ਮਿਠਾਸ ਭਰਿਆ ਹੋਵੇ ਨੂੰਹ-ਸੱਸ ਦਾ ਰਿਸ਼ਤਾ

In ਮੁੱਖ ਲੇਖ
January 23, 2026

ਸਾਡੇ ਸਮਾਜ ਵਿੱਚ ਸੱਸ ਨੂੰ ਆਮ ਤੌਰ ’ਤੇ ਸਤਿਕਾਰਿਤ ਰੁਤਬੇ ਨਾਲ ਨਹੀਂ ਦੇਖਿਆ ਜਾਂਦਾ। ਲੋਕ ਗੀਤਾਂ ’ਚ ਸੱਸਾਂ ਬਾਰੇ ਬਹੁਤ ਕੁਮੈਂਟ ਮਿਲਦੇ ਹਨ। ਪਹਿਲਾਂ ਕੁੜੀਆਂ ਤੀਆਂ ’ਚ ਆਪਣੀਆਂ ਸੱਸਾਂ ਦੇ ਜ਼ਿਆਦਤੀ ਵਾਲੇ ਰਵੱਈਏ ਤੋਂ ਤੰਗ ਹੋਈਆਂ ਬੋਲੀਆਂ ਪਾ ਕੇ ਆਪਣੀ ਭੜਾਸ ਕੱਢ ਲੈਂਦੀਆਂ ਸਨ। ਪਰ ਹੁਣ ਤਾਂ ਇਹੋ ਜਿਹੇ ਤਿਉਹਾਰ ਸਮੇਂ ਦੀ ਤੇਜ਼ ਰਫ਼ਤਾਰ ਨੇ ਲੋਪ ਕਰ ਦਿੱਤੇ ਹਨ। ਇਸ ਕਰਕੇ ਲੜਕੀਆਂ ਦੇ ਜਜ਼ਬਾਤ ਕਈ ਵਾਰੀ ਦੱਬੇ ਰਹਿ ਜਾਣ ਕਾਰਨ ਗ਼ਲਤ ਕਦਮ ਚੁੱਕਣ ਲਈ ਮਜਬੂਰ ਕਰ ਦਿੰਦੇ ਹਨ। ਰਿਸ਼ਤਾ ਹੋਣ ਸਮੇਂ ਸੱਸਾਂ ਆਮ ਹੀ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ, ‘ਤੁਹਾਡੀ ਕੁੜੀ ਨੂੰ ਧੀ ਬਣਾ ਕੇ ਰੱਖੂੰ’ ਜੋ ਕਿ ਵਧੀਆ ਗੱਲ ਹੈ। ਵੇਸੈ ਆਪਣੀਆਂ ਨੂੰਹਾਂ ਨੂੰ ਧੀਆਂ ਬਨਾਉਣਾ ਹਰ ਇੱਕ ਔਰਤ ਦੇ ਵਸ ਦੀ ਗੱਲ ਨਹੀਂ। ਕਹਿਣਾ ਸੌਖਾ ਹੁੰਦਾ ਹੈ ਪਰ ਨਿਭਾਉਣਾ ਔਖਾ ਹੁੰਦਾ ਹੈ। ਘਰ ਆਉਣ ’ਤੇ ਨੂੰਹ ਵਿੱਚ ਕਈ ਸੱਸਾਂ ਨੂੰ ਨੁਕਸ ਤਾਂ ਦਿੱਖਣ ਲੱਗ ਜਾਂਦੇ ਹਨ ਪਰ ਉਸ ਦੇ ਗੁਣ ਨਹੀਂ ਦਿੱਸਦੇ, ਇੱਥੇ ਸੱਸਾਂ ਨੂੰ ਬੜੀ ਸਾਵਧਾਨੀ ਨਾਲ ਆਪਣੀ ਧੀ ਦੇ ਗੁਣਾਂ ਅਵਗੁਣਾਂ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ ਅਤੇ ਕੋਈ ਗੱਲ ਕਾਹਲ ’ਚ ਨਹੀਂ ਕਰਨੀ ਚਾਹੀਦੀ। ਆਪਣੀ ਧੀ ਨੂੰ ਮਾਂ ਹਰੇਕ ਚੀਜ਼ ਬਾਪ ਤੋਂ ਚੋਰੀ ਵੀ ਲੈ ਕੇ ਦਿੰਦੀ ਹੈ ਪਰ ਨੂੰਹ ਨੂੰ ਲੋੜੀਂਦੀਆਂ ਚੀਜ਼ਾਂ ਉਸ ਦੇ ਪੇਕਿਆਂ ਤੋਂ ਮਜਬੂਰਨ ਲਿਆਉਣ ਲਈ ਸੱਸ ਕਿਸੇ ਨਾ ਕਿਸੇ ਤਰ੍ਹਾਂ ਹੱਥ ਕੰਡੇ ਵਰਤਦੀ ਰਹਿੰਦੀ ਹੈ। ਸਾਡੇ ਸਮਾਜ ਅੰਦਰਲੀ ਔਰਤ ਦੀ ਮਾਨਸਿਕਤਾ ਐਨੀ ਗਿਰ ਚੁੱਕੀ ਹੈ ਕਿ ਉਹ ਆਪਣੀ ਧੀ ਨਾਲ ਸਹੁਰਿਆਂ ਵੱਲੋਂ ਕੀਤੇ ਜਾਂਦੇ ਵਿਤਕਰੇ ਤੋਂ ਦੁੱਖੀ ਤਾਂ ਰਹਿੰਦੀ ਹੈ ਪਰ ਆਪਣੀ ਸੋਚ ਨੂੰ ਬਦਲਣ ਦੀ ਬਜਾਏ ਆਪ ਵੀ ਕਿਸੇ ਦੀ ਧੀ ਨਾਲ ਉਹੀ ਵਿਤਕਰਾ ਕਰ ਕੇ ਇਕ ਹੋਰ ਮਾਂ ਨੂੰ ਠੇਸ ਪਹੁੰਚਾਉਂਦੀ ਹੈ।
ਵਿਆਹ ਤੋਂ ਬਾਅਦ ਅਕਸਰ ਮੱਧ-ਵਰਗੀ ਪਰਿਵਾਰ ਹਰੇਕ ਗੱਲ ’ਚ ਪੈਸੇ ਵੱਲੋਂ ਤੰਗੀ ਦੀ ਗੱਲ ਕਰਨ ਲੱਗ ਜਾਂਦੇ ਹਨ। ਪਹਿਲਾਂ ਤਾਂ ਵਿਆਹ ’ਤੇ ਫਜ਼ੂਲ਼ ਖ਼ਰਚਾ ਕਰ ਲੈਂਦੇ ਹਨ ਫਿਰ ਜਦੋਂ ਵਿਆਹੁਤਾ ਬੱਚੇ ਆਪਣੀ ਜ਼ਿੰਦਗੀ ਨੂੰ ਸੁੱਖ ਸਹੂਲਤਾਂ ਲਈ ਖ਼ਰਚਾ ਮੰਗਦੇ ਹਨ ਤਾਂ ਅਕਸਰ ਘਰਾਂ ’ਚ ਕਲੇਸ਼ ਪੈਂਦਾ ਹੈ। ਸੱਸ ਬਣੀ ਔਰਤ ਨੂੰ ਆਪਣੇ ਪਿਛੋਕੜ ਤੇ ਗੰਭੀਰਤਾ ਨਾਲ ਝਾਤ ਮਾਰ ਲੈਣੀ ਚਾਹੀਦੀ ਹੈ। ਇਹ ਸੱਸ ਦਾ ਰੂਪ ਬਣੀ ਮਾਂ ਨੂੰ ਆਪਣੇ ਪੁੱਤ ਦੀ ਖ਼ੁਸ਼ੀ ਲਈ ਨਜ਼ਰੀਆ ਬਦਲਣ ਦੀ ਲੌੜ ਹੁੰਦੀ ਹੈ। ਪੁੱਤ ਉੱਪਰ ਪਹਿਲਾਂ ਵਾਲਾ ਅਧਿਕਾਰ ਜ਼ਰੂਰ ਰੱਖੇ ਪਰ ਆਪਣੇ ਪਤੀ ਦੇਵ ਨਾਲ ਜਿਵੇਂ ਵਧੀਆ ਸਬੰਧ ਰੱਖਣ ਦੀ ਖ਼ਾਹਿਸ਼ ਆਪ ਰੱਖਦੀ ਹੈ ਇਸੇ ਤਰ੍ਹਾਂ ਨੂੰਹ ਦੇ ਸਬੰਧ ਵੀ ਆਪਣੇ ਬੇਟੇ ਨਾਲ ਰੱਖਣ ਦੇਣ ਦਾ ਮਾਦਾ ਰੱਖੇ। ਵਿਆਹ ਸਮੇਂ ਕਈ ਵਾਰ ਕਹਿਣ ਨੂੰ ਤਾਂ ਲੜਕੇ ਵਾਲੇ ਕਹਿਣਗੇ ਕਿ ਸਾਡੀ ਕੋਈ ਮੰਗ ਨਹੀਂ ਪਰ ਬਾਅਦ ’ਚ ਜਦੋਂ ਲੜਕੀ ਵਾਲੇ ਰਿਸ਼ਤੇਦਾਰਾਂ ਲਈ ਪੁੱਛਦੇ ਹਨ ਤਾਂ ਕਈ ਤਾਂ ਹੌਲੀ-ਹੌਲੀ ਵਿਆਹ ਤੱਕ ਹੀ ਕੋਈ ਨਾ ਕੋਈ ਖ਼ਾਹਿਸ਼ ਨੂੰ ਉਜਾਗਰ ਕਰਦੇ ਰਹਿੰਦੇ ਹਨ। ਚਲੋ ਸਮਾਜ ਦੀ ਸੋਚ ਬਦਲਣ ਨੂੰ ਆਪਣੇ ਆਪ ਨੂੰ ਸਮਝਾਉਣਾ ਪਵੇਗਾ ਕਿਉਂ ਕਿ ਆਪਾਂ ਹੀ ਸਮਾਜ ਦਾ ਅੰਗ ਹਾਂ। ਵੈਸੇ ਹਰੇਕ ਸਿਆਣਾ ਮਾਪਾ ਆਪਣੀ ਧੀ ਲਈ ਵਿਆਹ ਤੋਂ ਬਾਅਦ ਆਪਣੀ ਹੈਸ਼ੀਅਤ ਮੁਤਾਬਕ ਉਸ ਦਾ ਬਣਦਾ ਹਿੱਸਾ ਕਿਸੇ ਨਾ ਕਿਸੇ ਰੂਪ ’ਚ ਆਪਣੀ ਧੀ ਨੂੰ ਦਿੰਦਾ ਹੈ। ਉਂਝ ਵੀ ਹਰੇਕ ਧੀ ਦਾ ਆਪਣੇ ਮਾਂ-ਬਾਪ ਦੀ ਜਾਇਦਾਦ ’ਚ ਸੰਵਿਧਾਨਿਕ ਤੌਰ ’ਤੇ ਵੀ ਬਰਾਬਰ ਦਾ ਹਿੱਸਾ ਹੁੰਦਾ ਹੈ ਜੋ ਕਿ ਬਹੁਤੀਆਂ ਉਹ ਲੈਣ ਨੂੰ ਤਿਆਰ ਨਹੀਂ ਹੁੰਦੀਆਂ ਸਗੋਂ ਨਿੱਘੇ ਰਿਸ਼ਤੇ ਨੂੰ ਮਾਣਨ ਲਈ ਹੀ ਆਸਵੰਦ ਹੁੰਦੀਆਂ ਹਨ।
ਕਈ ਸੋਸ਼ਲ ਮੀਡੀਏ ’ਤੇ ਮਾਵਾਂ ਨੂੰ ਨਸੀਹਤਾਂ ਦਿੰਦੇ ਹਨ ਕਿ ਉਹ ਆਪਣੀਆਂ ਧੀਆਂ ਦੇ ਘਰ ਵਸਾਉਣ ਲਈ ਸਹੁਰਿਆਂ ਦੇ ਘਰਾਂ ’ਚ ਫੋਨ ’ਤੇ ਦਖ਼ਲ-ਅੰਦਾਜ਼ੀ ਨਾ ਕਰਨ, ਬੇਟੀ ਨੂੰ ਗ਼ਲਤ ਗਾਈਡ ਨਾ ਕਰਨ। ਕਾਫ਼ੀ ਹੱਦ ਤੱਕ ਗੱਲ ਠੀਕ ਹੈ। ਕਈ ਮਾਵਾਂ ਜ਼ਿਆਦਾ ਸਮਝਾਉਣ ਦੀ ਬਜਾਏ ਭੜਕਾਉਣ ਦਾ ਕੰਮ ਕਰਦੀਆਂ ਹਨ ਪਰ ਸਮਝਦਾਰ ਮਾਂ ਕਦੇ ਨਹੀਂ ਚਾਹੁੰਦੀ ਕਿ ਉਸ ਦੀ ਧੀ ਦਾ ਘਰ ਖ਼ਰਾਬ ਹੋਵੇ, ਉਹ ਹਮੇਸ਼ਾਂ ਉਸ ਨੂੰ ਸਹੀ ਗਾਈਡ ਕਰੇਗੀ। ਸ਼ੁਰੂ ਸ਼ੁਰੂ ’ਚ ਧੀ ਲਈ ਨਵੇਂ ਪਰਿਵਾਰ ਨੂੰ ਸਮਝਣ ਲਈ ਸਮਾਂ ਲੱਗਦਾ ਹੈ। ਇਸ ਸਮੇਂ ਧੀ ਤੋਂ ਨੂੰਹ ਬਣੀ ਲੜਕੀ ਲਈ ਸੱਸ ਸਹੁਰੇ ਤੋਂ ਮਾਂ-ਬਾਪ ਵਾਲੇ ਪਿਆਰ ਵਾਂਗ ਜੇਕਰ ਪਿਆਰ ਮਿਲਦਾ ਹੈ ਤਾਂ ਉਹ ਛੇਤੀ ਪਰਿਵਾਰ ਵਿਚ ਘੁਲ-ਮਿਲ ਜਾਵੇਗੀ। ਕਈ ਲੜਕੀਆਂ ਬਿਊਟੀ ਪਾਰਲਰ ’ਚ ਜਾਣ ਕਰਕੇ ਵਾਧੂ ਖ਼ਰਚੇ ਖੜ੍ਹੇ ਕਰਦੀਆਂ ਹਨ, ਉੱਥੇ ਲੜਕੀਆਂ ਨੂੰ ਸਹੁਰੇ ਪਰਿਵਾਰ ਦੀ ਸਥਿਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਇਹੋ ਜਿਹੇ ਫਜ਼ੂਲ ਖ਼ਰਚਿਆਂ ਤੋਂ ਬਚਣਾ ਚਾਹੀਦਾ ਹੈ। ਜੇਕਰ ਘਰ ਵਿੱਚ ਦੋ ਨੂੰਹਾਂ ਨੇ ਤਾਂ ਦੋਹਾਂ ਨਾਲ ਬਰਾਬਰ ਵਰਤਾਉ ਕਰਨਾ ਸੱਸ ਦੀ ਸਮਝਦਾਰੀ ਹੈ। ਹੋ ਸਕਦਾ ਦੋਹਾਂ ਦੇ ਸੁਭਾਅ ’ਚ, ਕੰਮਾਂ ’ਚ, ਰਹਿਣ-ਸਹਿਣ ਦੇ ਤੌਰ ਤਰੀਕੇ, ਦੋਹਾਂ ਦੇ ਬੱਚਿਆਂ ’ਚ ਆਦਿ ’ਚ ਫ਼ਰਕ ਹੋਵੇ ਤਾਂ ਉੱਥੇ ਦੋਹਾਂ ਲਈ ਸੱਸ ਵੱਲੋਂ ਸੰਤਲੁਨ ਬਣਾ ਕੇ ਰੱਖਣਾ ਵੀ ਜ਼ਰੂਰੀ ਹੈ ਤਾਂ ਕਿ ਆਪਸੀ ਪਿਆਰ ਬਣਿਆ ਰਹੇ।
ਕਈ ਸੱਸਾਂ ਖਾਣ-ਪੀਣ ਵਾਲੀਆਂ ਚੀਜ਼ਾਂ ਆਪਣੇ ਕੰਟਰੋਲ ’ਚ ਜਾਂ ਕਈ ਤਾਂ ਜਿੰਦਰਾ ਹੀ ਮਾਰ ਕੇ ਰੱਖਦੀਆਂ ਹਨ। ਇਹੋ ਜਿਹੀਆਂ ਹਰਕਤਾਂ ਨੂੰ ਅੱਜ-ਕੱਲ੍ਹ ਦੇ ਬੱਚੇ ਪਸੰਦ ਨਹੀਂ ਕਰਦੇ, ਇਸ ਨਾਲ ਆਪਸੀ ਨਫ਼ਰਤ ਪੈਦਾ ਹੋਣੀ ਸੰਭਵ ਹੈ। ਸੱਸ ਦਾ ਆਪਣੀ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ ਇਸ ਲਈ ਨੂੰਹ ਦੀਆਂ ਰਮਜ਼ਾਂ ਨੂੰ ਸਮਝ ਕੇ ਕੁਝ ਤਾਂ ਨੂੰਹਾਂ ਨੂੰ ਢਾਲ ਲੈਂਦੀਆਂ ਹਨ ਤੇ ਕੁਝ ਆਪ ਢਲ ਜਾਂਦੀਆਂ ਹਨ।
ਨੌਕਰੀ ਕਰ ਰਹੀਆਂ ਲੜਕੀਆਂ ਲਈ ਸਹੁਰੇ ਪਰਿਵਾਰ ਨੂੰ ਉਨ੍ਹਾਂ ਦੀ ਕੰਮਕਾਜ ਵਿਚ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ ਜਿੰਨੀ ਕੁ ਉਹ ਕਰਨ ਦੇ ਯੋਗ ਹੋਣ, ਕਿਉਂਕਿ ਡਿਊਟੀ ਕਰਦੇ ਹੋਏ ਸਰੀਰਕ ਅਤੇ ਮਾਨਸਿਕ ਥਕਾਵਟ ਹੋਣੀ ਹੀ ਹੁੰਦੀ ਹੈ। ਕਈ ਵਾਰੀ ਲੜਕੀ ਦੀ ਸਿਹਤ ਠੀਕ ਨਾ ਹੋਵੇ ਉਸ ਨੂੰ ਬਹਾਨੇਬਾਜ਼ੀ ਨਾ ਸਮਝ ਕੇ ਕੋਈ ਐਸਾ ਤਨਜ਼ ਨਾ ਕੱਸਿਆ ਜਾਵੇ ਕਿ ਰਿਸ਼ਤਿਆਂ ਵਿੱਚ ਫ਼ਰਕ ਪੈਣ ਦਾ ਕਾਰਨ ਨਾ ਬਣੇ। ਇਸ ਲਈ ਲੜਕੀਆਂ, ਮਾਵਾਂ ਅਤੇ ਸੱਸਾਂ ਨੂੰ ਪਹਿਲੇ ਪਹਿਲੇ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਕਿ ਰਿਸ਼ਤਿਆਂ ’ਚ ਤਰੇੜਾਂ ਨਹੀਂ ਸਗੋਂ ਪਿਆਰ ਵਾਲੀ ਮਿਠਾਸ ਪੈਦਾ ਹੋਵੇ ਜਿਸ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਿਆ ਰਹੇ। ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਦੀ ਵਿਆਹੁਤਾ ਜ਼ਿੰਦਗੀ ’ਚ ਤ੍ਰੇੜਾਂ ਪਾਉਣਾ ਨਹੀਂ ਚਾਹੁੰਦਾ ਹੁੰਦਾ ਪਰ ਕਈ ਵਾਰੀ ਨਿੱਕੀ ਜਿਹੀ ਗੱਲ ਤੋਂ ਇਹ ਵੱਧ ਕੇ ਕਲੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਨੂੰ ਦੋਵੇਂ ਪਾਸੇ ਦੇ ਮਾਪਿਆਂ ਨੂੰ ਬੜੀ ਸਮਝਦਾਰੀ ਤੋਂ ਪਹਿਲਾਂ ਹੀ ਕੰਮ ਲੈਣਾ ਚਾਹੀਦਾ ਹੈ। ਅੱਜ-ਕਲ੍ਹ ਤਾਂ ਬਹੁਤੇ ਪਰਿਵਾਰ ਵੀ ਇਕ ਜਾਂ ਦੋ ਬੱਚਿਆਂ ਵਾਲੇ ਹੀ ਹਨ। ਕਈ ਪਰਿਵਾਰਾਂ ’ਚ ਧੀਆਂ ਹੀ ਨਹੀਂ ਹਨ ਪਰ ਉਨ੍ਹਾਂ ਨੂੰ ਧੀਆਂ ਦੀਆਂ ਭਾਵਨਾਵਾਂ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਮਾਂ-ਬਾਪ ਨੂੰ ਵਿਆਹ ਤੋਂ ਪਹਿਲਾਂ ਹੀ ਆਉਣ ਵਾਲੀਆਂ ਚੁਣੌਤੀਆਂ ਲਈ ਜਾਣੂ ਹੋਣਾ ਚਾਹੀਦਾ ਤਾਂ ਕਿ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਬਣਾ ਸਕੀਏ।
-ਮੇਜਰ ਸਿੰਘ ਨਾਭਾ

Loading