ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ : ਸਦਨ ਦੀ ਇਮੀਗ੍ਰੇਸ਼ਨ, ਇਨਟੈਗਰਿਟੀ, ਸਿਕਿਉਰਿਟੀ ਅਤੇ ਇਨਫ਼ੋਰਸਮੈਂਟ ਸਬ ਕਮੇਟੀ ਦੀ ਅਹਿਮ ਮੈਂਬਰ ਪ੍ਰਾਮਿਲਾ ਜਯਾਪਾਲ ਨੇ ਕਿਹਾ ਹੈ ਕਿ ਉਸ ਵਲੋਂ ਕੀਤੇ ਉੱਤਰ ਪੱਛਮੀ ਆਈ ਸੀ ਈ ਪ੍ਰਾਸੈਸਿੰਗ ਸੈਂਟਰ ਦੇ ਨਿਰੀਖਣ ਵਿੱਚ ਰੁਕਾਵਟਾਂ ਪਾਈਆਂ ਗਈਆਂ, ਜਾਣ ਬੁਝ ਕੇ ਕਈ ਘੰਟੇ ਦੇਰੀ ਕੀਤੀ ਗਈ ਹਾਲਾਂ ਕਿ ਉਸ ਨੇ ਇਸ ਸਬੰਧੀ ਅਗਾਊਂ
ਸੂਚਿਤ ਕੀਤਾ ਸੀ। ਟਕੋਮਾ ਡਿਟੈਨਸ਼ਨ ਸੈਂਟਰ ਦੇ ਦੌਰੇ ਤੋਂ ਬਾਅਦ ਕਾਂਗਰਸ ਮੈਂਬਰ ਜਯਾਪਾਲ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਡਿਟੈਨਸ਼ਨ ਸੈਂਟਰ ਦੇ ਨਿਰੀਖਣ ਤੇ ਫ਼ੜੇ ਕੁਝ ਲੋਕਾਂ ਲਈ ਰਲੀਜ ਫ਼ਾਰਮ ਲੈਣ ਵਾਸਤੇ 8 ਦਿਨਾਂ ਦਾ ਨੋਟਿਸ ਦਿੱਤਾ ਸੀ। ਇਸ ਦੇ ਬਾਵਜੂਦ ਅਧਿਕਾਰੀਆਂ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਕੇਵਲ ਡਿਟੈਨਸ਼ਨ ਸੈਂਟਰ ਦੇ ਦੌਰੇ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਉਹ ਫ਼ੜੇ ਵਿਅਕਤੀਆਂ ਜਾਂ ਸੀਨੀਅਰ ਸਟਾਫ਼ ਨੂੰ ਨਹੀਂ ਮਿਲ ਸਕਦੇ। ਇਸ ’ਤੇ ਉਸ ਨੇ ਡਿਟੈਨਸ਼ਨ ਸੈਂਟਰ ਵਿਚੋਂ ਜਾਣ ਤੋਂ ਨਾਂਹ ਕਰ ਦਿੱਤੀ ਤੇ ਕਈ ਘੰਟਿਆਂ ਤੋਂ ਬਾਅਦ ਉਸ ਨੂੰ ਇਕ ਵਿਅਕਤੀ ਨੂੰ ਮਿਲਾਇਆ ਗਿਆ ਜਿਸ ਦਾ ਵਕੀਲ ਵੀ ਉਥੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਵੀ ਵਕੀਲ ਦੇ ਪ੍ਰਾਈਵੇਟ ਕਮਰੇ ਦੀ ਬਜਾਏ ਜਨਤਿਕ ਆਵਾਜਾਈ ਵਾਲੇ ਖੇਤਰ ਵਿੱਚ ਕਰਵਾਈ ਗਈ ਜਦ ਕਿ ਇੱਕ ਕਾਂਗਰਸ ਮੈਂਬਰ ਵਜੋਂ ਮੈਨੂੰ ਪਹਿਲਾਂ ਨਿੱਜੀ ਕਮਰੇ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਗਈ ਸੀ। ਜਯਾਪਾਲ ਨੇ ਕਿਹਾ ਕਿ ਮੇਰਾ ਇਹ ਤਜਰਬਾ ਬਹੁਤ ਮਾੜਾ ਰਿਹਾ ਜਦ ਕਿ ਫ਼ੜਿਆ ਗਿਆ ਵਿਅਕਤੀ ਜਿਸ ਨੂੰ ਉਹ ਮਿਲਣ ਗਈ ਸੀ, ਆਪਣੀ 8 ਸਾਲਾ ਅਮਰੀਕੀ ਨਾਗਰਿਕ ਧੀ ਦੀ ਦੇਖ-ਭਾਲ ਕਰਨ ਵਾਲਾ ਇਕੋ ਇੱਕ ਵਿਅਕਤੀ ਹੈ। ਇਸ ਵਿਅਕਤੀ ਨੂੰ ਗੰਭੀਰ ਸਿਹਤ ਸਮੱਸਿਆਵਾਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਇਸ ਸਭ ਲਈ ਹੋਮਲੈਂਡ ਸਿਕਿਉਰਿਟੀ ਵਿਭਾਗ ਦੀ ਅੰਡਰ ਸੈਕਟਰੀ ਕ੍ਰਿਸਟੀ ਨੋਏਮ ਜ਼ਿੰਮੇਵਾਰ ਹੈ।
ਜਯਾਪਾਲ ਨੇ ਜੋਰ ਦੇ ਕੇ ਕਿਹਾ ਹੈ ਕਿ ਉਹ ਦੁਬਾਰਾ ਫ਼ਿਰ ਡਿਟੈਨਸ਼ਨ ਸੈਂਟਰ ਜਾਵੇਗੀ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਰੰਤਰ ਨਿਭਾਉਂਦੀ ਰਹੇਗੀ।
![]()
