
ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਅਨੁਸਾਰ, ਮਿਸਲ ਸਤਲੁਜ ਇਸ ਮਾਨਸੂਨ ਦੇ ਮੌਸਮ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਸਲ ਦੇ ਬੁਲਾਰੇ ਨੇ ਦੱਸਿਆ ਕਿ
ਅਸੀਂ ਕੁਝ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਇੱਕ ਛੋਟੇ ਪੱਧਰ ’ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਸੀ, ਜਿਸ ਤੋਂ ਸਾਨੂੰ ਕੁਝ ਸਿੱਖਿਆਵਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਨਰਸਰੀਆਂ ਵੱਲੋਂ ਮੁਫ਼ਤ ਵੰਡੇ ਜਾਣ ਵਾਲੇ ਬੂਟੇ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਬਚਣ ਦੀ ਸੰਭਾਵਨਾ ਬਹੁਤ ਘਟ ਹੁੰਦੀ ਹੈ। ਜੇਕਰ ਇੱਕ ਬੂਟੇ ਦੀ ਇੱਕ ਸਾਲ ਤੱਕ ਦੇਖ ਭਾਲ ਨਾ ਕੀਤੀ ਜਾਵੇ, ਤਾਂ ਉਸ ਦੇ ਬਚਣ ਦੀ ਸੰਭਾਵਨਾ ਘੱਟ ਜਾਂਦੀ ਹੈ। ਪੰਜਾਬ ਦੇ ਰਿਵਾਇਤੀ ਰੁੱਖਾਂ ਦੇ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ। ਸੜਕਾਂ ਦੇ ਕਿਨਾਰੇ ਲਗਾਏ ਗਏ ਬੂਟੇ ਪਸ਼ੂਆਂ ਕਾਰਨ ਬਚ ਨਹੀਂ ਪਾਉਂਦੇ।
ਉਨ੍ਹਾਂ ਕਿਹਾ ਕਿ ਇਹਨਾਂ ਸਿੱਖਿਆਵਾਂ ਤੋਂ ਸਬਕ ਲੈਂਦਿਆਂ ਅਸੀਂ ਪਿਛਲੇ ਤਿੰਨ ਸਾਲਾਂ ’ਚ ਲਗਭਗ 10,000 ਬੂਟੇ ਤਿਆਰ ਕੀਤੇ ਹਨ, ਜਿਨ੍ਹਾਂ ਦਾ ਕੱਦ ਹੁਣ 5 ਫ਼ੁੱਟ ਤੋਂ 8 ਫ਼ੁੱਟ ਦੇ ਵਿਚਕਾਰ ਹੈ। ਇਹ ਸਾਰੀਆਂ ਕਿਸਮਾਂ ਪੰਜਾਬ ਦੀਆਂ ਮੂਲ ਹਨ। ਇਹਨਾਂ ਬੂਟਿਆਂ ਦੀ ਅਗਲੇ ਇੱਕ ਸਾਲ ਤੱਕ ਦੇਖ ਭਾਲ ਕੀਤੀ ਜਾਵੇਗੀ।
ਇਹ ਮੁਹਿੰਮ ਇਸੇ ਹਫ਼ਤੇ ਮੋਹਾਲੀ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਪੰਜਾਬ ਭਰ ਵਿੱਚ ਚਲਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਜੋ ਵੀ ਇਸ ਮੁਹਿੰਮ ਦੇ ਪ੍ਰਬੰਧਨ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਜਾਂ ਇਸ ਦਾ ਪ੍ਰਚਾਰ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਨ, ਉਹ ਕਿਰਪਾ ਕਰਕੇ ਹੇਠਾਂ ਦਿੱਤੇ ਫ਼ਾਰਮ ਰਾਹੀਂ ਰਜਿਸਟਰ ਕਰਨ। (ਆਵਾਜਾਈ, ਬੂਟੇ ਲਗਾਉਣ ਦੇ ਸੰਦ ਅਤੇ ਮਜ਼ਦੂਰ ਮਿਸਲ ਸਤਲੁਜ ਦੁਆਰਾ ਪ੍ਰਦਾਨ ਕੀਤੇ ਜਾਣਗੇ)।
ਉਨ੍ਹਾਂ ਕਿਹਾ ਕਿ ਸਾਡੇ ਕੋਲ ਲੈਂਡਸਕੇਪ ਅਤੇ ਬਾਗਬਾਨੀ ਮਾਹਿਰਾਂ ਦੀ ਇੱਕ ਟੀਮ ਹੈ, ਜੋ ਮਿਸਲ ਸਤਲੁਜ ਦਾ ਹਿੱਸਾ ਹਨ ਅਤੇ ਇਸ ਪੂਰੀ ਬੂਟੇ ਲਗਾਉਣ ਦੀ ਮੁਹਿੰਮ ਦੀ ਦੇਖ-ਰੇਖ ਕਰ ਰਹੇ ਹਨ। ਮਿਸਲ ਵਲੋਂ ਇਹਨਾਂ ਰੁੱਖਾਂ ਦੀ ਅਗਲੇ ਇੱਕ ਸਾਲ ਤੱਕ ਦੇਖ ਰੇਖ ਕੀਤੀ ਜਾਵੇਗੀ। ਕਿਸੇ ਨੂੰ ਇੱਕ ਦੋ ਰੁੱਖ ਵੀ ਚਾਹੀਦੇ ਹੋਣ ਤਾਂ ਸੰਪਰਕ ਕਰਕੇ ਮੰਗਵਾ ਸਕਦਾ ਹੈ।