ਮੈਂ ਗੋਰੀ ਤੇ ਤੇਰਾ ਰੰਗ ਕਾਲ਼ਾ ਵੇ

In ਮੁੱਖ ਲੇਖ
January 18, 2025
ਜਦੋਂ ਤੋਂ ਮਨੁੱਖ ਜਾਤੀ ਹੋਂਦ ਵਿੱਚ ਆਈ ਹੈ, ਸ਼ਾਇਦ ਉਦੋਂ ਤੋਂ ਹੀ ਇਸ ਦੀਆਂ ਮੂਲ ਪ੍ਰਵਿਰਤੀਆਂ ਵਿੱਚ ਸੁੰਦਰ ਦਿਸਣ ਦੀ ਪ੍ਰਵਿਰਤੀ ਵੀ ਸ਼ਾਮਲ ਹੋ ਗਈ ਸੀ।ਰੱਬ ਦੀ ਸ਼ਾਇਦ ਇਹ ਇੱਛਾ ਹੋਵੇ। ਕਿਉਂਕਿ ਕਿ ਮੁੱਢ ਕਦੀਮੀ ਹੀ ਮਨੁੱਖ ਦਾ ਸੁੰਦਰ ਦਿਸਣਾ ਮਨੁੱਖੀ ਜੀਵਨ ਦਾ ਅੰਗ ਰਿਹਾ ਹੈ। ਪੁਰਾਣੇ ਸਮਿਆਂ ਦੇ ਕਿੱਸਾਕਾਰਾਂ ਤੇ ਸਾਹਿਤਕਾਰਾਂ ਨੇ ਇਸੇ ਸੁੰਦਰਤਾ ਨੂੰ ਰਚਨਾਵਾਂ ਰਾਹੀਂ ਪੇਸ਼ ਕੀਤਾ ਹੈ।ਇਸ ਦਾ ਵੇਰਵਾ ਸਾਨੂੰ ਲਿਖੇ ਕਿੱਸਿਆ ਵਿਚੋਂ ਮਿਲ਼ਦਾ ਹੈ। ਜਿਵੇਂ ਕਿ ਕਿਸੇ ਕਿੱਸੇ ਦਾ ਵੱਡਾ ਭਾਗ ਔਰਤ ਦੀ ਸੁੰਦਰਤਾ ਵਾਰੇ ਹੀ ਲਿਖਿਆ ਜਾਂਦਾ ਸੀ। ਵਾਰਿਸ ਵਰਗੇ ਕਿੱਸਾਕਾਰਾਂ ਨੇ ਇਸਦਾ ਵਰਨਣ ਬਾਖੂਬੀ ਕੀਤਾ ਹੈ। ਵੈਸੇ ਮਨੁੱਖ ਦੀ ਸੁੰਦਰਤਾ ਵਿਚ ਉਸਦੀਆਂ ਦੋ ਗੱਲਾਂ ਉਸ ਦੇ ਨੈਣ ਨਕਸ਼ ਤੇ ਉਸ ਦਾ ਰੰਗ ਬਹੁਤ ਵੱਡਾ ਰੋਲ ਨਿਭਾਉਂਦੇ ਹਨ।ਨੈਣ ਨਕਸ਼ਾਂ ਦੇ ਮੁਕਾਬਲੇ ਗੋਰਾ ਰੰਗ ਜ਼ਿਆਦਾ ਰੋਲ ਅਦਾ ਕਰਦਾ ਹੈ । ਕਹਿੰਦੇ ਨੇ ਗੋਰਾ ਰੰਗ ਨੈਣ ਨਕਸ਼ਾਂ ਨੂੰ ਢੱਕ ਲੈਂਦਾ ਹੈ। ਮਨੁੱਖ ਆਪਣੀ ਬੁੱਧੀ ਮੁਤਾਬਿਕ ਆਪਣੇ ਆਉਂਣ ਵਾਲੇ ਬੱਚੇ ਲਈ ਵੀ ਗੋਰੇ ਰੰਗ ਦੀ ਕਾਮਨਾ ਕਰਦਾ ਹੈ। ਮਨੋਵਿਗਿਆਨ ਮੁਤਾਬਿਕ ਜ਼ਨਮ ਤੋਂ ਪਹਿਲਾਂ ਕਮਰੇ ਵਿਚ ਗੋਰੇ ਤੇ ਸੋਹਣੇ ਬੱਚਿਆਂ ਦੀਆਂ ਫੋਟੋਆਂ ਲਗਾਈਆਂ ਜਾਂਦੀਆਂ ਨੇ ਤੇ ਅਜਿਹੇ ਹੀ ਫਲ਼ ਖਵਾਏ ਜਾਂਦੇ ਹਨ। ਅੱਜਕਲ੍ਹ ਦਵਾਈਆਂ ਵੀ ਮਿਲਦੀਆਂ ਹਨ।ਵਿਆਹ ਵੇਲੇ ਵੀ ਮੁੰਡੇ ਕੁੜੀ ਦੇ ਗੋਰੇ ਰੰਗ ਦੀਆਂ ਤਰੀਫਾਂ ਕੀਤੀਆਂ ਜਾਂਦੀਆਂ ਹਨ।ਹਰ ਮਨੁੱਖ ਦੀ ਇੱਛਾ ਗੋਰੇ ਰੰਗ ਦੀ ਹੁੰਦੀ ਹੈ।ਪਰ ਕਾਲੇ ਰੰਗ ਨੂੰ ਪਿਆਰ ਕਰਨ ਵਾਲੇ ਵੀ ਬਥੇਰੇ ਨੇ। ਮਜਨੂੰ ਲੈਲਾ ਨੂੰ ਕਾਲੇ ਰੰਗ ਦੀ ਹੁੰਦਿਆਂ ਵੀ ਆਪਣੀ ਹੀ ਨਜ਼ਰ ਨਾਲ ਦੇਖਦਾ ਸੀ। ਅਜਿਹੇ ਲੋਕ ਗੋਰੇ ਰੰਗ ਨੂੰ ਵੀ ਨਿੰਦ ਦਿੰਦੇ ਨੇ। ਬਥੇਰੇ ਗੀਤ, ਬੋਲੀਆਂ ਅਜਿਹੇ ਵੀ ਹਨ। ਕਾਲ਼ਾ ਰੰਗ ਰੱਤੀਆਂ ਵਿਕੇ ਗੋਰੇ ਰੰਗ ਦੀ ਵਿਕੇ ਪੰਸੇਰੀ। ਇੱਥੇ ਕਾਲੇ ਰੰਗ ਨੂੰ ਸੋਨੇ ਤੋਂ ਵੀ ਕੀਮਤੀ ਦੱਸਿਆ ਗਿਆ ਹੈਜੋ ਸੋਨੇ ਵਾਂਗ ਰੱਤੀਆਂ ਵਿਚ ਵਿਕਦਾ ਹੈ। ਜੇਕਰ ਇਸ ਦੇ ਮੂਲ ਕਾਰਨ ਵਾਰੇ ਜਾਣਨ ਦੀ ਕੋਸ਼ਿਸ਼ ਕਰੀਏ ਕਿਹਾ ਜਾਂਦਾ ਹੈ ਕਿ ਮਨੁੱਖ ਜਾਤੀ ਦਾ ਵਿਕਾਸ ਅਫ਼ਰੀਕਾ ਮਹਾਂਦੀਪ ਵਿਚੋਂ ਹੋਇਆ ਹੈ।ਇਹ ਜਿਵੇਂ ਜਿਵੇਂ ਲੋਕ ਪਰਵਾਸ ਕਰਦੇ ਗਏ ਅਤੇ ਜਿੰਨਾਂ ਇਹ ਧਰੁਵਾਂ ਵੱਲ ਵਧਦੇ ਗਏ ਓਨੇ ਠੰਡੇ ਮੌਸਮ ਕਰਕੇ ਗੋਰੇ ਹੁੰਦੇ ਗਏ। ਕਹਿੰਦੇ ਨੇ ਕਾਲਾ ਰੰਗ ਚਮੜੀ ਵਿਚ ਮੈਲਾਨਿਲ ਤੱਤ ਕਾਰਨ ਹੁੰਦਾ ਹੈ ਜਿਸ ਦਾ ਕੰਮ ਸੂਰਜ ਦੀ ਰੌਸ਼ਨੀ ਨੂੰ ਆਪ ਸ਼ੋਕਣ ਦਾ ਕੰਮ ਹੁੰਦਾ ਹੈ।ਇਸ ਕਾਰਨ ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ।ਭਾਰਤ ਵਿੱਚ ਕਈ ਪ੍ਰਜਾਤੀਆਂ ਬਾਹਰੋਂ ਹਮਲੇ ਕਰਨ ਆਈਆਂ ਜਿਹਨਾਂ ਨੇ ਇੱਥੇ ਵਿਆਹ ਵੀ ਕੀਤੇ।ਉਹ ਗੋਰੇ ਰੰਗ ਦੇ ਸੀ ਜਿਵੇਂ ਮੰਗੋਲ, ਅੰਗਰੇਜ਼ ਆਦਿ।ਇਸ ਤਰ੍ਹਾਂ ਉਹਨਾਂ ਦੇ ਡੀ ਐਨ ਏ ਮਿਲ ਜਾਣ ਕਾਰਨ ਲੋਕ ਗੋਰੇ ਵੀ ਤੇ ਕਾਲੇ ਦੇ ਵੀ ਮਿਲਦੇ ਹਨ।ਪਰ ਹੁਣ ਸੰਸਾਰ ਵਿੱਚ ਪ੍ਰਵਾਸ ਜ਼ਿਆਦਾ ਹੈ।ਪਰ ਵਾਤਾਵਰਨ ਕਰਕੇ ਆਈ ਰੰਗ ਵਿੱਚ ਤਬਦੀਲੀ ਨੂੰ ਰੰਗ ਜਾਤੀ ਨਾਲ ਜਾ ਨਸਲ ਨਾਲ ਜੋੜ ਦਿੱਤਾ ਗਿਆ ਹੈ।ਇਹ ਗੱਲ ਜ਼ਰੂਰ ਮੰਨੀ ਜਾਂਦੀ ਹੈ ਕਿ ਜੇਕਰ ਕੋਈ ਪੰਜਾਬੀ ਕਿਸੇ ਗੋਰੀ ਨਾਲ ਵਿਆਹ ਕਰਵਾ ਲਏ ਤਾਂ ਬੱਲੇ ਬੱਲੇ, ਜੇਕਰ ਕੁੜੀ ਕਿਸੇ ਪੱਕੇ ਰੰਗ ਦੇ ਮੁੰਡੇ ਨਾਲ ਕਰਵਾ ਲਵੇ ਤਾਂ ਲੋਕ ਪਤਾ ਨੀ ਕੀ ਚੰਗਾ ਮਾੜਾ ਬੋਲ ਬੋਲ ਮੀਂਹ ਵਰ੍ਹਾ ਦਿੰਦੇ ਹਨ।।ਪਰ ਇੱਕ ਗੱਲ ਜ਼ਰੂਰ ਹੈ ਗੋਰੇ ਰੰਗ ਨੇ ਲੋਕਾਂ ਤੇ ਜਿਆਦਾ ਪ੍ਰਭਾਵ ਪਾਇਆ ਹੈ। ਮਨੁੱਖ ਦੀ ਇਹ ਲਾਲਸਾ ਪੂਰੀ ਕਰਨ ਲਈ ਕਾਰਪੋਰੇਟ ਘਰਾਣਿਆਂ ਨੇ ਹੱਥ ਰੰਗ ਲਏ ਹਨ। ਨਵੀਆਂ ਨਵੀਆਂ ਕਰੀਮਾਂ,ਲੋਸ਼ਣ,ਬਲੀਚਿੰਗ ਪਾਊਡਰ,ਹੋਰ ਦੇਸੀ ਨੁਸਖੇ ਮੰਡੀ ਵਿੱਚ ਆ ਗਏ ਹਨ। ਕਹਿੰਦੇ ਹੁੰਦੇ ਨੇ ਮੁੰਡਿਆਂ ਨੂੰ ਰੰਗਾਂ ਨਾਲ ਕੀ ਪਰ ਉਹ ਵੀ ਮਾਰਕੀਟ ਨੇ ਇਸੇ ਦੌੜ ਵਿਚ ਲਿਆ ਖੜ੍ਹੇ ਕਰ ਦਿੱਤੇ ਹਨ।ਸਮਾਨ ਵੇਚਣ ਲਈ ਫਿਲਮੀ ਐਕਟਰ,ਕ੍ਰਿਕਟਰ ਤੇ ਹੋਰ ਸਟਾਰ ਕਾਸਟ ਦੀ ਵਰਤੋਂ ਤੇ ਸਕੀਮਾਂ ਹੋਂਦ ਵਿੱਚ ਲਿਆਂਦੀਆਂ ਜਾਂਦੀਆਂ ਹਨ।ਕਹਿ ਲਈਏ ਕਿ ਦੁਨੀਆਂ ਪਾਗ਼ਲ ਹੋਈ ਪਈ ਹੈ ।ਉਹੀ ਹੇਅਰ ਡਰੈਸ਼ਰ ਸੈਲੂਨ ਬਣ ਗਏ ਹਨ।ਪਰ ਜੇਕਰ ਦੇਖਿਆ ਜਾਵੇ ਕਾਲ਼ਾ ਰੰਗ ਵਧੀਆ ਲੱਗਦਾ ਕਿ ਗੋਰਾ ਤਾਂ ਵੱਡੀ ਬਹਿਸ ਵੀ ਹੈ ਦੋਨਾਂ ਵਿਚ। ਦੋਨੋਂ ਹੀ ਇੱਕ ਦੂਜੇ ਦੇ ਗੁਣ ਔਗੁਣ ਪੇਸ਼ ਕਰਦੇ ਹਨ।ਇਸ ਦਾ ਪਤਾ ਲੋਕ ਗੀਤਾਂ, ਬੋਲੀਆਂ, ਕਹਾਵਤ ਤੇ ਬਾਤ ਬਤੋਲੀਆਂ ਤੋਂ ਲੱਗਦਾ ਹੈ। ਜਦੋਂ ਹੁਸਨਮੱਤੀ ਮੁਟਿਆਰ ਨੂੰ ਆਪਣੇ ਗੋਰੇ ਰੰਗ ਤੇ ਅੱਖੀਆਂ ਸਾਂਭ ਕੇ ਰੱਖਣ ਤੇ ਮਾਣ ਵੀ ਕਰਦੀ ਕਹਿਦੀ ਹੈ ਕਿ ਗੋਰਾ ਰੰਗ ਤੇ ਸ਼ਰਬਤੀ ਅੱਖੀਆਂ, ਘੁੰਡ ਵਿੱਚ ਸਾਂਭ ਰੱਖੀਆਂ। ਮੇਰੇ ਗੋਰੇ ਰੰਗ ਕਰਕੇ ਹੋ ਗਏ ਗੱਭਰੂ ਧੁੱਪਾਂ ਦੇ ਵਿੱਚ ਕਾਲੇ। ਕਈ ਵਾਰ ਗੋਰੇ ਰੰਗ ਦੀ ਮੁਟਿਆਰ ਲਈ ਉਸ ਦਾ ਰੰਗ ਹੀ ਸਮੱਸਿਆ ਬਣ ਜਾਂਦਾ ਹੈ:- ਗੋਰਾ ਰੰਗ ਨਾ ਕਿਸੇ ਨੂੰ ਰੱਬ ਦੇਵੇ, ਸਾਰਾ ਪਿੰਡ ਵੈਰ ਪੈ ਗਿਆ। ਗੋਰੇ ਰੰਗ ਦਾ ਤਬੀਤ ਕਰਾਇਆ ਨਜ਼ਰਾਂ ਨੇ ਖਾ ਲਈ ਪਤਲੋ। ਗੋਰਾ ਰੰਗ ਦਈ ਨਾ ਰੱਬਾ ਇਹਦੀ ਬੈਂਕ ਨਾਲੋਂ ਵੱਧ ਚੌਕੀਦਾਰੀ। ਕੁੜੀ ਦਾ ਰੱਬ ਨੂੰ ਉਲਾਂਭਾ ਵੀ ਹੈ ਮਾਹੀ ਮੇਰਾ ਗੋਰੇ ਰੰਗ ਦਾ ਮੇਰਾ ਕਾਲ਼ਾ ਰੰਗ। ਦੇਖੋ ਵਾਹਿਗੁਰੂ ਦੇ ਰੰਗ ਦੇਖੋ ਵਾਹਿਗੁਰੂ ਦੇ ਰੰਗ। ਸਹੁਰੇ ਗਈ ਮੁਟਿਆਰ ਦਿਉਰਾਂ , ਜੇਠਾਂ ਦੇ ਕਾਲੇ ਰੰਗ ਦੇਖ ਸਹੁਰੇ ਨੂੰ ਨਿਹੋਰੇ ਮਾਰਦੀ ਹੈ:- ਨੂੰਹਾਂ ਗੋਰੀਆਂ ਪੁੱਤਾਂ ਦੇ ਰੰਗ ਕਾਲੇ, ਸਹੁਰਿਆਂ ਬਦਾਮੀ ਰੰਗਿਆ। ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਰੰਗ ਸੱਪਾਂ ਦੇ ਵੀ ਕਾਲੇ ਰੰਗ ਸਾਧਾਂ ਦੇ ਵੀ ਕਾਲੇ ਕਾਲਾ ਸੱਪ ਕੀਲ ਕੇ ਪਟਾਰੀ ਵਿੱਚ ਬੰਦ ਹੋਗਿਆ ਮੁੰਡਾ ਗੋਰਾ ਰੰਗ ਦੇਖ ਕੇ ਮਲੰਗ ਹੋ ਗਿਆ। ਅਰਨਾ ਅਰਚਨਾ ਅਰਨਾ ਰੰਗ ਦੇ ਕਾਲੇ ਦਾ ਗੱਡ ਦਿਓ ਖੇਤ ਵਿੱਚ ਡਰਨਾ। ਜ਼ਿਆਦਾ ਸਹੁਰੇ ਘਰ ਕੰਮ ਕਰਕੇ ਕਾਲ਼ੀ ਹੋਈ ਧੀ ਆਪਣੇ ਬਾਬਲ ਨੂੰ ਕਹਿੰਦੀ ਹੈ:- ਬਾਬਲ ਤੇਰੇ ਕੁੜਮਾਂ ਨੇ, ਗੋਰੇ ਰੰਗ ਦੀ ਕਦਰ ਨਾ ਪਾਈ। ਜੇਕਰ ਕਾਲੇ਼ ਰੰਗ ਵਾਲਿਆਂ ਵੱਲ ਦੇਖੀਏ ਤਾਂ ਉਹ ਕਾਲੇ ਰੰਗ ਨੂੰ ਵਧੀਆ ਮੰਨਦੇ ਹਨ।ਉਹ ਵੀ ਕਿਸੇ ਗੱਲੋਂ ਘੱਟ ਨੀ ਕਹਾਉਂਦੇ ਤੇ ਗੋਰੇ ਰੰਗ ਵਾਲਿਆਂ ਨੂੰ ਨਿੰਦਦੇ ਹਨ। ਲੋਕ ਬੋਲੀ ਦੇ ਬੋਲ:- ਗੋਰਾ ਰੰਗ ਟਿੱਬਿਆਂ ਦਾ ਰੇਤਾ, ਨੀ ਨੇਰ੍ਹੀ ਆਈ ਉੱਡ ਜਾਊਗਾ। ਉਹ ਇਹ ਵੀ ਕਹਿੰਦੇ ਹਨ ਕਿ ਗੋਰਿਆਂ ਨੂੰ ਹੰਕਾਰ ਹੁੰਦਾ ਹੈ। ਉਹਨਾਂ ਕੋਲ ਪਿਆਰ ਨਾ ਦੀ ਕੋਈ ਚੀਜ਼ ਨਹੀਂ ਹੁੰਦੀ, ਉਹਨਾਂ ਵਿੱਚ ਸੜਨ ਦੀ ਭਾਵਨਾ ਜ਼ਿਆਦਾ ਹੁੰਦੀ ਐ।ਇਸ ਲਈ ਸ਼ਾਇਦ ਕਿਹਾ ਜਾਂਦਾ ਹੈ:- ਕਾਲ਼ੇ ਹੁੰਦੇ ਨੇ ਪਿਆਰ ਦੇ ਖਜ਼ਾਨੇ, ਗੋਰੇ ਕਿਹੜੀ ਗੱਲੋਂ ਸੜਦੇ। ਸੋਨੇ ਜਿਹਾ ਰੰਗ ਕਾਲਾ ਮਾਹੀ ਦਾ ਲੱਗਦਾ ਪਿਆਰਾ ਮੈਨੂੰ ਸਾਰੇ ਜੱਗ ਤੋਂ। ਇਹ ਵੀ ਕਿਹਾ ਜਾਂਦਾ ਹੈ ਕਿ:- ਇੱਕ ਗੋਰਾ ਇੱਕ ਕਾਲਾ, ਰੰਗ ਦੁਨੀਆਂ ਵਿੱਚ ਦੋਵੇ, ਗੋਰੇ ਰੰਗ ਦੇ ਕੀ ਛਾਂ ਬਹਿਣਾ ਜੇਕਰ ਵਿੱਚ ਗੁਣ ਨਾ ਹੋਵੇ। ਮਿਹਨਤ ਕਰਨ ਵਾਲਿਆਂ ਦੇ ਰੰਗ ਹਮੇਸ਼ਾ ਕਾਲੇ ਹੀ ਹੁੰਦੇ ਨੇ। ਇਸੇ ਕਰਕੇ ਕਿਹਾ ਜਾਂਦਾ ਹੈ ਕਿ:- ਅਸੀਂ ਮਿਹਨਤੀ ਜੱਟਾਂ ਦੇ ਪੁੱਤ ਕਾਲੇ, ਦੇਖੀ ਬਿਲੋ ਨਿੰਦ ਨਾ ਦੇਈਂ। ਮਿੱਤਰਾਂ ਦਾ ਰੰਗ ਪੱਕਾ ਫੀਮ ਵਰਗਾ ਜੇਠ ਹਾੜ੍ਹ ਦੀਆਂ ਧੁੱਪਾਂ ਵਿਚ ਚੋਂ ਨੀ ਸਕਦਾ ਸੂਟ ਬੂਟ ਪਾਕੇ ਜਿੱਥੋਂ ਲੰਘ ਜਾਈਦਾ ਨੱਢੀ ਮੁੜਕੇ ਨਾ ਦੇਖੇ ਇਹ ਵੀ ਹੋ ਨੀ ਸਕਦਾ। ਕਈ ਥਾਂ ਉਹਨਾਂ ਨੂੰ ਕਾਲੇ ਹੋਣ ਦਾ ਦੁੱਖ ਵੀ ਹੁੰਦਾ ਹੈ ਕਿਉਂਕਿ ਗੋਰੇ ਕਾਲਿਆਂ ਨੂੰ ਪਸੰਦ ਨੀ ਕਰਦੇ ਕਾਲੇ ਕੀਤੇ ਕਿਉਂ ਜਹਾਨ ਤੇ ਪੈਦਾ ਰੱਬਾ ਸਾਨੂੰ ਨੀ ਗੋਰੇ ਪਸੰਦ ਕਰਦੇ ਜਾ ਤਾਂ ਸਾਨੂੰ ਵੀਂ ਰੱਜਵਾਂ ਰੂਪ ਦੇ ਦੇ ਜਾ ਗੋਰਿਆਂ ਦਾ ਜੰਮਣਾ ਬੰਦ ਕਰ ਦੇ। ਗੋਰੇ ਬਨਾਮ ਕਾਲੇ ਰੰਗ ਦੀ ਬਹਿਸ ਚੱਲਦੀ ਰਹੀ ਹੈ ਚੱਲਦੀ ਰਹਿਣੀ ਹੈ। ਦੇਖਿਆ ਜਾਵੇ ਕੋਈ ਵੀ ਮਨੁੱਖ ਰੰਗ ਨਾਲ ਚੰਗਾ ਜਾ ਮਾੜਾ ਨਹੀਂ ਹੁੰਦਾ।ਸੋਹਣਾ ਉਹੀ ਹੁੰਦਾ ਹੈ ਜੋਂ ਸੋਹਣੇ ਕੰਮ ਕਰੇ। ਸਰੀਰਕ ਸੁੰਦਰਤਾ ਨਾਲੋਂ ਮਨ ਦੀ ਸੁੰਦਰਤਾ ਵਧੀਆ ਹੁੰਦੀ ਹੈ। ਜਿਸ ਕੋਲ ਮਨ ਦੀ ਸੁੰਦਰਤਾ ਨਹੀਂ, ਉਸ ਕੋਲ ਤਨ ਦੀ ਸੁੰਦਰਤਾ ਦਾ ਵੀ ਕੋਈ ਫਾਇਦਾ ਨਹੀਂ।ਜੇਕਰ ਅਸੀਂ ਮਨ ਦੀ ਸੁੰਦਰਤਾ ਪੈਦਾ ਕਰ ਲਈਏ ਤਾਂ ਦੁਨੀਆਂ ਵਿੱਚ ਪੈਦਾ ਹੋਈ ਨਸਲਵਾਦ ਨਫ਼ਰਤ ਆਪਣੇ ਆਪ ਖ਼ਤਮ ਹੋ ਜਾਵੇਗੀ।ਸਾਰੀ ਦੁਨੀਆਂ ਦੇ ਪੂਰਵਜ ਇੱਕੋ ਹੀ ਸਨ। ਵਾਤਾਵਰਨ ਬਦਲਾਅ ਨੇ ਇਹ ਫਰਕ ਪਾਕੇ ਰੱਖ ਦਿੱਤਾ। ਗੋਰੇ ਕਾਲਿਆਂ ਨੂੰ ਨਫ਼ਰਤ ਕਰੀ ਜਾਂਦੇ ਨੇ। ਆਪਸੀ ਭਾਈਚਾਰਕ ਸਾਂਝ ਲਈ ਮਨ ਦੀ ਸੁੰਦਰਤਾ ਜ਼ਰੂਰੀ ਹੈ। ਇਨਸਾਨੀਅਤ ਦਾ ਰਿਸ਼ਤਾ ਹੀ ਸਭ ਤੋਂ ਉੱਤਮ ਹੈ।ਇਹ ਸੁੰਦਰ ਮਨ ਨਾਲ ਹੀ ਬਣਾਇਆ ਜਾ ਸਕਦਾ ਹੈ। ਜੇਕਰ ਦੋਵਾਂ ਇੱਕ ਗੋਰਾ ਇੱਕ ਕਾਲਾ ਹੋਵੇ ਪਰ ਮਨ ਮਿਲੇ ਹੋਣ ਤਾਂ ਆਪਣੇ ਆਪ ਗੱਡੀ ਭੱਜੀ ਜਾਂਦੀ ਹੈ ਮੈਂ ਗੋਰੀ ਤੇਰਾ ਰੰਗ ਕਾਲ਼ਾ ਵੇ ਚਲ ਜਿਹੋ ਜਿਹਾ ਬੜਾ ਦਿਲ ਵਾਲਾ ਐਂ ਬਸ ਇਹੀ ਦਿਲਾਂ ਦਾ ਮੇਲ ਚਾਹੀਦਾ ਹੈ। ਜਗਤਾਰ ਲਾਡੀ

Loading