
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਮਿਨੀਸੋਟਾ ਦੇ ਵਿਧਾਇਕ ਤੇ ਹਾਊਸ ਸਪੀਕਰ ਐਮੇਰੀਟਾ ਮੀਲੀਸਾ ਹਾਰਟਮੈਨ ਤੇ ਉਸ ਦੇ ਪਤੀ
ਮਾਰਕ ਹਾਰਟਮੈਨ ਦੀ ਬਰੁੱਕਲਿਨ ਪਾਰਕ ਵਿਚ ਸਥਿੱਤ ਉਨਾਂ ਦੇ ਘਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਦ ਕਿ ਸਟੇਟ ਸੈਨੇਟ
ਮੈਂਬਰ ਜੌਹਨ ਹਾਫਮੈਨ ਤੇ ਉਸ ਦੀ ਪਤਨੀ ਯੇਟੇ ਨੂੰ ਚੈਂਪਲਿਨ ਸਥਿੱਤ ਘਰ ਵਿਚ ਗੋਲੀਆਂ ਮਾਰ ਕੇ ਗੰਭੀਰ ਰੂਪ ਵਿਚ ਜਖਮੀ ਕਰ ਦੇਣ ਦੀ ਖਬਰ ਹੈ।
ਹਮਲਾਵਰ ਨੇ ਹਾਫਮੈਨ ਤੇ ਉਸ ਦੀ ਪਤਨੀ ਦੇ ਕਈ ਗੋਲੀਆਂ ਮਾਰੀਆਂ ਪਰੰਤੂ ਉਨਾਂ ਦੀ ਜਾਨ ਬਚ ਗਈ ਤੇ ਇਸ ਸਮੇ ਉਹ ਹਸਪਤਾਲ ਵਿਚ ਇਲਾਜ਼
ਅਧੀਨ ਹਨ। ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਅਨੁਸਾਰ ਅਜਿਹਾ ਲੱਗਦਾ ਹੈ ਕਿ ਇਸ ਹਮਲੇ ਪਿੱਛੇ ਰਾਜਸੀ ਹਿੱਤ ਕੰਮ ਕਰ ਰਹੇ ਹਨ। ਉਨਾਂ
ਕਿਹਾ ਕਿ ਇਹ ਹਮਲਾ ਗਿਣਮਿੱਥ ਕੇ ਕੀਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਹਮਲਾਵਰ ਇਕ ਗੋਰਾ ਦੱਸਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਲਾਅ
ਇਨਫੋਰਸਮੈਂਟ ਅਫਸਰ ਦੱਸ ਕੇ ਘਰ ਵਿਚ ਦਾਖਲ ਹੋਇਆ ਤੇ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਬਰੁੱਕਲਿਨ ਪਾਰਕ ਪੁਲਿਸ ਚੀਫ ਮਾਰਕ ਬਰੂਲੇ
ਨੇ ਕਿਹਾ ਹੈ ਕਿ ਜਦੋਂ ਪੁਲਿਸ ਅਫਸਰ ਹਾਰਟਮੈਨ ਦੇ ਘਰ ਮੌਕੇ ਉਪਰ ਪੁੱਜੇ ਤਾਂ ਘਰ ਦੇ ਬਾਹਰ ਪੁਲਿਸ ਦੀ ਗੱਡੀ ਖੜੀ ਸੀ ਤੇ ਉਸ ਦੀਆਂ ਐਮਰਜੈਂਸੀ
ਲਾਈਟਾਂ ਜਗ ਰਹੀਆਂ ਸਨ। ਪੁਲਿਸ ਦੀ ਵਰਦੀ ਵਿਚ ਇਕ ਵਿਅਕਤੀ ਘਰ ਵਿਚੋਂ ਬਾਹਰ ਆਇਆ ਤੇ ਉਸ ਨੇ ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ
ਉਪਰ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਿਆ। ਬਰਲੇ ਨੇ ਕਿਹਾ ਹੈ ਕਿ ਸ਼ੱਕੀ ਦੀ ਗ੍ਰਿਫਤਾਰੀ ਲਈ ਸੈਂਕੜੇ ਪੁਲਿਸ ਅਫਸਰ ਕੰਮ ਕਰ ਰਹੇ ਹਨ ਤੇ
ਉਸ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਮੁਖੀ ਨੇ ਕਿਹਾ ਕਿ ਹਾਰਟਮੈਨ ਇਕ ਕਮਾਲ ਦੀ ਜਨਤਿਕ ਸੇਵਿਕ ਸੀ ਉਸ ਦੀਆਂ ਸੇਵਾਵਾਂ ਨੂੰ
ਭੁਲਾਇਆ ਨਹੀਂ ਜਾ ਸਕਦਾ। ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਸ਼ੱਕੀ ਦੀ ਪਛਾਣ ਵੈਂਸ ਲੂਥਰ ਬੋਏਲਟਰ (57) ਵਜੋਂ ਕੀਤੀ ਹੈ। ਅਧਿਕਾਰੀਆਂ
ਅਨੁੁਸਾਰ ਸ਼ੱਕੀ ਨੂੰ ਆਖਰੀ ਵਾਰ ਜੁੜਵੇਂ ਸ਼ਹਿਰਾਂ ਦੇ ਖੇਤਰ ਵਿਚ ਵੇਖਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਹਥਿਆਰਬੰਦ ਹੈ ਤੇ ਉਹ
ਹੋਰਨਾਂ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ। ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ ਤੇ
ਲੱਗਦਾ ਹੈ ਕਿ ਵਿਧਾਨ ਸਭਾ ਮੈਂਬਰਾਂ ਨੂੰ ਗਿਣਮਿਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ
ਬਖਸ਼ਿਆ ਨਹੀਂ ਜਾਵੇਗਾ।