ਮੇਰਾ ਪਹਿਲਾ ਪਿਆਰ ਹੈ ਸਾਹਿਤ : ਗੁਲਜ਼ਾਰ

ਮਸ਼ਹੂਰ ਕਵੀ-ਗੀਤਕਾਰ ਅਤੇ ਫਿਲਮ ਨਿਰਮਾਤਾ ਗੁਲਜ਼ਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਸਿਨੇਮਾ ਵਿੱਚ ਕੈਰੀਅਰ ਬਣਾਉਣ ਦੀ ਕਲਪਨਾ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦਾ ਪਹਿਲਾ ਪਿਆਰ ਹਮੇਸ਼ਾ ਸਾਹਿਤ ਰਿਹਾ ਹੈ।
ਫਿਲਮ ਨਿਰਮਾਤਾ ਸੁਭਾਸ਼ ਘਈ ਦੇ ਫਿਲਮ ਇੰਸਟੀਚਿਊਟ ‘ਵਿਸਲਿੰਗ ਵੁੱਡਜ਼’ ਵਿਖੇ ਆਯੋਜਿਤ ‘ਸੈਲੀਬ੍ਰੇਟ ਸਿਨੇਮਾ 2025’ ਦੇ ਉਦਘਾਟਨੀ ਸੈਸ਼ਨ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਇੱਕ ਪਾਠਕ ਅਤੇ ਇੱਕ ਲੇਖਕ ਬਣਨ ਦਾ ਸੁਪਨਾ ਦੇਖਣ ਵਾਲੇ ਵਿਅਕਤੀ ਵਜੋਂ ਕਿਤਾਬਾਂ ਵੱਲ ਡੂੰਘਾਈ ਨਾਲ ਖਿੱਚੇ ਹੋਏ ਸਨ।
ਗੁਲਜ਼ਾਰ, ਜਿਨ੍ਹਾਂ ਨੇ ‘ਰਾਵੀ ਪਾਰ’, ‘ਤ੍ਰਿਵੇਣੀ’, ‘ਬੋਸਕੀਜ਼ ਪੰਚਤੰਤਰ’, ‘ਐਕਚੂਅਲੀ… ਆਈ ਮੈਟ ਦੈਮ: ਏ ਮੈਮੋਇਰ’ ਵਰਗੀਆਂ ਕਿਤਾਬਾਂ ਲਿਖੀਆਂ ਹਨ, ਨੇ ਕਿਹਾ, “ਮੈਂ ਕਦੇ ਸਿਨੇਮਾ ਵਿੱਚ ਨਹੀਂ ਆਉਣਾ ਚਾਹੁੰਦਾ ਸੀ ਅਤੇ ਮੈਂ ਸਿਨੇਮਾ ਲਈ ਨਹੀਂ ਲਿਖਣਾ ਚਾਹੁੰਦਾ ਸੀ ਅਤੇ ਮੈਂ (ਕੰਮ ਦੀਆਂ ਪੇਸ਼ਕਸ਼ਾਂ ਤੋਂ) ਇਨਕਾਰ ਕਰਦਾ ਸੀ। ਮੈਂ ਕਿਤਾਬਾਂ ਨਾਲ ਮੋਹਿਆ ਹੋਇਆ ਸੀ; ਮੈਨੂੰ ਕਿਤਾਬਾਂ ਨਾਲ ਪਿਆਰ ਸੀ। ਮੈਂ ਬਹੁਤ ਸਾਰੀਆਂ ਕਿਤਾਬਾਂ, ਸਾਹਿਤ ਪੜ੍ਹਦਾ ਸੀ।”
ਆਜ਼ਾਦੀ ਤੋਂ ਪਹਿਲਾਂ ਦੇ ਪੰਜਾਬ (ਹੁਣ ਪਾਕਿਸਤਾਨ ਵਿੱਚ) ਵਿੱਚ ਸੰਪੂਰਨ ਸਿੰਘ ਕਾਲੜਾ ਵਜੋਂ ਜਨਮੇ ਗੁਲਜ਼ਾਰ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਕਾਵਿਕ ਕਹਾਣੀਕਾਰਾਂ ਵਿੱਚੋਂ ਇੱਕ ਵਜੋਂ ਮੰਨਿਆ ਜਾਂਦਾ ਹੈ।
ਗੁਲਜ਼ਾਰ ਨੇ ਕਿਹਾ, “ਸੰਗੀਤ ਅਤੇ ਕਵਿਤਾ ਮਹੱਤਵਪੂਰਨ ਹਨ, ਸਾਡੇ ਸਿਨੇਮਾ ਵਿੱਚ ਇਹ ਇਸ ਲਈ ਹੈ ਕਿਉਂਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਿਆ। ਅੱਜ ਵੀ ਦੋਵੇਂ ਮਾਧਿਅਮ ਯਾਦ ਕੀਤੇ ਜਾਂਦੇ ਹਨ।”
ਉਨ੍ਹਾਂ ਨੇ ਭਾਰਤੀ ਸੰਗੀਤ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਬਣਾਉਣ ਦਾ ਸਿਹਰਾ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਦਿੱਤਾ।

Loading