ਮਾਰਚ ’ਚ ਹੋਵੇਗਾ ਭਾਰਤ ਤੇ ਅਮਰੀਕਾ ਵਿਚਾਲੇ ਵੱਡਾ ਵਪਾਰਕ ਸਮਝੌਤਾ: ਪਿਊਸ਼ ਗੋਇਲ

In ਮੁੱਖ ਖ਼ਬਰਾਂ
February 06, 2026

ਨਵੀਂ ਦਿੱਲੀ/ਏ.ਟੀ.ਨਿਊਜ਼: ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਰਸਮੀ ਵਪਾਰਕ ਸਮਝੌਤਾ ਮਾਰਚ ਮਹੀਨੇ ਵਿੱਚ ਸਹੀਬੱਧ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਭਾਰਤ ਅਮਰੀਕੀ ਵਸਤੂਆਂ ’ਤੇ ਟੈਕਸ ਘਟਾਏਗਾ। ਉਨ੍ਹਾਂ ਕਿਹਾ ਕਿ ਅਗਲੇ ਚਾਰ-ਪੰਜ ਦਿਨਾਂ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਵਾਸ਼ਿੰਗਟਨ ਭਾਰਤੀ ਬਰਾਮਦਾਂ ’ਤੇ ਡਿਊਟੀ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦੇਵੇਗਾ।
ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਗਏ ਇਸ ਅਚਾਨਕ ਸਮਝੌਤੇ ਤਹਿਤ ਭਾਰਤ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਅਤੇ ਵਪਾਰਕ ਰੁਕਾਵਟਾਂ ਨੂੰ ਘੱਟ ਕਰਨ ਬਦਲੇ ਅਮਰੀਕੀ ਟੈਰਿਫਾਂ ਵਿੱਚ ਛੋਟ ਪ੍ਰਾਪਤ ਕਰੇਗਾ। ਗੋਇਲ ਅਨੁਸਾਰ ਭਾਰਤ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ ਘੱਟੋ-ਘੱਟ 500 ਬਿਲੀਅਨ ਡਾਲਰ ਦੀ ਊਰਜਾ, ਹਵਾਈ ਜਹਾਜ਼ ਅਤੇ ਚਿੱਪਸ ਸਮੇਤ ਹੋਰ ਸਮਾਨ ਦੀ ਦਰਾਮਦ ਕਰੇਗਾ, ਜਿਸ ਵਿੱਚ ਇਕੱਲੇ ਬੋਇੰਗ ਕੰਪਨੀ ਦੇ ਆਰਡਰ ਹੀ 100 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ।

Loading