ਮਿਨੀਆਪੋਲਿਸ ਵਿੱਚ ਟਰੰਪ ਦੀਆਂ ਨੀਤੀਆਂ ਵਿਰੁੱਧ ਜਨ-ਸੈਲਾਬ ਉਮੜਿਆ

In ਮੁੱਖ ਖ਼ਬਰਾਂ
January 27, 2026

ਵਾਸ਼ਿੰਗਟਨ/ਮਿਨੀਆਪੋਲਿਸ/ਏ.ਟੀ.ਨਿਊਜ਼: ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੀਆਂ ਸਖ਼ਤ ਨੀਤੀਆਂ ਵਿਰੁੱਧ ਬਗਾਵਤ ਦੇ ਸੁਰ ਤੇਜ਼ ਹੋ ਗਏ ਹਨ। ਪਿਛਲੇ ਦਿਨੀਂ ਮਿਨੀਆਪੋਲਿਸ ਦੀਆਂ ਸੜਕਾਂ ’ਤੇ ਇੱਕ ਇਤਿਹਾਸਕ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿੱਥੇ ਲਗਭਗ 50,000 ਲੋਕਾਂ ਨੇ ਕੜਾਕੇ ਦੀ ਠੰਡ ਦੀ ਪਰਵਾਹ ਕੀਤੇ ਬਿਨਾਂ ਮਾਰਚ ਕੀਤਾ। ਰੈਲੀ ਦੌਰਾਨ ਤਾਪਮਾਨ ਮਾਈਨਸ 29 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ, ਪਰ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਇਸ ਠੰਡ ’ਤੇ ਭਾਰੀ ਪਿਆ।
ਇਹ ਵਿਰੋਧ ਪ੍ਰਦਰਸ਼ਨ ਖ਼ਾਸ ਤੌਰ ’ਤੇ ਟਰੰਪ ਦੀ ਅਕਰਮਕ ਇਮੀਗ੍ਰੇਸ਼ਨ ਕਾਰਵਾਈ, ਵਧਦੇ ਟੈਰਿਫ਼ ਅਤੇ ਵਿਦੇਸ਼ਾਂ ਵਿੱਚ ਫ਼ੌਜੀ ਕਾਰਵਾਈਆਂ ਦੀਆਂ ਧਮਕੀਆਂ ਦੇ ਖਿਲਾਫ਼ ਸੀ।

ਜੇ.ਡੀ. ਵੈਂਸ ਦਾ ਦੌਰਾ ਰਿਹਾ ਨਾਕਾਮ
ਪ੍ਰਦਰਸ਼ਨ ਤੋਂ ਇੱਕ ਦਿਨ ਪਹਿਲਾਂ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਮਿਨੀਆਪੋਲਿਸ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਸਥਾਨਕ ਆਗੂਆਂ ਨਾਲ ਮੁਲਾਕਾਤ ਕਰਕੇ ਤਣਾਅ ਘਟਾਉਣ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਸੀ। ਪਰ ਲੋਕਾਂ ਵਿੱਚ ਗੁੱਸਾ ਇੰਨਾ ਜ਼ਿਆਦਾ ਸੀ ਕਿ ਵੈਂਸ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ ਅਤੇ ਅਗਲੇ ਹੀ ਦਿਨ ਪੂਰੇ ਮਿਨੀਸੋਟਾ ਵਿੱਚ ਵਪਾਰਕ ਅਦਾਰੇ ਬੰਦ ਰਹੇ ਅਤੇ ਹਜ਼ਾਰਾਂ ਲੋਕ ਸੜਕਾਂ ’ਤੇ ਉੱਤਰ ਆਏ।
100 ਪਾਦਰੀਆਂ ਦੀ ਗ੍ਰਿਫ਼ਤਾਰੀ
ਵਿਰੋਧ ਦੀ ਲਹਿਰ ਹਵਾਈ ਅੱਡਿਆਂ ਤੱਕ ਵੀ ਪਹੁੰਚ ਗਈ। ਮਿਨੀਆਪੋਲਿਸ-ਸੈਂਟ ਪੌਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪ੍ਰਦਰਸ਼ਨ ਕਰ ਰਹੇ ਲਗਭਗ 100 ਪਾਦਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ‘ਫ਼ੇਥ ਇਨ ਮਿਨੀਸੋਟਾ’ ਗਰੁੱਪ ਅਨੁਸਾਰ, ਇਹ ਪਾਦਰੀ ਸ਼ਾਂਤੀਪੂਰਨ ਤਰੀਕੇ ਨਾਲ ਇਮੀਗ੍ਰੇਸ਼ਨ ਕਾਰਵਾਈਆਂ ਦਾ ਵਿਰੋਧ ਕਰ ਰਹੇ ਸਨ। ਪੁਲਿਸ ਨੇ ਉਨ੍ਹਾਂ ’ਤੇ ਹਵਾਈ ਸੇਵਾਵਾਂ ਵਿੱਚ ਰੁਕਾਵਟ ਪਾਉਣ ਦੇ ਇਲਜ਼ਾਮ ਲਗਾਏ ਹਨ।
ਹਿਰਾਸਤ ਅਤੇ ਹਿੰਸਾ: ਰੇਨੀ ਗੁੱਡ ਦੀ ਮੌਤ ਨੇ ਭੜਕਾਈ ਅੱਗ
ਤਣਾਅ ਵਧਣ ਦਾ ਮੁੱਖ ਕਾਰਨ 7 ਜਨਵਰੀ ਨੂੰ ਹੋਈ ਇੱਕ ਘਟਨਾ ਹੈ, ਜਿੱਥੇ 935 ਏਜੰਟ ਦੀ ਗੋਲੀ ਨਾਲ 37 ਸਾਲਾ ਅਮਰੀਕੀ ਨਾਗਰਿਕ ਰੇਨੀ ਗੁੱਡ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ, ਹਾਲ ਹੀ ਵਿੱਚ ਇੱਕ 5 ਸਾਲ ਦੇ ਬੱਚੇ ਨੂੰ ਉਸਦੇ ਪਿਤਾ ਸਮੇਤ ਸਕੂਲ ਤੋਂ ਘਰ ਆਉਂਦੇ ਸਮੇਂ ਹਿਰਾਸਤ ਵਿੱਚ ਲਿਆ ਗਿਆ, ਜਿਸ ਨੇ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਨੇ ਬਿਸ਼ਪ ਹੈਨਰੀ ਵਿ੍ਹਪਲ ਫ਼ੈਡਰਲ ਬਿਲਡਿੰਗ ਵੱਲ ਜਾਣ ਵਾਲੇ ਰਸਤੇ ਰੋਕ ਦਿੱਤੇ ਅਤੇ ਕਈ ਥਾਵਾਂ ’ਤੇ ਪੁਲਿਸ ਵਾਹਨਾਂ ’ਤੇ ਬਰਫ਼ ਦੇ ਟੁੱਕੜੇ ਸੁੱਟ ਕੇ ਆਪਣਾ ਰੋਸ ਪ੍ਰਗਟਾਇਆ।
ਕੀ ਇਹ ਟਰੰਪ ਲਈ ਵੱਡੀ ਸਿਰਦਰਦੀ ਬਣੇਗੀ?
ਇਸ ਅੰਦੋਲਨ ਨੂੰ “ਆਈ.ਸੀ.ਈ. ਆਊਟ ਆਫ਼ ਮਿਨੀਸੋਟਾ: ਏ. ਡੇ. ਆਫ਼ ਟਰੂਥ ਐਂਡ ਫ਼੍ਰੀਡਮ ਦਾ ਨਾਂ ਦਿੱਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਇੱਕ ਰਾਜ ਦਾ ਵਿਰੋਧ ਨਹੀਂ ਹੈ, ਸਗੋਂ ਇਹ ਟਰੰਪ ਸਰਕਾਰ ਵਿਰੁੱਧ ਇੱਕ ਦੇਸ਼ ਵਿਆਪੀ ਲਹਿਰ ਦਾ ਮੁੱਢ ਬਣ ਸਕਦਾ ਹੈ। ਜਿਸ ਤਰ੍ਹਾਂ ਵਿਦਿਆਰਥੀ, ਵਪਾਰੀ, ਪਾਦਰੀ ਅਤੇ ਆਮ ਪਰਿਵਾਰ ਇਸ ਵਿੱਚ ਸ਼ਾਮਲ ਹੋ ਰਹੇ ਹਨ, ਉਹ ਟਰੰਪ ਦੇ ਦੂਜੇ ਕਾਰਜਕਾਲ ਦੀ ਸਥਿਰਤਾ ਲਈ ਇੱਕ ਵੱਡੀ ਚੁਣੌਤੀ ਪੈਦਾ ਕਰ ਰਿਹਾ ਹੈ।

Loading