ਮਾਲਵੇ ਦੀਆਂ ਅਨਾਜ ਮੰਡੀਆਂ ’ਚ ਲੱਗੇ ਝੋਨੇ ਦੇ ਅੰਬਾਰ

In ਮੁੱਖ ਖ਼ਬਰਾਂ
October 17, 2024
ਮਾਨਸਾ, 17 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜ ਵਿੱਚ ਝੋਨੇ ਦੀ ਖਰੀਦ ਸਬੰਧੀ ਦਰਪੇਸ਼ ਮੁਸ਼ਕਲਾਂ ਬਾਰੇ ਭਾਵੇਂ ਦੋ ਦਿਨ ਪਹਿਲਾਂ ਕੇਂਦਰੀ ਖਪਤਕਾਰ ਖੁਰਾਕ ਅਤੇ ਜਨਤਕ ਵੰਡ ਮੰਡੀ ਪ੍ਰਲਿਹਦ ਜੋਸ਼ੀ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕੱਢਣ ਲਈ, ਜੋ ਪਹਿਲਕਦਮੀ ਕੀਤੀ ਹੈ, ਉਸ ਦਾ ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਵਿੱਚ ਅਜੇ ਤੱਕ ਕਿਧਰੇ ਵੀ ਹਾਂ ਪੱਖੀ ਹੁੰਗਾਰਾ ਵੇਖਣ ਨੂੰ ਨਹੀਂ ਮਿਲਿਆ ਹੈ। ਸ਼ਹਿਰੀ ਮੰਡੀਆਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਵਿਕਣ ਲਈ ਲਗਾਤਾਰ ਝੋਨਾ ਪੁੱਜਣ ਲੱਗਿਆ ਹੈ ਪਰ ਅਜੇ ਤੱਕ ਖਰੀਦ ਦਾ ਕੋਈ ਮੂੰਹ-ਸਿਰ ਨਹੀਂ ਬਣ ਸਕਿਆ ਹੈ। ਹਕੀਕਤ ਇਹ ਹੈ ਕਿ ਮੰਡੀਆਂ ਵਿੱਚ 12 ਤੋਂ 15 ਫੀਸਦੀ ਨਮੀ ਵਾਲੇ ਝੋਨਾ ਖਰੀਦਣ ਤੋਂ ਵੀ ਟਾਲਾ ਵੱਟਿਆ ਜਾ ਰਿਹਾ ਹੈ। ਅਜੇ ਤੱਕ ਸ਼ੈੰਲਰਾਂ ਵਾਲੇ, ਜਿਨ੍ਹਾਂ ਵਿੱਚ ਬਹੁਤੇ ਆੜ੍ਹਤੀਏ ਵੀ ਹਨ, ਝੋਨਾ ਖਰੀਦ ਲਈ ਰਾਜ਼ੀ ਹੀ ਨਹੀਂ ਹੋਏ ਹਨ। ਮਾਨਸਾ ਵਿਚ ਅੱਜ ਸ਼ੈੱਲਰ ਮਾਲਕਾਂ ਨਾਲ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਅਫਸਰ ਦੀ ਮੀਟਿੰਗ ਹੋਈ, ਜਿਸ ਵਿੱਚ ਹਾਈਬ੍ਰਿਡ ਝੋਨੇ ਦਾ ਰੇੜਕਾ ਲਗਾਤਾਰ ਵੱਡਾ ਮੁੱਦਾ ਬਣਿਆ ਰਿਹਾ। ਉਧਰ ਪੰਚਾਇਤੀ ਚੋਣਾਂ ਦੀ ਸਮਾਪਤੀ ਤੋਂ ਬਾਅਦ ਅਤੇ ਝੋਨੇ ਦੇ ਪੱਕਣ ਵਾਲੇ ਪਾਸੇ ਵੱਧਣ ਕਾਰਨ ਹੁਣ ਵਾਢੀ ਦਾ ਯਕਦਮ ਜ਼ੋਰ ਪੈ ਜਾਣਾ ਹੈ, ਪਰ ਮੰਡੀਆਂ ਵਿਚਲੀ ਆੜਤੀਆਂ ਅਤੇ ਸ਼ੈਲਰ ਮਾਲਕਾਂ ਦੇ ਵਰਗ ਨੇ ਕਿਸਾਨਾਂ ਦੇ ਫ਼ਸਲ ਵਿਕਣ ਲਈ ਪੈਰ ਨਹੀਂ ਲੱਗਣ ਦੇਣੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਹਾਈਬ੍ਰਿਡ ਝੋਨੇ ਦਾ ਟਰਾਇਲ ਹੋਇਆ ਸੀ ਤਾਂ ਉਦੋਂ ਕਿਸੇ ਨੇ 67 ਫੀਸਦੀ ਕਸ ਵਾਲੇ ਝੋਨੇ ਨੂੰ ਪੂਰੇ ਰੇਟ ਉਤੇ ਖਰੀਦਣ ਦੇ ਮਾਮਲੇ ਦਾ ਮਸਲਾ ਕਿਉਂ ਹੱਲ ਨਹੀਂ ਕੀਤਾ। ਉਧਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ 18 ਅਕਤੂਬਰ ਤੋਂ ਆਪ ਦੇ ਵਿਧਾਇਕਾਂ, ਸੰਸਦਾਂ ਮੈਂਬਰਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਉਣ ਦੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਇਸ ਖਰੀਦ ਲਈ ਬੇਸ਼ੱਕ ਹੋਰ ਗੰਭੀਰ ਹੋਈ ਹੈ, ਪਰ ਅਜੇ ਤੱਕ ਮੰਡੀਆਂ ਵਿੱਚ ਸ਼ੈਲਰਾਂ ਮਾਲਕਾਂ ਅਤੇ ਆੜਤੀਆਂ ਦਾ ਦਬਦਬਾ ਲਗਾਤਾਰ ਜਾਰੀ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੂੰ ਝੋਨੇ ਦੀ ਖਰੀਦ ਦਾ ਅੜਿਆ ਹੋਇਆ ਮਸਲਾ ਛੇਤੀ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਕਿਸਾਨ ਅਤੇ ਆੜਤੀਆਂ ਦੀ ਸਿਰਦਰਦੀ ਲਗਾਤਾਰ ਵੱਧਣ ਲੱਗੀ ਹੈ। ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਪੂਰੀ ਹਮਦਰਦੀ ਕਿਸਾਨਾਂ ਅਤੇ ਆੜ੍ਹਤੀਏ ਵਰਗ ਨਾਲ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਹਰ ਸੰਭਵ ਉਪਰਾਲਾ ਕੀਤਾ ਾ ਰਿਹਾ ਹੈ।

Loading