ਮਾਲਵਾ ਇਲਾਕੇ ਦੇ ਪਾਣੀ ਵਿੱਚ ਖਤਰਨਾਕ ਹੱਦ ਤਕ ਘੁਲਿਆ ਯੂਰੇਨੀਅਮ

In ਮੁੱਖ ਖ਼ਬਰਾਂ
January 04, 2025
ਬਠਿੰਡਾ/ਏ.ਟੀ.ਨਿਊਜ਼: ਪੰਜਾਬ ਦੇ ਪਾਣੀਆਂ ’ਚ ਯੂਰੇਨੀਅਮ ਭਰ ਰਿਹਾ ਹੈ। ਕੇਂਦਰੀ ਭੂਜਲ ਬੋਰਡ ਦੀ ਸਲਾਨਾ ਰਿਪੋਰਟ ’ਚ ਪੰਜਾਬ ਦੇ 30 ਫੀਸਦੀ ਪਾਣੀ ਦੇ ਸੈਂਪਲਾਂ ’ਚ ਯੂਰੇਨੀਅਮ ਦੀ ਵਧ ਮਾਤਰਾ ਮਿਲੀ ਹੈ। ਮਾਲਵਾ ਇਲਾਕੇ ਦੇ ਪਾਣੀ ਦੀ ਕਈ ਵਾਰ ਜਾਂਚ ਹੋ ਚੁੱਕੀ ਹੈ ਤੇ ਇੱਥੇ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਦੀ ਮਾਤਰਾ ਕਈ ਗੁਣਾ ਜ਼ਿਆਦਾ ਮਿਲੀ ਹੈ। ਮਾਲਵਾ ਖੇਤਰ ’ਚ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ, ਫ਼ਰੀਦਕੋਟ ਤੇ ਜਰਮਨੀ ਦੀ ਮਾਈਕ੍ਰੋਟਰੇਸ ਮਿਨਰਲ ਲੈਬ ਵੱਲੋਂ ਵੀ ਯੂਰੇਨੀਅਮ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ ਦੀਆਂ ਵੱਖ -ਵੱਖ ਰਿਪੋਰਟਾਂ ਅਨੁਸਾਰ ਪਾਣੀ ਦੇ ਨਾਲ-ਨਾਲ ਖਾਣ ਪੀਣ ਦੀਆਂ ਵਸਤਾਂ ’ਚ ਯੂਰੇਨੀਅਮ ਦੀ ਮਾਤਰਾ ਮਾਪ ਦੰਡ ਨਾਲੋਂ ਕਈ ਗੁਣਾ ਵੱਧ ਹੈ। ਇਸੇ ਕਾਰਨ ਮਾਲਵੇ ਦੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀ ਗ੍ਰਿਫ਼ਤ ’ਚ ਆ ਰਹੇ ਹਨ। ਬੱਚਿਆਂ ਵਿੱਚ ਅਪੰਗਤਾ ਤੇ ਬਹੁਤਿਆਂ ਦੇ ਵਾਲ ਚਿੱਟੇ ਹੋ ਰਹੇ ਹਨ। ਬੱਚਿਆਂ ਦੇ ਕਦ ਵੀ ਨਹੀਂ ਵਧ ਰਹੇ। ਸਭ ਤੋਂ ਪਹਿਲਾਂ ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਫ਼ਰੀਦਕੋਟ ਤੇ ਜਰਮਨੀ ਦੀ ਮਾਈਕ੍ਰੋਟਰੇਸ ਮਿਨਰਲ ਲੈਬ ਨੇ 149 ਮੰਦਬੁੱਧੀ ਬੱਚਿਆਂ ਦੀ ਜਾਂਚ ਕੀਤੀ ਸੀ, ਜਿਨ੍ਹਾਂ ਵਿੱਚ 82 ਤੋਂ 87 ਫ਼ੀਸਦੀ ਬੱਚਿਆਂ ਦੇ ਸਰੀਰ ’ਚ ਯੂਰੇਨੀਅਮ ਦੀ ਮਾਤਰਾ ਖ਼ਤਰਨਾਕ ਪੱਧਰ ਤਕ ਪਾਈ ਗਈ ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਜਾਂਚ ’ਚ ਪੰਜ ਗੁਣਾ ਜ਼ਿਆਦਾ ਯੂਰੇਨੀਅਮ ਦੀ ਪੁਸ਼ਟੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਿਜ਼ਿਕਸ ਵਿਭਾਗ ਵੱਲੋਂ ਧਰਤੀ ਹੇਠਲੇ ਪਾਣੀ ’ਚ ਯੂਰੇਨੀਅਮ ਦੀ ਮਾਤਰਾ ਮਾਪਦੰਡ ਤੋਂ ਕਈ ਗੁਣਾ ਜ਼ਿਆਦਾ ਦੱਸੀ ਗਈ ਤੇ ਪਾਣੀ ’ਚ ਹੋਰ ਖਤਰਨਾਕ ਤੱਤਾਂ ਦੀ ਬਹੁਤਾਤ ਦਾ ਵੀ ਪਤਾ ਲੱਗਾ ਹੈ। ਜਾਂਚ ਟੀਮ ਨੇ ਸ਼ਹਿਰ ਦੇ ਦੋ ਥਰਮਲ ਪਲਾਂਟਾਂ ਤੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨ.ਐੱਫ.ਐੱਲ.) ਦੇ ਨਜ਼ਦੀਕੀ ਖੇਤਰਾਂ ’ਚ ਪਾਣੀ ਦੇ 22 ਸੈਂਪਲ ਲਏ ਗਏ, ਜਿਨ੍ਹਾਂ ’ਚੋਂ 12 ਸੈਂਪਲਾਂ ’ਚ ਯੂਰੇਨੀਅਮ ਦੀ ਮਾਤਰਾ ਤੈਅ ਤੋਂ ਜ਼ਿਆਦਾ ਪਾਈ ਗਈ। ਪਿੰਡ ਨੇਹੀਆਂਵਾਲਾ ਦੇ ਨਜ਼ਦੀਕ ਰੇਲਵੇ ਕ੍ਰਾਸਿੰਗ ’ਤੇ ਲੱਗੇ ਹੈਂਡਪੰਪ ਤੋਂ ਭਰੇ ਪਾਣੀ ਦੇ ਨਮੂਨੇ ’ਚ ਯੂਰੇਨੀਅਮ ਦੀ ਸਭ ਤੋਂ ਜ਼ਿਆਦਾ ਮਾਤਰਾ 78 ਪਾਰਟ ਪ੍ਰਤੀ ਬਿਲੀਅਨ ਮਿਲੀ। ਇਸ ਤੋਂ ਬਾਅਦ ਐੱਨ.ਐੱਫ.ਐੱਲ. ਦੇ ਨਜ਼ਦੀਕ ਲੱਗੇ ਦੂਜੇ ਨਲਕੇ ਤੋਂ ਭਰੇ ਨਮੂਨੇ ’ਚ ਯੂਰੇਨੀਅਮ ਦੀ ਮਾਤਰਾ 70 ਪੀ.ਪੀ.ਬੀ. ਮਿਲੀ ਹੈ। ਇਹ ਹੈਂਡਪੰਪ ਐੱਨ.ਐੱਫ.ਐੱਲ. ਦੇ ਰਾਖ ਦੇ ਡੰਪ ਤੋਂ ਮਹਿਜ਼ 50 ਮੀਟਰ ਦੀ ਦੂਰੀ ’ਤੇ ਸਥਿਤ ਸਨ। ਇਸ ਤੋਂ ਇਲਾਵਾ ਪਲਾਟਾਂ ਦੇ 100 ਕਿਲੋਮੀਟਰ ਦਾਇਰੇ ’ਚ ਸਥਿਤ ਟਿਊਬਵੈਲਾਂ ਤੋਂ ਭਰੇ ਦਸ ਨਮੂਨਿਆਂ ’ਚ ਯੂਰੇਨੀਅਮ ਦੀ ਮਾਤਰਾ 14 ਤੋਂ 45 ਪੀ.ਪੀ.ਬੀ. ਤਕ ਮਿਲੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਪਾਣੀ ’ਚ ਯੂਰੇਨੀਅਮ ਦੀ ਮਾਤਰਾ 15 ਪਾਰਟ ਪ੍ਰਤੀ ਬਿਲੀਅਨ (ਪੀ.ਪੀ.ਬੀ.) ਨੂੰ ਸੁਰੱਖਿਅਤ ਮੰਨਿਆ ਹੈ ਪਰ ਬਠਿੰਡਾ ਦੇ 22 ਪਿੰਡਾਂ ਦੇ ਪਾਣੀ ’ਚ ਯੂਰੇਨੀਅਮ (ਮਾਈਕ੍ਰੋਗ੍ਰਾਮ ਪ੍ਰਤੀ ਲੀਟਰ) ਦੀ ਮਾਤਰਾ ਤੋਂ ਕਈ ਗੁਣਾ ਜ਼ਿਆਦਾ ਮਿਲੀ ਹੈ। ਜੱਜਲ, ਗਿਆਨਾ, ਮਲਕਾਨਾ ’ਚ ਸਭ ਤੋਂ ਵੱਧ ਯੂਰੇਨੀਅਮ ਦੀ ਮਾਤਰਾ ਮਿਲੀ ਹੈ। ਇਨ੍ਹਾਂ ਪਿੰਡਾਂ ’ਚ ਕੈਂਸਰ ਦੀ ਬਿਮਾਰੀ ਸਭ ਤੋਂ ਜ਼ਿਆਦਾ ਹੈ। ਇਸ ਖੇਤਰ ਦੇ ਪਿੰਡ ਸ਼ੇਖਪੁਰਾ ’ਚ ਬਹੁਤੇ ਬੱਚੇ ਅਜੀਬ ਕਿਸਮ ਦੀਆਂ ਬਿਮਾਰੀਆਂ ਤੋਂ ਪੀੜਤ ਹਨ। ਪਿੰਡ ਜੱਜਲ ਤਾਂ ਕੈਂਸਰ ਲਈ ਜਾਣਿਆ ਜਾਣ ਲੱਗਾ ਹੈ। ਖਾਣ-ਪੀਣ ਵਾਲੀਆਂ ਵਸਤਾਂ ’ਚ ਵੀ ਯੂਰੇਨੀਅਮ ਭਾਬਾ ਆਟੋਮਿਕ ਰਿਸਰਚ ਸੈਂਟਰ ਮੁੰਬਈ ਨੇ ਬਠਿੰਡਾ ਜ਼ਿਲ੍ਹੇ ਦੇ ਚਾਰ ਪਿੰਡਾਂ ਕਰਮਗੜ੍ਹ ਸੱਤਰਾਂ, ਢਿੱਲਵਾਂ, ਗਿਆਨਾ ਤੇ ਘੁੱਦਾ ਦੇ ਪਾਣੀ ’ਚ ਯੂਰੇਨੀਅਮ ਦਾ ਖੁਲਾਸਾ ਕੀਤਾ ਹੈ। ਇਨ੍ਹਾਂ ਪਿੰਡਾਂ ਦੇ ਲੋਕ ਵੀ ਤੈਅ ਮਾਤਰਾ ਤੋਂ ਪੰਜ ਗੁਣਾ ਵੱਧ ਯੂਰੇਨੀਅਮ ਵਾਲਾ ਪਾਣੀ ਪੀ ਰਹੇ ਹਨ। ਖਾਣ-ਪੀਣ ਵਾਲੀਆਂ ਵਸਤਾਂ ਜਿਵੇਂ ਕਿ ਦੁੱਧ, ਦਾਲਾਂ ਤੇ ਸਬਜ਼ੀਆਂ ’ਚ ਵੀ ਯੂਰੇਨੀਅਮ ਦੀ ਮਾਤਰਾ ਜ਼ਿਆਦਾ ਮਿਲੀ ਹੈ। ਯੂਰੇਨੀਅਮ ਦੀ ਮਾਤਰਾ ਪਾਣੀ ’ਚ ਕਿਵੇਂ ਵਧੀ, ਇਹ ਜਾਂਚ ਹਾਲੇ ਜਾਰੀ ਹੈ। ਰਿਪੋਰਟ ਅਨੁਸਾਰ ਜ਼ਿਲ੍ਹੇ ਦੇ ਪਿੰਡ ਗਿਆਨਾ ’ਚ ਪ੍ਰਤੀ ਦਿਨ ਯੂਰੇਨੀਅਮ ਦਾ ਸੇਵਨ (ਬਿਨ੍ਹਾਂ ਪਾਣੀ ਦੇ) 41.09 ਮਾਈਕ੍ਰੋਗ੍ਰਾਮ ਤਕ ਪਹੁੰਚ ਚੁੱਕਿਆ ਹੈ, ਜਦੋਂਕਿ ਪਾਣੀ ਦੇ ਨਾਲ ਇਹ ਮਾਤਰਾ 138.41 ਮਾਈਕ੍ਰੋਗ੍ਰਾਮ ਪ੍ਰਤੀ ਦਿਨ ਹੈ। ਸੀ.ਯੂ.ਪੀ.ਬੀ., ਬੀ.ਏ.ਆਰ.ਸੀ. ਅਤੇ ਏ.ਐੱਮ.ਡੀ.ਈ.ਆਰ. ਦੇ ਵਿਗਿਆਨੀ ਕਰਨਗੇ ਜਾਂਚ ਹੁਣ ਫਿਰ ਛੇ ਮੈਂਬਰੀ ਵਿਗਿਆਨੀਆਂ ਦੀ ਕਮੇਟੀ ਇਸ ਸਬੰਧੀ ਖੋਜ ਕਰੇਗੀ। ਇਸ ਸਬੰਧੀ ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਨਾਲ ਸਾਂਝੀ ਗੱਲਬਾਤ ਤੋਰੀ ਹੈ। ਇਹ ਕਮੇਟੀ ਪਾਣੀ ’ਚ ਮੌਜੂਦ ਭਾਰੀ ਧਾਤਾਂ ਅਤੇ ਯੂਰੇਨੀਅਮ ਦੀ ਪਾਣੀ ਵਿੱਚ ਮੌਜੂਦਗੀ ਤੇ ਇਸੇ ਦੇ ਹੱਲ ਦਾ ਯਤਨ ਕਰੇਗੀ। ਹਾਸਲ ਹੋਏ ਵੇਰਵਿਆਂ ਮੁਤਾਬਿਕ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ.ਯੂ.ਪੀ.ਬੀ.) ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਐਟੋਮਿਕ ਮਿਨਰਲ ਡਾਇਰੈਕਟੋਰੇਟ ਫਾਰ ਐਕਸਪਲੋਰੈਂਸ ਐਂਡ ਰਿਸਰਚ ਹੈਦਰਾਬਾਦ (ਏ.ਐੱਮ.ਡੀ.ਈ.ਆਰ.) ਅਤੇ ਭਾਭਾ ਐਟੋਮਿਕ ਰਿਸਰਚ ਸੈਂਟਰ ਮੁੰਬਈ (ਬੀ.ਏ.ਆਰ.ਸੀ.) ਦੇ ਖੋਜੀਆਂ ਲਈ ਸਾਂਝਾ ਪਲੇਟਫਾਰਮ ਸਥਾਪਤ ਕੀਤਾ ਹੈ। ਸੀ.ਯੂ.ਪੀ.ਬੀ. ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ, ਏ.ਐੱਮ.ਡੀ.ਈ.ਆਰ. ਦੇ ਡਾਇਰੈਕਟਰ ਡਾ. ਡੀ.ਕੇ. ਸਿਨਹਾ, ਬੀ.ਏ.ਆਰ.ਸੀ. ਦੇ ਸਿਹਤ ਸੁਰੱਖਿਆ ਅਤੇ ਵਾਤਾਵਰਣ ਸਮੂਹ ਦੇ ਸਮੂਹ ਡਾਇਰੈਕਟਰ ਆਰ.ਐਮ. ਸੁਰੇਸ ਬਾਬੂ ਦੇ ਨਾਲ ਵਿਗਿਆਨੀ ਡਾ. ਐਮ ਕੁਲਕਰਨੀ, ਡਾ. ਸੰਜੇ ਝਾਅ, ਪ੍ਰੋ. ਵੀਕੇ. ਗਰਗ (ਸੀ.ਯੂ.ਪੀ.ਬੀ.), ਡਾ. ਸੁਨੀਲ ਮਿੱਤਲ (ਸੀ.ਯੂ.ਪੀ.ਬੀ.) ਅਨੁਸਾਰ ਕਮੇਟੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਅਤੇ ਯੂਰੇਨੀਅਮ ਦੇ ਪ੍ਰਦੂਸਣ ਦੀ ਜਾਂਚ (ਸੀ.ਯੂ.ਪੀ.ਬੀ., ਬੀ.ਏ.ਆਰ.ਸੀ. ਅਤੇ ਏ.ਐੱਮ.ਡੀ.ਈ.ਆਰ.) ਦੇ ਪ੍ਰਮੁੱਖ ਵਿਗਿਆਨੀਆਂ ਦੀ ਕਮੇਟੀ ਕਰੇਗੀ। ਕਿੱਥੋਂ ਆਇਆ ਯੂਰੇਨੀਅਮ, ਹੋ ਰਹੀ ਹੈ ਜਾਂਚ ਭਾਰਤ ’ਚ ਨਾ ਕਦੇ ਯੂਰੇਨੀਅਮ ਦਾ ਉਪਯੋਗ ਹੋਇਆ ਤੇ ਨਾ ਹੀ ਕੋਈ ਐਟਮੀ ਪਲਾਂਟ ਹੈ। ਸਟੱਡੀ ’ਚ ਯੂਰੇਨੀਅਮ ਪਾਏ ਜਾਣ ਦਾ ਮੁੱਖ ਕਾਰਨ ਇਰਾਕ, ਇਰਾਨ ਤੇ ਅਫਗਾਨਿਸਤਾਨ ’ਚ ਅਮਰੀਕਾ ਵੱਲੋਂ ਕੀਤੇ ਹਮਲੇ ’ਚ ਵਰਤੀ ਗਈ ਡੈਪਲੀਟਡ ਯੂਰੇਨੀਅਮ ਨੂੰ ਠਹਿਰਾਇਆ ਗਿਆ, ਜੋ ਇਕ ਹਜ਼ਾਰ ਕਿਲੋਮੀਟਰ ਤਕ ਬੁਰਾ ਪ੍ਰਭਾਵ ਪਾਉਂਦੀ ਹੈ। ਇਰਾਨ ਤੋਂ ਪੰਜਾਬ ਦੀ ਦੂਰੀ 932 ਕਿਲੋਮੀਟਰ, ਅਫ਼ਗਾਨਿਸਤਾਨ ਤੋਂ 332 ਕਿਲੋਮੀਟਰ ਹੈ। ਇਸ ਲਈ ਪੰਜਾਬ, ਹਰਿਆਣਾ, ਦਿੱਲੀ ਤੇ ਜੰਮੂ -ਕਸ਼ਮੀਰ ਇਸ ਦੇ ਬੁਰੇ ਪ੍ਰਭਾਵ ਦੇ ਦਾਇਰੇ ’ਚ ਆ ਗਏ ਜਦਕਿ ਜੀ.ਐੱਨ.ਯੂ. ਨੇ ਮਾਲਵਾ ਦੇ ਪਾਣੀ ’ਚ ਯੂਰੇਨੀਅਮ ਦੀ ਜ਼ਿਆਦਾ ਮਾਤਰਾ ਦਾ ਕਾਰਨ ਗੁਆਂਢੀ ਸੂਬੇ ਹਰਿਆਣਾ ਦੇ ਭਵਾਨੀ ਜ਼ਿਲ੍ਹੇ ’ਚ ਸਥਿਤ ਤੋਮਾਸ਼ ਦੀਆਂ ਪਹਾੜੀਆਂ ਨੂੰ ਦੱਸਿਆ ਹੈ। ਡੀ.ਏ.ਵੀ. ਕਾਲਜ ਜਲੰਧਰ ਦੇ ਫਿਜ਼ਿਕਸ ਵਿਭਾਗ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਫਿਜ਼ਿਕਸ ਤੇ ਕੈਮਿਸਟਰੀ ਵਿਭਾਗ ਦੀ ਰਿਪੋਰਟ ਅਨੁਸਾਰ ਰਾਜਸਥਾਨ ਵਿੱਚ ਜਿਪਸਮ, ਲਾਈਸਟੋਨ ਤੇ ਫਾਸਫੇਟ ਦੀਆਂ ਚੱਟਾਨਾਂ ’ਚ ਯੂਰੇਨੀਅਮ ਦੀ ਮਾਤਰਾ 100 ਤੋਂ 140 ਪਾਰਟ ਪ੍ਰਤੀ ਬਿਲੀਅਨ ਮਿਲੀ ਹੈ। ਇਸ ਲਈ ਟੀਮ ਨੇ ਰਾਜਸਥਾਨ ’ਚ ਸਥਿਤ ਚੱਟਾਨਾਂ ਨੂੰ ਹੀ ਮਾਲਵਾ ਦੇ ਪਾਣੀ ’ਚ ਯੂਰੇਨੀਅਮ ਦਾ ਸ੍ਰੋਤ ਮੰਨਿਆ ਹੈ।

Loading