍ਹਨ ਵਾਲਿਆਂ ਨੂੰ ਪ੍ਰੋਫ਼ੈਸਰ ਤੇ ਆਲੋਚਕ ਬਣਾ ਕੇ, ਸਰਕਾਰੀ ਤੇ ਘਰਾਣਿਆਂ ਦੀਆਂ ਗਰਾਂਟਾਂ ਵਿੱਚ ਇਸ਼ਨਾਨ ਕਰਵਾਇਆ ਗਿਆ। ਰੂਸੀ ਬਲਾਕ ਤੋਂ ਵੱਖਰੀ ਆਰਥਿਕ ਸਹਿਯੋਗ ਤਾਂ ਆਉਂਦੀ ਹੀ ਸੀ।
ਗੱਲ ਕੀ ਪੂੰਜੀਵਾਦੀ ਤੰਤਰ ਦੇ ਅੰਦਰ ਮਾਰਕਸਵਾਦੀ ਆਲੋਚਨਾ ਦੇ ਕੱਲ੍ਹ-ਪੁਰਜਿਆਂ ਨੂੰ ਸਿੱਖਿਆ ਤੇ ਸਾਹਿਤ ਦੇ ਢਾਂਚੇ ਵਿੱਚ ਫਿੱਟ ਕਰ ਦਿੱਤਾ ਗਿਆ ਕਿ ਉਹ ਬਾਜ਼ਾਰ ਨੂੰ ਲੋੜੀਂਦਾ ਸਾਹਿਤ ਤੇ ਚਿੰਤਨ ਜੋਗਾ ਕੱਚਾ ਮਾਲ ਵੀ ਪੈਦਾ ਕਰਕੇ ਦਿੰਦੇ ਰਹਿਣ ਤੇ ਬਾਅਦ ਵਿੱਚ ਇਸ ਉੱਤੇ ਆਪਣੀ ‘ਕੁਆਲਟੀ ਚੈੱਕ ਓਕੇ ਦੀ ਮੋਹਰ’ ਲਾ ਕੇ ਇਸ ਨੂੰ ਤਸਦੀਕ ਵੀ ਕਰਦੇ ਰਹਿਣ।
ਉੱਥੇ ਤੱਕ ਉਨ੍ਹਾਂ ਨੂੰ ਖੁੱਲ੍ਹ ਮਿਲਦੀ ਰਹੀ, ਜਿੱਥੇ ਹੀ ਉਨ੍ਹਾਂ ਨੇ ਸਿਆਸੀ ਜਾਂ ਕ੍ਰਾਂਤੀ ਵਾਲੇ ਰਾਹ ਵੱਲ ਜਾਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਕੁੱਟ-ਮਾਰ ਕੇ ਬਿਠਾ ਦਿੱਤਾ ਗਿਆ।
ਸੰਸਾਰ ਪੱਧਰ ’ਤੇ ਹੀ ਮਾਰਸਕਵਾਦੀ ਆਲੋਚਨਾ ਨੇ ਮਾਰਕਸਵਾਦੀ ਪੌਦ ਲਾਉਣ ਵਾਲੀ ਬੌਧਿਕ ਫ਼ੌਜ ਵੱਜੋਂ ਸਾਫ਼ਟ ਕ੍ਰਾਂਤੀ ਦਾ ਰਸਤਾ ਅਪਣਾ ਲਿਆ। ਦੁਨੀਆ ਸਮੇਤ ਭਾਰਤ ਤੇ ਪੰਜਾਬ ਵਿੱਚ ਇਸ ਦੇ ਸ਼ੁਰੂਆਤੀ ਦੌਰ ਵਿੱਚੋਂ ਕਈ ਕ੍ਰਾਂਤੀਕਾਰੀ ਲਿਖਤਾਂ ਤੇ ਲੇਖਕ ਤਾਂ ਪੈਦਾ ਹੋਏ ਪਰ ਕਲਾਤਮਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇਣ ਕਰਕੇ ਕੁਝ ਹੀ ਸਾਲਾਂ ਵਿੱਚ ਆਮ ਪਾਠਕਾਂ ਦਾ ਇਸ ਸਾਹਿਤ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ।
ਸਿਧਾਂਤਕ ਪ੍ਰਾਪੇਗੰਡਾ ਸਾਹਿਤ ਵਿੱਚ ਇੰਨਾ ਹਾਵੀ ਹੋ ਗਿਆ ਕਿ ਸੰਸਾਰ ਪੱਧਰ ਦੇ ਮਾਰਕਸੀ ਚਿੰਤਕਾਂ ਨੂੰ ਯਾਦ ਕਰਵਾਉਣਾ ਪਿਆ ਕਿ ਕਲਾਤਮਕਤਾ ਤੇ ਵਿਚਾਰਧਾਰਾ ਦਾ ਸੰਤੁਲਨ ਲਾਜ਼ਮੀ ਹੈ। ਅਫ਼ਸੋਸ, ਮਹਿਕਮਿਆਂ ਤੇ ਧੜਿਆਂ ’ਤੇ ਕਬਜ਼ਾ ਕਰੀ ਬੈਠੇ ਕਥਿਤ ਵਿਦਵਾਨਾਂ ਨੇ ਇਸ ਨੂੰ ਧੜੇਬੰਦੀ ਤੇ ਅੰਦਰੂਨੀ ਵਿਰੋਧ ਦੀ ਭੇਂਟ ਚੜਾ ਦਿੱਤਾ ਤੇ ਅੱਜ ਤੱਕ ਚੜ੍ਹਾਇਆ ਜਾ ਰਿਹਾ ਹੈ।
1990ਵਿਆਂ ਤੋਂ ਬਾਅਦ ਖੁੱਲ੍ਹੀ ਮੰਡੀ ਨੇ ਤੇ 1995 ਤੋਂ ਬਾਅਦ ਆਏ ਇੰਟਰਨੈੱਟ ਨੇ ਸਾਰੀਆਂ ਵਲਗਣਾਂ ਤੋੜ ਦਿੱਤੀਆਂ। 2010ਵਿਆਂ ਤੋਂ ਬਾਅਦ ਸੋਸ਼ਲ ਮੀਡੀਆ ਦੀ ਚੜ੍ਹਤ ਨੇ ਬਚੀ ਖੁਚੀ ਕਲਾਤਮਕਤਾ ਤੇ ਬੌਂਦਲੀ ਫਿਰਦੀ ਵਿਚਾਰਧਾਰਾ ਦੋਵਾਂ ਦਾ ਫਾਤਿਹਾ ਪੜ੍ਹ ਦਿੱਤਾ।
ਹੁਣ ਤੁਸੀਂ ਦੇਖ ਲਵੋ ਜਦੋਂ ਇੰਸਟਾਗ੍ਰਾਮੀ ਕਵਿਤਾ/ਸਾਹਿਤ ਪੰਜਾਬੀ ਸਾਹਿਤ ਉੱਤੇ ਚਿਰਾਪੂੰਜੀ ਦੇ ਬੱਦਲਾਂ ਵਾਂਗ ਛਾਅ ਚੁੱਕੀ ਹੈ ਤਾਂ ਭਾਵੇਂ ਮਾਰਸਕਵਾਦੀ ਆਲੋਚਕ ਹੋਣ ਤੇ ਭਾਵੇਂ ਕਲਾਤਮਕਤਾ ਪੱਖੀ, ਸਾਰੇ ਹੀ ਇਕੋ ਸੁਰ ਵਿੱਚ ਕੁਰਲਾ ਉੱਠੇ ਹਨ ਕਿ ਸਾਹਿਤ ਦਾ ਘਾਣ ਹੋ ਰਿਹਾ ਹੈ। ਕਵਿਤਾ ਵੇਸਵਾਗਿਰੀ ਦੇ ਰਾਹ ਪੈ ਗਈ ਹੈ। ਸਾਹਿਤਕ ਤੇ ਘਟੀਆ ਭਾਸ਼ਾ ਵਿੱਚ ਕੋਈ ਫ਼ਰਕ ਨਹੀਂ ਰਹਿ ਗਿਆ। ਕਵਿਤਾ ਵਿੱਚੋਂ ਕਾਵਿਕਤਾ, ਕਹਾਣੀ ਵਿੱਚੋਂ ਕਥਾਕਾਰੀ, ਨਾਵਲ ਵਿੱਚੋਂ ਨਾਵਲੀਪਣ, ਨਾਟਕ ਵਿੱਚੋਂ ਨਾਟਕਤਾ ਨਹੀਂ ਲੱਭ ਰਹੀ। ਵਿਚਾਰਧਾਰਾ ਜਾਂ ਸਰੋਕਾਰ ਵਾਲੀ ਪ੍ਰਤਿਬੱਧਤਾ ਤਾਂ ਅੱਜ ਦੇ ਦੌਰ ਵਿੱਚ ਕਿਸੇ ਵਿਦਵਾਨ ਦੀ ਨਹੀਂ ਬਚੀ, ਨਵੇਂ ਲੇਖਕਾਂ ਤੋਂ ਇਸ ਦੀ ਉਮੀਦ ਉਹ ਕਿੱਥੋਂ ਕਰ ਲੈਣਗੇ।
ਅੱਜ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਲਾਤਮਕਤਾ ਨੂੰ ਰੱਦ ਕਰਕੇ ਸਾਹਿਤ ਦੀ ਜਿਹੜੀ ਨੀਂਹ ਉਨ੍ਹਾਂ ਨੇ ਖੋਖਲੀ ਕੀਤੀ ਸੀ, ਅੱਜ ਉਸ ਦੀ ਬੁਲੰਦ ਇਮਾਰਤ ਉਨ੍ਹਾਂ ’ਤੇ ਹੀ ਡਿੱਗਣ ਵਾਲੀ ਹੈ।
ਉਹ ਸਾਡੀ ਨਾ ਸਹੀ, ਆਪਣੇ ਹੀ ਵਿਦਵਾਨਾਂ ਦੀ ਗੱਲ ਸੁਣ ਲੈਣ ਜੋ ਬਾਰ-ਬਾਰ ਕਹਿ ਰਹੇ ਨੇ, ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਲਾਤਮਕਤਾ ਤੇ ਸਰੋਕਾਰ ਦੇ ਸੰਤੁਲਨ ਤੋਂ ਬਿਨਾਂ ਨਹੀਂ ਸਰਨਾ।
ਉਹ ਤਾਂ ਆਲੋਚਕਾਂ ਨੂੰ ਵੰਗਾਰ ਰਹੇ ਹਨ ਕਿ ਇਸ ਵਾਪਸੀ ਦਾ ਰਾਹ ਆਲੋਚਨਾ ਨੇ ਹੀ ਪੱਧਰਾ ਕਰਨਾ ਹੈ। ਇਸ ਦੀ ਸ਼ੁਰੂਆਤ ਉੱਥੋਂ ਹੀ ਹੋਣੀ ਹੈ ਜਿੱਥੇ ਅੱਜ ਆਲੋਚਨਾ ਨੇ ਸਾਨੂੰ ਲਿਆ ਖੜ੍ਹਾ ਕੀਤਾ ਹੈ।
ਵਿਚਾਰਧਾਰਾ ਦੇ ਨਾਮ ’ਤੇ ਉਨ੍ਹਾਂ ਨੇ ਕੱਚੀਆਂ-ਪਿੱਲੀਆਂ ਲਿਖਤਾਂ ਦੇ ਕਲਾਹੀਣ ਜਿਹੜੇ ਲਿਖਾਰੀਆਂ ਨੂੰ ਉਨ੍ਹਾਂ ਨੇ ਸਾਹਿਤ ਦੇ ਰੱਬ ਬਣਾ ਕੇ ਤਖ਼ਤਾਂ ’ਤੇ ਬਿਠਾਇਆ ਹੋਇਆ ਹੈ, ਉਨ੍ਹਾਂ ਦੇ ਤਾਜ ਉਤਾਰਨ ਦਾ ਵਕਤ ਆ ਗਿਆ ਹੈ। ਉਨ੍ਹਾਂ ਨੂੰ ਸਾਹਿਤ ਦੇ ਸਿਖਲਾਈ ਕੇਂਦਰਾਂ ਵਿੱਚ ਭੇਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਉਨ੍ਹਾਂ ਦੀ ਮੌਜੂਦਗੀ ਨੇ ਸਮੁੱਚੇ ਸਾਹਿਤ ਜਗਤ ਨੂੰ ਇੱਕ ਵੱਡੇ ਤਸੀਹਾ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਹੈ।
ਉਨ੍ਹਾਂ ਦੇ ਨਾਲ ਹੀ ਚਹੇਤੇਵਾਦ ਤੇ ਗੈਂਗਵਾਦ ਨਾਲ ਉਭਾਰੇ ਗਏ ਮੋਬਾਈਲ-ਕਾਨੀਕਾਰਾਂ ਨੂੰ ਵੀ ਹੁਣ ਘਰ ਭੇਜਣ ਦਾ ਸਹੀ ਮੌਕਾ ਹੈ। ਉਨ੍ਹਾਂ ਲਈ ਸਨਮਾਨਾਂ-ਪੁਰਸਕਾਰਾਂ ਦਾ ਜੁਗਾੜ ਕਰਦੇ ਵਿਦਵਾਨ ਲੋਕਾਂ ਨੇ ਆਪਣਾ ਰੁਤਬਾ ਗੁਆ ਲਿਆ ਹੈ। ਜੇ ਆਪਣਾ ਰੁਤਬਾ ਵਾਪਸ ਲੈਣਾ ਹੈ ਤਾਂ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਪਵੇਗਾ।
ਸਭ ਤੋਂ ਵੱਡੀ ਗੱਲ ਜੇ ਕਲਾਤਮਕਤਾ ਦੇ ਸਿਧਾਂਤ ਪੱਛਮੀ ਸਨ ਤਾਂ ਮਾਰਕਸਵਾਦੀ ਆਲੋਚਨਾ ਵੀ ਕੋਈ ਲੁਧਿਆਣੇ ਦੇ ਕਿਸੇ ਪਿੰਡ ਬਹਿ ਕੇ ਨਹੀਂ ਘੜੀ ਗਈ ਸੀ। ਇਸੇ ਦੇ ਵੱਡੇ ਵਿਦਵਾਨ ਵੀ ਉਸੇ ਧਰੁੱਵ ਤੋਂ ਆਉਂਦੇ ਹਨ।
ਜੇ ਅੱਜ ਪੰਜਾਬੀ ਆਲੋਚਨਾ ਨੇ, ਪੰਜਾਬੀ ਸਾਹਿਤ, ਪੰਜਾਬੀ ਬੋਲੀ ਤੇ ਪੰਜਾਬ ਨਾਲ ਖੜ੍ਹਨਾ ਹੈ ਤਾਂ ਪੰਜਾਂ-ਪਾਣੀਆਂ ਦੀ ਜ਼ਰਖ਼ੇਜ਼ ਧਰਤੀ ਵਿੱਚੋਂ ਪੈਦਾ ਹੋਏ ਮੌਲਿਕ ਚਿੰਤਨ ਦਾ ਪੱਲਾ ਫੜਨਾ ਹੀ ਆਖ਼ਰੀ ਰਾਹ ਹੈ। ਭੁੱਲਣਾ ਨਹੀਂ ਚਾਹੀਦਾ ਕਿ ਪੂਰਬੀ ਕਾਵਿ-ਸ਼ਾਸਤਰ ਤੋਂ ਲੈ ਕੇ ਪੰਜਾਬੀ ਦੀ ਮੌਲਿਕ ਕਾਵਿ-ਪਰੰਪਰਾ ਸਾਡੇ ਹੀ ਬਾਬੇ ਗੁਰੂ ਸਾਹਿਬਾਨਾਂ ਨੇ ਘੜੀ ਹੈ, ਜਿਸ ਵਿੱਚੋਂ ਪੱਛਮੀਆਂ ਨੇ ਓਰੀਏਂਟਲਿਜ਼ ਕੱਢ ਕੇ ਖ਼ੂਬ ਵਰਤਿਆ ਤੇ ਲਾਹਾ ਲਿਆ ਹੈ।
ਫੇਰ ਤੁਸੀਂ ਕਦੋਂ ਤੱਕ ਬਿਗਾਨੇ ਸਿਧਾਂਤਾਂ ਵੱਲ ਮੂੰਹ ਅੱਡੀ ਖੜ੍ਹੇ ਰਹੋਗੇ।
ਫ਼ੈਸਲਾ ਤੁਹਾਡੇ ਹੱਥ ਹੈ, ਪਰ ਚੇਤੇ ਰੱਖਿਉ, ਇਸ ਪਾਸੇ ਵੱਲ ਸ਼ੁਰੂਆਤ ਹੋ ਚੁੱਕੀ ਹੈ।

Loading